ਨਵੀਂ ਦਿੱਲੀ— ਸ਼ਾਨਦਾਰ ਲੈਅ 'ਚ ਚਲ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਵਨਡੇ ਕ੍ਰਿਕਟ 'ਚ 8000 ਦੌੜਾਂ ਪੂਰੀਆਂ ਕਰਨ ਦੀ ਦਹਿਲੀਜ਼ 'ਤੇ ਪਹੁੰਚ ਗਏ ਹਨ ਅਤੇ ਸਭ ਤੋਂ ਤੇਜ਼ 8000 ਦੌੜਾਂ ਦਾ ਵਰਲਡ ਰਿਕਾਰਡ ਵੀ ਬਣਾ ਸਕਦੇ ਹਨ। ਵਿਰਾਟ ਅਜੇ ਤੱਕ 53.82 ਦੇ ਔਸਤ ਨਾਲ 7912 ਦੌੜਾਂ ਬਣਾ ਚੁੱਕੇ ਹਨ ਜਿਸ 'ਚ 27 ਸੈਂਕੜੇ ਅਤੇ 41 ਅਰਧ ਸੈਂਕੜੇ ਸ਼ਾਮਲ ਹਨ।
ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਟੀਮ ਇੰਡੀਆ
ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਇੰਗਲੈਂਡ 'ਚ ਚੱਲ ਰਹੀ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਜਿੱਥੇ ਉਸ ਦਾ ਮੁਕਾਬਲਾ 15 ਜੂਨ ਨੂੰ ਐਜਬਸਟਨ 'ਚ ਬੰਗਲਾਦੇਸ਼ ਨਾਲ ਹੋਣਾ ਹੈ। 28 ਸਾਲਾ ਵਿਰਾਟ ਚੈਂਪੀਅਨਸ ਟਰਾਫੀ ਦੇ ਤਿਨ ਮੈਚਾਂ 'ਚ ਅਜੇਤੂ 81, 0 ਅਤੇ ਅਜੇਤੂ 76 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਨੂੰ ਆਪਣੀਆਂ 8000 ਦੌੜਾਂ ਪੂਰੀਆਂ ਕਰਨ ਦੇ ਲਈ ਬੰਗਲਾਦੇਸ਼ ਖਿਲਾਫ 88 ਦੌੜਾਂ ਦੀ ਜ਼ਰੂਰਤ ਹੈ ਪਰ ਵਿਰਾਟ ਦੀਆਂ ਨਜ਼ਰਾਂ ਨਿੱਜੀ ਰਿਕਾਰਡ ਤੋਂ ਜ਼ਿਆਦਾ ਸਾਬਕਾ ਚੈਂਪੀਅਨ ਭਾਰਤ ਨੂੰ ਇਕ ਵਾਰ ਫਿਰ ਫਾਈਨਲ 'ਚ ਪਹੁੰਚਾਉਣ 'ਤੇ ਲੱਗੀਆਂ ਹੋਣਗੀਆਂ। ਟੀਚੇ ਦੇ ਪਿੱਛਾ ਕਰਨ 'ਚ ਮਾਹਰ ਮੰਨੇ ਜਾਣ ਵਾਲੇ ਵਿਰਾਟ ਦੇ ਕੋਲ ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ 8000 ਦੌੜਾਂ ਪੂਰੀਆਂ ਕਰਨ ਦਾ ਵੀ ਮੌਕਾ ਹੈ। ਫਿਲਹਾਲ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਏ.ਬੀ. ਡਿਵਿਲੀਅਰਸ ਦੇ ਨਾਂ ਹੈ ਜਿਨ੍ਹਾਂ ਨੇ 8000 ਦੌੜਾਂ ਪੂਰੀਆਂ ਕਰਨ 'ਚ 182 ਪਾਰੀਆਂ ਖੇਡੀਆਂ ਹਨ।
174 ਪਾਰੀਆਂ 'ਚ 7912 ਦੌੜਾਂ ਬਣਾ ਚੁੱਕੇ ਹਨ ਕੋਹਲੀ
ਵਿਰਾਟ ਅਜੇ ਤੱਕ 174 ਪਾਰੀਆਂ 'ਚ 7912 ਦੌੜਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਕੋਲ ਡਿਵਿਲੀਅਰਸ ਦਾ ਰਿਕਾਰਡ ਤੋੜਨ ਦਾ ਪੂਰਾ ਮੌਕਾ ਹੈ। ਭਾਰਤੀ ਬੱਲੇਬਾਜਾਂ 'ਚ ਸਭ ਤੋਂ ਤੇਜ਼ 8000 ਦੌੜਾਂ ਸੌਰਭ ਗਾਂਗੁਲੀ ਦੇ ਨਾਂ ਹੈ ਜਿਨ੍ਹਾਂ ਨੇ ਇਸ ਲਈ 200 ਪਾਰੀਆਂ ਅਤੇ ਰਿਕਾਰਡਾਂ ਦੇ ਬਾਦਸਾਹ ਸਚਿਨ ਤੇਂਦੁਲਕਰ ਨੇ ਇਸ ਰਿਕਾਰਡ ਦੇ ਲਈ 210 ਪਾਰੀਆਂ ਖੇਡੀਆਂ ਹਨ। ਇਕ ਰੋਜ਼ਾ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਇਸ ਸਮੇਂ 30ਵੇਂ ਨੰਬਰ 'ਤੇ ਹਨ। ਜੇਕਰ ਉਹ ਬੰਗਲਾਦੇਸ਼ ਖਿਲਾਫ ਮੈਚ 'ਚ ਇਸ ਉਪਲਬਧੀ ਨੂੰ ਹਾਸਲ ਕਰ ਲੈਂਦੇ ਹਨ ਤਾਂ ਉਹ ਵਨਡੇ 'ਚ 8000 ਦੌੜਾਂ ਬਣਾਉਣ ਵਾਲੇ 29ਵੇਂ ਅਤੇ ਅੱਠਵੇਂ ਭਾਰਤੀ ਬੱਲੇਬਾਜ਼ ਬਣ ਜਾਣਗੇ।
ਚੈਂਪੀਅਨਸ ਟਰਾਫੀ : ਪਹਿਲੇ ਸੈਮੀਫਾਈਨਲ 'ਚ ਕੱਲ੍ਹ ਇੰਗਲੈਂਡ ਨਾਲ ਭਿੜੇਗਾ ਪਾਕਿਸਤਾਨ
NEXT STORY