ਆਕਾਰ ਨੂੰ ਅੰਕਾਂ 'ਚ ਨਹੀਂ ਕੀਤਾ ਜਾ ਸਕਦਾ ਬਿਆਨ
ਜਲੰਧਰ : ਆਕਾਸ਼ ਗੰਗਾ ਦੇ ਕਈ ਰਹੱਸ ਹਨ ਜੋ ਅਜੇ ਤੱਕ ਵਿਗਿਆਨੀਆਂ ਵੱਲੋਂ ਸੁਲਝਾਏ ਨਹੀਂ ਗਏ। ਤਾਰਿਆਂ ਦੇ ਇਸ ਵਿਸ਼ਾਲ ਸਮੂਹ 'ਚ ਸਾਡਾ ਸੌਰ ਮੰਡਲ ਇਕ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ। ਆਕਾਸ਼ ਗੰਗਾ 'ਚ ਡਾਰਕ ਮੈਟਰ ਵਰਗੀਆਂ ਅਣਸੁਲਝੀਆਂ ਪਹੇਲੀਆਂ, ਅਣਗਿਣਤ ਤਾਰੇ, ਗ੍ਰਹਿ, ਐਸਟ੍ਰਾਇਡਜ਼ ਤੇ ਸਪੇਸ ਮਲਬਾ ਆਦਿ ਦੀ ਭਰਮਾਰ ਹੈ। ਕਈਆਂ ਦਾ ਇਹ ਸਵਾਲ ਹੁੰਦਾ ਹੈ ਕਿ ਸਾਡੀ ਆਕਾਸ਼ ਗੰਗਾ ਦਾ ਆਕਾਰ ਕਿੰਨਾ ਹੈ ਜਾਂ ਇਸ ਦਾ ਕੁਲ ਦ੍ਰਵਮਾਨ (Mass) ਕਿੰਨਾ ਹੈ। ਹਾਲਾਂਕਿ ਵਿਗਿਆਨੀ ਸੂਰਜ ਦੇ ਦ੍ਰਵਮਾਨ ਨੂੰ ਮੁੱਖ ਰੱਖ ਕੇ ਇਕ ਅੰਦਾਜ਼ੇ ਦੇ ਤੌਰ 'ਤੇ ਇਸ ਦਾ ਜਵਾਬ ਦਿੰਦੇ ਹਨ ਪਰ ਕੈਨੇਡਾ 'ਚ ਮੈਕਮਾਸਟਰ ਯੂਨੀਵਰਸਿਟੀ ਤੋਂ ਫਿਜ਼ਿਕਸ ਤੇ ਐਸਟ੍ਰੋਨਾਮੀ 'ਚ ਪੀ. ਐੱਚ. ਡੀ. ਦੀ ਕੈਂਡੀਡੇਟ ਗੁਐਂਡਲਿਨ ਈਡੀ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਇਸ ਗੱਲ ਦਾ ਜਵਾਬ ਹੈ :
ਇੰਝ ਮਾਪਿਆ ਗਿਆ ਆਕਾਸ਼ ਗੰਗਾ ਨੂੰ
ਗੁਐਂਡਲਿਨ ਵੱਲੋਂ ਗਲੈਕਸੀ ਦੇ ਦ੍ਰਵਮਾਨ ਨੂੰ ਮਾਪਣ ਲਈ ਬਿਲਕੁਲ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਜਿਸ 'ਚ ਆਕਾਸ਼ ਗੰਗਾ ਦੇ ਬਾਹਰੀ ਤਾਰਾ ਸਮੂਹਾਂ ਦੀ ਵਿਲੋਸਟੀ ਤੇ ਉਨ੍ਹਾਂ ਦੀ ਸਥਿਤੀ ਮਾਪ ਕੇ ਆਕਾਸ਼ ਗੰਗਾ ਦੇ ਦ੍ਰਵਮਾਨ ਦਾ ਅੰਦਾਜ਼ਾ ਲਗਾਇਆ ਹੈ। ਗੁਐਂਡਲਿਨ ਦਾ ਕਹਿਣਾ ਹੈ ਕਿ ਜਦੋਂ ਇਸੇ ਤਕਨੀਕ ਨੂੰ ਉਸ ਨੇ ਬਾਹਰੀ ਅੰਤਰਿਕਸ਼ 'ਚ ਅਜ਼ਮਾਇਆ ਤਾਂ ਅੰਦਾਜ਼ੇ ਹੈਰਾਨ ਕਰਨ ਵਾਲੇ ਸਨ ਤੇ ਉਸ ਨੇ ਇਹ ਵੀ ਕਿਹਾ ਕਿ ਸਾਡੀ ਆਕਾਸ਼ ਗੰਗਾ ਦਾ ਆਕਾਰ ਬਾਹਰੀ ਅੰਤਰਿਕਸ਼ 'ਚ ਮੌਜੂਦ ਹੋਰ ਗਲੈਕਸੀਆਂ ਤੋਂ ਕਿਤੇ ਛੋਟਾ ਹੈ।
ਮੈਕਮਾਸਟਰ ਯੂਨੀਵਰਸਿਟੀ 'ਚ ਫਿਜ਼ਿਕਸ ਤੇ ਐਸਟ੍ਰੋਨਾਮੀ ਦੇ ਪ੍ਰੋਫੈਸਰ ਵਿਲਿਅਮ ਹੈਰਿਸ ਦੀ ਸੁਪਰਵਿਜ਼ਨ 'ਚ ਗੁਐਂਡਲਿਨ ਵੱਲੋਂ ਆਪਣੀ ਇਸ ਖੋਜ ਨੂੰ ਵਿਨੀਪੈਗ 'ਚ ਹੋਣ ਜਾ ਰਹੀ ਕੈਨੇਡੀਅਨ ਐਸਟ੍ਰਾਨੋਮਿਕਲ ਸੋਸਾਇਟੀ ਦੀ ਹੋਣ ਵਾਲੀ ਕਾਨਫ੍ਰੰਸ 'ਚ ਇਸ ਨੂੰ ਪੇਸ਼ ਕੀਤਾ ਜਾਵੇਗਾ।
ਜਿਸ ਤਰੀਕੇ ਨਾਲ ਗੁਐਂਡਲਿਨ ਨੇ ਆਕਾਸ਼ ਗੰਗਾ ਦੇ ਦ੍ਰਵਮਾਨ ਨੂੰ ਬਿਆਨ ਕੀਤਾ ਹੈ, ਉਸ ਨੂੰ ਕਿਸੇ ਵੀ ਭਾਸ਼ਾ ਜਾਂ ਨੰਬਰਾਂ 'ਚ ਬਿਆਨ ਕਰਨਾ ਥੋੜ੍ਹਾ ਮੁਸ਼ਕਿਲ ਹੈ। ਇਸ ਨੂੰ ਇਸ ਤਰ੍ਹਾਂ ਦੱਸਿਆ ਜਾ ਸਕਦਾ ਹੈ, ਸੂਰਜ ਦੇ ਦ੍ਰਵਮਾਨ ਨੂੰ 700 ਬਿਲੀਅਨ ਨਾਲ ਗੁਣਾ ਕੀਤਾ ਜਾਵੇ ਤੇ ਜੋ ਜਵਾਬ ਮਿਲੇਗਾ ਉਹ ਸਾਡੀ ਆਕਾਸ਼ ਗੰਗਾ ਦਾ ਦ੍ਰਵਮਾਨ ਹੋਵੇਗਾ। ਜੇ ਤੁਸੀਂ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਦੱਸ ਦਈਏ ਕਿ ਸੂਰਜ ਦਾ ਦ੍ਰਵਮਾਨ 2 ਨੈਨੋਲੀਅਨ (2,000,000,000,000,000,000,000,000,000,000) ਕਿਲੋਗ੍ਰਾਮ ਹੈ ਜੋ ਕਿ ਸਾਡੀ ਧਰਤੀ ਤੋਂ 3,30,000 ਗੁਣਾ ਜ਼ਿਆਦਾ ਹੈ।
ਆਕਾਸ਼ ਗੰਗਾ ਦੇ ਕੁਝ ਖਾਸ ਪਹਿਲੂ:
- ਜੇ ਤੁਸੀਂ ਗਲੈਕਸੀ ਦੇ ਤਾਰਿਆਂ ਨੂੰ ਇਕ ਤਾਰਾ ਪ੍ਰਤੀ ਸੈਕੇਂਡ ਦੇ ਹਿਸਾਬ ਨਾਲ ਗਿਣਨੇ ਸ਼ੁਰੂ ਕਰੋ ਤਾਂ ਸਾਰੇ ਤਾਰੇ ਗਿਣਨ 'ਚ 3000 ਸਾਲ ਲੱਗਣਗੇ।
- ਆਕਾਸ਼ ਗੰਗਾ ਦੇ ਕੋਰ 'ਚ ਇਕ ਵਿਸ਼ਾਲ ਬਲੈਕ ਹੋਲ ਹੈ ਜਿਸ ਦਾ ਆਕਾਰ ਸੂਰਜ ਤੋਂ 4 ਮਿਲੀਅਨ ਗੁਣਾ ਜ਼ਿਆਦਾ ਹੈ।
- ਸੂਰਜ 220 ਕਿਲੋਮੀਟਰ ਪ੍ਰਤੀ ਸੈਕੇਂਡ ਦੀ ਗਤੀ ਨਾਲ ਆਕਾਸ਼ ਗੰਗਾ ਦੀ ਪ੍ਰੀਕਰਮਾ ਕਰਦਾ ਹੈ।
- ਸੂਰਜ ਨੂੰ ਆਕਾਸ਼ ਗੰਗਾ ਦਾ ਇਕ ਚੱਕਰ ਲਗਾਉਣ 'ਚ 230 ਮਿਲੀਅਨ ਸਾਲ ਦਾ ਸਮਾਂ ਲਗਦਾ ਹੈ।
- ਪ੍ਰਕਾਸ਼ ਨੂੰ ਆਕਾਸ਼ ਗੰਗਾ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਾਣ 'ਚ 1,00,000 ਸਾਲ ਦਾ ਸਮਾਂ ਲਗਦਾ ਹੈ।
ਲਾਂਚ ਹੋਇਆ ਦੁਨੀਆ ਦਾ ਸਭ ਤੋਂ ਮਹਿੰਗਾ ਸਮਾਰਟਫੋਨ, ਜਾਣੋ ਕੀਮਤ
NEXT STORY