ਅੰਮ੍ਰਿਤਸਰ (ਭੱਟੀ) - ਦਿੱਲੀ ਹਾਈ ਕੋਰਟ ਵੱਲੋਂ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ’ਤੇ ਪਿੰਡ ਤੇਡ਼ਾ ਕਲਾਂ ਦੇ ਪੀਡ਼ਤ ਪਰਿਵਾਰ ਨੇ ਅਦਾਲਤ ਦੇ ਫੈਸਲੇ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀਡ਼ਤ ਪਰਿਵਾਰ ਦੀ ਮੁਖੀ ਬੀਬੀ ਸ਼ਾਂਤੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਪਤੀ ਜਸਵੰਤ ਸਿੰਘ ਤੇ ਨੌਜਵਾਨ ਪੁੱਤ ਕੁਲਦੀਪ ਸਿੰਘ ਮੰਗਾ ਦੀ ਮੌਤ ਹੋਈ ਸੀ, ਜਦ ਕਿ ਮੇਰੇ 2 ਪੁੱਤਰ ਉਥੋਂ ਭੱਜ ਕੇ ਕੈਂਪ ’ਚ ਲੁੱਕ ਗਏ ਸਨ, ਜਿਨ੍ਹਾਂ ਦੀ ਜਾਨ ਬਚ ਗਈ, ਜਿਨ੍ਹਾਂ ਦਾ ਸਾਨੂੰ 2 ਮਹੀਨਿਆਂ ਬਾਅਦ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਲਵਲੀ ਰੋਡ ’ਤੇ ਸਾਡਾ ਪੰਜਾਬੀ ਢਾਬਾ ਸੀ, ਜਿਸ ’ਤੇ ਮੇਰਾ ਪਤੀ, 3 ਲਡ਼ਕੇ ਕਾਲਾ, ਮੰਗਾ ਤੇ ਬਿੱਟੂ ਤੋਂ ਇਲਾਵਾ 17 ਹੋਰ ਲੋਕ ਕੰਮ ਕਰਦੇ ਸਨ। ਉਹ ਸਵੇਰੇ ਢਾਬੇ ’ਤੇ ਕੰਮ ਲਈ ਘਰੋਂ ਗਏ ਕਿ ਅਚਾਨਕ ਇੰਦਰਾ ਗਾਂਧੀ ਦੇ ਮਰਨ ’ਤੇ ਦੰਗੇ ਭਡ਼ਕ ਗਏ, ਇਸ ਦੌਰਾਨ ਭਡ਼ਕੀ ਭੀਡ਼ ਪੰਜਾਬੀਆਂ ਤੇ ਖਾਸ ਕਰ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਈ। ਇਸੇ ਦੌਰਾਨ ਮੇਰੇ ਪਤੀ ਨੇ ਮੁੰਡਿਆਂ ਨੂੰ ਨਾਲ ਲੈ ਕੇ ਨਾਲ ਲੱਗਦੇ ਇਕ ਕਮਰੇ ’ਚ ਪਨਾਹ ਲੈ ਲਈ ਪਰ ਉਥੇ ਭਾਰੀ ਭੀਡ਼ ਜਿਸ ਦੇ ਹੱਥਾਂ ਵਿਚ ਲੋਹੇ ਦੇ ਰਾਡ, ਹਾਕੀਆਂ, ਬੇਸਬਾਲ ਤੇ ਹੋਰ ਮਾਰੂ ਹਥਿਆਰਾਂ ਤੋਂ ਇਲਾਵਾ ਪੈਟਰੋਲ ਦੀਆਂ ਕੇਨੀਆਂ ਸਨ, ਨੇ ਉਸ ਕਮਰੇ ’ਤੇ ਧਾਵਾ ਬੋਲ ਦਿੱਤਾ, ਇਸ ਦੌਰਾਨ ਉਨ੍ਹਾਂ ਦੇ ਪਤੀ ਤੇ ਹੋਰਨਾਂ ਨੇ ਕਮਰੇ ਦੀ ਪਿਛਲੀ ਸਾਈਡ਼ਕੀ ਪੁੱਟੀ ਤੇ ਉਥੋਂ ਭੱਜ ਗਏ ਪਰ ਅੱਗੇ ਰਸਤੇ ’ਚ ਜਿਥੇ ਕਿ ਪਹਿਲਾਂ ਹੀ ਕਾਫੀ ਭੀਡ਼ ਖਡ਼੍ਹੀ ਸੀ, ਦੇ ਕਾਬੂ ਆ ਗਏ। ਪਹਿਲਾਂ ਤਾਂ ਉਨ੍ਹਾਂ ਨੇ ਸਿਰਾਂ ’ਚ ਲੋਹੇ ਦੇ ਰਾਡ ਮਾਰ ਕੇ ਉਨ੍ਹਾਂ ਨੂੰ ਥੱਲੇ ਸੁੱਟ ਲਿਆ ਤੇ ਫਿਰ ਉਨ੍ਹਾਂ ਦੇ ਗਲਾਂ ’ਚ ਟਾਇਰ ਪਾ ਕੇ ਉਪਰ ਪੈਟਰੋਲ ਛਿਡ਼ਕ ਕੇ ਉਨ੍ਹਾਂ ਨੂੰ ਅੱਗ ਲਾ ਦਿੱਤੀ ਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਮੇਰੇ 2 ਪੁੱਤ ਜੋ ਕਿ ਸਿਰੋਂ ਮੋਨੇ ਸਨ, ਨੇ ਭੱਜ ਕੇ ਆਪਣੀ ਜਾਨ ਬਚਾਈ, ਜਿਨ੍ਹਾਂ ’ਚੋਂ ਮੁੰਡੇ ਦਾ ਉਸ ਹਾਦਸੇ ਨੂੰ ਅੱਖੀਂ ਦੇਖਣ ਨਾਲ ਦਿਮਾਗੀ ਸੰਤੁਲਨ ਵਿਗਡ਼ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਨਸਾਫ ਲੈਣ ਲਈ ਬਡ਼ੇ ਧੱਕੇ ਖਾਣੇ ਪਏ, ਜਦ ਕਿ ਇਸ ਕਾਂਡ ਦੌਰਾਨ ਉਨ੍ਹਾਂ ਦੀ ਲੱਖਾਂ ਰੁਪਇਆਂ ਦੀ ਜਾਇਦਾਦ ਵੀ ਖੁਰਦ-ਬੁਰਦ ਹੋ ਗਈ। ਉਨ੍ਹਾਂ ਦੱਸਿਆ ਕਿ ਮੇਰੇ ਇਕ ਮੁੰਡੇ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀ ਮਿਲੀ ਹੈ ਪਰ ਸਾਡੀ ਹੋਰ ਕਿਸੇ ਨੇ ਵੀ ਬਾਂਹ ਨਹੀਂ ਫਡ਼ੀ ਤੇ ਸਾਡਾ ਪਰਿਵਾਰ ਅੱਜ ਰੋਜ਼ੀ-ਰੋਟੀ ਤੋਂ ਵੀ ਮੁਥਾਜ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਉਣ ਨਾਲ ਜਿਥੇ ਪੀਡ਼ਤ ਲੋਕਾਂ ਦੇ ਜ਼ਖਮਾਂ ’ਤੇ ਮੱਲ੍ਹਮ ਲੱਗੀ ਹੈ, ਉਥੇ ਹੀ ਲੋਕਾਂ ਦਾ ਕਾਨੂੰਨ ’ਚ ਵਿਸ਼ਵਾਸ ਵਧਿਆ ਹੈ, ਜਿਸ ਨਾਲ ਵੱਡੇ ਤੋਂ ਵੱਡਾ ਬੰਦਾ ਵੀ ਜੁਰਮ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਸੋਚੇਗਾ। 34 ਸਾਲ ਹੋ ਗਏ ਹਨ ਸਾਨੂੰ ਆਪਣਿਆਂ ਨੂੰ ਯਾਦ ਕਰ ਕੇ ਰੋਦਿਆਂ ਨੂੰ, ਹੁਣ ਤਾਂ ਮੇਰੀਆਂ ਅੱਖਾਂ ’ਚੋਂ ਹੰਝੂ ਵੀ ਸੁੱਕ ਗਏ ਹਨ। ਹਉਕਾ ਭਰਦਿਆਂ ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸੱਜਣ ਕੁਮਾਰ ਨੂੰ ਫਾਂਸੀ ਹੁੰਦੀ ਪਰ ਚਲੋ ਫਿਰ ਵੀ ਅਦਾਲਤ ਨੇ ਜੋ ਫੈਸਲਾ ਦਿੱਤਾ ਹੈ, ਉਸ ਨਾਲ ਉਨ੍ਹਾਂ ਨੂੰ ਤਸੱਲੀ ਹੈ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਡੇ ਪਰਿਵਾਰ ਦੇ ਮੁਡ਼ ਵਸੇਬੇ ਤੇ ਰੋਜ਼ੀ-ਰੋਟੀ ਲਈ ਕੋਈ ਠੋਸ ਉਪਰਾਲਾ ਕੀਤਾ ਜਾਵੇ।
ਚੁੱਲ੍ਹਾ ਟੈਕਸ ਨੇ ਕਢਵਾਇਆ ਉਮੀਦਵਾਰਾਂ ਦੇ ਕੰਨਾਂ ਰਾਹੀਂ ‘ਧੂੰਆਂ’
NEXT STORY