ਮੁੰਬਈ– ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਮਹਿਲਾ ਆਈ. ਪੀ. ਐੱਲ.) ਲਈ ਖਿਡਾਰੀਆਂ ਦੀ ਨਿਲਾਮੀ ਦਾ ਆਯੋਜਨ ਫਰਵਰੀ ਵਿਚ ਕੀਤਾ ਜਾਵੇਗਾ। ਕ੍ਰਿਕਟ ਸਮਾਚਾਰ ਵੈੱਬਸਾਈਟ ਕ੍ਰਿਕਬਜ਼ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕ੍ਰਿਕਬਜ਼ ਨੇ ਦੱਸਿਆ ਕਿ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਖਿਡਾਰੀਆਂ ਸਾਹਮਣੇ ਇਕ ਦਸਤਾਵੇਜ਼ ਪੇਸ਼ ਕੀਤਾ ਹੈ, ਜਿਸ ਦੇ ਅਨੁਸਾਰ ਉਨ੍ਹਾਂ ਨੂੰ 26 ਜਨਵਰੀ ਸ਼ਾਮ 5 ਵਜੇ ਤੋਂ ਪਹਿਲਾਂ ਨਿਲਾਮੀ ਲਈ ਆਪਣਾ ਨਾਂ ਦਰਜ ਕਰਵਾਉਣਾ ਪਵੇਗਾ। ਇਸ ਦਸਤਾਵੇਜ਼ ਵਿਚ ਮਹਿਲਾ ਆਈ. ਪੀ.ਐੱਲ. ਨੂੰ ‘2023 ਮਹਿਲਾ ਟੀ-20 ਲੀਗ’ ਦੇ ਨਾਂ ਨਾਲ ਸੰਬੋਧਿਤ ਕੀਤਾ ਗਿਆ ਹੈ।
ਇਸ ਨਿਲਾਮੀ ਵਿਚ ਕੌਮਾਂਤਰੀ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ਦੇ ਨਾਲ-ਨਾਲ ਉਹ ਖਿਡਾਰੀ ਵੀ ਆਪਣਾ ਨਾਂ ਦਰਜ ਕਰਵਾ ਸਕਦੇ ਹਨ, ਜਿਨ੍ਹਾਂ ਨੇ ਅਜੇ ਤਕ ਭਾਰਤ ਲਈ ਡੈਬਿਊ ਨਹੀਂ ਕੀਤਾ ਹੈ। ਡੈਬਿਊ ਕਰ ਚੁੱਕੇ ਖਿਡਾਰੀਆਂ ਲਈ ਨਿਲਾਮੀ ਦੀ ਸ਼ੁਰੂਆਤੀ ਰਕਮ (ਵੇਸ ਪ੍ਰਾਈਸ) 50 ਲੱਖ, 40 ਲੱਖ ਜਾਂ 30 ਲੱਖ ਰੁਪਏ ਤੈਅ ਕੀਤੀ ਗਈ ਹੈ। ਘਰੇਲੂ ਖਿਡਾਰੀਆਂ ਲਈ ਇਹ ਰਕਮ 20 ਲੱਖ ਤੇ 10 ਲੱਖ ਰੁਪਏ ਹੈ।
ਇਹ ਵੀ ਪੜ੍ਹੋ : ਪੈਰ ਦੀ ਸੱਟ ਦੇ ਬਾਵਜੂਦ ਐਡੀਲੇਡ ਫਾਈਨਲ ਵਿੱਚ ਪੁੱਜੇ ਜੋਕੋਵਿਚ
ਮੌਜੂਦਾ ਆਈ. ਪੀ. ਐੱਲ. ਪ੍ਰੋਟੋਕਾਲ ਦੇ ਅਨੁਸਾਰ, ਖਿਡਾਰੀਆਂ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਪੰਜ ਟੀਮ ਮਾਲਕ ਇਸ ‘ਨਿਲਾਮੀ ਰਜਿਸਟਰ’ ਦੀ ਛਾਂਟੀ ਕਰਕੇ ਇਕ ਨਿਲਾਮੀ ਸੂਚੀ ਤਿਆਰ ਕਰਨਗੇ। ਇਸ ਸੂਚੀ ਨੂੰ ਬੋਲੀ ਲਈ ਪੇਸ਼ ਕੀਤਾ ਜਾਵੇਗਾ। ਜਿਹੜੀਆਂ ਖਿਡਾਰਨਾਂ ਨਿਲਾਮੀ ਵਿਚ ਨਹੀਂ ਚੁਣੀਆਂ ਜਾਣਗੀਆਂ, ਉਨ੍ਹਾਂ ਨੂੰ ਬਦਲਵੀਆਂ ਖਿਡਾਰਨਾਂ ਦੇ ਰੂਪ ਵਿਚ ਚੁਣੇ ਜਾਣ ਦਾ ਦੂਜਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੇ ਮੀਡੀਆ ਅਧਿਕਾਰਾਂ ਦੀ ਨਿਲਾਮੀ ਪਹਿਲਾਂ ਹੀ ਬੀ. ਸੀ. ਸੀ. ਆਈ. ਵਲੋਂ ਚਾਰ ਦਿਨਾਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਇਸ ਨੂੰ 16 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ ਜਦਕਿ ਆਈ. ਪੀ. ਐੱਲ. ਦੀ ਸ਼ਾਸੀ ਪ੍ਰੀਸ਼ਦ ਨੇ ਵੀ ਟੀਮ ਦੇ ਮਾਲਕਾਨਾ ਅਧਿਕਾਰ ਹਾਸਲ ਕਰਨ ਲਈ ਟੈਂਡਰ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਬਹੁਚਰਚਿਤ ਮਹਿਲਾ ਆਈ. ਪੀ. ਐੱਲ. ਦਾ ਉਦਘਾਟਨੀ ਸੈਸ਼ਨ ਮਾਰਚ ਦੇ ਪਹਿਲੇ ਹਫਤੇ ਵਿਚ ਡਬਲ ਰਾਊਂਡ-ਰੌਬਿਨ ਟੂਰਨਾਮੈਂਟ ਦੇ ਰੂਪ ਵਿਚ ਸ਼ੁਰੂ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਰ ਦੀ ਸੱਟ ਦੇ ਬਾਵਜੂਦ ਐਡੀਲੇਡ ਫਾਈਨਲ ਵਿੱਚ ਪੁੱਜੇ ਜੋਕੋਵਿਚ
NEXT STORY