ਅੱਬਾਸ ਧਾਲੀਵਾਲ ।
ਸੰਪਰਕ :9855259650
1bbasdhaliwal720gmail.com
ਦਿੱਲੀ ਦੀਆਂ ਬਰੂਹਾਂ ’ਤੇ ਲੱਗਾ ਕਿਸਾਨੀ ਧਰਨਾ ਅੱਜ ਭਾਰਤ ਹੀ ਨਹੀਂ ਪੂਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਵੇਂ ਜਿਵੇਂ ਇਹ ਅੰਦੋਲਨ ਲੰਬਾ ਹੁੰਦਾ ਜਾ ਰਿਹੈ, ਓਵੇਂ ਓਵੇਂ ਇਹ ਵਧੇਰੇ ਤੀਖਣ ਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਸ਼ਾਂਤੀਪੂਰਨ ਅੰਦੋਲਨ ਦੀ ਖੂਬਸੂਰਤੀ ਇਹ ਕਿ ਇਸ ਅੰਦੋਲਨ ਵਿੱਚ ਬੈਠੇ ਕਿਸਾਨਾਂ ਨਾਲ ਲੋਕੀ ਨਾ ਸਿਰਫ਼ ਹਮਦਰਦੀ ਪ੍ਰਗਟਾਉਂਦੇ ਹਨ ਸਗੋਂ ਬਹੁਤੇ ਤਾਂ ਇਨ੍ਹਾਂ ਧਰਨਿਆਂ ’ਚ ਸ਼ਾਮਲ ਹੋਣਾ ਲੋਚਦੇ ਹਨ। ਇਸੇ ਸੋਚ ਤਹਿਤ ਪਿਛਲੇ ਦਿਨੀਂ ਪੱਤਰਕਾਰੀ ਪੇਸ਼ੇ ਨਾਲ ਸੰਬੰਧਤ ਦੋ ਨਾਮੀ ਹਸਤੀਆਂ ਨੇ ਉਕਤ ਅੰਦੋਲਨ ’ਚ ਸ਼ਮੂਲੀਅਤ ਕੀਤੀ। ਇਨ੍ਹਾਂ ’ਚੋਂ ਇੱਕ ਹਨ ਨਾਮਵਰ ਫੋਟੋ ਜਰਨਲਿਸਟ ਰਘੂ ਰਾਇ ਅਤੇ ਦੂਜੇ ਪੰਜਾਬ ਦੇ ਇਕ ਪ੍ਰਸਿੱਧ ਅਖ਼ਬਾਰ ਦੇ ਸੰਪਾਦਕ ਚੰਦ ਫਤਿਹਪੁਰੀ ਹਨ। ਆਪਣੇ ਦੌਰੇ ਦੌਰਾਨ ਦੋਵਾਂ ਨੇ ਉਕਤ ਅੰਦੋਲਨ ਨੂੰ ਬੜੀ ਨੇੜਤਾ ਤੋਂ ਵਾਚਿਆ। ਇਸ ਤੋਂ ਬਾਅਦ ਜੋ ਵਿਚਾਰ ਉਨ੍ਹਾਂ ਨੇ ਅੰਦੋਲਨ ਦੇ ਸੰਦਰਭ ਵਿੱਚ ਜਾਹਿਰ ਕੀਤੇ ਹਨ, ਯਕੀਨਨ ਉਨ੍ਹਾਂ ’ਤੇ ਅੱਜ ਡਾਢਾ ਵਿਚਾਰ ਵਿਮਰਸ਼ ਕਰਨ ਦੀ ਲੋੜ ਹੈ।
ਖੇਤੀ ਕਾਨੂੰਨਾਂ ਪ੍ਰਤੀ ਕਿਸਾਨ ਪ੍ਰਦਰਸ਼ਨ ਨਾਲ ਪੈਦਾ ਹੋਈ ‘ਨਵੀਂ ਜਾਗਰਤੀ’
ਇਸ ਸੰਦਰਭ ਵਿੱਚ 78 ਸਾਲਾ ਰਘੂ ਰਾਇ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਧੇ ਰਿਸਕ ਦੇ ਬਾਵਜੂਦ ਤਿੰਨ ਖੇਤੀ ਕਾਨੂੰਨਾਂ ਪ੍ਰਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪ੍ਰਦਰਸ਼ਨ ਨਾਲ ਪੈਦਾ ਹੋਈ ‘ਨਵੀਂ ਜਾਗਰਤੀ’ ਨੂੰ ਮੈਂ ਆਪਣੇ ਕੈਮਰੇ ਵਿਚ ਕੈਦ ਕਰਨ ਤੋਂ ਰੋਕ ਨਹੀਂ ਪਾਇਆ। ਜ਼ਿਕਰਯੋਗ ਹੈ ਕਿ ਰਘੂ ਰਾਇ ਓਹੋ ਫੋਟੋ ਜਰਨਲਿਸਟ ਹਨ, ਜਿਨ੍ਹਾਂ ਨੇ 1971 ਦੀ ਜੰਗ, 1975 ਦੀ ਐਮਰਜੈਂਸੀ ਤੇ 1984 ਦੀ ਭੋਪਾਲ ਤ੍ਰਾਸਦੀ ਦੀਆਂ ਚਰਚਿਤ ਤਸਵੀਰਾਂ ਲਈਆਂ ਸਨ। ਉਕਤ ਤਮਾਮ ਹਾਲਾਤਾਂ ਨੂੰ ਵੇਖ ਕੇ ਰਾਇ ਨੇ ਕਿਹਾ ਕਿ ‘ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਬੇਹੁਰਮਤੀ ਦੇਖ ਕੇ ਬਹੁਤ ਦੁਖੀ ਹੋਏ ਹਨ। ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਉਥੇ ਕੀ ਹੋ ਰਿਹਾ ਹੈ। ਜਦੋਂ ਤੁਸੀਂ ਸਿਆਸੀ ਸੋਚ ਨਾਲ ਜਾਂਦੇ ਹੋ ਤਾਂ ਤੁਹਾਡੀਆਂ ਅੱਖਾਂ ਸੱਚ ਨਹੀਂ ਦੇਖ ਸਕਦੀਆਂ। ਸਰਕਾਰ ਕਿਸਾਨਾਂ ਨਾਲ ਈਮਾਨਦਾਰੀ ਨਾਲ ਪੇਸ਼ ਆਏ ਨਾ ਕਿ ਸਿਆਸਤਦਾਨ ਕਿਸਾਨਾਂ ਦੀ ਵਫਾਦਾਰੀ ਜਾਂ ਫੰਡਿੰਗ ਬਾਰੇ ਆਪਣੀਆਂ ਕਹਾਣੀਆਂ ਘੜਨ।’
ਦਿੱਲੀ ਬਾਰਡਰ ’ਤੇ ਪਿਕਨਿਕ ਮਨਾ ਰਹੇ ਹਨ ਕਿਸਾਨ- ਭਾਜਪਾ ਆਗੂ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁਝ ਕੇਂਦਰੀ ਮੰਤਰੀਆਂ ਨੇ ਕਿਸਾਨਾਂ ’ਤੇ ਮਾਓਵਾਦੀਆਂ ਅਤੇ ਕਈਆਂ ਨੇ ਟੁਕੜੇ-ਟੁਕੜੇ ਗੈਂਗ ਦੇ ਪ੍ਰਭਾਵ ਦੇ ਦੋਸ਼ ਲਾਏ ਸਨ। ਜਦੋਂਕਿ ਮੁੱਖ ਮੰਤਰੀ ਖੱਟੜ ਨੇ ਤਾਂ ਅੰਦੋਲਨਕਾਰੀਆਂ ਨੂੰ ਖ਼ਾਲਿਸਤਾਨੀ ਤੱਕ ਵੀ ਕਹਿ ਦਿੱਤਾ ਸੀ। ਕੁਝ ਭਾਜਪਾ ਆਗੂਆਂ ਦੇ ਇਹ ਵੀ ਬਿਆਨ ਆਏ ਸਨ ਕਿ ਕਿਸਾਨ ਤਾਂ ਦਿੱਲੀ ਬਾਰਡਰ ਤੇ ਪਿਕਨਿਕ ਮਨਾ ਰਹੇ ਹਨ। ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਅਕਸਰ ਇਹੋ ਕਹਿੰਦੇ ਸੁਣਾਈ ਦਿੰਦੇ ਹਨ ਕਿ ਅੰਦੋਲਨਕਾਰੀਆਂ ਨੂੰ ਵਿਰੋਧੀ ਪਾਰਟੀਆਂ ਚੁੱਕ ਰਹੀਆਂ ਹਨ। ਉਕਤ ਸਭ ਬਿਆਨਾਂ ਦੇ ਸੰਦਰਭ ਵਿੱਚ ਰਘੂ ਰਾਇ ਹੁਰਾਂ ਦਾ ਕਹਿਣਾ ਹੈ ਕਿ ‘ਸਰਕਾਰ ਕਿਸੇ ਨੂੰ ਕਿਸਾਨਾਂ ਨਾਲ ਸਿੱਧੀ ਗੱਲ ਕਰਨ ਲਈ ਘੱਲੇ ਅਤੇ ਵਿਰੋਧੀਆਂ ਸਿਰ ਦੋਸ਼ ਨਾ ਮੜ੍ਹੇ। ਵਿਰੋਧੀ ਪਾਰਟੀਆਂ ਕਿਸਾਨਾਂ ਦੀ ਹਮਾਇਤ ਕਿਉਂ ਨਾ ਕਰਨ? ਵਿਰੋਧੀ, ਅਖ਼ਬਾਰਾਂ ਤੇ ਰਸਾਲਿਆਂ ਦੀ ਜ਼ਿੰਮੇਦਾਰੀ ਹੈ ਕਿ ਉਹ ਈਮਾਨਦਾਰੀ ਨਾਲ ਰਿਪੋਰਟਿੰਗ ਕਰਨ। ਜੇ ਭਾਜਪਾ ਨੇ ਕੂੜ ਪ੍ਰਚਾਰ ਜਾਰੀ ਰੱਖਿਆ ਤਾਂ ਮਸਲਾ ਹੱਲ ਨਹੀਂ ਹੋਣਾ।
ਅੰਦੋਲਨ ਦੀ ਵਿਸ਼ਾਲਤਾ
ਅੰਦੋਲਨ ਦੀ ਵਿਸ਼ਾਲਤਾ ਬਿਆਨ ਕਰਦਿਆਂ ਰਾਇ ਆਖਦੇ ਹਨ ਕਿ ਇਹ ਅੰਦੋਲਨ ਗੰਨਾ ਕਿਸਾਨਾਂ ਦੀ ਮੰਦਹਾਲੀ ਨੂੰ ਲੈ ਕੇ 1988 ਵਿਚ ਮਹਿੰਦਰ ਸਿੰਘ ਟਿਕੈਤ ਦੇ ਦਿੱਲੀ ਦੇ ਬੋਟ ਕਲੱਬ ਲਾਗੇ ਛੇ ਦਿਨ ਦੇ ਧਰਨੇ ਅਤੇ 2011 ਵਿਚ ਕੁਰੱਪਸ਼ਨ ਵਿਰੁੱਧ ਅੰਦੋਲਨ ਨਾਲੋਂ ਕਿਤੇ ਵਸੀਹ ਹੈ। ਪਦਮਸ੍ਰੀ ਐਵਾਰਡੀ ਰਾਇ ਨੇ ਕਿਹਾ-ਮੈਂ ਸਮਝਦਾਂ ਕਿ 30 ਸਾਲ ਦੇ ਵਿਸ਼ਵੀਕਰਨ ਨਾਲ ਅਸੀਂ ਆਪਣੀ ਪਛਾਣ ਤੇ ਕਲਚਰ ਗੁਆ ਲਏ ਹਨ, ਕਿਉਂਕਿ ਸਾਡਾ ਰਹਿਣ-ਸਹਿਣ ਅਤੇ ਫੈਸ਼ਨ ਬਦਲ ਗਏ ਹਨ। ਅਸੀਂ ਜਿਹੋ ਜਿਹੇ ਲੋਕ ਹੁੰਦੇ ਸੀ, ਉਹੋ ਜਿਹੇ ਰਹੇ ਨਹੀਂ। ਸਾਡੀ ਪਛਾਣ ਤਬਾਹ ਹੋ ਗਈ ਪਰ ਇਨ੍ਹਾਂ ਪੋ੍ਰਟੈੱਸਟ ਵਾਲੀਆਂ ਥਾਂਵਾਂ 'ਤੇ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਹੈ ਕਿ ਕਿਸਾਨਾਂ ਨੇ ਸਾਡੇ ਪ੍ਰਾਚੀਨ ਕਲਚਰ, ਨਿੱਘ ਤੇ ਪ੍ਰਾਹੁਣਾਚਾਰੀ ਨੂੰ ਜਿਊਂਦਿਆਂ ਰੱਖਿਆ ਹੈ ਅਤੇ ਇਨ੍ਹਾਂ ਦੇ ਉਥੇ ਜਾਣ ਵਾਲੇ ਨੂੰ ਸਾਕਸ਼ਾਤ ਦਰਸ਼ਨ ਹੁੰਦੇ ਹਨ। ਹਾਂ, ਉਹ ਮੀਡੀਆ ਨੂੰ ਪਸੰਦ ਨਹੀਂ ਕਰਦੇ, ਕਿਉਂਕਿ ਉਸ ਨੇ ਉਨ੍ਹਾਂ ਬਾਰੇ ਸਰਕਾਰ ਨਾਲੋਂ ਵੀ ਵੱਧ ਗਲਤ ਬਿਆਨੀ ਕੀਤੀ ਹੈ।
ਦਿੱਲੀ ਦੇ ਬਾਰਡਰਾਂ 'ਤੇ ਜਸ਼ਨਾਂ ਨਾਲੋਂ ਵੱਡਾ ਮਾਹੌਲ
ਅੰਦੋਲਨਾਂ ਵਿਚਲੇ ਮਾਹੌਲ ਦੇ ਸੰਦਰਭ ਵਿੱਚ ਰਾਇ ਹੁਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਬਾਰਡਰਾਂ 'ਤੇ ਜਸ਼ਨਾਂ ਨਾਲੋਂ ਵੀ ਵੱਡਾ ਮਾਹੌਲ ਹੈ। ਲੰਗਰ ਚੱਲ ਰਹੇ ਹਨ, ਕੀਰਤਨ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ। ਇਹ ਸਿਰਫ਼ ਪ੍ਰੋਟੈੱਸਟ ਹੀ ਨਹੀਂ, ਉਥੇ ਉਨ੍ਹਾਂ ਦੇ ਕਲਚਰ ਤੇ ਧਾਰਮਿਕ ਪ੍ਰਕਿਰਤੀ ਦੇ ਦਰਸ਼ਨ ਹੁੰਦੇ ਹਨ। ਉਸ ਸ਼ਹਿਰ ਵਿਚ ਸਿੱਖਾਂ ਤੇ ਹੋਰਨਾਂ ਵਿਚਾਲੇ ਨਵੀਂ ਏਕਤਾ ਨਜ਼ਰ ਆ ਰਹੀ ਹੈ, ਜਿੱਥੇ 1984 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਭਿਆਨਕ ਕਤਲੇਆਮ ਹੋਇਆ। ਸਿੱਖ, ਮੁਸਲਮਾਨ ਤੇ ਜਾਟ (ਹਿੰਦੂ) ਮਿਲ ਕੇ ਪ੍ਰੋਟੈੱਸਟ ਕਰ ਰਹੇ ਹਨ। ਜਾਟ ਹੁੱਕੇ ਪੀ ਰਹੇ ਹਨ। ਮੈਂ ਕੋਵਿਡ ਦੇ ਵਕਤ 8 ਜਾਟਾਂ ਨੂੰ ਇਕ ਹੁੱਕਾ ਗੁੜਗੁੜਾਉਂਦੇ ਦੇਖਿਆ। ਸਿੱਖ ਨੇੜੇ ਹੀ ਬੈਠੇ ਸਨ। ਉਹ ਇਤਰਾਜ਼ ਨਹੀਂ ਕਰ ਰਹੇ ਸਨ, ਜਿਸ ਦਾ ਮਤਲਬ ਹੈ ਕਿ ਉਹ ਜਾਟਾਂ ਦੇ ਕਲਚਰ ਨੂੰ ਪ੍ਰਵਾਨ ਕਰ ਰਹੇ ਸਨ। (ਤੰਬਾਕੂ ਸਿੱਖਾਂ ਲਈ ਵਰਜਿਤ ਹੈ) ਮੈਂ ਆਪਣੀ ਜ਼ਿੰਦਗੀ ਵਿਚ ਏਨਾ ਲੰਮਾ ਤੇ ਸਾਦਾ ਦਿਹਾਤੀ ਪ੍ਰੋਟੈੱਸਟ ਨਹੀਂ ਦੇਖਿਆ। ਉਹ ਨੋਟਬੰਦੀ ਤੇ ਜੀ.ਐੱਸ.ਟੀ. ਦੀਆਂ ਗੱਲਾਂ ਕਰਦਿਆਂ ਕਹਿੰਦੇ ਹਨ ਕਿ ਇਨ੍ਹਾਂ ਖਿਲਾਫ਼ ਆਵਾਜ਼ ਨਾ ਉਠਾਉਣ ਦਾ ਉਨ੍ਹਾਂ ਨੂੰ ਮਲਾਲ ਹੈ। ਉਹ ਸਿਰਫ਼ ਆਪਣੀਆਂ ਜਿਨਸਾਂ ਦੇ ਘੱਟ ਭਾਵਾਂ ਦੀ ਹੀ ਗੱਲ ਨਹੀਂ ਕਰਦੇ। ਉਹ ਕਹਿੰਦੇ ਹਨ ਕਿ ਪਿਛਲੇ ਸਾਲਾਂ ਵਿਚ ਆਵਾ ਹੀ ਊਤ ਗਿਆ ਹੈ।
ਲੋਕਾਂ ਵਿਚ ਆ ਰਹੀ ਨਵੀਂ ਜਾਗਰਤੀ
ਆਪਣੀ ਗੱਲ ਨੂੰ ਵਿਰਾਮ ਦਿੰਦਿਆਂ ਰਾਇ ਆਖਦੇ ਹਨ ਕਿ ਮੈਂ ਕਿਸੇ ਲਈ ਤਸਵੀਰਾਂ ਨਹੀਂ ਖਿੱਚੀਆਂ ਪਰ ਮੈਂ ਲੋਕਾਂ ਵਿਚ ਆ ਰਹੀ ਨਵੀਂ ਜਾਗਰਤੀ ਨੂੰ ਦੇਖਣ ਤੋਂ ਕਿਵੇਂ ਖੁੰਝ ਸਕਦਾ ਸੀ, ਜੋ ਇਕ ਰਾਸ਼ਟਰ ਲਈ ਬਹੁਤ ਅਹਿਮ ਹੈ। ਮਹਾਂਮਾਰੀ ਦਰਮਿਆਨ ਮੇਰੇ ਭੀੜ ਵਿਚ ਜਾਣ ਤੋਂ ਮੇਰਾ ਪਰਵਾਰ ਔਖਾ ਹੋਇਆ, ਪਰ 55 ਸਾਲ ਤਸਵੀਰਾਂ ਖਿੱਚਣ ਤੋਂ ਬਾਅਦ ਮੇਰੇ ਲਈ ਇਹ ਦੇਖਣਾ ਤੇ ਸਮਝਣਾ ਲਾਜ਼ਮੀ ਸੀ ਕਿ ਉਥੇ ਹੋ ਕੀ ਰਿਹਾ ਹੈ।
ਫਾਸ਼ੀਵਾਦੀ ਹਕੂਮਤ ਦੇ ਨਫ਼ਰਤ ਦੀਆਂ ਦੀਵਾਰਾਂ
ਦੂਜੇ ਪਾਸੇ ਚੰਦ ਫਤਿਹਪੁਰੀ ਹੁਰਾਂ ਨੇ ਆਪਣੇ ਵਿਚਾਰ ਆਪਣੀ ਇਕ ਸੰਪਾਦਕੀ ਵਿੱਚ ਪ੍ਰਗਟਾਏ ਹਨ, ਉਹਨਾਂ ਦੇ ਵਿਚਾਰ ਵੀ ਪੜਨ ਤੇ ਵਿਚਾਰਨ ਯੋਗ ਹਨ। ਫਤਹਿਪੁਰੀ ਲਿਖਦੇ ਹਨ ਕਿ "ਸਾਰੇ ਕੈਂਪ ਵਿੱਚ ਤੁਰ-ਫਿਰ ਕੇ ਸਾਨੂੰ ਜੋ ਅਹਿਸਾਸ ਹੋਇਆ, ਉਹ ਇਹ ਸੀ ਕਿ ਭਾਵੇਂ ਹਾਲੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਲੜਾਈ ਜਾਰੀ ਹੈ ਪਰ ਸੰਘਰਸ਼ਸ਼ੀਲ ਜਨਤਾ ਕਈ ਮਹੱਤਵਪੂਰਨ ਲੜਾਈਆਂ ਜਿੱਤ ਚੁੱਕੀ ਹੈ। "ਅੱਗੇ ਲਿਖਦੇ ਹਨ ਕਿ "ਫਾਸ਼ੀਵਾਦੀ ਹਕੂਮਤ ਨੇ ਵੱਖ-ਵੱਖ ਫਿਰਕਿਆਂ ਵਿੱਚ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਸਨ, ਇਸ ਅੰਦੋਲਨ ਨੇ ਇੱਕੋ ਝਟਕੇ ਨਾਲ ਉਨ੍ਹਾਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੰਜਾਬ ਦੀ ਵੰਡ ਤੋਂ ਹੀ ਸਿਆਸਤਦਾਨਾਂ ਵੱਲੋਂ ਪੰਜਾਬੀਆਂ ਤੇ ਹਰਿਆਣਵੀਆਂ ਨੂੰ ਵੰਡਣ ਦੀਆਂ ਚੱਲੀਆਂ ਸਭ ਕੁਚਾਲਾਂ ਨੂੰ ਹਰਾ ਕੇ ਇਸ ਖਿੱਤੇ ਦੇ ਲੋਕਾਂ ਵਿੱਚ ਭਾਈਚਾਰੇ ਦਾ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਗਿਆ ਹੈ। ਉਤਰੀ ਭਾਰਤ ਦੀ ਹਿੰਦੀ ਬੈਲਟ, ਜੋ ਭਾਜਪਾ ਦੀ ਰੀੜ੍ਹ ਦੀ ਹੱਡੀ ਜਾਣੀ ਜਾਂਦੀ ਸੀ, ਅੱਜ ਫਾਸ਼ੀ ਹਾਕਮਾਂ ਦੇ ਸੁਫ਼ਨਿਆਂ ਦਾ ਸ਼ਮਸ਼ਾਨ ਬਣ ਚੁੱਕੀ ਹੈ। "
ਅੰਦੋਲਨ ਵਿੱਚ ਜੁਟੇ ਲੋਕਾਂ ਦੀ ਵਿਲੱਖਣ ਏਕਤਾ ਦਾ ਨਜ਼ਾਰਾ
ਅੰਦੋਲਨ ਵਿੱਚ ਜੁਟੇ ਲੋਕਾਂ ਦੀ ਵਿਲੱਖਣ ਏਕਤਾ ਦਾ ਨਜ਼ਾਰਾ ਪੇਸ਼ ਕਰਦਿਆਂ ਫਤਹਿਪੁਰੀ ਲਿਖਦੇ ਹਨ ਕਿ" ਕੇਸਰੀ, ਲਾਲ, ਹਰੇ ਤੇ ਚਿੱਟੇ ਝੰਡਿਆਂ ਨਾਲ ਸਜੀਆਂ ਟਰਾਲੀਆਂ ਨਾਲ-ਨਾਲ ਖੜ੍ਹੀਆਂ ਵਿਲੱਖਣ ਏਕਤਾ ਦਾ ਨਜ਼ਾਰਾ ਪੇਸ਼ ਕਰਦੀਆਂ ਹਨ। ਕੋਈ ਧਾਰਮਿਕ ਵਿਤਕਰਾ ਨਹੀਂ, ਕੋਈ ਜਾਤੀ ਵਖਰੇਵਾਂ ਨਹੀਂ, ਬਸ ਮਨੁੱਖੀ ਪਿਆਰ ਦਾ ਹੜ੍ਹ ਵਗਦਾ ਹੈ...ਲੰਗਰਾਂ ਦਾ ਪਾਰਾਵਾਰ ਨਹੀਂ, ਜੇ ਇੱਕ ਪਾਸੇ ਪੰਜਾਬੀ ਭਰਾ ਖੀਰ ਵਰਤਾ ਰਹੇ ਹਨ ਤਾਂ ਨਾਲ ਜੁੜਵਾਂ ਹਰਿਆਣਵੀ ਭਰਾਵਾਂ ਨੇ ਜਲੇਬੀਆਂ ਦਾ ਲੰਗਰ ਲਾਇਆ ਹੋਇਆ ਹੈ। ਇਸ ਮਹਾਂਯੱਗ ਵਿੱਚ ਹਿੱਸਾ ਪਾਉਣ ਤੋਂ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ।
ਅੰਦੋਲਨ ਚ' ਲੱਗੇ ਵੱਖਰੇ ਕਿਸਮ ਦੇ ਟੈਂਟਾਂ ਦਾ ਹਾਲ
ਅੰਦੋਲਨ ਚ' ਲੱਗੇ ਕੁੱਝ ਵੱਖਰੇ ਕਿਸਮ ਦੇ ਟੈਂਟਾਂ ਦਾ ਹਾਲ ਬਿਆਨ ਕਰਦਿਆਂ ਉਹ ਲਿਖਦੇ ਹਨ ਕਿ "ਇੱਕ ਛੋਟੇ ਟੈਂਟ ਵਿੱਚ ਇੱਕ ਮੇਜ਼ ਉੱਤੇ ਸਿਲਾਈ ਮਸ਼ੀਨ ਰੱਖੀ ਇੱਕ 'ਕੱਲੀ ਕੁੜੀ ਲੋਕਾਂ ਦੇ ਫਟੇ ਬਸਤਰਾਂ ਨੂੰ ਸੀਅ ਰਹੀ ਹੈ, ਬਾਹਰ ਬੋਰਡ ਲੱਗਾ ਹੈ, ਫਰੀ ਟੇਲਰ ਸੇਵਾ। ਥੋੜ੍ਹਾ ਅੱਗੇ ਕੁਝ ਨੌਜਵਾਨ ਫਰੀ ਮੋਬਾਇਲ ਚਾਰਜ ਦਾ ਬੋਰਡ ਲਾ ਕੇ ਡਟੇ ਹੋਏ ਹਨ। ਇੱਕ ਹੋਰ ਥਾਂ ਕੁਝ ਉਦਮੀ ਨੌਜਵਾਨ ਦੋ ਵਾਸ਼ਿੰਗ ਮਸ਼ੀਨਾਂ ਰੱਖ ਕੇ ਲੋਕਾਂ ਦੇ ਮੈਲੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਮੈਡੀਕਲ ਸੇਵਾਵਾਂ ਦੇ ਤਾਂ ਦਰਜਨਾਂ ਕੈਂਪ ਲੱਗ ਚੁੱਕੇ ਹਨ। ਇੱਕ ਥਾਂ ਮੈਡੀਕਲ ਜ਼ਰੂਰਤ ਲਈ ਲੈਬਾਰਟਰੀ ਟੈਸਟ ਲਈ ਮਸ਼ੀਨਾਂ ਵੀ ਲੱਗ ਗਈਆਂ ਹਨ। ਜਨਾਨੀਆਂ ਲਈ ਵੱਖਰੀਆਂ ਰਿਹਾਇਸ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਾਡੇ ਖੜਿ੍ਆਂ ਹੀ ਕੁੱਝ ਸੱਜਣ ਛੋਟੇ ਟੈਂਟਾਂ ਦਾ ਟਰੱਕ ਭਰ ਕੇ ਲੈ ਆਏ। ਜਦੋਂ ਅਸੀਂ ਦੂਜੇ ਗੇੜੇ ਵਿੱਚ ਗਏ ਤਾਂ ਨਾਲ ਲੱਗਦੇ ਕਾਰੋਬਾਰੀ ਅਹਾਤਿਆਂ ਦੇ ਵਿਹੜੇ ਇਨ੍ਹਾਂ ਟੈਂਟਾਂ ਨਾਲ ਭਰੇ ਹੋਏ ਸਨ। "
ਜੀਵਨ ਚ' ਵੇਖੇ ਅਣਗਿਣਤ ਘੋਲਾਂ ਦਾ ਜ਼ਿਕਰ
ਫਤਹਿਪੁਰੀ ਅੱਗੇ ਚੱਲ ਕੇ ਆਪਣੇ ਜੀਵਨ ਚ' ਵੇਖੇ ਅਣਗਿਣਤ ਘੋਲਾਂ ਦਾ ਜ਼ਿਕਰ ਕਰਦਿਆਂ ਦਿੱਲੀ ਵਾਲੇ ਇਸ ਅੰਦੋਲਨ ਨੂੰ ਭੂਤਕਾਲ ਦੇ ਸਾਰੇ ਸੰਘਰਸ਼ਾਂ ਤੋਂ ਨਿਖੇੜਦਿਆਂ ਹੋਇਆ ਕਹਿੰਦੇ ਹਨ ਕਿ "ਅਸੀਂ ਆਪਣੀ ਜ਼ਿੰਦਗੀ ਦੇ ਪਿਛਲੇ 50 ਸਾਲਾਂ ਦੌਰਾਨ ਅਣਗਿਣਤ ਅੰਦੋਲਨ ਦੇਖੇ ਤੇ ਉਨ੍ਹਾਂ ਦਾ ਹਿੱਸਾ ਵੀ ਰਹੇ, ਪਰ ਲੱਖਾਂ ਦੀ ਹਾਜ਼ਰੀ ਵਾਲਾ ਏਨਾ ਅਨੁਸ਼ਾਸਨਬੱਧ ਅੰਦੋਲਨ ਪਹਿਲੀ ਵਾਰ ਦੇਖਿਆ। ਸਾਰਾ ਦਿਨ ਨੇੜਲੇ ਕਾਰਖਾਨਿਆਂ ਵਿੱਚ ਕੰਮ ਕਰਦੀਆਂ ਹਜ਼ਾਰਾਂ ਲੜਕੀਆਂ ਇਸ ਮਿੰਨੀ ਭਾਰਤ ਵਿੱਚੋਂ ਗੁਜ਼ਰਦੀਆਂ ਹਨ। ਸਵਾਲ ਹੀ ਪੈਦਾ ਨਹੀਂ ਹੁੰਦਾ ਕੋਈ ਨੌਜਵਾਨ ਅੰਦੋਲਨਕਾਰੀ ਇਨ੍ਹਾਂ ਵੱਲ ਅੱਖ ਚੁੱਕ ਕੇ ਵੀ ਵੇਖੇ। ਲੰਗਰ ਵਿੱਚ ਤਾਂ ਵਿਤਕਰੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਚਾਹੇ ਕੋਈ ਅੰਦੋਲਨਕਾਰੀ ਹੈ ਵੀ ਨਹੀਂ, ਸਭ ਲਈ ਖੁੱਲ੍ਹਾ ਭੰਡਾਰਾ। "
ਕੁੱਲ ਮਿਲਾ ਕੇ ਇਸ ਉਕਤ ਅੰਦੋਲਨ ਨੇ ਜਿਸ ਤਰੀਕੇ ਨਾਲ ਲੋਕਾਂ ਚ' ਏਕਤਾ ਬਨਾਉਂਦਿਆਂ ਆਪਸੀ ਸਹਿਯੋਗ, ਪਿਆਰ ਤੇ ਮਿਲਵਰਤਣ ਦੀ ਭਾਵਨਾ ਨੂੰ ਉਭਾਰਿਆ ਹੈ ਉਸ ਦੀ ਇਤਿਹਾਸ ਦੇ ਪੰਨਿਆਂ ਚੋਂ ਉਦਾਹਰਣ ਦੇ ਪਾਉਣਾ ਮੁਸ਼ਕਿਲ ਹੈ। ਆਉਣ ਵਾਲੇ ਸਮੇਂ ਵਿੱਚ ਇਸ ਅੰਦੋਲਨ ਦੇ ਚਲਦਿਆਂ ਸਿਆਸਤ ਦੇ ਕੀ ਨਵੇਂ ਸਮੀਕਰਣ ਬਣਦੇ ਹਨ ਹੁਣ ਇਹ ਵੇਖਣਾ ਯਕੀਨਨ ਕਾਫ਼ੀ ਦਿਲਚਸਪ ਹੋਵੇਗਾ..!
ਕਿਸਾਨੀ ਅੰਦੋਲਨ ਦੀ ਕਹਾਣੀ, ਦੋ ਬੁੱਧੀਜੀਵੀਆਂ ਦੀ ਜ਼ੁਬਾਨੀ, ਦੇ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਦਿਓ ਜਵਾਬ
ਅਸਲ ’ਚ ਜ਼ਿੰਦਗੀ ਜਿਊਣਾ ਹੀ ਜ਼ਿੰਦਗੀ ਨਹੀਂ ਸਗੋਂ ਵਿਸ਼ਵਾਸ ਬਣਾਉਣਾ ਜ਼ਿੰਦਗੀ ਹੈ!
NEXT STORY