ਅੰਮ੍ਰਿਤਸਰ (ਫਰਿਆਦ) - ਟੁੱਟੀਆਂ ਸਡ਼ਕਾਂ ’ਤੇ ਪਏ ਟੋਇਆਂ ’ਚ ਪਾਈ ਮਿੱਟੀ ਨੇ ਅੰਮ੍ਰਿਤਸਰ ਤੇ ਰਮਦਾਸ ਨੂੰ ਵਾਇਆ ਅਜਨਾਲਾ ਰਾਹੀਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਜਿਥੇ ਪ੍ਰੇਸ਼ਾਨ ਕੀਤਾ ਹੋਇਆ ਹੈ, ਉਥੇ ਦੁਰਘਟਨਾਵਾਂ ਦਾ ਸਬੱਬ ਵੀ ਬਣਿਆ ਹੋਇਆ ਹੈ, ਜਦੋਂ ਕਿ ਸਬੰਧਤ ਵਿਭਾਗ ਨੇ ਸਿਰਫ ਡੂੰਘੇ ਟੋਇਆਂ ’ਚ ਮਿੱਟੀ ਤੇ ਬੱਜਰੀ ਪਾ ਕੇ ਬੁੱਤਾ ਸਾਰ ਲਏ ਜਾਣ ਨੂੰ ਆਪਣਾ ਮੁੱਢਲਾ ਫਰਜ਼ ਮੰਨ ਲਿਆ ਹੈ। ਲੋਕਾਂ ਦੀ ਇਸ ਸਮੱਸਿਆ ਪ੍ਰਤੀ ਆਵਾਜ਼ ਬੁਲੰਦ ਕਰਦਿਅਾਂ ਸਮਾਜ ਸੇਵਕ ਪ੍ਰਦੂਮਣ ਸਿੰਘ ਭੱਖਾ, ਗੁਰਵਿੰਦਰ ਸਿੰਘ, ਹਰਬਿੰਦਰ ਸਿੰਘ, ਬੱਬੂ, ਗੁਰਵੰਤ ਸਿੰਘ ਤੇ ਸਾਬੀ ਨੇ ਜਗ ਬਾਣੀ ਨੂੰ ਦੱਸਿਆ ਕਿ ਅੰਮ੍ਰਿਤਸਰ ਤੋਂ ਰਾਜਾਸਾਂਸੀ ਏਅਰਪੋਰਟ ਤੱਕ ਸਡ਼ਕਾਂ ਵਨ-ਵੇ ਹਨ, ਜਦੋਂ ਕਿ ਰਾਜਾਸਾਂਸੀ ਏਅਰਪੋਰਟ ਤੋਂ ਵਾਇਆ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ ਤੱਕ ਜਾਂਦੇ ਮੁੱਖ ਸਡ਼ਕੀ ਰਸਤੇ ’ਤੇ ਕਰੀਬ ਇਕ ਦਹਾਕੇ ਤੋਂ ਸਡ਼ਕਾਂ ਦੀ ਕਿਤਿਓਂ ਵੀ ਮੁਡ਼ ਮੁਰੰਮਤ ਨਹੀਂ ਹੋਈ, ਜਿਸ ਕਾਰਨ ਥਾਂ-ਥਾਂ ਸਡ਼ਕਾਂ ’ਚ ਡੂੰਘੇ ਟੋਏ ਪਏ ਹੋਏ ਹਨ ਪਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਰਹੱਦੀ ਤਹਿਸੀਲ ਅਜਨਾਲਾ ਨੂੰ ਆਉਣ-ਜਾਣ ਵਾਲੇ ਰਾਹਗੀਰਾਂ ਲਈ ਭਾਰੀ ਸਮੱਸਿਆ ਪੈਦਾ ਕਰਦਿਆਂ ਸਡ਼ਕ ਦੀ ਮੁਡ਼ ਮੁਰੰਮਤ ਕਰਨ ਦੀ ਬਜਾਏ ਮਿੱਟੀ ਤੇ ਬੱਜਰੀ ਡੂੰਘੇ ਟੋਇਆਂ ’ਚ ਪਾ ਦੇਣ ਕਾਰਨ ਤੇਜ਼ ਰਫਤਾਰ ਵਾਹਨਾਂ ਨਾਲ ਮਿੱਟੀ ਦੀ ਸੰਘਣੀ ਧੂਡ਼ ਸਡ਼ਕ ’ਤੇ ਫੈਲ ਕੇ ਰਾਹਗੀਰਾਂ ਦੇ ਐਕਸੀਡੈਂਟ ਹੋਣ ਦਾ ਸਬੱਬ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ’ਚ ਪੈਂਦੀਆਂ ਸੰਘਣੀਆਂ ਧੁ ਸਡ਼ਕਾਂ ’ਤੇ ਚਿੱਟੀਆਂ ਪੱਟੀਆਂ ਵੀ ਨਹੀਂ ਲੱਗੀਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਵਾਇਆ ਅਜਨਾਲਾ ਤੇ ਡੇਰਾ ਬਾਬਾ ਨਾਨਕ ਤੱਕ ਜਾਣ ਵਾਲੇ ਸਡ਼ਕੀ ਰਸਤੇ ਨੂੰ ਛੇਤੀ ਤੋਂ ਛੇਤੀ ਵਨ-ਵੇ ਬਣਾਉਣ ਤੋਂ ਇਲਾਵਾ ਸੰਘਣੀਆਂ ਧੁੰਦਾਂ ਪੈਣ ਤੋਂ ਪਹਿਲਾਂ ਸਡ਼ਕਾਂ ’ਤੇ ਚਿੱਟੀਆਂ ਪੱਟੀਆਂ ਲਾ ਕੇ ਤੰਗ ਪੁਲਾਂ ਨੂੰ ਚੌਡ਼ਾ ਕਰਨ ਤੋਂ ਇਲਾਵਾ ਰਿਫਲੈਕਟਰ ਲਾਏ ਜਾਣ। ਉਧਰ ਜਦੋਂ ਇਸ ਸਬੰਧੀ ਐੱਸ. ਡੀ. ਓ. (ਸਡ਼ਕੀ ਵਿਭਾਗ) ਕਸ਼ਮੀਰ ਸਿੰਘ ਨੂੰ ਫੋਨ ’ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਉਕਤ ਇਸ ਸਬੰਧੀ ਪ੍ਰਪੋਜ਼ਲ ਬਣਾ ਕੇ ਭੇਜ ਦਿੱਤਾ ਗਿਆ ਹੈ ਤੇ ਛੇਤੀ ਹੀ ਭਾਰਤ ਮਾਲਾ ਸਕੀਮ ਅਧੀਨ ਰਾਜਾਸਾਂਸੀ ਏਅਰਪੋਰਟ ਰੋਡ ਵਾਂਗ ਚਾਰ ਮਾਰਗੀ ਸਡ਼ਕਾਂ ਬਣਾਈਆਂ ਜਾ ਰਹੀਆਂ ਹਨ।
ਕਾਮਰੇਡ ਲਾਲੀ ਨੇ ਨਰੇਗਾ ਸਕੀਮ ਹੇਠ ਚੱਲ ਰਹੇ ਵਿਕਾਸ ਕੰਮਾਂ ਦਾ ਲਿਆ ਜਾਇਜ਼ਾ
NEXT STORY