ਸਪੋਰਟਸ ਡੈਸਕ— ਮੁੰਬਈ ਦੇ ਆਜ਼ਾਦ ਮੈਦਾਨ 'ਤੇ ਕਦੀ ਗੋਲਗੱਪੇ ਵੇਚ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਯਸ਼ਸਵੀ ਜਾਇਸਵਾਲ ਹੁਣ ਕਰੋੜਪਤੀ ਹੋ ਗਏ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਲਈ ਹੋਈ ਨੀਲਾਮੀ 'ਚ ਉਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ 2 ਕਰੋੜ 40 ਲੱਖ ਰੁਪਏ 'ਚ ਖਰੀਦਿਆ। ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਮਾਲਕਾਨਾ ਹੱਕ ਵਾਲੀ ਫ੍ਰੈਂਚਾਈਜ਼ੀ ਟੀਮ ਨੇ ਉਨ੍ਹਾਂ ਨੂੰ ਬੇਸ ਪ੍ਰਾਈਸ (20 ਲੱਖ ਰੁਪਏ) ਤੋਂ 12 ਗੁਣਾ ਕੀਮਤ 'ਤੇ ਖਰੀਦਣ 'ਚ ਸਿਰਫ 5 ਮਿੰਟ ਲਾਏ। ਉਨ੍ਹਾਂ ਨੂੰ ਬਤੌਰ ਆਲਰਾਊਂਡਰ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਇਸ ਸਾਲ ਅਕਤੂਬਰ 'ਚ 17 ਸਾਲਾ ਯਸ਼ਸਵੀ ਨੇ ਵਿਜੇ ਹਜ਼ਾਰੇ ਟਰਾਫੀ 'ਚ ਝਾਰਖੰਡ ਖਿਲਾਫ ਮੈਚ 'ਚ ਇਤਿਹਾਸ ਰਚ ਦਿੱਤਾ ਸੀ। ਉਦੋਂ ਮੁੰਬਈ ਦੇ ਇਸ ਸਲਾਮੀ ਬੱਲੇਬਾਜ਼ ਨੇ ਦੋਹਰਾ ਸੈਂਕੜਾ ਜੜ ਕੇ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ। ਉਹ ਪਹਿਲੇ ਦਰਜੇ (ਲਿਸਟ ਏ) ਮੈਚਾਂ 'ਚ ਦੋਹਰਾ ਸੈਂਕੜਾ ਲਾਉਣ ਵਾਲੇ ਸਭ ਤੋਂ ਯੁਵਾ ਖਿਡਾਰੀ ਬਣੇ ਸਨ। ਉਨ੍ਹਾਂ ਨੇ 154 ਗੇਂਦਾਂ 'ਤੇ 17 ਚੌਕੇ ਅਤੇ 12 ਛੱਕਿਆਂ ਦੀ ਮਦਦ ਨਾਲ 203 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ 'ਚ ਕਿਸੇ ਵੀ ਇਕ ਮੈਚ 'ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਵੀ ਰਿਕਾਰਡ ਆਪਣੇ ਨਾਂ ਕੀਤਾ।

ਭਾਵੇਂ ਹੀ ਯਸ਼ਸਵੀ ਦਾ ਸਿੱਕਾ ਚਲ ਪਿਆ ਹੋਵੇ, ਪਰ ਉਨ੍ਹਾਂ ਦੀ ਇੱਥੇ ਤਕ ਪਹੁੰਚ ਦੀ ਰਾਹ ਸੌਖੀ ਨਹੀਂ ਰਹੀ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਜਾਇਸਵਾਲ ਨੂੰ ਆਪਣਾ ਸੁਪਨਾ ਸੱਚ ਸਾਬਤ ਕਰਨ ਲਈ ਸਿਰਫ 11 ਸਾਲ ਦੀ ਉਮਰ 'ਚ ਘਰ ਛੱਡਣਾ ਪਿਆ। ਉਹ ਮੁੰਬਈ ਪਹੁੰਚ ਗਏ। ਉੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਮੁਸਲਿਮ ਯੂਨਾਈਟਿਡ ਕਲੱਬ 'ਚ ਐਡਮਿਸ਼ਨ ਮਿਲਿਆ। ਬਾਅਦ 'ਚ ਕਲਬ ਨੇ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕਰ ਦਿੱਤਾ। ਹਾਲਾਂਕਿ ਪਿਤਾ ਵੱਲੋਂ ਭੇਜੇ ਗਏ ਪੈਸੇ ਨਾਲ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਸੀ। ਕਦੀ-ਕਦੀ ਉਨ੍ਹਾਂ ਨੂੰ ਰਾਤ ਖਾਲੀ ਪੇਟ ਹੀ ਸੋਣਾ ਪਿਆ। ਅਜਿਹੇ 'ਚ ਯਸ਼ਸਵੀ ਨੇ ਗੋਲ-ਗੱਪੇ ਵੇਚੇ ਅਤੇ ਆਪਣੀ ਢਿੱਡ ਦੀ ਅੱਗ ਬੁਝਾਈ। ਯਸ਼ਸਵੀ ਦੀ ਮਿਹਨਤ ਰੰਗ ਲਿਆਈ ਅਤੇ ਉਹ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੇ।
ਰੋਨਾਲਡੋ ਦੇ ਗੋਲ ਨਾਲ ਜੁਵੇਂਟਸ ਫਿਰ ਚੋਟੀ 'ਤੇ
NEXT STORY