ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਪਿਛਲੇ ਕਈ ਸਾਲਾਂ ਤੋਂ ਰੁੱਖਾਂ ਦੀ ਘਟ ਰਹੀ ਗਿਣਤੀ ਕਾਰਨ ਵਾਤਾਵਰਣ 'ਤੇ ਪੈ ਰਹੇ ਮਾਰੂ ਅਸਰ ਨੂੰ ਰੋਕਣ ਲਈ ਜਿਥੇ ਛਾਂਦਾਰ ਬੂਟਿਆਂ ਸਣੇ ਹੋਰ ਰੁੱਖਾਂ ਦੀ ਲਵਾਈ ਬੇਹੱਦ ਜ਼ਰੂਰੀ ਹੈ, ਉਥੇ ਫਲਦਾਰ ਰੁੱਖ ਲਗਾ ਕੇ ਦੋਹਰਾ ਫਾਇਦਾ ਲਿਆ ਜਾ ਸਕਦਾ ਹੈ। ਖਾਸ ਤੌਰ ’ਤੇ ਹੁਣ ਬਰਸਾਤ ਦੇ ਮੌਸਮ ਵਿਚ ਫਲਦਾਰ ਬੂਟੇ ਲਗਾਉਣ ਦੀ ਸੁਚੱਜੀ ਵਿਉਂਤਬੰਦੀ ਕਰ ਕੇ ਕਿਸਾਨ ਜਿਥੇ ਕੁਦਰਤ ਦੀ ਸਾਂਭ ਸੰਭਾਲ ਵਿਚ ਆਪਣੀ ਕੀਮਤੀ ਯੋਗਦਾਨ ਪਾ ਸਕਦੇ ਹਨ, ਉਸ ਦੇ ਨਾਲ ਹੀ ਕੁਝ ਸਾਲਾਂ ਵਿਚ ਚੰਗੀ ਆਮਦਨ ਲੈਣ ਦਾ ਸਰੋਤ ਪੈਦਾ ਕਰ ਸਕਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਅੰਦਰ ਜੁਲਾਈ ਦੇ ਅਖੀਰ ਤੋਂ ਅਕਤੂਬਰ ਤੱਕ ਦਾ ਮੌਸਮ ਵੱਖ-ਵੱਖ ਫਲਦਾਰ ਬੂਟਿਆਂ ਲਈ ਕਾਫੀ ਢੁਕਵਾਂ ਹੈ। ਇਸ ਮੌਸਮ ਵਿਚ ਨਿੰਬੂ ਜਾਤੀ ਦੇ ਫਲ ਕਿੰਨੂ, ਮਾਲਟਾ, ਨਿੰਬੂ ਅਤੇ ਗਲਗਲ, ਅੰਬ, ਅਮਰੂਦ, ਬੇਰ, ਲੀਚੀ, ਲੁਕਾਠ ਅਤੇ ਪਪੀਤਾ ਆਦਿ ਦੇ ਬੂਟੇ ਲਗਾਏ ਜਾ ਸਕਦੇ ਹਨ।
ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼
ਨਿੰਬੂ ਜਾਤੀ ਦੇ ਫਲਦਾਰ ਬੂਟੇ ਲਗਾਉਣ ਲਈ ਸੁਝਾਅ
ਪੰਜਾਬ ਅੰਦਰ ਨਿੰਬੂ ਜਾਤੀ ਦੇ ਫਲਾਂ ਵਿਚੋਂ ਸਭ ਤੋਂ ਵਧ ਰਕਬਾ ਕਿੰਨੂੰ ਹੇਠ ਹੈ, ਜਿਸ ਤਹਿਤ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲਿਆਂ ਵਿਚ ਕਿਨੂੰ ਦੀ ਕਾਸ਼ਤ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਇਸੇ ਤਰਾਂ ਮਾਲਟੇ ਦੀ ਕਾਸ਼ਤ ਲਈ ਫਿਰੋਜਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲੇ ਪ੍ਰਸਿੱਧ ਹਨ। ਖੇਤੀ ਮਾਹਿਰਾਂ ਅਨੁਸਾਰ ਨਿੰਬੂ ਜਾਤੀ ਦੇ ਬੂਟਿਆਂ ਲਈ ਗਰਮ ਅਤੇ ਸਿੱਲਾ ਮੌਸਮ ਕਾਫੀ ਅਨੁਕੂਲ ਹੁੰਦਾ ਹੈ ਅਤੇ ਇਹ ਬੂਟੇ ਡੂੰਘੀਆਂ ਜ਼ਮੀਨਾਂ ਤੋਂ ਇਲਾਵਾ ਸਖਤ ਪੱਥਰ ਅਤੇ ਕੈਲਸ਼ੀਅਮ ਕਾਰਬੋਨੇਟ ਤੋਂ ਰਹਿਤ ਜ਼ਮੀਨਾਂ ਵਿਚ ਚੰਗੀ ਪੈਦਾਵਾਰ ਦਿੰਦੇ ਹਨ। ਨਿੰਬੂ ਜਾਤੀ ਦੇ ਨਵੇਂ ਲਗਾਏ ਗਏ ਬੂਟਿਆਂ ਨੂੰ 3-4 ਸਾਲਾਂ ਤੱਕ ਹਰ ਹਫਤੇ ਪਾਣੀ ਅਤੇ ਪੁਰਾਣੇ ਬੂਟਿਆਂ ਨੂੰ 2-3 ਹਫਤਿਆਂ ਮਗਰੋਂ ਮੌਸਮ ਤੇ ਮਿੱਟੀ ਦੀ ਕਿਸਮ ਨੂੰ ਧਿਆਨ ’ਚ ਰੱਖਦਿਆਂ ਪਾਣੀ ਦੇਣਾ ਚਾਹੀਦਾ ਹੈ।
ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ
ਅਮਰੂਦ ਦੇ ਬੂਟੇ ਲਗਾਉਣ ਲਈ ਢੁਕਵਾਂ ਹੈ ਮੌਸਮ
ਅਮਰੂਦ ਦੇ ਬੂਟੇ ਲਗਾਉਣ ਲਈ ਬਰਸਾਦ ਦਾ ਮੌਜੂਦਾ ਮੌਸਮ ਅਨੁਕੂਲ ਹੈ। ਮਾਹਿਰਾਂ ਅਨੁਸਾਰ ਅਮਰੂਦ ਹਲਕੀਆਂ, ਕਲਰਾਠੀਆਂ ਅਤੇ ਘੱਟ ਨਿਕਾਸ ਵਾਲੀਆਂ ਜ਼ਮੀਨਾਂ ਵਿਚ ਉਗਾਇਆ ਜਾ ਸਕਦਾ ਹੈ। ਪਰ ਚੰਗੇ ਨਿਕਾਸ ਵਾਲੀ ਭੁਰਭੁਰੀ, ਹਲਕੀ ਰੇਤਲੀ ਮੈਰਾ ਤੋਂ ਚੀਕਣੀ ਮੈਰਾ ਜ਼ਮੀਨ ਵਿਚ ਕਾਸ਼ਤ ਕਰ ਕੇ ਇਸ ਦੀ ਚੰਗੀ ਪੈਦਾਵਾਰ ਲਈ ਜਾ ਸਕਦੀ ਹੈ। ਬੀਜ ਤੋਂ ਤਿਆਰ ਕੀਤੇ ਗਏ ਅਮਰੂਦ ਦੇ ਬੂਟੇ ਅਗਸਤ-ਸਤੰਬਰ ਮਹੀਨਿਆਂ ਦੌਰਾਨ ਲਗਾਏ ਜਾ ਸਕਦੇ ਹਨ। ਅਮਰੂਦਾਂ ਦੇ ਨਵੇਂ ਬੂਟਿਆਂ ਨੂੰ ਗਰਮੀਆਂ ਵਿਚ ਇਕ ਹਫਤੇ ਮਗਰੋਂ ਅਤੇ ਸਰਦੀਆਂ ਵਿਚ ਹਫਤਿਆਂ ਮਗਰੋਂ ਪਾਣੀ ਦੀ ਜ਼ਰੂਰਤ ਪੈਂਦੀ ਹੈ। ਫਲ ਦੇਣ ਵਾਲੇ ਬੂਟਿਆਂ ਨੂੰ ਗਰਮੀਆਂ ਵਿਚ 2-3 ਹਫਤਿਆਂ ਪਿਛੋਂ ਅਤੇ ਸਰਦੀਆਂ ਵਿਚ ਇਕ ਮਹੀਨੇ ਦੇ ਵਕਫੇ ਨਾਲ ਪਾਣੀ ਦੇਣਾ ਚਾਹੀਦਾ ਹੈ। ਫੁੱਲ ਲੱਗਣ ਦੀ ਸਥਿਤੀ ’ਚ ਭਰਵੀਂ ਸਿੰਚਾਈ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਅਮਰੂਦ ਦੇ ਬਾਗ ਵਿਚ ਬੂਟਿਆਂ ਦਰਮਿਆਨ ਖਾਲੀ ਪਈ ਥਾਂ ਵਿਚ ਗੁਆਰਾ, ਲੋਬੀਆ, ਛੋਲੇ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅਤੇ ਪਹਿਲੇ 3-4 ਸਾਲਾਂ ਵਿਚ ਮੂਲੀ, ਗਾਜ਼ਰ, ਭਿੰਡੀ, ਬੈਂਗਣ ਆਦਿ ਬੀਜੇ ਜਾ ਸਕਦੇ ਹਨ।
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ
ਬਰਸਾਤ ਦੇ ਮੌਸਮ ’ਚ ਬੇਰ ਦੀ ਕਾਸ਼ਤ ਵੀ ਕਰ ਸਕਦੇ ਹਨ ਕਿਸਾਨ
ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਬੇਰ ਦੇ ਬੂਟੇ ਲਗਾਉਣ ਲਈ ਅਗਸਤ-ਸਤੰਬਰ ਦਾ ਸਮਾਂ ਢੁਕਵਾਂ ਹੈ। ਪੰਜਾਬ ਅੰਦਰ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਆਦਿ ਜ਼ਿਲਿਆਂ ਵਿਚ ਬੇਰ ਦੀ ਕਾਸ਼ਤ ਵੱਡੇ ਪੱਧਰ ’ਤੇ ਹੁੰਦੀ ਹੈ। ਬੇਰ ਤੋਂ ਚੰਗੀ ਪੈਦਾਵਾਰ ਲੈਣ ਲਈ ਗਰਮ ਤੇ ਖੁਸ਼ਕ ਮੌਸਮ ਹੋਣਾ ਚਾਹੀਦਾ ਹੈ, ਜਿਸ ਨੂੰ ਫਲ ਪੈਣ ਦੀ ਅਵਸਥਾ ਵਿਚ ਪਾਣੀ ਦੀ ਲੋੜ ਹੁੰਦੀ ਹੈ। ਚੰਗੇ ਪਾਣੀ ਨਿਕਾਸ ਵਾਲੀ ਹਲਕੀ ਕਲਰਾਠੀ ਡੂੰਘੀ ਰੇਤਲੀ ਮੈਰਾ ਜ਼ਮੀਨ ਬੇਰ ਦੀ ਚੰਗੀ ਪੈਦਾਵਾਰ ਲਈ ਢੁਕਵੀਂ ਹੁੰਦੀ ਹੈ। ਅਗਸਤ ਸਤੰਬਰ ਜਾਂ ਫਰਵਰੀ-ਮਾਰਚ ਦੌਰਾਨ ਬੇਰ ਦੇ ਬੂਟੇ ਨਰਸਰੀ ਵਿਚੋਂ ਪੁੱਟ ਕੇ ਲਗਾਏ ਜਾ ਸਕਦੇ ਹਨ। ਫਲ ਦੇ ਵਾਧੇ ਵੇਲੇ ਬੂਟੇ ਨੂੰ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ। ਅਗਸਤ ਦੇ ਪਹਿਲੇ ਪੰਦਰਵਾੜੇ ਦੌਰਾਨ ਨਦੀਨਨਾਸ਼ਕਾਂ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ। ਵਾਧੂ ਆਮਦਨ ਲੈਣ ਲਈ ਬੇਰ ਦੇ ਬੂਟਿਆਂ ਦਰਮਿਆਨ ਖਾਲੀ ਪਈ ਥਾਂ ਵਿਚ ਕਿਸਾਨ ਲਵਾਈ ਦੇ ਪਹਿਲੇ ਤਿੰਨ-ਚਾਰ ਸਾਲ ਛੋਲੇ, ਮੂੰਗੀ ਅਤੇ ਮਾਂਹ ਆਦਿ ਫਸਲਾਂ ਦੀ ਕਾਸ਼ਤ ਕਰ ਸਕਦੇ ਹਨ।
ਕੋਰੋਨਾ ਆਫ਼ਤ ਕਾਰਨ ਇਸ ਦੇਸ਼ ਦੇ ਪਾਰਕ ਬਣੇ ਨਵੇਂ 'ਨਾਈਟ ਕਲੱਬ'
ਪੰਜਾਬ ਵਿੱਚ ਇੱਕ ਸਾਲ ਦੌਰਾਨ 300 ਦਿਨਾਂ ਤੋਂ ਵੱਧ ਧੁੱਪ ਹੈ ਸੂਰਜੀ ਊਰਜਾ ਦਾ ਵਿਸ਼ਾਲ ਸੋਮਾ
ਅੰਬ ਦੇ ਬੂਟੇ ਲਾਉਣ ਲਈ ਵੀ ਅਨੁਕੂਲ ਹੈ ਮੌਜੂਦਾ ਮੌਸਮ
ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦਾ ਸਮਾਂ ਅੰਬ ਦੇ ਬੂਟੇ ਲਗਾਉਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਅੰਬ ਦੇ ਛੋਟੇ ਬੂਟਿਆਂ ਦੀਆਂ ਜੜ੍ਹਾਂ ਦੀ ਡੂੰਘਾਈ ਘੱਟ ਹੋਣ ਕਾਰਣ ਖੁਸ਼ਕ ਤੇ ਗਰਮ ਮੌਸਮ ਵਿਚ ਬੂਟਿਆਂ ਨੂੰ ਜ਼ਿਆਦਾ ਪਾਣੀ ਦੇਣਾ ਚਾਹੀਦਾ ਹੈ। ਅਕਤੂਬਰ ਤੋਂ ਦਸੰਬਰ ਤੱਕ 2-3 ਮਹੀਨੇ ਅੰਬ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਪੈਂਦੀ। ਮਾਹਰਾਂ ਅਨੁਸਾਰ ਅੰਬ ਦੇ ਬੂਟੇ ਜਿੰਨੀ ਦੇਰ ਫਲ ਦੇਣਾ ਸ਼ੁਰੂ ਨਹੀਂ ਕਰਦੇ ਉਨੀ ਦੇਰ ਪਪੀਤਾ, ਆੜੂ ਅਤੇ ਅਲੂਚੇ ਦੇ ਬੂਟੇ ਵੀ ਇਨ੍ਹਾਂ ਵਿਚ ਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਗੰਢੇ, ਟਮਾਟਰ, ਮੂਲੀ, ਗੋਭੀ, ਬੰਦਗੋਭੀ, ਪੱਤਿਆਂ ਵਾਲੀਆਂ ਸਬਜ਼ੀਆਂ, ਮੂੰਗੀ, ਮਾਂਹ, ਛੋਲੇ ਤੇ ਮਸਰ ਆਦਿ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।
ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ
ਲੀਚੀ ਦੀ ਕਾਸ਼ਤ ਲਈ ਢੁਕਵੇਂ ਹਨ ਬਰਸਾਤ ਦੇ ਅਖੀਰਲੇ ਦਿਨ
ਬਰਸਾਤ ਦੇ ਅਖੀਰਲੇ ਦਿਨ ਲੀਚੀ ਦੇ ਬੂਟੇ ਲਗਾਉਣ ਲਈ ਕਾਫੀ ਢੁਕਵੇਂ ਹਨ। ਇਨ੍ਹਾਂ ਦਿਨਾਂ ਦੌਰਾਨ ਤਾਪਮਾਨ ਘੱਟ ਹੁੰਦਾ ਹੈ ਅਤੇ ਸਿੱਲ ਵੀ ਕਾਫੀ ਹੁੰਦੀ ਹੈ। ਇਸੇ ਤਰ੍ਹਾਂ ਅਗਸਤ ਸਤੰਬਰ ਮਹੀਨਿਆਂ ਦੌਰਾਨ ਲੁਕਾਠ ਦੇ ਬੂਟੇ ਵੀ ਲਗਾਏ ਜਾ ਸਕਦੇ ਹਨ।
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’
ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ
NEXT STORY