ਇੰਸ. ਗੁਰਪ੍ਰੀਤ ਸਿੰਘ ਚੰਬਲ
9888140052
ਭਾਸ਼ਾ ਦੇ ਆਧਾਰ 'ਤੇ 1966 ਵਿਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ, ਜਿੱਥੇ ਪੰਜਾਬੀ ਨੂੰ ਇਸ ਪ੍ਰਾਂਤ ਦੀ ਰਾਜ-ਭਾਸ਼ਾ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਉੱਥੇ 1967 ਵਿਚ ਰਾਜ-ਭਾਸ਼ਾ ਐਕਟ ਪੰਜਾਬੀ ਪਾਸ ਹੋਣ ਨਾਲ ਰਾਜ ਪੱਧਰ 'ਤੇ ਆਮ ਪ੍ਰਸ਼ਾਸ਼ਨ ਵਿਚ ਪੰਜਾਬੀ ਵਿਚ ਕੰਮ ਕਰਨਾ ਵੀ ਜ਼ਰੂਰੀ ਹੋ ਗਿਆ ਸੀ। ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਹਰ ਪੱਧਰ 'ਤੇ ਯਕੀਨੀ ਬਣਾਉਣ ਲਈ 2008 ਵਿਚ ਇਸ ਐਕਟ ਦੀ ਸੋਧ ਕੀਤੀ ਗਈ। ਪੰਜਾਬ ਸਿਵਲ ਸੇਵਾਵਾਂ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਪੰਜਾਬ ਰਾਜ ਦੀ ਪੰਜਾਬੀ ਭਾਸ਼ਾ ਦਾ ਦਸਵੀਂ ਪੱਧਰ ਇਮਤਿਹਾਨ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਇਹ ਵੀ ਉਪਬੰਧ ਕੀਤਾ ਹੈ ਕਿ ਪੰਜਾਬ ਸਿਵਲ ਸੇਵਾ ਦਾ ਇਮਤਿਹਾਨ ਪਾਸ ਕਰਨ ਉਪਰੰਤ ਸਰਕਾਰੀ ਸੇਵਾ ਵਿੱਚ ਆਉਣ ਵੇਲੇ ਪੰਜਾਬੀ ਦੀ ਇਹ ਪ੍ਰੀਖਿਆ ਪਾਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਇੱਕ ਸਾਲ ਵਿੱਚ ਛੇ-ਛੇ ਮਹੀਨੇ ਦੇ ਵਕਫੇ ਬਾਅਦ ਦੋ ਮੌਕੇ ਦਿੱਤੇ ਜਾਂਦੇ ਹਨ।
ਪੰਜਾਬੀ ਪ੍ਰਬੋਧ ਪ੍ਰੀਖਿਆ ਕਿਵੇਂ ਅਤੇ ਕਿੱਥੇ ਲਈ ਜਾਂਦੀ ਹੈ?
ਭਾਸ਼ਾ ਵਿਭਾਗ, ਪੰਜਾਬ (Language Department Punjab) ਪੰਜਾਬੀ ਵਿਸ਼ੇ ਦੀ ਲਾਜ਼ਮੀ ਪ੍ਰੀਖਿਆ ਵਜੋਂ ਪੰਜਾਬੀ ਪ੍ਰਬੋਧ ਦੀ ਪ੍ਰੀਖਿਆ ਲੈਂਦਾ ਹੈ। ਪ੍ਰੀਖਿਆ ਦੋ ਭਾਗਾਂ ਵਿੱਚ ਤਿੰਨ-ਤਿੰਨ ਘੰਟੇ ਦੇ ਦੋ ਇਮਤਿਹਾਨ (75-75 ਨੰਬਰ ਦੇ) ਹੁੰਦੇ ਹਨ ਅਤੇ ਪਾਸ ਹੋਣ ਲਈ ਇਨ੍ਹਾਂ ਦੋਵਾਂ ਵਿੱਚੋਂ ਸਾਂਝੇ ਤੌਰ ’ਤੇ 50 ਨੰਬਰ ਪ੍ਰਾਪਤ ਕਰਨੇ ਲਾਜ਼ਮੀ ਹਨ। ਪਹਿਲਾਂ-ਪਹਿਲ ਇਹ ਪ੍ਰੀਖਿਆ ਭਾਸ਼ਾ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਵਲ ਸੇਵਾਵਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਭਰਤੀ ਦੇ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਹੀ ਲਈ ਜਾਂਦੀ ਸੀ ਪਰ ਫਿਰ ਹੁਣ ਸਾਲ 2019 ਤੋਂ ਇਹ ਪ੍ਰੀਖਿਆ ਹਰ ਤਿਮਾਹੀ (Quarterly) ਸਾਲ ਵਿੱਚ 04 ਵਾਰ ਲਈ ਜਾਂਦੀ ਹੈ। ਭਾਸ਼ਾ ਵਿਭਾਗ, ਪੰਜਾਬ ਵੱਲੋਂ ਇਹ ਪ੍ਰੀਖਿਆ ਵਿਭਾਗ ਦੇ ਪਟਿਆਲਾ ਸ਼ਹਿਰ ਵਿੱਚ ਸ਼ੇਰਾਂ ਵਾਲਾ ਗੇਟ ਨੇੜੇ ਸਥਿਤ ਮੁੱਖ ਦਫ਼ਤਰ ਵਿੱਚ ਲਈ ਜਾਂਦੀ ਹੈ।
ਕਿਵੇਂ ਕਰੀਏ ਤਿਆਰੀ?
ਪ੍ਰਬੋਧ ਦੀ ਪ੍ਰੀਖਿਆ ਲੈਣ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਇੱਕ 'ਪੰਜਾਬੀ ਪ੍ਰਬੋਧ' ਨਾਮ ਦੀ ਕਿਤਾਬ ਵੀ ਛਾਪੀ ਗਈ ਹੈ। ਪੰਜਾਬੀ ਵਿਸ਼ੇ ਦੀ ਲਈ ਜਾਂਦੀ ਪ੍ਰੀਖਿਆ ਲਈ ਇਹ ਕਿਤਾਬ ਨਮੂਨੇ ਵਜੋਂ ਕੰਮ ਕਰਦੀ ਹੈ। ਕਿਤਾਬ ਵਿੱਚ ਉਹ ਸਾਰੇ ਵਿਸ਼ੇ ਸ਼ਾਮਲ ਹਨ, ਜੋ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਕਾਰੀ ਸੇਵਾਵਾਂ ਪੰਜਾਬੀ ਵਿੱਚ ਕਰਨ ਸਹਾਇਕ ਸਿੱਧ ਹੁੰਦੇ ਹਨ। ਸਰਕਾਰੀ ਕੰਮ-ਕਾਜ ਨੂੰ ਪੰਜਾਬੀ ਵਿਚ ਨਿਭਾਉਣ ਦੇ ਇੱਛੁਕ ਸਰਕਾਰੀ ਕਰਮਚਾਰੀਆਂ ਲਈ 'ਪੰਜਾਬੀ ਪ੍ਰਬੋਧ' ਪੁਸਤਕ ਪੂਰੀ ਤਰ੍ਹਾਂ ਵਰਦਾਨ ਸਾਬਤ ਹੁੰਦੀ ਹੈ। ਇਸ ਕਿਤਾਬ ਵਿੱਚ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਵਰਤੀ ਜਾਂਦੀ ਵਿਭਾਗੀ ਸ਼ਬਦਾਵਲੀ ਦੇ ਨਾਲ-ਨਾਲ ਸਰਕਾਰੀ ਪੱਤਰ-ਵਿਹਾਰ ਦੇ ਨਮੂਨੇ ਵੀ ਸ਼ਾਮਲ ਹਨ।
ਭਾਸ਼ਾ ਵਿਭਾਗ ਪੰਜਾਬ ਦੁਆਰਾ ਲਈ ਜਾਂਦੀ ਪੰਜਾਬੀ ਪ੍ਰਬੋਧ ਪ੍ਰੀਖਿਆ ਦੇ ਪਹਿਲੇ ਪੇਪਰ ਵਿੱਚ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਵਿਆਕਰਣ, ਸ਼ਬਦ-ਜੋੜ, ਅਖਾਣ-ਮੁਹਾਵਰੇ ਆਦਿ ਸਬੰਧੀ ਪ੍ਰਸ਼ਨ ਆਉਂਦੇ ਹਨ ਅਤੇ ਇੱਕ ਲੇਖ ਅਤੇ ਪੈਰ੍ਹਾ ਰਚਨਾ ਵੀ ਹੁੰਦੀ ਹੈ। ਦੂਜੇ ਪੇਪਰ ਵਿੱਚ ਅੰਗਰੇਜ਼ੀ, ਪੰਜਾਬੀ ਭਾਸ਼ਾਵਾਂ ਦੇ ਵਾਕਾਂ ਅਤੇ ਸ਼ਬਦਾਂ ਦੇ ਅਨੁਵਾਦ ਸਬੰਧਤ ਪ੍ਰਸ਼ਨਾਂ ਤੋਂ ਇਲਾਵਾ ਨਮੂਨਾ ਚਿੱਠੀ-ਪੱਤਰ ਤੇ ਗਣਿਤਕ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਸਬੰਧੀ ਪ੍ਰਸ਼ਨ ਆਉਂਦੇ ਹਨ।
ਐਡੀਸ਼ਨਲ ਪੰਜਾਬੀ ਪ੍ਰੀਖਿਆ
10ਵੀਂ ਦੇ ਪੱਧਰ ਦੀ ਐਡੀਸ਼ਨਲ ਪੰਜਾਬੀ (Additional Punjabi Paper) ਵਿਸ਼ੇ ਦੀ ਸਪੈਸ਼ਲ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ (P.S.E.B) ਵੱਲੋਂ ਸਾਲ ਵਿੱਚ 04 ਵਾਰ ਹਰ ਤਿਮਾਹੀ (Quarterly) ਬਾਅਦ ਲਈ ਜਾਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਫੇਜ-8 ਮੋਹਾਲੀ ਵਿੱਚ ਸਥਿਤ ਦਫਤਰ ਵਿੱਚ ਪੰਜਾਬੀ ਵਿਸ਼ੇ ਦੀ ਲਾਜ਼ਮੀ ਪ੍ਰੀਖਿਆ ਲਈ ਜਾਂਦੀ ਹੈ। ਇਸ ਐਡੀਸ਼ਨਲ ਪ੍ਰੀਖਿਆ ਦੇ ਦੋ ਇਮਤਿਹਾਨ ਹੁੰਦੇ ਹਨ। ਪਹਿਲੇ ਇਮਤਿਹਾਨ ਵਿੱਚ ਪੰਜਾਬੀ ਕਾਵਿ ਧਾਰਾਵਾਂ, ਵਾਰਤਕ, ਵੰਨਗੀ, ਇਕਾਂਗੀ, ਨਾਵਲ ਆਦਿ ਸਾਹਿਤਕ ਕਿਰਤਾਂ ਸਬੰਧੀ ਪ੍ਰਸ਼ਨ ਆਉਂਦੇ ਹਨ। ਦੂਸਰੇ ਇਮਤਿਹਾਨ ਵਿੱਚ ਪੰਜਾਬੀ ਵਿਆਕਰਣ, ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ, ਸੰਖੇਪ ਪੈਰ੍ਹਾ ਰਚਨਾ ਅਤੇ ਚਿੱਠੀ ਪੱਤਰ ਸਬੰਧੀ ਪ੍ਰਸ਼ਨ ਆਉਂਦੇ ਹਨ। ਇਹ ਦੋਵੇਂ ਇਮਤਿਹਾਨ 75-75 ਨੰਬਰ ਦੇ ਹੁੰਦੇ ਹਨ ਅਤੇ ਪਾਸ ਹੋਣ ਲਈ ਇਨ੍ਹਾਂ ਦੋਵਾਂ ਵਿੱਚੋਂ ਸਾਂਝੇ ਤੌਰ 'ਤੇ 50 ਨੰਬਰ ਪ੍ਰਾਪਤ ਕਰਨੇ ਲਾਜ਼ਮੀ ਹਨ।
ਪੰਜਾਬੀ ਪ੍ਰਵੇਸ਼ਿਕਾ
ਪੰਜਾਬੀ ਪ੍ਰਵੇਸ਼ਿਕਾ ਨਾਮਕ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਹਰ ਸਾਲ ਨਵੇਂ ਅਕਾਦਮਿਕ ਸੈਸ਼ਨ ਦੌਰਾਨ ਲਈ ਜਾਂਦੀ ਹੈ। ਇਹ ਪ੍ਰੀਖਿਆ ਉਨ੍ਹਾਂ ਅੰਤਰਰਾਜੀ ਅਤੇ ਅੰਤਰਦੇਸ਼ੀ ਖੋਜਾਰਥੀਆਂ ਲਈ ਹੈ, ਜੋ ਯੂਨੀਵਰਸਿਟੀ ਵਿੱਚ ਪੀ.ਐੱਚ.ਡੀ. ਦਾ ਖੋਜ ਕਾਰਜ ਕਰਨ ਲਈ ਆਉਂਦੇ ਹਨ। ਉਨ੍ਹਾਂ ਦੇ ਖੋਜ ਕਾਰਜ ਦੀ ਭਾਸ਼ਾ ਕੋਈ ਵੀ ਹੋ ਸਕਦੀ ਹੈ ਪਰ ਉਨ੍ਹਾਂ ਲਈ ਯੂਨੀਵਰਸਿਟੀ ਪ੍ਰਸ਼ਾਸ਼ਨ ਵੱਲੋਂ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਖੋਜ ਕਾਰਜ ਦੇ ਦਾਖਲੇ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬੀ ਵਿਸ਼ੇ ਦੀ ਪੰਜਾਬੀ ਪ੍ਰਵੇਸ਼ਿਕਾ ਪ੍ਰੀਖਿਆ ਪਾਸ ਕਰਨੀ ਹੋਵੇਗੀ। ਇਸ ਪ੍ਰੀਖਿਆ ਦਾ ਮਕਸਦ ਖੋਜਾਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਸੰਰਚਨਾ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਖੋਜਾਰਥੀਆਂ ਨੂੰ ਪੰਜਾਬੀ ਪੜ੍ਹਣਾ, ਲਿਖਣਾ ਅਤੇ ਬੋਲਣਾ ਸਿਖਾਉਣਾ ਹੈ। ਪੰਜਾਬੀ ਪ੍ਰਵੇਸ਼ਿਕਾ ਪ੍ਰੀਖਿਆ ਦਾ ਲੈਵਲ 10ਵੀਂ ਪੱਧਰ ਦੀ ਪੰਜਾਬੀ ਵਾਲਾ ਹੀ ਹੁੰਦਾ ਹੈ। ਇਸ ਪ੍ਰੀਖਿਆ ਦੇ ਦੋ ਇਮਤਿਹਾਨ 100-100 ਨੰਬਰ ਦੇ ਹੁੰਦੇ ਹਨ ਅਤੇ ਦੋਨਾਂ ਇਮਤਿਹਾਨਾਂ ਵਿੱਚੋਂ ਸਾਂਝੇ ਤੌਰ 'ਤੇ 70 ਨੰਬਰ ਪ੍ਰਾਪਤ ਕਰਨੇ ਲਾਜ਼ਮੀ ਹਨ। ਪੰਜਾਬੀ ਪ੍ਰਵੇਸ਼ਿਕਾ ਪ੍ਰੀਖਿਆ ਵਿੱਚ ਗੁਰਮੁਖੀ ਲਿਪੀ, ਪੰਜਾਬੀ ਭਾਸ਼ਾ ਦੇ ਧੁਨੀ ਪ੍ਰਬੰਧ, ਸ਼ਬਦ ਪ੍ਰਬੰਧ, ਪੰਜਾਬੀ-ਅੰਗਰੇਜ਼ੀ ਅਨੁਵਾਦ, ਵਾਕ ਪ੍ਰਬੰਧ, ਪੈਰ੍ਹਾ ਰਚਨਾ, ਸੰਖੇਪ ਰਚਨਾ ਅਤੇ ਮਹੱਤਵਪੂਰਨ ਪੰਜਾਬੀ ਸ਼ਬਦਾਵਲੀ ਸਬੰਧੀ ਪ੍ਰਸ਼ਨ ਆਉਂਦੇ ਹਨ। ਇਹ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਹੀ ਲਈ ਜਾਂਦੀ ਹੈ।
ਸਿਵਲ ਸੇਵਾ ਮੇਨਜ਼ ਪ੍ਰੀਖਿਆ
ਜ਼ਿਕਰਯੋਗ ਹੈ ਕਿ ਪੰਜਾਬ ਸਿਵਲ ਸੇਵਾਵਾਂ ਦੀ ਪ੍ਰੀਖਿਆ ਵੇਲੇ ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਮੇਨਜ਼ ਪ੍ਰੀਖਿਆ ਵਿੱਚ ਪੰਜਾਬੀ ਵਿਸ਼ੇ ਦਾ ਪੇਪਰ ਵੀ ਲਿਆ ਜਾਂਦਾ ਹੈ। ਇਸ ਪੇਪਰ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧਤ ਵਿਆਕਰਣਕ ਨਿਯਮਾਂ, ਸਾਹਿਤਕ ਵਿਧਾਵਾਂ, ਗੁਰਮੁਖੀ ਲਿਪੀ, ਅਖਾਣ, ਮੁਹਾਵਰੇ, ਸ਼ਬਦ ਸੰਰਚਨਾ, ਪੰਜਾਬੀ ਬੋਲੀ ਆਦਿ ਸਬੰਧਤ ਪ੍ਰਸ਼ਨ ਪੁੱਛੇ ਜਾਂਦੇ ਹਨ ਅਤੇ ਇੱਕ ਪੰਜ ਸੌ ਸ਼ਬਦਾਂ ਦੀ ਲੇਖ-ਰਚਨਾ ਵੀ ਆਉਂਦੀ ਹੈ। ਇਸ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਪੰਜਾਬੀ ਭਾਸ਼ਾ ਦਾ ਵਿਆਕਰਣਕ ਅਤੇ ਕੋਸ਼ਗਤ ਗਿਆਨ ਹੋਣਾ ਲਾਜ਼ਮੀ ਹੈ।
ਵਿਸ਼ੇਸ਼ ਨੋਟ
ਉਪਰੋਕਤ ਦੱਸੇ ਗਏ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਸਬੰਧੀ ਫ਼ੀਸ ਸਬੰਧਤ ਸੰਸਥਾਵਾਂ ਵੱਲੋਂ ਨਿਰਧਾਰਤ ਕੀਤੀ ਗਈ ਹੈ। ਪ੍ਰੀਖਿਆ ਸਬੰਧੀ ਜ਼ਰੂਰੀ ਹਦਾਇਤਾਂ ਅਤੇ ਪ੍ਰੀਖਿਆ ਫ਼ਾਰਮ ਭਾਸ਼ਾ ਵਿਭਾਗ, ਪੰਜਾਬ ਤੋਂ ਛੁੱਟ ਸਬੰਧਤ ਸੰਸਥਾਵਾਂ ਦੀ ਵੈੱਬ ਸਾਈਟ 'ਤੇ ਉਪਲਬਧ ਹਨ। ਪੰਜਾਬ ਸਰਕਾਰ ਦੇ ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਨੇ ਦਸਵੀਂ ਪੱਧਰ ਤੱਕ ਜ਼ਰੂਰੀ ਵਿਸ਼ੇ ਵਜੋਂ ਪੰਜਾਬੀ ਨਾ ਪੜ੍ਹੀ ਹੋਵੇ, ਭਾਸ਼ਾ ਵਿਭਾਗ, ਪੰਜਾਬ ਉਨ੍ਹਾਂ ਦੀ ਪਰੀਖਿਆ ਲੈਣ ਦਾ ਅਧਿਕਾਰ ਰੱਖਦਾ ਹੈ। ਭਾਸ਼ਾ ਵਿਭਾਗ,ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁੱਖ ਦਫਤਰ, ਮੋਹਾਲੀ ਇਨ੍ਹਾਂ ਦੋ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੋਰ ਕਿਸੇ ਵੀ ਅਦਾਰੇ ਕੋਲ ਇਹ ਪ੍ਰੀਖਿਆ ਲੈਣ ਦਾ ਮੁੱਢਲਾ ਅਧਿਕਾਰ ਨਹੀਂ ਹੈ।
ਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ 'ਚ ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ
NEXT STORY