ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਕੋਲੋਂ ਅਨੁਸ਼ਾਸਿਤ ਅਤੇ ਕਰਤੱਵ ਨੂੰ ਪ੍ਰਣਾਏ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕਈ ਪੁਲਸ ਮੁਲਾਜ਼ਮ ਨਾਰੀ ਜਾਤੀ ਦੀ ਸ਼ਾਨ ਨੂੰ ਤਾਰ-ਤਾਰ ਕਰ ਕੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਸ ਦੀਆਂ ਸਿਰਫ ਸਾਢੇ 3 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :
* 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਰਾਤ ਨੂੰ ਬਸਵਾ (ਰਾਜਸਥਾਨ) ਥਾਣਾ ਖੇਤਰ ਦੇ ਇਕ ਪਿੰਡ ’ਚ ਮਹੇਸ਼ ਗੁੱਜਰ ਨਾਂ ਦੇ ਪੁਲਸ ਮੁਲਾਜ਼ਮ ਨੇ ਇਕ 30 ਸਾਲਾ ਔਰਤ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਔਰਤ ਦੇ ਚੀਕਾਂ ਮਾਰਨ ’ਤੇ ਆਲੇ-ਦੁਆਲੇ ਦੇ ਲੋਕ ਜਮ੍ਹਾ ਹੋ ਗਏ ਅਤੇ ਉਨ੍ਹਾਂ ਨੇ ਮਹੇਸ਼ ਗੁੱਜਰ ਨੂੰ ਰੰਗੇ ਹੱਥੀਂ ਫੜ ਕੇ ਪਹਿਲਾਂ ਤਾਂ ਮੰਜੇ ਨਾਲ ਬੰਨ੍ਹ ਕੇ ਕਈ ਘੰਟੇ ਕੁੱਟਿਆ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ।
* 17 ਅਕਤੂਬਰ ਨੂੰ ਓਡਿਸ਼ਾ ਦੇ ਮਯੂਰਗੰਜ ਜ਼ਿਲੇ ਦੇ ‘ਜਾਮਦਾ’ ਪੁਲਸ ਥਾਣੇ ’ਚ ਤਾਇਨਾਤ ਇਕ ਏ.ਐੱਸ.ਆਈ. ਅਤੇ ਹੋਮਗਾਰਡ ਨੂੰ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਪੀੜਤ ਲੜਕੀ ਦੋਸ਼ੀ ਏ.ਐੱਸ.ਆਈ. ਦੇ ਘਰ ’ਚ ਉਸ ਦੇ 3 ਬੱਚਿਆਂ ਨੂੰ ਸੰਭਾਲਣ ਦਾ ਕੰਮ ਕਰਦੀ ਸੀ।
* 20 ਅਕਤੂਬਰ ਨੂੰ ਬਿਜਨੌਰ (ਉੱਤਰ ਪ੍ਰਦੇਸ਼) ’ਚ ਇਕ ਪੁਲਸ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਧਰਮਿੰਦਰ ਸਿੰਘ ਨੂੰ ਇਕ 28 ਸਾਲਾ ਜਬਰ-ਜ਼ਨਾਹ ਪੀੜਤਾ ਦੇ ਮਾਮਲੇ ਦੀ ਜਾਂਚ ਦੌਰਾਨ ਉਸ ਨੂੰ ਤੰਗ ਕਰਨ ਅਤੇ ਉਸ ਕੋਲੋਂ ਸੈਕਸ ਦੀ ਮੰਗ ਕਰਨ (ਸੈਕਸੂਅਲ ਫੇਵਰ) ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ।
* 27 ਅਕਤੂਬਰ ਨੂੰ ਜਬਲਪੁਰ (ਮੱਧ ਪ੍ਰਦੇਸ਼) ਦੇ ਸੀਹੋਰ ਪੁਲਸ ਥਾਣੇ ਦੇ ਇੰਚਾਰਜ ਗਿਰੀਸ਼ ਧੁਰਵੇ ਨੇ ਜਬਰ-ਜ਼ਨਾਹ ਦੇ ਇਕ ਮਾਮਲੇ ਦੀ ਜਾਂਚ ਦੌਰਾਨ ਸ਼ਿਕਾਇਤਕਰਤਾ ਔਰਤ ਨਾਲ ਹੀ ਜਬਰ-ਜ਼ਨਾਹ ਕਰ ਦਿੱਤਾ, ਜਿਸ ਪਿੱਛੋਂ ਪੀੜਤਾ ਦੀ ਸ਼ਿਕਾਇਤ ’ਤੇ ਗਿਰੀਸ਼ ਧੁਰਵੇ ਨੂੰ ਮੁਅੱਤਲ ਕਰ ਦਿੱਤਾ ਗਿਆ।
* 2 ਨਵੰਬਰ ਨੂੰ ਸਾਂਗਾਨੇਰ (ਰਾਜਸਥਾਨ) ’ਚ ਇਕ ਵਿਆਹੇ ਹੋਏ ਪੁਲਸ ਕਾਂਸਟੇਬਲ ’ਤੇ ਕੋਚਿੰਗ ਕਲਾਸ ’ਚ ਪੜ੍ਹਨ ਵਾਲੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ, ਨਿਊਡ ਵੀਡੀਓ ਬਣਾ ਕੇ ਬਲੈਕਮੇਲ ਕਰਨ ਅਤੇ ਗਰਭਵਤੀ ਹੋ ਜਾਣ ’ਤੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾ ਕੇ ਫਰਾਰ ਹੋ ਜਾਣ ਦਾ ਮਾਮਲਾ ਦਰਜ ਕੀਤਾ ਗਿਆ।
* 10 ਨਵੰਬਰ ਨੂੰ ਦੌਸਾ (ਰਾਜਸਥਾਨ) ਦੇ ‘ਰਾਹੂਵਾਸ’ ਪਿੰਡ ’ਚ ਚੋਣ ਡਿਊਟੀ ’ਤੇ ਭੇਜੇ ਗਏ ਇਕ ਸਬ-ਇੰਸਪੈਕਟਰ ਭੁਪਿੰਦਰ ਿਸੰਘ ਨੇ ਇਕ ਕਾਂਸਟੇਬਲ ਦੀ 4 ਸਾਲਾ ਮਾਸੂਮ ਬੇਟੀ ਨੂੰ ਪਤਿਆ ਕੇ ਆਪਣੇ ਕਮਰੇ ’ਚ ਲਿਜਾ ਕੇ ਉਸ ਨਾਲ ਦਰਿੰਦਗੀ ਕੀਤੀ।
ਬੱਚੀ ਦੇ ਮਾਤਾ-ਪਿਤਾ ਨੂੰ ਇਸ ਦਾ ਪਤਾ ਲੱਗਦਿਆਂ ਹੀ ਪੂਰੇ ਇਲਾਕੇ ’ਚ ਹਾਹਾਕਾਰ ਮੱਚ ਗਈ। ਦੋਸ਼ੀ ਸਬ-ਇੰਸਪੈਕਟਰ ਜੋ ਥਾਣੇ ਦੇ ਇਕ ਕਮਰੇ ’ਚ ਲੁਕ ਗਿਆ ਸੀ, ਨੂੰ ਲੋਕਾਂ ਨੇ ਖਿੜਕੀ ਤੋੜ ਕੇ ਬਾਹਰ ਕੱਢਿਆ ਅਤੇ ਥਾਣੇ ਤੋਂ ਚੌਰਾਹੇ ਤੱਕ ਘਸੀਟਦੇ ਅਤੇ ਕੁੱਟਦੇ ਹੋਏ ਲੈ ਗਏ।
ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਆਧਾਰ ’ਤੇ ਰਿਪੋਰਟ ਦਰਜ ਕਰ ਕੇ ਦੋਸ਼ੀ ਸਬ-ਇੰਸਪੈਕਟਰ ਨੂੰ ਮੁਅੱਤਲ ਕਰਨ ਤੋਂ ਇਲਾਵਾ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੂੰ ਬਾਅਦ ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
* 19 ਨਵੰਬਰ ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ਤਾਇਨਾਤ ‘ਪ੍ਰੋਵਿੰਸ਼ੀਅਲ ਆਰਮਡ ਕਾਂਸਟੇਬਲਰੀ’ (ਪੀ. ਏ. ਸੀ.) ਦੇ ਇਕ ਕਾਂਸਟੇਬਲ ਯੋਗੇਸ਼ ਕੁਮਾਰ ਨੂੰ ਆਗਰਾ ਦੇ ਇਕ ਬੈਂਕੁਇਟ ਹਾਲ ’ਚ ਇਕ ਔਰਤ ਨਾਲ ਜਬਰ-ਜ਼ਨਾਹ ਕਰਨ, ਉਸ ਦੀ ਵੀਡੀਓ ਬਣਾਉਣ ਅਤੇ ਉਸ ਨੂੰ ਇੰਟਰਨੈੱਟ ’ਤੇ ਪਾਉਣ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 29 ਨਵੰਬਰ ਨੂੰ ਬਹਿਰਾਈਚ (ਉੱਤਰ ਪ੍ਰਦੇਸ਼) ਜ਼ਿਲੇ ’ਚ ਤਾਇਨਾਤ ‘ਪ੍ਰੋਵਿੰਸ਼ੀਅਲ ਆਰਮਡ ਕਾਂਸਟੇਬਲਰੀ’ (ਪੀ. ਏ. ਸੀ.) ਦੇ ਹੀ ਇਕ ਹੋਰ ਕਾਂਸਟੇਬਲ ਨੂੰ ਘਰ ’ਚ ਇਕੱਲੀ ਅਤੇ ਆਪਣੀ ਦੂਰ ਦੀ ਰਿਸ਼ਤੇਦਾਰ ਇਕ 20 ਸਾਲਾ ਲੜਕੀ ਨੂੰ ਨਸ਼ੀਲੀ ਚੀਜ਼ ਖੁਆ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਪੀੜਤਾ ਅਨੁਸਾਰ ਦੋਸ਼ੀ ਨੇ ਉਸ ਨੂੰ ਕਮਰੇ ’ਚ ਬੰਦ ਕਰ ਕੇ ਅੰਦਰੋਂ ਕੁੰਡੀ ਲਾ ਲਈ। ਪੀੜਤਾ ਦੇ ਚੀਕਾਂ ਮਾਰਨ ’ਤੇ ਉਸ ਦੀ ਇਕ ਰਿਸ਼ਤੇਦਾਰ ਦੀ ਭੈਣ ਸਹਾਇਤਾ ਲਈ ਆਈ ਪਰ ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕਾਂਸਟੇਬਲ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਖੀਰ ਪੀੜਤਾ ਦੇ ਮਾਂ-ਬਾਪ ਨੇ ਆ ਕੇ ਬੜੀ ਮੁਸ਼ਕਲ ਨਾਲ ਦਰਵਾਜ਼ਾ ਖੁੱਲ੍ਹਵਾਇਆ।
ਉਕਤ ਉਦਾਹਰਣਾਂ ਨੂੰ ਦੇਖਦੇ ਹੋਏ ਮਨ ’ਚ ਇਕ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਜਿਸ ਪੁਲਸ ਵਿਭਾਗ ’ਚ ਨਾਰੀ ਜਾਤੀ ਦੀ ਸੁਰੱਖਿਆ ਦਾ ਜ਼ਿੰਮਾ ਹੈ, ਅੱਜ ਉਸੇ ਵਿਭਾਗ ਦੇ ਕੁਝ ਮੈਂਬਰ ਆਪਣੇ ਮਾਰਗ ਤੋਂ ਕਿਸ ਕਦਰ ਭਟਕ ਚੁੱਕੇ ਹਨ।
ਇਸ ਲਈ ਅਜਿਹੇ ਪੁਲਸ ਮੁਲਾਜ਼ਮਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੁਲਸ ਵਿਭਾਗ ’ਚ ਕੰਮ ਕਰਨ ਵਾਲਿਆਂ ਨੂੰ ਨਸੀਹਤ ਮਿਲੇ ਅਤੇ ਇਸ ਬੁਰਾਈ ’ਤੇ ਰੋਕ ਲੱਗ ਸਕੇ।
- ਵਿਜੇ ਕੁਮਾਰ
ਭਾਜਪਾ ਦੀ 3 ਸੂਬਿਆਂ ’ਚ ਅਤੇ ਕਾਂਗਰਸ ਦੀ 1 ਸੂਬੇ ’ਚ ਜਿੱਤ ਦੇ ਸਬਕ
NEXT STORY