ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. ਵਿਚ ਹੋਇਆ ਸੀ ਪਰ ਉਹ ਜਨਮ ਤੋਂ ਗੁਰੂ ਨਹੀਂ ਕਹਾਏ ਸਨ। ਉਨ੍ਹਾਂ ਦੇ ਗੁਰੂ ਵਜੋਂ ਪ੍ਰਗਟ ਹੋਣ ਦਾ ਸਮਾਂ 1499 ਈ. ਵਿਚ ‘ਵੇਈਂ ਨਦੀ ਪਰਵੇਸ਼’ ਤੋਂ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸੇ ਨੂੰ ਆਪਣੀ ਪਹਿਲੀ ਵਾਰ ਵਿਚ ‘ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਹਿਪਠਾਇਆ’ ਕਿਹਾ ਹੋਇਆ ਹੈ। ਪ੍ਰਾਪਤ ਸਿੱਖ ਸਾਹਿਤ ਵਿਚ ਪ੍ਰਾਪਤ ਵੇਰਵਿਆਂ ਅਨੁਸਾਰ ਉਨ੍ਹਾਂ ਦੀ ਦਿੱਭਤਾ, ਉਨ੍ਹਾਂ ਦੇ ਨਿੱਤ ਦੇ ਵਰਤਾਰਿਆਂ ਵਿਚੋਂ ਪ੍ਰਗਟ ਹੋਣੀ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਇਸੇ ਨਾਲ ਉਹ ਤੀਹ ਸਾਲ ਆਪਣੀ ਮੌਜ ਵਿਚ ਨਿਭਦੇ ਰਹੇ ਸਨ। ਸਾਰਾ ਕੁਝ ਉਹ ਇਸ ਤਰ੍ਹਾਂ ਕਰਦੇ ਲੱਗਦੇ ਸਨ, ਜਿਵੇਂ ਉਨ੍ਹਾਂ ਦੀ ਸੁਰਤਿ ਕਿਧਰੇ ਹੋਰ ਹੋਵੇ। ਇਸ ਸਥਿਤੀ ਵਿਚ ਉਨ੍ਹਾਂ ਨੇ ਚੁਫੇਰੇ ਦੇ ਝਮੇਲਿਆਂ ਵਿਚ ਇਕੱਲੇ ਹੋ ਸਕਣ ਦੀ ਸ਼ਕਤੀ ਪੈਦਾ ਕਰ ਲਈ ਸੀ। ਇਸ ਦਾ ਸਮਰਥਨ ਉਨ੍ਹਾਂ ਸਾਰੀਆਂ ਸਾਖੀਆਂ ਤੋਂ ਵੀ ਹੋ ਜਾਂਦਾ ਹੈ, ਜਿਹੜੀਆਂ ਉਨ੍ਹਾਂ ਦੇ ਸਕੂਲ ਜਾਣ ਤੋਂ ਲੈ ਕੇ ਸੱਚੇ ਸੌਦੇ ਦੀ ਸਾਖੀ ਤੱਕ ਫੈਲੀਆਂ ਹੋਈਆਂ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਇਤਿਹਾਸ ਬੇਸ਼ੱਕ ਇਥੋਂ ਸ਼ੁਰੂ ਹੋ ਜਾਂਦਾ ਹੈ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਸਿਧਾਂਤਕਤਾ ਦਾ ਆਧਾਰ ਉਨ੍ਹਾਂ ਦੀ ਬਾਣੀ ਨਾਲ ਹੀ ਸ਼ੁਰੂ ਹੁੰਦਾ ਮੰਨਿਆ ਜਾਣਾ ਚਾਹੀਦਾ ਹੈ। ਜਿਨ੍ਹਾਂ ਸਾਖੀਆਂ ਦੇ ਸਿਧਾਂਤਕੀ ਸੰਕੇਤ ਜਾਂ ਆਧਾਰ ਉਨ੍ਹਾਂ ਦੀ ਬਾਣੀ ਵਿਚੋਂ ਮਿਲ ਜਾਂਦੇ ਹਨ, ਉਹ ਸਾਰੇ 1499 ਤੋਂ ਪਿੱਛੋਂ ਬਾਣੀ ਦੁਆਰਾ ਪ੍ਰਗਟ ਹੋਏ ਇਸ ਕਰ ਕੇ ਕਹਿਣੇ ਚਾਹੀਦੇ ਹਨ, ਕਿਉਂਕਿ ਗੁਰੂ ਜੀ ਨੇ ਆਪਣੀਆਂ ਸਿੱਖਿਆਵਾਂ ਦਾ ਆਰੰਭ “ਨ ਕੋ ਹਿੰਦੂ ਨ ਕੋ ਮੁਸਲਮਾਨ’’ ਦੇ ਪ੍ਰਥਮ ਐਲਾਨਨਾਮੇ ਤੋਂ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਬਾਣੀ ਦਾ ਕੋਈ ਹਵਾਲਾ ਨਹੀਂ ਮਿਲਦਾ। ਉਨ੍ਹਾਂ ਦੇ ਪਹਿਲੇ ਬਚਨ, ਧਰਮ ਨੂੰ ਜਨਮ ਤੋਂ ਨਾ ਮੰਨਣ ਦੀ ਸਿੱਖਿਆ ਨਾਲ ਜੁੜੇ ਹੋਏ ਸਨ ਅਤੇ ਹਨ ਕਿਉਂ ਕਿ ਧਰਮ ਧਾਰਨ ਕਰਣ ਨਾਲ ਜੁੜੀ ਹੋਈ ਆਸਥਾ ਹੈ। ਆਸਥਾ ਪੈਦਾ ਨਹੀਂ ਹੁੰਦੀ, ਪ੍ਰਾਪਤ ਕੀਤੀ ਜਾਂਦੀ ਹੈ। ਗੁਰੂ ਜੀ ਨੇ “ਸਿੱਖ ਸੱਜਣ’’ ਤੋਂ ਸਿੱਖ-ਧਰਮ ਦੀ ਸ਼ੁਰੂਆਤ ਕੀਤੀ ਸੀ। ਇਸ ਨੂੰ ਚੌਥੇ ਨਾਨਕ ਦੇ ਸ਼ਬਦਾਂ ਵਿਚ ਬਾਲ-ਬੁੱਧ ਤੋਂ ਸਿਆਣਪ ਤੱਕ ਦੀ ਯਾਤਰਾ ਵਾਂਗ ਸਮਝਿਆ ਦਰਸਾਇਆ ਹੋਇਆ ਹੈ :
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ।।੧੬੮।।
ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸੰਖੇਪ ਰੂਪ ਵਿਚ ਉਨ੍ਹਾਂ ਵੱਲੋਂ ਸਥਾਪਤ ਕੀਤੀਆਂ ਪਹਿਲਾਂ (ਡਿਰਸਟਸ) ਦੁਆਰਾ ਸਮਝਿਆ ਅਤੇ ਸਮਝਾਇਆ ਜਾਣਾ ਸੌਖਾ ਹੈ। ਇਸ ਦਾ ਆਰੰਭ ਗੁਰੂ ਜੀ ਵੱਲੋਂ ਧਰਮ ਵਿਚ ਬੰਦੇ ਦੇ ਦਖਲ ਦੀਆਂ ਸੰਭਾਵਨਾਵਾਂ ਦੇ ਹਵਾਲੇ ਨਾਲ ਆਪਣਾ ਗੁਰੂ, ਸ਼ਬਦ-ਸੁਰਤਿ (ਸਬਦੁ ਗੁਰੁ ਸੁਰਤਿ ਧੁਨਿ ਚੇਲਾ 943) ਨੂੰ ਦੱਸ ਕੇ ਕੀਤਾ ਗਿਆ ਸੀ। ਇਸੇ ਦੀ ਨਿਰੰਤਰਤਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਜਾਗਤ ਜੋਤਿ ਜ਼ਾਹਰਾ ਜ਼ਹੂਰ ਦੇ ਰੂਪ ਵਿਚ ਸ਼ਬਦ-ਗੁਰੂ ਦਾ ਸ੍ਰੋਤ ਅਤੇ ਪ੍ਰਗਟਾਵਾ ਹੋ ਗਏ ਹਨ ਅਤੇ ਇਸ ਨਾਲ ਨਿਭਣ ਦੀ ਵਚਨਬੱਧਤਾ ਦਾ ਪ੍ਰਗਟਾਵਾ ਸਿੱਖਾਂ ਦੀ ਨਿਤ ਦੀ ਅਰਦਾਸ ਦਾ ਹਿੱਸਾ ਹੋ ਗਿਆ ਹੈ (ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ)। ਸ਼ਬਦ-ਗੁਰੂ ਨੂੰ ਦੇਹਧਾਰੀ-ਗੁਰੂ ਦੇ ਬਦਲ ਵਜੋਂ ਸਥਾਪਤ ਕਰ ਕੇ ਆਸਥਾ ਦੇ ਵਹਿਣ ਦੀ ਥਾਂ ਤੇ ਚੇਤਨਾ ਦੀ ਪ੍ਰਚੰਡਤਾ ਨੂੰੰ ਪਹਿਲ ਦੇ ਦਿੱਤੀ ਗਈ ਸੀ। ਇਹ ਰਾਹ ਕੀ ਕਰਣਾ ਹੈ, ਦੀ ਧਾਰਮਿਕ ਸਿੱਖਿਆ (ਰਹਿਤ) ਦੀ ਥਾਂ ’ਤੇ ਕਿਵੇਂ ਕਰਣਾ ਹੈ, ਦੀ ਅਧਿਆਤਮਿਕ ਸੁਜੱਗਤਾ (ਜੁਗਤਿ) ਵਾਲਾ ਗਾਡੀ ਰਾਹ ਹੋ ਗਿਆ ਸੀ ਅਤੇ ਹੈ। ਇਹ ਧਰਮੀ ਦਿੱਸਣ ਨਾਲੋਂ ਧਰਮੀ ਹੋਣ ਵੱਲ ਸੇਧਤ ਸੀ। ਇਸ ਨਾਲ ਧਰਮਾਂ ਦੇ ਇਤਿਹਾਸ ਵਿਚ ਸਿੱਖ ਹੋਏ ਬਿਨਾਂ ਸਿੱਖ ਹੋ ਸਕਣ ਦੀ ਸੱਜਰੀ ਅਤੇ ਵਿਲੱਖਣ ਸਿੱਖਿਆ ਦਾ ਆਗਾਜ਼ ਭਾਈ ਮਰਦਾਨਾ ਨਾਲ ਸ਼ੁਰੂ ਹੋ ਗਿਆ ਸੀ। ਇਸੇ ਦੀ ਨਿਰੰਤਰਤਾ ਵਿਚ ਇਸ ਵੇਲੇ ਨਾਨਕ-ਨਾਮ ਲੇਵਿਆਂ ਵਿਚ ਮਰਦਾਨੇ ਕੇ, ਉਦਾਸੀ, ਸਿੰਧੀ ਅਤੇ ਸਹਿਜਧਾਰੀਆਂ ਦੀ ਵੱਡੀ ਗਿਣਤੀ ਵੀ ਸ਼ਾਮਲ ਸੀ। ਇਨ੍ਹਾਂ ਸਾਰਿਆਂ ਨੂੰ ਸੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਹੀ ਆਸਰਾ ਹੈ।
ਗੁਰੂ ਜੀ ਦੀਆਂ ਸਿੱਖਿਆਵਾਂ ਵਿਚ ਅੰਤਰ ਧਰਮ ਸੰਵਾਦ ਦਾ ਨਾਨਕ-ਮਾਡਲ ਵੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤਾਂ ਦੀ ਬਾਣੀ ਨਾਲ ਇਸ ਦਾ ਆਧਾਰ ਮੁਹੱਈਆ ਹੋ ਜਾਂਦਾ ਹੈ। ਆਲਮੀ ਪ੍ਰਸੰਗ ਵਿਚ ਪੈਦਾ ਹੋ ਗਏ ਬਹੁ-ਸਭਿਆਚਾਰਕ ਵਰਤਾਰਿਆਂ ਵਿਚ ਗੁਰਦੁਆਰਾ ਸੰਸਥਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨਾਲ ਵੀ ਇਸ ਦੀ ਪੁਸ਼ਟੀ ਹੋ ਜਾਂਦੀ ਹੈ। ਲੰਗਰ ਦੀ ਸਿੱਖ ਪ੍ਰੰਪਰਾ ਇਸੇ ਦਾ ਹਿੱਸਾ ਹੈ ਅਤੇ ਇਸ ਦਾ ਪ੍ਰਗਟਾਵਾ ਦੁਨੀਆਭਰ ਵਿਚ ਲੋੜਵੰਦਾਂ ਤੱਕ ਪਹੁੰਚ ਕੇ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਸ਼ਬਦ-ਗੁਰੂ ਦੇ ਸੰਕਲਪੀ ਸਰੋਕਾਰਾਂ ਵਿਚ ਦਖਲ ਨੂੰ ਮਨਫੀ ਕਰ ਦੇਣ ਨਾਲ ਬਾਣੀ ਦੇ ਰੂਪ ਵਿਚ, ਜੋ ਸਿਧਾਂਤਕ ਧਰਾਤਲ ਸਾਹਮਣੇ ਆ ਗਈ ਹੈ, ਉਹ ਅੱਜ ਵੀ ਆਪਣੇ ਵਰਗੀ ਆਪ ਹੋ ਗਈ ਹੈ। ਇਹ ਤਾਂ ਮੰਨ ਲਿਆ ਗਿਆ ਹੈ ਕਿ ਧਰਮਾਂ ਵਿਚਕਾਰ ਅਮਨ ਸਥਾਪਤ ਕਰਨ ਨਾਲ ਅਮਨ ਲਈ ਲੋੜੀਂਦਾ ਮਾਹੌਲ ਸਿਰਜੇ ਜਾਣ ਦੀਆਂ ਸੰਭਾਵਨਾਵਾਂ ਸੌਖੀਆਂ ਪੈਦਾ ਹੋ ਸਕਦੀਆਂ ਹਨ। ਸਰਬੱਤ ਦੇ ਭਲੇ ਦੀ ਉਸਾਰੂ ਸਿੱਖ ਪਹੁੰਚ ਇਸੇ ਨਾਨਕ-ਮਾਡਲ ਵੱਲ ਸੇਧਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਧਰਮ ਵਿਚੋਂ ਕੰਮ-ਸਭਿਆਚਾਰ ਬਿਲਕੁਲ ਮਨਫੀ ਸੀ ਅਤੇ ਇਸ ਦੇ ਸਿੱਟੇ ਵਜੋਂ ਧਾਰਮਿਕ ਸ਼੍ਰੇਣੀ ਦੀਆਂ ਲੋੜਾਂ ਦੀ ਪੂਰਤੀ ਦੀ ਜ਼ਿੰਮੇਵਾਰੀ ਸਬੰਧਤ ਧਰਮ ਨੂੰ ਮੰਨਣ ਵਾਲਿਆਂ ਦੀ ਹੁੰਦੀ ਸੀ। ਗੁਰੂ ਜੀ ਨੇ ਇਸ ਪ੍ਰੰਪਰਕ ਸੋਚ ਨੂੰ ਰੱਦ ਕਰ ਕੇ ਆਪਣੀਆਂ ਧਾਰਮਿਕ ਸਿੱਖਿਆਵਾਂ ਵਿਚ ਕਿਰਤ ਕਰਨ ਨੂੰ ਨਾਮ ਜਪਣ ਦੇ ਬਰਾਬਰ ਮੰਨ ਲਿਆ ਸੀ ਅਤੇ ਵੰਡ ਕੇ ਛਕਣ ਨੂੰ ਕੰਮ-ਸਭਿਆਚਾਰ ਦਾ ਹਿੱਸਾ ਬਣਾ ਦਿੱਤਾ ਸੀ। ਗੁਰੂ ਜੀ ਦੀਆਂ ਸਿੱਖਿਆਵਾਂ ਦਾ ਸ੍ਰੋਤ ਬਾਣੀ ਹੋਣ ਕਰ ਕੇ ਅਤੇ ਸਿੱਖਿਆਵਾਂ ਨੂੰ ਸਿਧਾਂਤਕ ਧਰਾਤਲ ’ਤੇ ਉਸਾਰਿਆ ਜਾਣ ਕਰ ਕੇ ਧਾਰਮਿਕ ਲੱਗਦੀਆਂ ਸਿੱਖਿਆਵਾਂ ਵੀ ਅਧਿਆਤਮਿਕ ਰੰਗ ਵਿਚ ਜੀਵੀਆਂ ਜਾਣ ਲੱਗ ਪਈਆਂ ਸਨ ਅਤੇ ਹਨ। ਇਸੇ ਕਰ ਕੇ ਗੁਰੂ ਜੀ ਦੀਆਂ ਸਿੱਖਿਆਵਾਂ ਸਮੇਂ ਅਤੇ ਸਥਾਨ ਜਾਂ ਕਾਰਣ ਅਤੇ ਕਾਰਜ ਤੋਂ ਮੁਕਤ ਰਹਿ ਕੇ ਸਦਾ ਸੱਚੀਆਂ ਸਿੱਖਿਆਵਾਂ ਵਾਂਗ ਸਾਰੇ ਸਮਿਆਂ ਵਾਸਤੇ ਕੰਮ ਆਉਣ ਵਾਲੀਆਂ ਹੋ ਗਈਆਂ ਹਨ। ਗੁਰੂ ਨਾਨਕ ਦੇਵ ਜੀ ਰਾਹੀਂ ਸਾਹਮਣੇ ਲਿਆਂਦਾ ਗਿਆ ਮਾਰਗਦਰਸ਼ਕ ਸੱਚ ਇਸੇ ਕਰ ਕੇ ਸਦਾ ਸੱਜਰਾ ਰਿਹਾ ਹੈ ਅਤੇ ਰਹਿਣਾ ਵੀ ਹੈ। ਇਹੀ ਸਿੱਖ-ਸਿਧਾਂਤਕੀ ਵਜੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਅੰਕਤ ਹੈ :
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੂ ਹਉਮੈ ਮਾਰੀ।।
ਗਿਰਹੀ ਮਹਿ ਸਦਾ ਹਰਿਜਨ ਉਦਾਸੀ ਗਿਆਨ ਤਤ ਬੀਚਾਰੀ।।੫੯੯-੬੦੦।।
–ਬਲਕਾਰ ਸਿੰਘ
9316301328
ਕੌਮਾਂਤਰੀ ਨਗਰ ਕੀਰਤਨ ਗੋਂਦੀਆ ਤੋਂ ਮੱਧ ਪ੍ਰਦੇਸ਼ ਦੇ ਜੱਬਲਪੁਰ ਲਈ ਰਵਾਨਾ
NEXT STORY