ਇੰਦੌਰ : ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਦੁਨੀਆ ਭਰ ਵਿਚ ਚਾਹੁਣ ਵਾਲੇ ਹਨ ਅਤੇ ਉਹ ਵੀ ਕਿਸੇ ਪ੍ਰਸ਼ੰਸਕ ਦਾ ਦਿਲ ਕਦੇ ਨਹੀਂ ਤੋੜਦੇ। ਕੋਹਲੀ ਵੈਸੇ ਤਾਂ ਆਪਣੇ ਖੇਡ ਨਾਲ ਹੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੇ ਹਨ ਪਰ ਬੰਗਲਾਦੇਸ਼ ਖਿਲਾਫ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਕਿਸੇ ਹੋਰ ਵਜ੍ਹਾ ਤੋਂ ਪ੍ਰਸ਼ੰਸਕ ਉਸ ਦੀ ਸ਼ਲਾਘਾ ਕਰ ਰਹੇ ਹਨ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਮੈਚ ਦੌਰਾਨ ਘੁਸਪੈਠੀਆਂ ਦਾ ਮੈਦਾਨ 'ਚ ਦਾਖਲ ਹੋਣ ਜਾਰੀ ਹੈ, ਜਿਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਬਾਹਰ ਕੱਢਣ 'ਚ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਕ ਵਾਰ ਤਾਂ ਇਸੇ ਕਾਰਣ ਰੋਹਿਤ ਸ਼ਰਮਾ ਜ਼ਖਮੀ ਹੋਣ ਤੋਂ ਵਾਲ-ਵਾਲ ਬਚੇ ਸੀ। ਜਿਸ ਦੇ ਬਾਅਦ ਤੋਂ ਖਿਡਾਰੀਆਂ ਦੇ ਸੁਰੱਖਿਆ ਇੰਤਜ਼ਾਮ 'ਚ ਹੋਰ ਸਖਤੀ ਕੀਤੀ ਗਈ ਹੈ ਪਰ ਪ੍ਰਸ਼ੰਸਕ ਇਸ ਸੁਰੱਖਿਆ ਘੇਰੇ ਨੂੰ ਸੰਨ੍ਹ ਲਾ ਕੇ ਕਿਸੇ ਵੀ ਤਰ੍ਹਾਂ ਮੈਦਾਨ 'ਤੇ ਆਪਣੇ ਪਸੰਦੀਦਾ ਖਿਡਾਰੀ ਨੂੰ ਮਿਲਣ ਪਹੁੰਚ ਹੀ ਜਾਂਦੇ ਹਨ। ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਬੰਗਲਾਦੇਸ਼ ਖਿਲਾਫ ਮੈਚ ਦੇ ਤੀਜੇ ਦਿਨ ਵੀ ਦੇਖਣ ਨੂੰ ਮਿਲਿਆ ਜਦੋਂ ਇਕ ਪ੍ਰਸ਼ੰਸਕ ਮੈਦਾਨ ਦੇ ਆਲੇ-ਦੁਆਲੇ ਲੱਗੀ ਸੁਰੱਖਿਆ ਜਾਲੀ ਨੂੰ ਟੱਪ ਕੇ ਵਿਰਾਟ ਕੋਹਲੀ ਨੂੰ ਮਿਲਣ ਮੈਦਾਨ 'ਤੇ ਪਹੁੰਚ ਗਿਆ।
ਵਿਰਾਟ ਨੇ ਪ੍ਰਸ਼ੰਸਕ ਦਾ ਕੀਤਾ ਬਚਾਅ
ਦਰਅਸਲ, ਇਸ ਪ੍ਰਸ਼ੰਸਕ ਦੀ ਵਿਰਾਟ ਨੂੰ ਲੈ ਕੇ ਦੀਵਾਨਗੀ ਇਸੇ ਗੱਲ ਤੋਂ ਪਤਾ ਚਲਦੀ ਹੈ ਕਿ ਉਸ ਦੇ ਸਰੀਰ 'ਤੇ ਵੀ. ਕੇ. (ਮਤਲਬ ਵਿਰਾਟ ਕੋਹਲੀ) ਪੇਂਟ ਕੀਤਾ ਹੋਇਆ ਸੀ ਅਤੇ ਉਹ ਕੋਹਲੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਜਦੋਂ ਮੈਦਾਨ 'ਤੇ ਸੁਰੱਖਿਆ ਕਰਮਚਾਰੀ ਉਸ ਪ੍ਰਸ਼ੰਸਕ ਕੋਲ ਆਏ ਤਾਂ ਕੋਹਲੀ ਨੇ ਆਪਣੀ ਬਾਂਹ ਉਸ ਫੈਨ ਦੇ ਗਲੇ ਵਿਚ ਪਾ ਕੇ ਉਸ ਦਾ ਸੁਰੱਖਿਆ ਕਰਮਚਾਰੀਆਂ ਤੋਂ ਬਚਾਅ ਕੀਤਾ ਤਾਂ ਜੋ ਉਹ ਉਸ ਨਾਲ ਮਾਰ-ਕੁੱਟ ਨਾ ਕਰਨ। ਕੋਹਲੀ ਦੀ ਇਸ ਦਰਿਆਦਿਲੀ ਨੇ ਸਟੇਡੀਅਮ 'ਚ ਬੈਠੇ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਦੱਸ ਦਈਏ ਕਿ ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਬੰਗਲਾਦੇਸ਼ 'ਤੇ ਟੈਸਟ ਦੇ ਤੀਜੇ ਦਿਨ ਹੀ ਪਾਰੀ ਅਤੇ 130 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਹਾਲਾਂਕਿ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਲਈ ਗੈਰਹਾਜ਼ਰ ਰਹੇ ਕੋਹਲੀ ਨੇ ਟੈਸਟ ਸੀਰੀਜ਼ ਵਿਚ ਮੈਦਾਨ 'ਤੇ ਵਾਪਸੀ ਕੀਤੀ ਪਰ ਇਸ ਮੈਚ ਵਿਚ ਉਹ ਆਪਣਾ ਖਾਤਾ ਵੀ ਨਹੀਂ ਖੋਲ ਸਕੇ। 2 ਟੈਸਟ ਮੈਚਾਂ ਦੀ ਇਸ ਸੀਰੀਜ਼ ਦਾ ਅਗਲਾ ਮੈਚ ਹੁਣ 22 ਨਵੰਬਰ ਨੂੰ ਕੋਲਕਾਤਾ ਵਿਚ ਡੇਅ-ਨਾਈਟ ਖੇਡਿਆ ਜਾਵੇਗਾ। ਇਹ ਭਾਰਤ ਦਾ ਪਹਿਲਾ ਡੇ-ਨਾਈਟ ਟੈਸਟ ਹੋਵੇਗਾ।
B'Day Spcl : 37 ਸਾਲ ਦੇ ਹੋਏ ਯੂਸੁਫ ਪਠਾਨ, ਜਾਣੋ ਉਨ੍ਹਾਂ ਨਾਲ ਜੁੜੀਆਂ ਕ੍ਰਿਕਟਰ ਦੀਆਂ ਖਾਸ ਗੱਲਾਂ
NEXT STORY