ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
(ਕਿਸ਼ਤ ਸਤਾਰ੍ਹਵੀਂ)
ਇਕ ਹੋਰ ਕੌਤਕ : ਸੱਪ ਦਾ ਨਾਨਕ ਸਾਹਿਬ ਦੇ ਚਿਹਰੇ ’ਤੇ ਛਾਂ ਕਰਨਾ
ਤਲਵੰਡੀ ਨਗਰ ਦਾ ਮਾਲਕ ਰਾਇ ਬੁਲਾਰ ਆਪਣੀ ਹਵੇਲੀ ’ਚ ਬੈਠਾ, ਨਾਨਕ ਸਾਹਿਬ ਨੂੰ ਆਪਣੇ ਪਿਤਾ ਦੇ ਪਿੱਛੇ-ਪਿੱਛੇ ਲਟਕਾਂ ਨਾਲ ਟੁਰਦੇ ਅਤੇ ਕੋਈ ਬੇਹੱਦ ਸੁਰੀਲਾ ਇਲਾਹੀ ਗੀਤ ਗਾਉਂਦੇ ਜਾਂਦੇ, ਬੜੀ ਰੀਝ ਅਤੇ ਨੀਝ ਨਾਲ ਵੇਖਦਾ ਅਤੇ ਸੁਣਦਾ ਰਿਹਾ। ਇਸ ਤੋਂ ਪਹਿਲਾਂ ਵਾਪਰੇ ਸਾਰੇ ਘਟਨਾਕ੍ਰਮ (ਕੌਤਕ) ਦੌਰਾਨ ਉਨ੍ਹਾਂ ਨੇ ਨਾਨਕ ਦੇ ਗਹਿਰੀ ਮਾਸੂਮੀਅਤ, ਅਡੋਲਤਾ ਅਤੇ ਬੇਪਰਵਾਹੀ ਵਾਲੇ ਹਾਵਾਂ-ਭਾਵਾਂ, ਲਹਿਜ਼ੇ, ਸੁਭਾਅ ਅਤੇ ਰੰਗ-ਢੰਗ ਨੂੰ ਬਹੁਤ ਨੇੜਿਓਂ ਗਹੁ ਨਾਲ ਵਾਚਿਆ ਸੀ। ਅਤੀਤ ਵਿਚ ਨਾਨਕ ਬਾਰੇ ਕੰਨੀਂ ਸੁਣੀਆਂ ਉਹ ਸਾਰੀਆਂ ਗੱਲਾਂ ਬਿਜਲੀ ਚਮਕਣ ਵਾਂਗ ਅੱਖ-ਪਲਕਾਰੇ ਵਿਚ ਉਨ੍ਹਾਂ ਦੇ ਮਨ-ਮਸਤਕ ਅੱਗੋਂ ਲੰਘ ਗਈਆਂ ਕਿ ਨਾਨਕ ਨੇ ਕਿਵੇਂ ਆਪਣੇ ਤਿੰਨ ਉਸਤਾਦਾਂ ਪਾਂਧਾ ਗੋਪਾਲ, ਪੰਡਤ ਬ੍ਰਿਜ ਨਾਥ ਅਤੇ ਮੌਲਵੀ ਕੁਤਬੁਦੀਨ ਸਾਹਿਬ ਨੂੰ ਰੱਬੀ ਗਿਆਨ ਬਖ਼ਸ਼ਿਆ ਸੀ ਅਤੇ ਬਦਲੇ ਵਿਚ ਉਸਤਾਦਾਂ ਨੇ ਉਨ੍ਹਾਂ ਨੂੰ ਆਪਣਾ ਉਸਤਾਦ ਮੰਨ ਲਿਆ ਸੀ। ਸੁਣੀਆਂ-ਸੁਣਾਈਆਂ ਅਤੇ ਹੋਈਆਂ-ਵਾਪਰੀਆਂ ਇਨ੍ਹਾਂ ਸਭ ਘਟਨਾਵਾਂ ਦੀਆਂ ਤੰਦਾਂ ਜੋੜਦਿਆਂ ਅਤੇ ਮੁੜ-ਮੁੜ ਸਿਮਰਦਿਆਂ ਰਾਇ ਬੁਲਾਰ ਸਾਹਿਬ ਨੂੰ ਪੱਕਾ ਯਕੀਨ ਹੋ ਗਿਆ ਕਿ ਮਹਿਤਾ ਕਾਲੂ ਦਾ ਪੁੱਤ ਨਾਨਕ ਕੋਈ ਆਮ ਮਨੁੱਖ ਨਹੀਂ ਸਗੋਂ ਅੱਲ੍ਹਾ ਦੇ ਦਰ ’ਤੇ ਪਹੁੰਚਿਆ ਕੋਈ ਕਾਮਲ ਫ਼ਕੀਰ ਹੈ। ਰੱਬ ਦਾ ਸਾਜਿਆ ਅਤੇ ਨਿਵਾਜ਼ਿਆ ਕੋਈ ਖ਼ਾਸਮਖ਼ਾਸ ਵਲੀ ਹੈ।
ਰਾਇ ਬੁਲਾਰ ਸਾਹਿਬ ਨੂੰ ਸਭ ਤੋਂ ਵੱਧ ਹੈਰਾਨਗੀ ਇਸ ਗੱਲ ਦੀ ਸੀ ਕਿ ਸਿਆਣਿਆਂ ਦੁਆਰਾ ਮੌਕਾ ਵੇਖਣ ਉਪਰੰਤ ਜਦੋਂ ਇਹ ਸਾਬਤ ਹੋ ਗਿਆ ਸੀ ਕਿ ਮੱਝੀਆਂ ਨੇ ਜੱਟ ਦੇ ਖੇਤ ਦਾ ਕੋਈ ਨੁਕਸਾਨ ਨਹੀਂ ਕੀਤਾ ਤਾਂ ਇਸ ਦੇ ਬਾਵਜੂਦ ਨਾਨਕ ਸਾਹਿਬ ਕੁੱਝ ਬੋਲੇ ਨਹੀਂ। ਕਿਸਾਨ ਵੱਲੋਂ ਲਾਈ ਗਈ ਗੁਹਾਰ ਅਤੇ ਸ਼ਿਕਾਇਤ ਦਾ ਖੰਡਨ ਨਹੀਂ ਕੀਤਾ। ਚੁੱਪ-ਚਾਪ ਆਪਣੀ ਮੌਜ ਅੰਦਰ ਬੜੀ ਬੇਲਾਗਤਾ ਅਤੇ ਬੇਨਿਆਜ਼ੀ ਨਾਲ ਸਾਰਾ ਤਮਾਸ਼ਾ ਵੇਖਦੇ ਰਹੇ।
ਇਸ ਰਮਜ਼ਮਈ ਘਟਨਾ ਵਾਪਰੀ ਨੂੰ ਅਜੇ ਕੁੱਝ ਰੋਜ਼ ਹੀ ਗੁਜ਼ਰੇ ਸਨ ਕਿ ਰਾਇ ਬੁਲਾਰ ਨੇ ਇਕ ਹੋਰ ਕੌਤਕ ਵੇਖਿਆ। ਉਹ ਘੋੜੀ ’ਤੇ ਚੜ੍ਹਿਆ ਕਿਸੇ ਲਾਗਲੇ ਪਿੰਡੋਂ ਵਾਪਸ ਤਲਵੰਡੀ ਨੂੰ ਆ ਰਿਹਾ ਸੀ। ਜੰਗਲ ’ਚੋਂ ਗੁਜ਼ਰਦਿਆਂ ਉਸ ਦੂਰੋਂ ਤੱਕਿਆ ਕਿ ਇਕ ਰੁੱਖ ਦੀ ਛਾਵੇਂ ਨਾਨਕ ਸਾਹਿਬ ਘੂਕ ਸੁੱਤੇ ਪਏ ਹਨ। ਗਾਵਾਂ-ਮੱਝਾਂ ਉਨ੍ਹਾਂ ਦੇ ਆਲੇ-ਦੁਆਲੇ ਘੇਰਾ ਘੱਤੀ ਬੈਠੀਆਂ ਹਨ। ਘੋੜੀ ਨੂੰ ਹੌਲੀ-ਹੌਲੀ ਨਾਨਕ ਸਾਹਿਬ ਵੱਲ ਲਿਜਾਂਦਿਆਂ ਜਦੋਂ ਉਹ ਉਨ੍ਹਾਂ ਦੇ ਕਾਫ਼ੀ ਨਜ਼ਦੀਕ ਪਹੁੰਚ ਗਿਆ ਤਾਂ ਕੀ ਵੇਖਦਾ ਹੈ ਕਿ ਨਾਨਕ ਦੇ ਸਿਰ ਉੱਪਰ ਇਕ ਵੱਡਾ ਸਾਰਾ ਫ਼ਨੀਅਰ ਨਾਗ ਫਨ ਫੈਲਾਈ ਬੈਠਾ ਹੈ।
ਦਰਅਸਲ ਹੋਇਆ ਇਵੇਂ ਕਿ ਇਸ ਘਟਨਾ ਤੋਂ ਪਹਿਲੀ ਰਾਤ ਨਾਨਕ ਸਾਹਿਬ ਲੰਬਾ ਸਮਾਂ ਪ੍ਰਭੂ ਦੀ ਬੰਦਗੀ ਵਿਚ ਲੀਨ ਰਹੇ ਸਨ l ਇਬਾਦਤ ਵਿਚ ਜਾਗਦੇ ਰਹੇ ਸਨ। ਸੋ ਸੁਭਾਵਕ ਹੀ ਰਾਤ ਦੇ ਉਨੀਂਦਰੇ ਕਾਰਣ ਦਿਨ ਸਮੇਂ ਸਰੀਰ ਥੋੜ੍ਹਾ ਸੁਸਤੀ ਵਿਚ ਆ ਗਿਆ, ਨਿਸਲ ਹੋ ਗਿਆ, ਨਿਢਾਲ ਹੋ ਗਿਆ। ਨਤੀਜੇ ਵਜੋਂ ਉਹ ਮੱਝੀਆਂ ਚਾਰਦੇ-ਚਾਰਦੇ ਇਕ ਦਰੱਖ਼ਤ ਦੀ ਛਾਵੇਂ ਸੌਂ ਗਏ। ਕੁੱਝ ਅਰਸੇ ਬਾਅਦ ਸੂਰਜ ਦੀ ਗਰਦਿਸ਼ ਨਾਲ ਦਰੱਖ਼ਤ ਦੀ ਛਾਇਆ ਬਦਲ ਗਈ। ਪਰਛਾਵੇਂ ਬਦਲਣ ਨਾਲ ਰੁੱਖ ਹੇਠ ਸੁੱਤੇ ਨਾਨਕ ਸਾਹਿਬ ਦੇ ਚਿਹਰੇ ’ਤੇ ਥੋੜ੍ਹੀ ਧੁੱਪ ਆ ਗਈ। ਵਿਸਾਖ ਦਾ ਮਹੀਨਾ ਸੀ। ਗਰਮੀ ਦੀ ਰੁੱਤ ਆਰੰਭਕ ਪੜਾਅ ’ਤੇ ਸੀ। ਨੇੜੇ ਵਿਚਰਦੇ ਇਕ ਸੱਪ ਨੇ ਜਦੋਂ ਉਨ੍ਹਾਂ ਦੇ ਚਿਹਰੇ ’ਤੇ ਪੈਂਦੀ ਧੁੱਪ ਤੱਕੀ ਤਾਂ ਇਕ ਬਹੁਤ ਹੀ ਖ਼ਿਆਲ ਰੱਖਣ ਵਾਲੀ ਅਤਿ ਸੰਵੇਦਨਸ਼ੀਲ ਮਾਂ ਵਾਂਗ ਉਸ ਤੋਂ ਰਿਹਾ ਨਾ ਗਿਆ। ਇਸ ਅਵਤਾਰੀ ਅਥਵਾ ਪੈਗ਼ੰਬਰੀ ਪੁਰਸ਼ ਨੂੰ ਕਿਤੇ ਕੋਈ ਤਕਲੀਫ਼ ਨਾ ਹੋਵੇ, ਉਸ ਦੀ ਨੀਂਦ ’ਚ ਕਿਤੇ ਕੋਈ ਵਿਘਨ ਨਾ ਪਵੇ, ਇਸ ਚਿੰਤਾ ਅਧੀਨ ਉਸ ਨੇ ਤੁਰੰਤ ਆਪਣੀ ਛੱਜਲੀ ਪਾਸਾਰ ਕੇ ਚਿਹਰੇ ’ਤੇ ਛਾਂ ਕਰ ਦਿੱਤੀ।
ਇਹ ਬੇਹੱਦ ਅਨੋਖਾ ਦ੍ਰਿਸ਼ ਵੇਖ ਪਹਿਲਾਂ ਤਾਂ ਰਾਇ ਬੁਲਾਰ ਬਹੁਤ ਅਸਚਰਜ ਹੋਇਆ। ਉਸ ਥਾਏਂ ਘੋੜੀ ਰੋਕ ਲਈ ਅਤੇ ਲੱਗਾ ਟਿਕਟਿਕੀ ਲਾ ਧਿਆਨ ਨਾਲ ਵੇਖਣ। ਸਾਹ ਰੋਕ ਕੇ ਇਹ ਅਜਬ ਨਜ਼ਾਰਾ ਤੱਕਦਿਆਂ ਅਜੇ ਕੁੱਝ ਪਲ ਹੀ ਗੁਜ਼ਰੇ ਸਨ ਕਿ ਫਿਰ ਇਕਦਮ ਮਨ ਵਿਚ ਖ਼ਿਆਲ ਆਇਆ ਕਿ ਹੋਵੇ ਨਾ ਕਿਤੇ ਇਹ ਸੱਪ ਨਾਨਕ ਸਾਹਿਬ ਨੂੰ ਡੰਗ ਲਵੇ। ਮਨ ਵਿਚ ਡਰ ਅਤੇ ਫ਼ਿਕਰ ਦਾ ਭਾਵ ਆਉਂਦਿਆਂ ਹੀ ਉਸ ਕਾਹਲੀ ਨਾਲ ਘੋੜੀ ਹੋਰ ਅਗਾਂਹ ਤੋਰ ਲਈ। ਜਿਉਂ ਹੀ ਘੋੜੀ ਲੰਮੇ ਪਏ ਨਾਨਕ ਸਾਹਿਬ ਵੱਲ ਅਗਾਂਹ ਵਧੀ, ਉਸ ਦੇ ਸੁੰਮਾਂ ਦਾ ਖੜਾਕ ਸੁਣ ਕੇ ਸੱਪ ਉਸੇ ਵੇਲੇ ਫ਼ਨ ਵਲੇਟ ਕੇ ਜੰਗਲ ਵਿਚ ਛਾਈਂ—ਮਾਈਂ ਹੋ ਗਿਆ। ਿੲੰਨੇ ਨੂੰ ਨਾਨਕ ਸਾਹਿਬ ਵੀ ਉੱਠ ਬੈਠੇ ਅਤੇ ਸਿਰ ਉਤਾਂਹ ਨੂੰ ਕਰ ਕੇ ਪਿਆਰ ਭਰੀ ਅਗੰਮੀ ਮੁਸਕਰਾਹਟ ਨਾਲ ਘੋੜੇ ’ਤੇ ਬੈਠੇ ਰਾਇ ਬੁਲਾਰ ਨੂੰ ਨਿਹਾਰਨ ਲੱਗੇ। ਨਾਨਕ ਸਾਹਿਬ ਦੀ ਮਿਹਰ ਭਰੀ ਤੇਜਸਵੀ ਨਿਗ੍ਹਾ ਦੀ ਤਾਬ ਨਾ ਝੱਲਦਿਆਂ ਰਾਇ ਬੁਲਾਰ ਉਸੇ ਪਲ ਘੋੜੀ ਤੋਂ ਹੇਠਾਂ ਉੱਤਰ ਆਇਆ ਅਤੇ ਪੂਰੇ ਸਮਰਪਣ ਭਾਵ ਨਾਲ ਧਾਹ ਕੇ ਉਨ੍ਹਾਂ ਦੇ ਚਰਨੀਂ ਢਹਿ ਪਿਆ।
ਨਾਨਕ ਸਾਹਿਬ ਨੇ ਬੜੇ ਅਦਬ ਨਾਲ ਪਹਿਲਾਂ ਉਨ੍ਹਾਂ ਨੂੰ ਬਾਹੋਂ ਫੜ ਉਠਾਇਆ। ਉਪਰੰਤ ਬਿਜਲੀ ਦੀ ਤੇਜ਼ੀ ਨਾਲ ਜੱਫ਼ੀ ਵਿਚ ਲੈ ਕੇ ਘੁੱਟ ਕੇ ਹਿੱਕ ਨਾਲ ਲਾਇਆ। ਨਾਨਕ ਸਾਹਿਬ ਦੇ ਰੱਬੀ ਰੌਂਅ ਨਾਲ ਸਰਸ਼ਾਰ ਅਤਿ ਊਰਜਾਵਾਨ ਸਰੀਰ ਦੀ ਪਾਵਨ ਛੁਹ ਨਾਲ ਰਾਇ ਬੁਲਾਰ ਦੇ ਪੂਰੇ ਸਰੀਰ ਅੰਦਰ ਝਰਨਾਹਟਾਂ ਛਿੜ ਗਈਆਂ। ਬਿਜਲਈ ਲਹਿਰਾਂ ਦੀ ਥਰਥਰਾਹਟ ਨੇ ਉਨ੍ਹਾਂ ਨੂੰ ਹੋਰ ਦਾ ਹੋਰ ਬਣਾ ਦਿੱਤਾ। ਉਸ ਦਿਨ ਤੋਂ ਉਹ ਮਨ ਹੀ ਮਨ ਨਾਨਕ ਸਾਹਿਬ ਦਾ ਪੱਕਾ ਮੁਰੀਦ ਹੋ ਗਿਆ। ਉਸ ਦਾ ਪਹਿਲਾਂ ਤੋਂ ਬਣਿਆ ਇਹ ਯਕੀਨ ਕਿ ਨਾਨਕ ਜ਼ਰੂਰ ਕੋਈ ਪੀਰ-ਪੈਗ਼ੰਬਰ ਹੈ, ਕਰਾਮਾਤੀ ਅਤੇ ਚਮਕਾਰੇ ਵਾਲਾ ਬੰਦਾ ਹੈ, ਮਹਾਨ ਪੁਰਸ਼ ਹੈ, ਹੋਰ ਮਜ਼ਬੂਤ ਹੋ ਗਿਆ।
ਮੰਨਿਆ ਜਾਂਦਾ ਹੈ ਕਿ ਬੇਸ਼ੱਕ ਦਾਈ ਦੌਲਤਾਂ ਤੋਂ ਬਾਅਦ (ਗੁਰੂ) ਨਾਨਕ ਸਾਹਿਬ ਦੀ ਇਲਾਹੀ ਜਾਤ/ਪੈਗੰਬਰੀ ਦਿੱਖ ਦੀ ਪਹਿਲੀ ਰਾਜ਼ਦਾਨ ਉਨ੍ਹਾਂ ਦੀ ਵੱਡੀ ਭੈਣ ਬੇਬੇ ਨਾਨਕੀ ਸੀ ਪਰ ਆਪ ਜੀ ਦੀਆਂ ਪ੍ਰਤੱਖ ਇਲਾਹੀ ਨਿਸ਼ਾਨੀਆਂ ਦਾ ਪਹਿਲਾ ਗਵਾਹ ਅਤੇ ਫਿਰ ਮੁਰੀਦ ਤਲਵੰਡੀ ਦੀ ਭੋਇ ਦਾ ਉਸ ਸਮੇਂ ਦਾ ਸਾਈਂ ਰਾਇ ਬੁਲਾਰ ਭੱਟੀ ਹੀ ਸੀ।
( ਚਲਦਾ...)
-ਜਗਜੀਵਨ ਸਿੰਘ (ਡਾ.)
ਫੋਨ : 99143—01328
ਕੌਮਾਂਤਰੀ ਨਗਰ ਕੀਰਤਨ ਰੌੜਕਿਲ੍ਹਾ ਤੋਂ ਕੱਟਕ ਭੁਵਨੇਸ਼ਵਰ ਲਈ ਰਵਾਨਾ
NEXT STORY