ਰਿਪਨਦੀਪ ਸਿੰਘ ਚਾਹਲ
ਖੁਸ਼ਮਨਪ੍ਰੀਤ ਕੌਰ
99150 07002
ਅਜੰਤਾ ਇਲੋਰਾ ਬਾਰੇ ਪਹਿਲੀ ਵਾਰੀ ਉਦੋਂ ਸੁਣਿਆ, ਜਦ ਅਸੀਂ ਯੂਨੀਵਰਸਿਟੀ ਵਿੱਚ ਧਰਮ ਅਧਿਐਨ ਦੀ ਐੱਮ.ਏ. ਕਰ ਰਹੇ ਸਾਂ। ਉਦੋਂ ਸਾਡੇ ਬੋਧੀ ਪ੍ਰੋਫ਼ੈਸਰ ਅਕਸਰ ਇਨ੍ਹਾਂ ਗੁਫਾਵਾਂ ਬਾਰੇ ਜ਼ਿਕਰ ਕਰਿਆ ਕਰਦੇ। ਬਸ ਉਦੋਂ ਤੋਂ ਹੀ ਇਨ੍ਹਾਂ ਗੁਫਾਵਾਂ ਨੂੰ ਵੇਖਣ ਦੀ ਇੱਕ ਚਿਣਗ ਜਿਹੀ ਲੱਗ ਪਈ। ਅਜੰਤਾ-ਇਲੋਰਾ ਬੁੱਧ ਧਰਮ ਨਾਲ ਸੰਬੰਧਿਤ ਗੁਫ਼ਾਵਾਂ ਹਨ, ਕਿਹਾ ਜਾਂਦਾ ਹੈ ਕਿ ਇਨ੍ਹਾਂ ਗੁਫਾਵਾਂ ਨੂੰ ਪਹਿਲੀ ਸਦੀ ਈਸਵੀ ਤੋਂ 7ਵੀਂ ਸਦੀ ਈਸਵੀ ਵਿਚਕਾਰ ਬੁੱਧ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਣਾਇਆ ਗਿਆ ਸੀ।
ਪਿਛਲੇ ਤਿੰਨ-ਚਾਰ ਸਾਲ ਤੋਂ ਅਸੀਂ ਇਹ ਗੁਫਾਵਾਂ ਦੇਖਣ ਦੀ ਸੋਚ ਰਹੇ ਸੀ ਪਰ ਇੱਕ ਵਾਰ ਬੰਬਿਓ ਸੂਰਤ-ਅਹਿਮਦਾਬਾਦ ਹੋ ਕੇ ਪੰਜਾਬ ਲੰਘ ਆਏ ਤੇ ਇੱਕ ਵਾਰੀ ਝਾਂਸੀ, ਬੀਨਾ, ਇਟਾਰਸੀ ਤੋਂ ਸਿੱਧਾ ਨਾਗਪੁਰ ਹੋ ਕੇ ਦੱਖਣੀ ਭਾਰਤ ਲੰਘ ਗਏ, ਇਹ ਫੇਰ ਵਿਚਕਾਰ ਰਹਿ ਗਈਆਂ। ਅਸਲ ਵਿੱਚ ਇਨ੍ਹਾਂ ਦੀ ਭੂਗੋਲਿਕ ਦਿਸ਼ਾ ਇਸ ਹਿਸਾਬ ਦੀ ਹੈ ਕਿ ਬਾਕੀ ਘੁਮਣ ਫਿਰਨ ਦੇ ਸਥਾਨਾਂ ਤੋਂ ਬਹੁਤ ਦੂਰ-ਦੂਰਾਡੇ ਹਨ, ਜਿਸ ਕਰਕੇ ਜਾਣਾ ਮੁਸ਼ਕਿਲ ਹੋ ਰਿਹਾ ਸੀ। ਨਵੰਬਰ ਸਤਾਰਾਂ ਵਿੱਚ ਅਸੀਂ ਮਨ ਬਣਾ ਲਿਆ ਕਿ ਸਿੱਧੀ ਰੇਲ ਇਨ੍ਹਾਂ ਗੁਫਾਵਾਂ ਵੱਲ ਫੜਨੀ ਹੈ, ਫੇਰ ਹੋਰ ਪਾਸੇ ਵੱਲ ਵਧਾਂਗੇ। ਅਜੰਤਾ ਇਲੋਰਾ ਨਾਮ ਤਾਂ ਇਨ੍ਹਾਂ ਦਾ ਇਕੱਠਾ ਪਰ ਅਲੱਗ ਇਹ ਐਵੇਂ ਨੇ ਜਿਵੇਂ ਜੰਮੂ ਤੇ ਕਸ਼ਮੀਰ। ਕਈ ਵਾਰੀ ਥੋਡੇ ਨਾਲ ਗੂਗਲ ਵੀ ਥੋਖਾ ਕਰ ਦਿੰਦਾ। ਉਹੀਓ ਗੱਲ ਸਾਡੇ ਨਾਲ ਹੋਈ ਜਦ ਵੀ ਇਨ੍ਹਾਂ ਬਾਰੇ ਲੱਭਿਆ ਕਰੀਏ ਤਾਂ ਗੂਗਲ ਔਰੰਗਾਬਾਦ ਸ਼ਹਿਰ ਲੈ ਜਾਇਆ ਕਰੇ, ਜਦਕਿ ਸਟੇਸ਼ਨ ਇਨ੍ਹਾਂ ਨੂੰ ਸਭ ਤੋਂ ਨੇੜੇ ਜਲਗਾਂਓ ਪੈਂਦਾ।
ਪੰਜਾਬ ਆਲੇ ਪਾਸਿਓਂ ਇਨ੍ਹਾਂ ਗੁਫਾਵਾਂ ਵੱਲ ਜਾਣ ਲਈ ਸੱਚਖੰਡ ਐਕਸਪ੍ਰੈਸ ਸਭ ਤੋਂ ਵਧੀਆ, ਜੋ ਸਿੱਧੀ ਜਲਗਾਂਓ ਜਾਂਦੀ ਹੈ। ਇੱਕ ਤਾਂ ਇਹਦਾ ਸਮਾਂ ਵਧੀਆ ਇੱਧਰੋਂ ਸਵੇਰੇ ਅੱਠ ਨੌਂ ਵਜੇ ਚਲਦੀ ਆ ਤੇ ਅਗਲੇ ਦਿਨ ਸਵੇਰੇ ਦਿਨ ਚੜ੍ਹਦੇ ਜਲਗਾਂਓ ਪਹੁੰਚਾ ਦਿੰਦੀ ਹੈ, ਬੰਦਾ ਸਵੇਰੇ ਉਤਰਨ ਸਾਰ ਘੁੰਮ ਫਿਰ ਲੈਂਦਾ। ਦੂਜਾ ਇਹਦਾ ਵੱਡਾ ਫਾਇਦਾ ਇਹ ਹੈ ਕਿ ਇਹਦੇ ‘ਚ ਤਕਰੀਬਨ ਸਾਰੇ ਯਾਤਰੂ ਸ੍ਰੀ ਹਜੂਰ ਸਾਹਿਬ ਜਾਣ ਆਲੇ ਹੁੰਦੇ ਨੇ, ਤੇ ਖਾਣ ਪੀਣ ਦਾ ਸਮਾਨ ਵਾਧੂ ਮਿਲਣ ਕਰਕੇ ਘੁਮੱਕੜੀ ਬੰਦਿਆਂ ਦਾ ਖਰਚਾ ਬਚ ਜਾਂਦਾ। ਖੁਸ਼ੀ ਕੋਲ ਦੋ ਕੁ ਹਜ਼ਾਰ ਰੁਪਈਆ ਤੇ ਮੇਰੀ ਜੇਬ ਵਿੱਚ ਤਾਂ ਧੇਲਾ ਨਾ ਹੋਣ ਦੇ ਬਾਵਜੂਦ ਅਸੀਂ ਸੱਚਖੰਡ ਦੀ ਬਾਰੀ ਨੂੰ ਹੱਥ ਪਾ ਲਿਆ।
ਰੇਲ ਚੜ੍ਹਕੇ ਪਤਾ ਲੱਗਾ ਕਿ ਬਿਆਸੋਂ ਹਜ਼ੂਰ ਸਾਹਿਬ ਜਾਣ ਲਈ ਪੂਰਾ ਜਥਾ ਚੜਿਆ ਸੀ ਤੇ ਉਨ੍ਹਾਂ ਦੀ ਇੱਕ ਸੀਟ ਬਾਕੀ ਸੀਟਾਂ ਤੋਂ ਅਲੱਗ ਸਾਡੇ ਕੋਲ ਆ ਗਈ। ਜਿਸ ਉਤੇ ਸੱਤਰ ਪਝੱਤਰ ਸਾਲ ਦੀ ਇੱਕ ਬੇਬੇ ਬੈਠੀ ਸੀ। ਰਾਜਪੁਰੇ ਤੋਂ ਸਾਨੂੰ ਚੜਦੇ ਦੇਖ ਜਥੇ ਦੇ ਕੁਝ ਬੰਦੇ ਸਾਡੇ ਕੋਲ ਆ ਗਏ ਤੇ ਮੈਨੂੰ ਕਹਿਣ ਲੱਗੇ, ਜਵਾਨਾ ਸਾਡੀਆਂ ਸੀਟਾਂ ਤਾਂ ਪਿੱਛੇ ਹਨ ਤੂੰ ਬੇਬੇ ਦਾ, ਤੇ ਬੇਬੇ ਦੇ ਸਮਾਨ ਦਾ ਖਿਆਲ ਰੱਖੀਂ। ਮੈਂ ਕਿਹਾ ਤੁਸੀਂ ਬੇਫਿਕਰ ਰਹੋ ਕੋਈ ਉਲਾਂਭਾ ਨੀ ਆਉਣ ਦਿੰਦੇ। ਬੇਬੇ ਨੂੰ ਤਾਂ ਗੱਲਾਂ ਸੁਣਾ-ਸੁਣਾ ਅਸੀਂ ਘੋੜੇ ਵਰਗੀ ਰੱਖਿਆ ਤੇ ਬੇਬੇ ਦੇ ਸਾਮਾਨ ਤੇ ਅੱਖ ਬਾਜ ਵਰਗੀ। ਸੱਤਰ ਸਾਲ ਦੀ ਬੇਬੇ ਨੇ ਤਾਂ ਭੱਜਣਾ ਕਿੱਧਰ ਸੀ, ਗੱਲ ਸੀ ਬੇਬੇ ਦੇ ਸਾਮਾਨ ਦੀ ਜਿਸ ਵਿੱਚ ਫੌਜੀ ਰੰਗੇ ਬੈਗ ਤੋਂ ਇਲਾਵਾ ਬਿਸਕੁਟਾਂ ਆਲਾ ਪੀਪਾ ਤੇ ਕਰੇਲਿਆਂ ਨਾਲ ਪਰੌਂਠੇ ਤੇ ਹੋਰ ਲੱਡੂ ਪਕੌੜੀਆਂ ਆਲਾ ਖਾਣ-ਪੀਣ ਦਾ ਸਾਮਾਨ ਸੀ।
ਸੀਟ ’ਤੇ ਬੈਠਣ ਸਾਰ ਅਸੀਂ ਸਾਮਾਨ ਸੁੰਘ ਲਿਆ ਤੇ ਸਾਨੂੰ ਇੰਝ ਖੁਸ਼ੀ ਹੋਈ ਜਿਵੇਂ ਨਾਸਾ ਨੇ ਰੌਕਟ ਲਾਂਚ ਮਿਸ਼ਨ ਵਿੱਚ ਸਫਲਤਾ ਲਈ ਹੋਵੇ। ਸਾਮਾਨ ਕਰਕੇ ਸਾਡੇ ਤਾਂ ਆਪਣੇ ਹੱਡਾ ਰੋੜੀ ਦੇ ਕੁੱਤੇ ਆਲੀ ਜੀਭ ਲੱਗੀ ਸੀ ਅਸੀਂ ਕਿਸੇ ਬੇਗਾਨੇ ਨੂੰ ਕਿੱਥੇ ਲਵੇ ਲੱਗਣ ਦਿੰਦੇ। ਖੁਸ਼ੀ ਨੇ ਅੰਬਾਲਿਓ ਪਹਿਲਾਂ ਸਕੀਮ ਜਿਹੀ ਲਾ ਤਿੰਨ ਗਿਲਾਸ ਚਾਹ ਦੇ ਫੜ ਲਿਆਂਦੇ ਤੇ ਬੇਬੇ ਨੂੰ ਕਹਿੰਦੀ, ਬੇਬੇ ਜੀ ਆਹ ਲਓ ਚਾਹ। ਬੇਬੇ ਨੂੰ ਲੱਗਿਆ ਇਹ ਤਾਂ ਕੁੜੀ ਸੇਵਾ ਈ ਬਹੁਤ ਕਰਦੀ ਆ, ਬੇਬੇ ਨੇ ਆਪ ਹੀ ਬਿਸਕੁਟਾਂ ਆਲੀ ਪੀਪੀ ਕੱਢ ਸਾਹਮਣੇ ਰੱਖ ਦਿੱਤੀ। ਬਸ ਫਿਰ ਕੀ....ਦੇ ਚਾਹ..ਲੈ ਚਾਹ, ਦਿੱਲੀ ਨੀ ਟੱਪਣ ਦਿੱਤਾ ਬੇਬੇ ਨੂੰ ਚਾਹ ਪਿਆ-ਪਿਆ ਬੱਤ ਆਉਣ ਲਾਤੇ। ਬੇਬੇ ਨੂੰ ਜਦ ਪੁੱਛਿਆ ਕਰੀਏ ਬੇਬੇ ਜੀ ਚਾਹ, ਮੂਰੋਂ ਬੇਬੇ ਨੱਕ ਜਿਆ ਚੜਾਕੇ ਕਿਹਾ ਕਰੇ...ਨਾ ਭਾਈ ਕਾਲਜਾ ਜਿਹਾ ਮੱਚਦੈ। ਜਦ ਬਿਸਕੁਟਾਂ ਕਨੀ ਹੱਥ ਕਰਿਆ ਕਰੀਏ, ਆਂਡੇ ਕੱਢ ਕੌੜ-ਕੌੜ ਝਾਕਿਆ ਕਰੇ। ਸਾਡਾ ਸਾਰਾ ਦਿਨ ਬੇਬੇ ਨਾਲ ਹਾਸੇ ਠੱਠੇ ਕਰਦੇ ਲੰਘ ਗਿਆ। ਅਗਲੇ ਦਿਨ ਸਵੇਰੇ ਅਸੀਂ ਉਤਰਨਾ ਸੀ। ਘੰਟਾ ਕੁ ਲੇਟ, ਅੱਠ ਵਜੇ ਨਾਲ ਗੱਡੀ ਜਲਗਾਂਓ ਸਟੇਸ਼ਨ ਤੇ ਪਹੁੰਚ ਗਈ ਤੇ ਬੇਬੇ ਤੋਂ ਅਲਵਿਦਾ ਲਈ।
ਇੱਥੋਂ ਅਜੰਤਾ ਸਿਰਫ 50 ਕੁ ਕਿਲੋਮੀਟਰ ਆ। ਲੋਕ ਇੱਥੇ ਵੀ ਉਵੇਂ ਨੇ ਯੂਪੀ ਬਿਹਾਰ ਆਗੂ ਪਿਚਕਾਰੀਆਂ ਨਾਲ ਭਰੇ ਮੂੰਹਾਂ ਆਲੇ, ਜਿੱਧਰ ਦੇਖੋ ਫਰਸ਼ ਲਾਲ ਕੀਤਾ ਹੁੰਦਾ। ਸਟੇਸ਼ਨ ਤੋਂ ਕਿਲੋਮੀਟਰ ਕੁ ਦੀ ਵਿੱਥ ’ਤੇ ਬੱਸ ਅੱਡਾ ਹੈ। ਉਥੋਂ ਸਿੱਧੀ ਔਰੰਗਾਬਾਦ ਆਲੀ ਬੱਸ ਫੜੋ ਅਜੰਤਾ ਉਤਾਰ ਦਿੰਦੀ ਆ। ਮਹਾਰਾਸ਼ਟਰਾ ਦੇ ਟਰਾਂਸਪੋਰਟ ਵਿਭਾਗ ਦਾ ਵੀ ਸੱਤਿਆਨਾਸ਼ ਹੀ ਆ। ਆਪਣੇ ਆਲੀਆਂ ਰੋਡਵੇਜ ਦੀਆਂ ਲਾਰੀਆਂ ਤੋਂ ਭੈੜੀਆਂ ਨੇ ਬੱਸਾਂ ਇੱਥੇ। ਕੇਲੇ ਬਹੁਤ ਸਸਤੇ ਆ ਸਿਰਫ 30 ਰੁਪਈਏ ਦਰਜਨ। ਬੱਸ ਅੱਡੇ ਦੇ ਬਾਹਰੋਂ ਲੈ ਕੇ ਤੀਹਾਂ ਦੇ ਕੇਲੇ ਬੱਸ ’ਚ ਬੈਠ ਗਏ। ਬੱਸ ਚੱਲੀ, ਪੰਜਾਂ ਕੁ ਮਿੰਟਾਂ ਬਾਅਦ ਕੰਡਕਟਰ ਆਇਆ। ਕਹਿੰਦਾ ਟਿਕਟ, ਮਖਿਆਂ ਪੈਸੇ ਹੈਨੀ। ਉਹ ਕਦੇ ਛਿੱਲੇ ਕੇਲੇ ਕਨੀ ਝਾਕੇ ਕਦੇ ਮੇਰੇ ਮੂੰਹ ਕਨੀ। ਮੈਂ ਜਰਕ ਜਰਕ ਖਾਈ ਗਿਆ। ਕੌੜ ਜਿਹਾ ਝਾਕ ਕੇ ਕੇਰਾਂ ਗਹਾਂ ਲੰਘ ਗਿਆ।
ਪੰਜ ਕੁ ਕਿਲੋਮੀਟਰ ਗਹਾਂ ਜਾਕੇ ਉਹਨੇ ਫੇਰ ਪੁੱਛਿਆ ਟਿਕਟ, ਮਖਿਆਂ ਪੈਸੇ ਹੈਨੀ। ਉਹਨੇ ਟੱਲੀ ਵਜਾਈ, ਬੱਸ ਰੁਕ ਗਈ। ਇਸ਼ਾਰਾ ਮਿਲਿਆ ਕਹਿੰਦੇ ਉਤਰ ਜਾਓ। ਆਪਾਂ ਚਾਕੇ ਪਿੱਠੂ ਝੱਟ ਛਾਲ ਮਾਰ ਕੇ ਥੱਲੇ ਆ ਗਏ। ਅਸੀਂ ਥੱਲੇ ਉਤਰ ਇੱਕ ਦੂਜੇ ਵੱਲ ਬਹੁਤ ਹੱਸੇ...ਕੰਡਕਟਰ ਨੂੰ ਇਹ ਸੀ ਕਿ ਮੈਂ ਜਿੱਤ ਗਿਆ। ਹੁਣ ਇਨ੍ਹਾਂ ਨੂੰ ਇੱਥੋਂ ਤੁਰਕੇ ਫਿਰ ਸ਼ਹਿਰ ਜਾਣਾ ਪਏਗਾ।
ਸਾਡੇ ਲਈ ਇਹ ਗੱਲ ਵਧੀਆ ਹੋਈ, ਕਿ ਇਹਨੇ ਸਾਨੂੰ ਸ਼ਹਿਰ ਤੋਂ ਬਾਹਰ ਜਲਗਾਓ-ਔਰੰਗਾਬਾਦ ਨੈਸ਼ਨਲ ਹਾਈਵੇ ’ਤੇ ਉਤਾਰਿਆ ਸੀ। ਇੱਥੋਂ ਸਾਨੂੰ ਕੁਝ ਨਾ ਕੁਝ ਮਿਲ ਜਾਣਾ ਸੁਭਾਵਿਕ ਸੀ। ਦੋ ਕੇਲੇ ਹੋਰ ਡਕਾਰ ਮੈਂ ਲਿਫਟ ਲੈਣ ਲਈ ਹੱਥ ਦੇਣਾ ਸ਼ੁਰੂ ਕਰ ਦਿੱਤਾ। ਕਾਰਾਂ-ਟੈਂਪੂਆਂ ਆਲੇ ਸੂੰ-ਸੂੰ ਕਰਦੇ ਗੋਲੀ ਆਗੂੰ ਕੋਲ ਦੀ ਲੰਘੀ ਗਏ। ਸੱਤਾਂ 8 ਮਿੰਟਾਂ ਬਾਅਦ ਇੱਕ ਐੱਮ.ਪੀ ਨੰਬਰ ਟਰੱਕ ਆ ਰੁਕਿਆ। ਮੈਂ ਭੱਜਕੇ ਕੋਲ ਗਿਆ ਤੇ ਤਾਕੀ ਖੋਲੀ, ਪੈਂਤੀ ਕੁ ਸਾਲ ਦਾ ਬੰਦਾ ਚਿੱਟੀ ਬਨੈਣ ਪਾਈ ਡਰੈਵਰ ਸੀਟ ਤੇ ਬੈਠਾ ਸੀ। ਕਹਾਂ ਜਾਓਗੇ, ਉਹ ਬੋਲਿਆ। ਮੈਂ ਪਹਿਲਾਂ ਨਮਸਕਾਰ ਬੁਲਾਈ ਫਿਰ ਉਹਨੂੰ ਕਿਹਾ, ਅਜੰਤਾ। ਸਫ਼ਰ ਦਾ ਇੱਕ ਨਿਯਮ ਹੈ ਜਦ ਵੀ ਕਿਸੇ ਨੂੰ ਮਿਲੋ ਵੱਡਾ ਹੋਵੇ ਭਾਂਵੇਂ ਛੋਟਾ। ਪਹਿਲਾਂ ਫਤਹਿ ਬੁਲਾਓ ਫਿਰ ਇੱਜਤ ਦੇਕੇ ਅਗਲੇ ਨਾਲ ਗੱਲ ਕਰੋ ਤੁਹਾਨੂੰ ਕਦੇ ਕਿਸੇ ਗੱਲ ਨੂੰ ਨਾਂਹ ਨੀ ਕਰੇਗਾ। ਛੋਟੇ ਹੁੰਦੇ ਬੱਸਾਂ ਚ ਨੀ ਪੜਦੇ ਹੁੰਦੇ ਸੀ ਜੀ ਕਹੋ, ਜੀ ਕਹਾਓ। ਬਿਲਕੁਲ ਉਵੇਂ। ਅੱਛਾ, ਲੇਨੀ ਜਾਨਾ ਹੈ।
ਠੀਕ ਹੈ ਬੈਠ ਜਾਓ ਦਾ ਜਵਾਬ ਉਹਦੇ ਮੂੰਹੋਂ ਨਿਕਲਿਆ ਹੀ ਸੀ ਅਸੀਂ ਜਰਕ ਦਿਨੇ ਕਲੀਂਡਰ ਆਲੀ ਸੀਟ ’ਤੇ ਸਾਂਭ ਲਈ। ਇੱਥੋਂ ਦੀ ਭਾਸ਼ਾ ਚ ਗੁਫਾਵਾਂ ਨੂੰ ਲੇਨੀ ਆਖਦੇ ਹਨ। ਨਵਾਂ ਨਕੋਰ ਠੇਲਾ ਸੀ ਬਾਈ ਦਾ ਜਮਾਂ, ਟੁੱਟੀ ਬੱਸ ਨਾਲੋਂ ਕਿਤੇ ਵਧੀਆ, ਨਾਲੇ ਇਸ ਚ ਮੁਫਤ ਜਾ ਰਹੇ ਸੀ ਤਾਂ ਕਰਕੇ ਹੋਰ ਵੀ ਵਧੀਆ ਲੱਗਿਆ। ਬਾਈ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਚੱਲਿਆ ਸੀ ਤੇ ਕਰਨਾਟਕਾ ਦੇ ਬੰਗਲੌਰ ਸ਼ਹਿਰ ਜਾ ਰਿਹਾ ਸੀ। ਕਹਿੰਦਾ ਮਹੀਨੇ ਚ ਬਸ ਦੋ-ਤਿੰਨ ਗੇੜੇ ਲਾਉਨਾ ਤੇ ਪੱਚੀ ਤੀਹ ਹਜ਼ਾਰ ਕਮਾ ਲੈਨਾ। ਆਪ ਉਹ ਜੈਪੁਰ ਲਾਗੇ ਕਿਸੇ ਪਿੰਡ ਦਾ ਸੀ ਤੇ ਕਿਸੇ ਕੰਪਨੀ ਦਾ ਟਰੱਕ ਚਲਾਉਂਦਾ ਸੀ।
ਇੱਕ ਤਾਂ ਟਰੱਕ ਖਾਲੀ ਸੀ ਤੇ ਉਤੋਂ ਅੱਗੇ ਜਾ ਕੇ ਸੜਕ ਵਾਲੀ ਖਰਾਬ, ਮੇਰੇ ਤਾਂ ਘੰਟੇ ਕੁ ਚ ਧਰਨ ਪੈਣ ਆਲੀ ਕਰਤੀ। ਮਖਿਆਂ ਧੰਨ ਐ ਟਰੱਕ ਆਲੇ ਬਾਈ ਤੈਨੂੰ ਬੰਗਲੌਰ ਕਦ ਆਊ, ਪਰ ਉਹਦਾ ਕਿਹੜਾ ਮੇਰੇ ਨਾਲਦਾ ਗੁਲਗਲੇ ਅਰਗਾ ਢਿੱਡ ਸੀ, ਪੱਕਿਆ ਪਿਆ ਹੋਣਾ ਉਹਦਾ ਤਾਂ। ਮੇਰੇ ਸੋਚਦੇ ਸੋਚਦੇ ਉਹਨੇ ਟਰੱਕ ਸੜਕ ਤੋਂ ਢਾਬੇ ਆਲੇ ਪਾਸੇ ਲਾਹ ਲਿਆ। ਕਹਿੰਦਾ ਚਾਏ ਪੀਏਂਗੇ। ਕੱਪੀ ਕੱਪੀ ਚਾਹ ਦੀ ਪੀਤੀ ਨਾਲ ਇੱਕ ਇੱਕ ਮੱਠੀ ਖਾਧੀ। ਚਾਹ ਦੇ ਪੈਸੇ ਮੈਂ ਦਿੱਤੇ ਉਹ ਪੂਰਾ ਖੁਸ਼ ਹੋਇਆ। ਅੰਗੜਿਆਈ ਜਿਹੀ ਲੈ ਕੇ ਉਹ ਫੇਰ ਕੰਡੇ ਤੇ ਹੋ ਗਿਆ। ਫੇਰ ਜਾਂਦੇ ਹੋਏ ਸਾਡੇ ਬਾਰੇ ਪੁੱਛਣ ਲੱਗਾ। ਮਖਿਆਂ ਮਲੰਗਪੁਣੇ ਨਾਲ ਭਾਰਤ ਘੁੰਮ ਰਹੇ ਹਾਂ।
ਜਦ ਦਿਲ ਕਰਦਾ ਘਰੋਂ ਨਿਕਲ ਜਾਂਦੇ ਹਾਂ। ਪੁੱਛਣ ਲੱਗਾ ਬੱਸ ਨੀ ਮਿਲੀ। ਮਖਿਆਂ ਭਾਰਤ ਘੁੰਮਣ ਦਾ ਜੋ ਸਵਾਦ ਤੇਰੇ ਵਰਗਿਆਂ ਨਾਲ ਆ ਉਹ ਬੱਸਾਂ ’ਚ ਕਿੱਥੇ ਮਿਲਦਾ। ਜਵਾਬ ਸੁਣਕੇ ਉਹ ਖੂਬ ਹੱਸਿਆ। ਗੱਲਾਂ ਕਰਦੇ ਕਰਦੇ ਟਰੱਕ ਪਹਾੜ ਦੀ ਢਲਾਨ ਉਤਰਨ ਲੱਗਿਆ। ਬਿਲਕੁਲ ਥੱਲੇ ਜਾਕੇ ਉਹਨੇ ਬਰੇਕ ਲਗਾ ਦਿੱਤੀ। ਸਾਹਮਣੇ ਅਜੰਤਾ ਦਾ ਬੋਰਡ ਦਿਖਾਈ ਦੇ ਰਿਹਾ ਸੀ। ਅਸੀਂ ਬਚਦੇ ਕੇਲੇ ਉਹਦੇ ਹਵਾਲੇ ਕਰਕੇ ਉਸਤੋਂ ਅਲਵਿਦਾ ਲਈ। ਟਰੱਕ ਉਤਰ ਅਸੀਂ ਗੁਫਾਵਾਂ ਵੱਲ ਹੋ ਤੁਰੇ ਜਿਨ੍ਹਾਂ ਬਾਰੇ ਅਸੀਂ ਪਿਛਲੇ ਚਾਰ ਪੰਜ ਸਾਲਾਂ ਤੋਂ ਪੜ੍ਹਦੇ ਸੁਣਦੇ ਆ ਰਹੇ ਸੀ....
ਚਲਦਾ....(ਬਾਕੀ ਦਾ ਹਿੱਸਾ ਅਗਲੇ ਸੋਮਵਾਰ)
ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਜਾਣੋ ਕੀ ਹੈ ਮਹਾਨਤਾ
NEXT STORY