ਸੈਂਚੁਰੀਅਨ— ਭਾਰਤੀ ਕ੍ਰਿਕਟ ਟੀਮ ਭਾਵੇਂ ਹੀ ਇਕ ਹਾਰ ਤੋਂ ਖੁਦ ਨੂੰ ਮੁਕਾਬਲੇ 'ਚੋਂ ਬਾਹਰ ਨਾ ਮੰਨ ਰਹੀ ਹੋਵੇ ਪਰ ਉਸ ਦੇ ਲਈ ਸੈਂਚੁਰੀਅਨ ਦੇ ਗੜ੍ਹ ਦੇ ਘਰੇਲੂ ਦੱਖਣੀ ਅਫਰੀਕੀ ਟੀਮ ਨੂੰ ਦੂਜੇ ਕ੍ਰਿਕਟ ਟੈਸਟ 'ਚ ਹਰਾ ਕੇ ਸੀਰੀਜ਼ ਬਚਾਉਣਾ ਵੱਡੀ ਚੁਣੌਤੀ ਸਾਬਤ ਹੋਣ ਵਾਲੀ ਹੈ। ਭਾਰਤ ਤੇ ਦੱਖਣੀ ਅਫਰੀਕਾ ਸ਼ਨੀਵਾਰ ਤੋਂ ਸੈਂਚੁਰੀਅਨ ਦੇ ਮੈਦਾਨ 'ਤੇ ਦੂਜੇ ਕ੍ਰਿਕਟ ਟੈਸਟ ਲਈ ਉਤਰਨਗੇ, ਜਿਥੇ ਮਹਿਮਾਨ ਟੀਮ ਲਈ ਇਹ 'ਕਰੋ ਜਾਂ ਮਰੋ' ਦਾ ਮੁਕਾਬਲਾ ਹੋਵੇਗਾ, ਜਦਕਿ ਮੇਜ਼ਬਾਨ ਟੀਮ ਕੋਲ 2-0 ਨਾਲ ਸੀਰੀਜ਼ 'ਤੇ ਅਜੇਤੂ ਬੜ੍ਹਤ ਬਣਾਉਣ ਦਾ ਮੌਕਾ ਹੈ, ਜਿਸ ਨੇ ਪਹਿਲੇ ਕੇਪਟਾਊਨ ਟੈਸਟ 'ਚ ਚਾਰ ਦਿਨਾਂ ਦੇ ਅੰਦਰ 72 ਦੌੜਾਂ ਨਾਲ ਜਿੱਤ ਆਪਣੇ ਨਾਂ ਕਰ ਕੇ ਬੜ੍ਹਤ ਬਣਾ ਲਈ ਸੀ। ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਨੂੰ ਵਾਪਸੀ ਲਈ ਹਮਲਾਵਰਤਾ ਨਾਲ ਗਲਤੀਆਂ 'ਚ ਵੀ ਵੱਡਾ ਸੁਧਾਰ ਕਰਨਾ ਪਵੇਗਾ। ਕੇਪਟਾਊਨ ਦੀ ਉਛਾਲ ਭਰੀ ਤੇਜ਼ ਪਿੱਚ 'ਤੇ ਜਿਥੇ ਭਾਰਤੀ ਬੱਲੇਬਾਜ਼ਾਂ ਨੇ ਪਹਿਲੇ ਮੈਚ 'ਚ ਕਾਫੀ ਸੰਘਰਸ਼ ਕੀਤਾ ਸੀ, ਉਥੇ ਹੀ ਫਿਰ ਤੋਂ ਉਸ ਦੇ ਸਾਹਮਣੇ ਇਸੇ ਤਰ੍ਹਾਂ ਦੀ ਪਿੱਚ ਚੁਣੌਤੀ ਸਾਬਤ ਹੋਣ ਵਾਲੀ ਹੈ।
ਅਫਰੀਕੀ ਕੋਚ ਓਟਿਸ ਗਿਬਸਨ ਪਹਿਲਾਂ ਹੀ ਸਾਫ ਕਰ ਚੁੱਕਾ ਹੈ ਕਿ ਸੈਂਚੁਰੀਅਨ ਦੀ ਪਿੱਚ ਵੀ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੋਵੇਗੀ ਤੇ ਉਹ ਇਸ ਮੈਚ 'ਚ ਵੀ ਚਾਰ ਤੇਜ਼ ਗੇਂਦਬਾਜ਼ਾਂ ਨੂੰ ਆਖਰੀ-11 'ਚ ਸ਼ਾਮਲ ਕਰਨ ਦੀ ਰਣਨੀਤੀ 'ਤੇ ਕੰਮ ਕਰਨਗੇ, ਜਿਸ ਨਾਲ ਭਾਰਤੀ ਬੱਲੇਬਾਜ਼ਾਂ 'ਤੇ ਖੁਦ ਨੂੰ ਸਾਬਤ ਕਰਨ ਲਈ ਮੈਚ ਤੋਂ ਜ਼ਿਆਦਾ ਮੈਚ ਬਚਾਉਣ ਦੀ ਵੱਧ ਜ਼ਿੰਮੇਵਾਰੀ ਹੋਵੇਗੀ। ਕਪਤਾਨ ਵਿਰਾਟ ਇਸ ਵਾਰ ਵੀ ਵਿਰੋਧੀ ਟੀਮ ਲਈ ਉਸ ਦੀ ਰਣਨੀਤੀ ਦਾ ਕੇਂਦਰ ਰਹਿ ਸਕਦਾ ਹੈ ਪਰ ਬਾਕੀ ਬੱਲੇਬਾਜ਼ਾਂ ਨੂੰ ਵੀ ਆਪਣੀ ਖੇਡ ਬਿਹਤਰ ਕਰਨੀ ਪਵੇਗੀ।
ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਟੀਮ 'ਚ ਵਿਸ਼ਵ ਪੱਧਰੀ ਖਿਡਾਰੀ ਹਨ ਤੇ ਉਸ ਨੇ ਕਈ ਮੌਕਿਆਂ 'ਤੇ ਇਸ ਤਰ੍ਹਾਂ ਦੇ ਹਾਲਾਤ 'ਚ ਖੁਦ ਨੂੰ ਸਾਬਤ ਕੀਤਾ ਹੈ ਪਰ ਪਿਛਲੇ ਮੈਚ 'ਚ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਫਿਲਹਾਲ ਉਸ ਦੀ ਇਹ ਤਾਕਤ ਕਮਜ਼ੋਰੀ ਦਿਖਾਈ ਦੇ ਰਹੀ ਹੈ। ਟੀਮ ਦਾ ਸਟਾਰ ਬੱਲੇਬਾਜ਼ ਵਿਰਾਟ ਦੋਵਾਂ ਪਾਰੀਆਂ 'ਚ ਸਿਰਫ 5 ਤੇ 28 ਦੌੜਾਂ 'ਤੇ ਆਊਟ ਹੋਇਆ, ਜਦਕਿ ਬਾਕੀ ਬੱਲੇਬਾਜ਼ਾਂ ਨੇ ਵੀ ਨਿਰਾਸ਼ ਕੀਤਾ। ਪਹਿਲੀ ਪਾਰੀ 'ਚ ਆਲਰਾਊਂਡਰ ਹਾਰਦਿਕ ਪੰਡਯਾ ਦੀ 93 ਦੌੜਾਂ ਦੀ ਪਾਰੀ ਨੂੰ ਛੱਡ ਦਿੱਤਾ ਜਾਵੇ ਤਾਂ ਹੋਰ ਕੋਈ ਬੱਲੇਬਾਜ਼ ਅਰਧ ਸੈਂਕੜੇ ਤਕ ਨਹੀਂ ਪਹੁੰਚ ਸਕਿਆ। ਟੈਸਟ ਮਾਹਿਰ ਬੱਲੇਬਾਜ਼ ਤੇ ਓਪਨਰ ਮੁਰਲੀ ਵਿਜੇ 1 ਤੇ 13 ਦੌੜਾਂ 'ਤੇ, ਜਦਕਿ ਚੇਤੇਸ਼ਵਰ ਪੁਜਾਰਾ 26 ਤੇ 4 ਦੌੜਾਂ 'ਤੇ ਆਊਟ ਹੋਇਆ ਅਤੇ ਮੱਧਕ੍ਰਮ 'ਚ ਰੋਹਿਤ ਸ਼ਰਮਾ ਵੀ ਆਪਣੀ ਬਿਹਤਰੀਨ ਲੈਅ 'ਚ ਨਹੀਂ ਦਿਸਿਆ ਤੇ 11 ਤੇ 10 ਦੌੜਾਂ ਬਣਾ ਕੇ ਸਸਤੇ 'ਚ ਆਊਟ ਹੋ ਗਿਆ।
ਸੈਂਚੁਰੀਅਨ ਦੀ ਪਿੱਚ 'ਤੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ੀ ਹਮਲੇ, ਉਛਾਲ ਭਰੀ ਪਿੱਚ 'ਤੇ ਇਕ ਵਾਰ ਫਿਰ ਉਸੇ ਹਾਲਾਤ ਨਾਲ ਨਜਿੱਠਣ ਲਈ ਬੱਲੇਬਾਜ਼ਾਂ ਨੂੰ ਕਮਰ ਕੱਸਣੀ ਪਵੇਗੀ। ਟੀਮ ਦੀ ਹਾਰ ਦੇ ਨਾਲ ਹੁਣ ਕਪਤਾਨ ਵਿਰਾਟ ਦੇ ਬੱਲੇਬਾਜ਼ੀ ਕ੍ਰਮ ਦੀ ਚੋਣ 'ਤੇ ਵੀ ਸਵਾਲ ਉੱਠ ਰਹੇ ਹਨ, ਅਜਿਹੀ ਸਥਿਤੀ 'ਚ ਦੂਜੇ ਮੈਚ ਬੱਲੇਬਾਜ਼ੀ ਕ੍ਰਮ 'ਚ ਵੀ ਕੁਝ ਬਦਲਾਅ ਸੰਭਵ ਹਨ। ਉਂਝ ਨੈੱਟ ਅਭਿਆਸ 'ਚ ਕੇਪਟਾਊਨ ਵਿਚ ਬੈਂਚ 'ਤੇ ਬੈਠੇ ਲੋਕੇਸ਼ ਰਾਹੁਲ, ਅਜਿੰਕਯ ਰਹਾਨੇ, ਪਾਰਥਿਵ ਪਟੇਲ ਅਤੇ ਇਸ਼ਾਂਤ ਸ਼ਰਮਾ ਦੇ ਜ਼ੋਰ-ਸ਼ੋਰ ਨਾਲ ਹਿੱਸਾ ਲੈਣ 'ਤੇ ਸਾਫ ਹੈ ਕਿ ਸੈਂਚੁਰੀਅਨ 'ਚ ਉਨ੍ਹਾਂ ਲਈ ਆਖਰੀ-11 ਦਾ ਰਸਤਾ ਖੁੱਲ੍ਹ ਸਕਦਾ ਹੈ।
ਵਿਰਾਟ ਨੇ ਪਹਿਲੇ ਮੈਚ 'ਚ ਪੰਡਯਾ ਦੀ ਜਮ ਕੇ ਸ਼ਲਾਘਾ ਕੀਤੀ ਸੀ ਤੇ ਕਪਤਾਨ ਦਾ ਉਹ ਪਸੰਦੀਦਾ ਵੀ ਮੰਨਿਆ ਜਾਂਦਾ ਹੈ, ਇਸ ਲਈ ਉਸ ਦਾ ਆਖਰੀ-11 ਦੇ ਹੇਠਲੇਕ੍ਰਮ 'ਚ ਸਥਾਨ ਫਿਲਹਾਲ ਤੈਅ ਹੀ ਲੱਗ ਰਿਹਾ ਹੈ। ਉਥੇ ਹੀ ਅੱਠਵੇਂ ਨੰਬਰ 'ਤੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਚੰਗਾ ਸਕੋਰਰ ਸਾਬਤ ਹੁੰਦਾ ਰਿਹਾ ਹੈ ਤੇ ਉਸ ਨੂੰ ਵੀ ਬਾਹਰ ਬਿਠਾਉਣਾ ਆਸਾਨ ਨਹੀਂ ਹੋਵੇਗਾ। ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਪਹਿਲੇ ਮੈਚ 'ਚ ਫਲਾਪ ਰਹੇ ਓਪਨਰ ਸ਼ਿਖਰ ਧਵਨ ਤੇ ਮੱਧਕ੍ਰਮ ਦੇ ਰੋਹਿਤ ਨੂੰ ਬਾਹਰ ਬਿਠਾ ਕੇ ਰਾਹੁਲ ਤੇ ਰਹਾਨੇ ਨੂੰ ਮੌਕਾ ਦਿੱਤਾ ਜਾਂਦਾ ਹੈ ਜਾਂ ਨਹੀਂ। ਬੱਲੇਬਾਜ਼ੀ ਜਿਥੇ ਟੀਮ ਲਈ ਚਿੰਤਾ ਦੀ ਗੱਲ ਹੈ, ਉਥੇ ਹੀ ਉਸ ਦੇ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸਕੂਨ ਦੇਣ ਵਾਲਾ ਤੇ ਸਬਰਯੋਗ ਰਿਹਾ ਹੈ, ਜਿਥੇ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੀ ਤਿਕੜੀ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 286 ਦੌੜਾਂ ਤੇ ਦੂਜੀ ਪਾਰੀ 'ਚ 130 ਦੌੜਾਂ ਦੇ ਮਾਮੂਲੀ ਸਕੋਰ 'ਤੇ ਢੇਰ ਕੀਤਾ। ਉਥੇ ਹੀ ਪੰਡਯਾ ਦੇ ਰੂਪ 'ਚ ਵੀ ਟੀਮ ਕੋਲ ਇਕ ਹੋਰ ਤੇਜ਼ ਗੇਂਦਬਾਜ਼ ਆਲਰਾਊਂਡਰ ਮੌਜੂਦ ਹੈ। ਦੂਜੇ ਪਾਸੇ ਭਾਰਤ ਨੂੰ ਇਸ ਗੱਲ ਤੋਂ ਰਾਹਤ ਹੈ ਕਿ ਦੱਖਣੀ ਅਫਰੀਕਾ ਦਾ ਤਜਰਬੇਕਾਰ ਗੇਂਦਬਾਜ਼ ਡੇਲ ਸਟੇਨ ਸੱਟ ਕਾਰਨ ਪੂਰੀ ਟੈਸਟ ਸੀਰੀਜ਼ 'ਚੋਂ ਬਾਹਰ ਹੈ। ਉਸ ਦੀ ਜਗ੍ਹਾ ਡੁਆਨੇ ਓਲੀਵੀਅਰ, ਲੂਗੀ ਐਨਗਿਦੀ ਤੇ ਕ੍ਰਿਸ ਮੌਰਿਸ 'ਚੋਂ ਕੋਈ ਸਟੇਨ ਦਾ ਬਦਲ ਹੋਵੇਗਾ। ਮੌਰਿਸ ਅਫਰੀਕੀ ਟੀਮ ਲਈ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਬਦਲ ਵੀ ਹੋ ਸਕਦਾ ਹੈ।
ਕੇਪਟਾਊਨ 'ਚ ਦੋਵਾਂ ਹੀ ਟੀਮਾਂ ਦੇ ਗੇਂਦਬਾਜ਼ਾਂ ਨੇ ਆਪਣੇ ਵਲੋਂ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਸੀ, ਹਾਲਾਂਕਿ ਅਫਰੀਕੀ ਤੇਜ਼ ਗੇਂਦਬਾਜ਼ਾਂ ਨੂੰ ਨਿਸ਼ਚਿਤ ਹੀ ਆਪਣੇ ਘਰੇਲੂ ਹਾਲਾਤ ਦਾ ਭਰਪੂਰ ਫਾਇਦਾ ਮਿਲਿਆ ਤੇ ਵਰਨੇਨ ਫਿਲੈਂਡਰ ਨੇ 208 ਦੇ ਆਸਾਨ ਟੀਚੇ ਦਾ ਸਾਹਮਣਾ ਕਰ ਰਹੀ ਭਾਰਤੀ ਟੀਮ ਦੀਆਂ ਦੂਜੀ ਪਾਰੀ 'ਚ 6 ਵਿਕਟਾਂ ਲੈ ਕੇ 135 ਦੌੜਾਂ 'ਤੇ ਢੇਰ ਕਰ ਦਿੱਤਾ। ਫਿਲੈਂਡਰ ਤੋਂ ਇਲਾਵਾ ਮੋਰਨੇ ਮੋਰਕਲ ਤੇ ਕੈਗਿਸੋ ਰਬਾਡਾ ਦੇ ਨਿਸ਼ਾਨੇ 'ਤੇ ਫਿਰ ਤੋਂ ਭਾਰਤੀ ਬੱਲੇਬਾਜ਼ ਰਹਿਣਗੇ। ਮੋਰਕਲ ਇਸ ਮੈਦਾਨ 'ਤੇ ਕਾਫੀ ਸਫਲ ਰਿਹਾ ਹੈ।
ਉਥੇ ਹੀ ਵਿਰੋਧੀ ਟੀਮ ਕੋਲ ਏ. ਬੀ. ਡਿਵਿਲੀਅਰਸ ਵਰਗਾ ਤਜਰਬੇਕਾਰ ਬੱਲੇਬਾਜ਼ ਹੈ ਅਤੇ ਐਡਮ ਮਾਰਕਰਾਮ, ਫਾਫ ਡੂ ਪਲੇਸਿਸ, ਡੀਨ ਐਲਗਰ ਤੇ ਹਾਸ਼ਿਮ ਅਮਲਾ ਵਰਗੇ ਚੰਗੇ ਬੱਲੇਬਾਜ਼ ਵੀ ਹਨ। ਟੀਮ ਨੂੰ ਨਾਲ ਹੀ ਸੈਂਚੁਰੀਅਨ ਦੀ ਪਿੱਚ 'ਤੇ ਵੀ ਆਪਣੇ ਪਿਛਲੇ ਰਿਕਾਰਡ ਦਾ ਫਾਇਦਾ ਮਿਲ ਸਕਦਾ ਹੈ, ਜਿਥੇ ਉਸ ਨੇ ਹੁਣ ਤਕ 22 ਟੈਸਟ ਖੇਡੇ ਹਨ, ਜਿਨ੍ਹਾਂ 'ਚੋਂ 17 ਵਿਚ ਜਿੱਤ ਦਰਜ ਕੀਤੀ ਹੈ ਤੇ 3 ਟੈਸਟ ਡਰਾਅ ਖੇਡੇ ਹਨ ਤੇ ਸਿਰਫ 2 ਹੀ ਮੁਕਾਬਲੇ ਗੁਆਏ ਹਨ। ਉਥੇ ਹੀ ਭਾਰਤ ਨੇ ਇਥੇ ਇਕਲੌਤਾ ਮੈਚ ਖੇਡਿਆ ਹੈ, ਜਿਸ 'ਚ ਉਸ ਨੂੰ ਪਾਰੀ ਤੇ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਸੰਭਾਵਿਤ ਟੀਮਾਂ—
ਭਾਰਤ—
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਮੁਰਲੀ ਵਿਜੇ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰੋਹਿਤ ਸ਼ਰਮਾ, ਰਿਧੀਮਾਨ ਸਾਹਾ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਪਾਰਥਿਵ ਪਟੇਲ।
ਦੱਖਣੀ ਅਫਰੀਕਾ—
ਫਾਫ ਡੂ ਪਲੇਸਿਸ (ਕਪਤਾਨ), ਡੀਨ ਐਲਗਰ, ਏ. ਬੀ. ਡਿਵਿਲੀਅਰਸ, ਐਡਨ ਮਰਕਰਾਮ, ਹਾਸ਼ਿਮ ਅਮਲਾ, ਤੇਂਬਾ ਬਾਵੁਮਾ, ਟੀ. ਡੇ. ਬਰੂਇਨ, ਕਵਿੰਟਨ ਡੀ ਕੌਕ, ਕੇਸ਼ਵ ਮਹਾਰਾਜ, ਮੋਰਨੇ ਮੋਰਕਲ, ਕ੍ਰਿਸ ਮੌਰਿਸ, ਵਰਨੇਨ ਫਿਲੇਂਡਰ, ਕੈਗਿਸੋ ਰਬਾਡਾ, ਐਂਡਿਲੇ ਪੀ., ਲੁੰਗ ਐਂਗਿਡੀ, ਡੁਆਨੇ ਓਲੀਵਰ।
ਪਹਿਲੀ ਵਾਰ ਫੁੱਟਬਾਲ ਦੇਖਣ ਜਾਣਗੀਆਂ ਸਾਊਦੀ ਅਰਬ ਦੀਆਂ ਮਹਿਲਾਵਾਂ
NEXT STORY