ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਖੇਤੀਬਾੜੀ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਸਾਹਮਣੇ ਗੋਡੇ ਟੇਕ ਕੇ ਬੇਸ਼ੱਕ ਕਈ ਕਿਸਾਨ ਜ਼ਮੀਨਾਂ ਵੇਚਣ ਅਤੇ ਖੁਦਕੁਸ਼ੀਆਂ ਕਰਨ ਵਰਗੇ ਰਸਤੇ ਅਖਤਿਆਰ ਕਰ ਰਹੇ ਹਨ। ਪਰ ਦੂਜੇ ਪਾਸੇ ਪੰਜਾਬ ਦੇ ਮਾਝੇ ਖੇਤਰ ਅੰਦਰ ਕਿਸਾਨ ਦੇ ਰੂਪ ਵਿਚ ਅਜਿਹਾ 'ਮਹਾਯੋਧਾ' ਵੀ ਖੇਤਾਂ ਰੂਪੀ 'ਰਣ-ਭੂਮੀ' ਵਿਚ ਜੂਝ ਰਿਹਾ ਹੈ, ਜਿਸ ਨੇ ਸਰੀਰਿਕ ਅਤੇ ਸਮਾਜਿਕ ਰੁਕਾਵਟਾਂ ਸਮੇਤ ਕਈ ਤਰਾਂ ਦੀਆਂ ਔਕੜਾਂ ਦੇ ਬਾਵਜੂਦ ਹਾਰ ਮੰਨਣ ਦੀ ਬਜਾਏ ਆਪਣੀ 'ਮਿਹਨਤ' ਅਤੇ 'ਸਫਲਤਾ' ਦੀ ਵਿਲੱਖਣ ਛਾਪ ਛੱਡੀ ਹੈ। ਗੁਰਬਿੰਦਰ ਸਿੰਘ ਬਾਜਵਾ ਨਾਂਅ ਦਾ ਇਹ ਕਿਸਾਨ ਜ਼ਿਲਾ ਗੁਰਦਾਸਪੁਰ ਦੇ ਪਿੰਡ ਸਾਰਚੂਰ ਦੇ ਹਰਬੰਸ ਸਿੰਘ ਦਾ ਸਪੁੱਤਰ ਹੈ, ਜਿਸਦੀ ਵਿਦਿਅਕ ਯੋਗਤਾ ਬੇਸ਼ੱਕ ਅੰਡਰ-ਗਰੈਜੂਏਟ ਹੈ। ਖੇਤੀਬਾੜੀ ਸਬੰਧੀ 'ਤਜ਼ਰਬਿਆਂ' ਅਤੇ 'ਮਿਹਨਤ' ਦੇ ਮਾਮਲੇ ਵਿਚ ਇਹ ਸਫਲ ਕਿਸਾਨ ਕਿਸੇ ਉਚ ਕੋਟੀ ਦੇ ਮਾਹਿਰ ਤੋਂ ਘੱਟ ਜਾਣਕਾਰੀ ਨਹੀਂ ਰੱਖਦਾ।
ਫੌਜ 'ਚ ਸੇਵਾ ਕਰਨ ਦੇ ਬਾਅਦ ਹੁਣ ਜਾਰੀ ਹੈ ਮਿੱਟੀ ਦੀ ਸੇਵਾ
ਗੁਰਬਿੰਦਰ ਸਿੰਘ ਬਾਜਵਾ ਨੇ 1990 ਤੋਂ 1998 ਦੌਰਾਨ ਫੌਜ ਦੀ ਸੇਵਾ ਕਰਨ ਦੇ ਬਾਅਦ ਕਰੀਬ ਪੰਜ ਸਾਲ ਰਵਾਇਤੀ ਢੰਗਾਂ ਨਾਲ ਖੇਤੀ ਕੀਤੀ। 2003 ਤੋਂ ਕੁਝ ਵਿਲੱਖਣ ਕਰਨ ਦੀ ਤਮੰਨਾ ਲੈ ਕੇ ਉਸ ਨੇ ਜੜੀਆਂ ਬੂਟੀਆਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਅਤੇ ਪਹਿਲੇ ਸਾਲ ਹੀ ਸਫੈਦ ਮੂਸਲੀ, ਸਟੀਵੀਆ, ਆਵਲਾ, ਐਲੋਵੇਰਾ ਸਮੇਤ ਅਜਿਹੀਆਂ ਕਈਆਂ ਹੋਰ ਫਸਲਾਂ ਦੀ ਕਾਸ਼ਤ ਕੀਤੀ। ਪਰ ਕਈ ਕੰਪਨੀਆਂ ਵੱਲੋਂ ਮਹਿੰਗਾ ਬੀਜ ਦੇਣ ਉਪਰੰਤ ਫਸਲ ਦੇ ਮੰਡੀਕਰਨ ਮੌਕੇ ਭੱਜ ਜਾਣ ਕਾਰਨ, ਜਦੋਂ ਬਾਜਵਾ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਤਾਂ ਵੀ ਉਸ ਨੇ ਹਾਰ ਮੰਨਣ ਦੀ ਬਜਾਏ ਯਤਨ ਜਾਰੀ ਰੱਖੇ ਅਤੇ ਪੰਜਾਬ ਦੇ ਇਲਾਵਾ ਹੈਦਰਾਬਾਦ, ਜੈਪੁਰ, ਭੋਪਾਲ, ਇੰਦੋਰ, ਦਿੱਲੀ ਸਹਿਤ ਕਈ ਥਾਵਾਂ 'ਤੇ ਪਹੁੰਚ ਕਰਕੇ ਉਕਤ ਫਸਲਾਂ ਨਾਲ ਸਬੰਧਿਤ ਫਸਲਾਂ ਦੀ ਕਾਸ਼ਤ ਤੇ ਮੰਡੀਕਰਨ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ।
ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'
ਪਿੰਡ ਅਤੇ ਜ਼ਿਲੇ ਤੋਂ ਬਾਹਰ ਰਹਿ ਕੇ ਕੀਤੇ ਨਵੇਂ ਤਜ਼ਰਬੇ
ਜੜੀਆਂ ਬੂਟੀਆਂ ਦੀ ਖੇਤੀ ਸਮੇਤ ਹੋਰ ਨਵੇਂ ਤਜਰਬੇ ਕਰਨ ਲਈ 2005 ਵਿਚ ਉਸ ਨੇ ਆਪਣਾ ਪਿੰਡ ਛੱਡ ਕੇ ਜਲੰਧਰ ਜ਼ਿਲੇ ਅੰਦਰ ਨੂਰਮਹਿਲ ਵਿਖੇ ਇਕ ਐੱਨ.ਆਰ.ਆਈ. ਦੀ ਜ਼ਮੀਨ ਵਿਚ ਤਜਰਬੇ ਸ਼ੁਰੂ ਕੀਤੇ। ਉਸ ਨੇ ਹਲਦੀ, ਮਿਰਚਾਂ, ਦਾਲਾਂ, ਗੋਭੀ, ਸਾਰੀਆਂ ਸਬਜੀਆਂ, ਜੜੀਆਂ ਬੂਟੀਆਂ, ਲੈਮਨ ਗਰਾਸ, ਜਾਮਾਰੋਜਾ, ਪਾਮਾਰੋਜਾ, ਸਟੀਵੀਆ, ਯੂਟਰੋਫਾ, ਅਸ਼ਵਗੰਦਾ, ਸਰਪਗੰਧਾ, ਸਟੀਵੀਆ ਆਦਿ ਦੀ ਕਾਸ਼ਤ ਕਰਨ ਦੀ ਸ਼ੁਰੂਆਤ ਕੀਤੀ। ਨਾਲ ਹੀ ਆਰਗੈਨਿਕ ਖੇਤੀ ਦੇ ਸਫਲ ਤਜ਼ਰਬੇ ਕਰਕੇ ਬਾਸਮਤੀ, ਅਨਾਜ ਤੇ ਹੋਰ ਸਮਾਨ ਦੀ ਸਫਲ ਕੁਦਰਤੀ ਖੇਤੀ ਕਰਕੇ ਕਿਸਾਨਾਂ ਨੂੰ ਨਵੀਂ ਸੇਧ ਦਿੱਤੀ। ਕਿਸਾਨਾਂ ਨੂੰ ਆਪਣੇ ਤਜ਼ਰਬਿਆਂ ਦੇ ਅਧਾਰ 'ਤੇ ਇਹ ਦੱਸਿਆ ਕਿ ਜੜੀ ਬੂਟੀਆਂ ਲਈ ਪੰਜਾਬ ਦਾ ਮੌਸਮ ਅਨੁਕੂਲ ਹੀ ਨਹੀਂ, ਜਿਸ ਤਹਿਤ ਇਹ ਫਸਲਾਂ ਤਿਆਰ ਤਾਂ ਹੋ ਜਾਂਦੀਆਂ ਹਨ ਪਰ ਇਨ੍ਹਾਂ ਵਿਚ ਲੋੜੀਂਦੇ ਤੱਤ ਤਿਆਰ ਨਹੀਂ ਹੁੰਦੇ।
ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’
ਕਈ ਸਾਲ ਪਹਿਲਾਂ ਹੀ ਅਪਣਾ ਲਈਆਂ ਸਨ ਨਵੀਆਂ ਤਕਨੀਕਾਂ
ਬਾਜਵਾ ਨੇ ਦੱਸਿਆ ਕਿ ਉਸ ਨੇ 2005 ਵਿਚ ਵੱਟਾਂ 'ਤੇ ਝੋਨਾ ਲਗਾਉਣ ਅਤੇ 2010 ਵਿਚ ਸਿੱਧੀ ਬਿਜਾਈ ਦਾ ਸਫਲ ਤਜ਼ਰਬਾ ਕਰਕੇ ਇਨ੍ਹਾਂ ਵਿਧੀਆਂ ਦੀ ਸ਼ੁਰੂਆਤ ਕੀਤੀ। ਉਸੇ ਫਾਰਮ ਵਿਚ ਨਿੰਮ, ਅਨਾਰ ਪਪੀਤਾ, ਤੁਲਸੀ, ਹਰਬਲ ਗਾਰਡਨ ਦੇ ਕਰੀਬ 150 ਪੌਦੇ ਲਗਾਏ। ਇਸੇ ਫਾਰਮ ਵਿਚ ਬਾਜਵਾ ਨੇ ਕਿਸਾਨਾਂ ਨੂੰ ਘਰੇਲੂ ਕਿਚਨ ਗਾਰਡਨ, ਵਰਮੀ ਕੰਪੋਸਟ, ਗੋਬਰ ਗੈਸ ਪਲਾਂਟ, ਪੈਕ ਹਾਊਸ ਪ੍ਰੋਜੈਕਟ ਲਗਾ ਕੇ ਦੱਸੇ। ਉਸ ਨੇ 2005 ਰੋਟਾਵੇਟਰ ਨਾਲ ਕਣਕ ਬੀਜਣ ਦਾ ਟਰਾਇਲ ਕੀਤਾ ਅਤੇ ਉਹ ਪਹਿਲਾ ਕਿਸਾਨ ਸੀ, ਜਿਸ ਨੇ ਰੋਟਾਵੇਟਰ ਨਾਲ ਕੱਦੂ ਕਰਨਾ ਸ਼ੁਰੂ ਕੀਤਾ ਅਤੇ ਹਰੀ ਖਾਦ ਸਿੱਧੀ ਕੱਦੂ ਵਿਚ ਵਾਹ ਦਾ ਸਫਲ ਤਜ਼ਰਬਾ ਕਰਕੇ ਵੀ ਦਿਖਾਇਆ।
ਕਈ ਸਲਾਹਕਾਰ ਕਮੇਟੀਆਂ 'ਚ ਕੀਤਾ ਕੰਮ
ਬਾਜਵਾ ਨੇ ਦਸਿਆ ਕਿ ਉਹ ਕੇਵੀਕੇ ਜਲੰਧਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਫਾਰਮਰ ਕਮੇਟੀ ਦੇ ਮੈਂਬਰ, ਪੀ.ਏ.ਯੂ. ਕਿਸਾਨ ਕਲੱਬ ਦੇ ਮੈਂਬਰ ਵਜੋਂ ਕੰਮ ਕਰ ਚੁੱਕਾ ਹੈ। ਉਹ ਕੇਵੀਕੇ ਗੁਰਦਾਸਪੁਰ ਦੀ ਸਟਰਾਅ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਹੈ। ਬਾਜਵਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਸਮੇਤ ਕਈ ਸਖਸ਼ੀਅਤਾਂ ਨਾਲ ਮਿਲ ਕੇ ਕਿਸਾਨਾਂ ਅਤੇ ਵਾਤਾਵਰਣ ਦੀ ਸੇਵਾ ਦਾ ਕੰਮ ਜਾਰੀ ਰੱਖਿਆ ਜਾ ਰਿਹਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ 2019 ਵਿਚ ਉਨਾਂ ਨੂੰ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਿਤ ਗਿਆ ਜਦੋਂਕਿ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਵੱਲੋਂ ਦਿੱਤੇ ਸਨਮਾਨ ਪੱਤਰ ਸਹਿਤ ਜ਼ਿਲਾ ਪੱਧਰ 'ਤੇ ਵੀ ਕਈ ਮਾਣ ਉਨ੍ਹਾਂ ਦੀ ਝੋਲੀ ਵਿਚ ਪੈ ਚੁੱਕੇ ਹਨ।
ਸੱਟ ਲੱਗਣ ਦੇ ਬਾਵਜੂਦ ਨਹੀਂ ਛੱਡਿਆ ਮਿਸ਼ਨ
ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਮਿਸ਼ਨ ਬਣਾ ਲਿਆ ਸੀ ਕਿ ਝੋਨੇ ਦੀ ਕਾਸ਼ਤ ਨਹੀਂ ਕਰਨੀ ਅਤੇ ਨਾ ਹੀ ਕਦੇ ਖੇਤਾਂ ਵਿਚ ਰਹਿੰਦ ਖੂੰਹਦ ਨੂੰ ਅੱਗ ਲਗਾਉਣੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਅਹਿਦ ਵੀ ਕੀਤਾ ਕਿ ਸ਼ੁਰੂਆਤੀ ਦੌਰ ਵਿਚ ਖੇਤੀਬਾੜੀ ਕਰਦਿਆਂ ਜਿਹੜੀਆਂ ਗਲਤੀਆਂ ਕਾਰਨ ਉਸ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਗਲਤੀਆਂ ਤੋਂ ਹੋਰ ਕਿਸਾਨਾਂ ਨੂੰ ਬਚਾਉਣਾ ਹੈ। ਪਰ 2012 ਦੌਰਾਨ ਉਸ ਦੌਰਾਨ ਨੂਰਮਹਿਲ ਵਿਖੇ ਟਰਾਲੀ 'ਤੋਂ ਬਿਜਲੀ ਦੇ ਖੰਬੇ ਉਤਾਰਨ ਮੌਕੇ ਉਨ੍ਹਾਂ ਦੀ ਡਿਸਕ ਹਿੱਲ ਗਈ ਅਤੇ ਤਕਲੀਫ ਵਧਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ। ਇਸ ਕਾਰਨ ਤਿੰਨ ਸਾਲ ਬਾਜਵਾ ਖੁਦ ਤਾਂ ਕੁਝ ਨਹੀਂ ਕਰ ਸਕੇ ਪਰ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਵੱਲੋਂ ਬਣਾਏ ਗਏ ਯੰਗ ਇਨੋਵੇਟਿਵ ਫਾਰਮਰਜ ਗਰੁੱਪ ਨਾਲ ਜੁੜ ਗਏ ਅਤੇ ਸੋਸ਼ਲ ਮੀਡੀਏ ਰਾਹੀਂ ਪਿਛਲੀ ਖੇਤੀ ਦੇ ਤਜ਼ਰਬੇ ਤੇ ਆਉਣ ਵਾਲੀਆਂ ਚੁਣੌਤੀਆਂ ਦੀ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ।
2015 ਤੋਂ ਮੁੜ ਸ਼ੁਰੂ ਕੀਤੀ ਸਰਗਰਮ ਭੂਮਿਕਾ
2015 ਵਿਚ ਸਿਹਤ ਠੀਕ ਹੋਣ 'ਤੇ ਮੁੜ ਬਾਜਵਾ ਨੇ ਅਗਾਂਹਵਧੂ ਕਿਸਾਨਾਂ ਨਾਲ ਰਾਬਤਾ ਵਧਾਉਂਦਿਆਂ ਨੌਜਵਾਨ ਪ੍ਰਗਤੀਸ਼ੀਲ ਕਿਸਾਨ ਉਤਪਾਦਕ ਸੰਗਠਨ (ਕਿਸਾਨ ਸੰਦ ਬੈਂਕ ਗੁਰਦਾਸਪੁਰ) ਨੂੰ ਸਫਲ ਬਣਾਉਣ ਲਈ ਦਿਨ ਰਾਤ ਕੰਮ ਕੀਤਾ। ਇਸੇ ਸੰਦ ਬੈਂਕ ਰਾਹੀਂ ਸਾਂਝੀ ਮਸ਼ੀਨਰੀ ਲੈ ਕੇ ਕਿਸਾਨਾਂ ਨੂੰ ਜਿਥੇ ਖੇਤੀ ਖਰਚੇ ਘੱਟ ਕਰਨ ਦੀ ਸੇਧ ਦਿੱਤੀ, ਉਥੇ ਬਗੈਰ ਅੱਗ ਲਗਾਏ ਕਣਕ ਤੇ ਸਬਜ਼ੀਆਂ ਬੀਜਣ ਦੇ ਸਫਲ ਤਜਰਬੇ ਕਰਕੇ ਦਿਖਾਏ। ਮਹਿੰਗੇ ਸੰਦਾ ਦੀ ਬਜਾਏ ਸਸਤੇ ਸੰਦਾਂ ਦੇ ਵਿਕਲਪ ਤੇ ਕੰਬੀਨੇਸ਼ਨ ਕਿਸਾਨਾਂ ਸਾਹਮਣੇ ਲਿਆਂਦੇ। ਉਸ ਮੌਕੇ ਤੋਂ ਹੀ ਅੱਜ ਤੱਕ ਇਹ ਗਰੁੱਪ ਸਫਲਤਾ ਪੂਰਵਕ ਚਲ ਰਿਹਾ ਹੈ। ਬਾਜਵਾ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੂੰ ਆਪਣਾ ਰੋਲ ਮਾਡਲ ਮੰਨ ਕੇ ਦਿਨ ਰਾਤ ਕਾਰਜਸ਼ੀਲ ਹਨ।
ਕੋਵਿਡ-19 ਦੇ ਦੌਰ 'ਚ ਕਿਸਾਨਾਂ ਨੂੰ ਦਿੱਤੀ ਨਵੀਂ ਸੇਧ
ਕੋਵਿਡ-19 ਦੌਰ 'ਚ ਜਦੋਂ ਝੋਨੇ ਦੀ ਲਵਾਈ ਲਈ ਲੇਬਰ ਦੀ ਘਾਟ ਕਾਰਨ ਬਾਜਵਾ ਨੇ ਪਿਛਲੇ 10 ਸਾਲਾਂ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਦੇ ਸਫਲ ਤਜ਼ਰਬਿਆਂ ਨੂੰ ਸੋਸ਼ਲ ਮੀਡੀਏ ਅਤੇ ਪ੍ਰਚਾਰ ਦੇ ਹੋਰ ਸਾਧਨਾਂ ਰਾਹੀਂ ਕਿਸਾਨਾਂ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਏਨਾ ਹੀ ਨਹੀਂ ਬਾਜਵਾ ਨੇ ਪੰਜਾਬ ਅੰਦਰ ਵੱਖ-ਵੱਖ ਥਾਈਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸਫਲ ਕਿਸਾਨਾਂ ਦੀ ਭਾਲ ਕਰਕੇ ਉਨ੍ਹਾਂ ਦੇ ਸਫਲ ਤਜ਼ਰਬੇ ਵੀ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਦਾ ਵੱਡਾ ਉਪਰਾਲਾ ਕੀਤਾ, ਜਿਸ ਦੀ ਬਦੌਲਤ ਅੱਜ ਕਈ ਕਿਸਾਨਾਂ ਨੇ ਵੀ ਉਤਸ਼ਾਹਿਤ ਹੋ ਕੇ ਸਿੱਧੀ ਬਿਜਾਈ ਕਰਨ ਪ੍ਰਤੀ ਰੁਝਾਨ ਦਿਖਾਇਆ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਇਨ੍ਹਾਂ ਲੋਕਾਂ ਤੋਂ ਵਾਪਸ ਲਏ ਜਾ ਸਕਦੇ ਹਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਪੈਸੇ
NEXT STORY