ਇਨ੍ਹੀਂ ਦਿਨੀਂ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਸੀਤ ਲਹਿਰ ਜਾਰੀ ਹੈ, ਜਿਸ ਕਾਰਨ ਖੁੱਲ੍ਹੇ ਆਸਮਾਨ ਹੇਠ ਅਤੇ ਬੱਸ ਅੱਡਿਆਂ ਆਦਿ 'ਤੇ ਆਪਣੀਆਂ ਰਾਤਾਂ ਬਿਤਾਉਣ ਵਾਲੇ ਗਰੀਬਾਂ ਤੇ ਬੇਘਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੋਂ ਤਕ ਦੇਸ਼ ਦੀ ਰਾਜਧਾਨੀ ਦਿੱਲੀ ਦਾ ਸੰਬੰਧ ਹੈ ਇਥੇ ਸੰਨ 2000 ਤੋਂ ਬਾਅਦ ਸੁਪਰੀਮ ਕੋਰਟ ਦੇ ਜ਼ਰੀਏ ਕਰਵਾਏ ਗਏ ਇਕ ਸਰਵੇਖਣ ਤੋਂ ਇਲਾਵਾ ਵੱਖ-ਵੱਖ ਗ਼ੈਰ-ਸਰਕਾਰੀ ਸੰਸਥਾਵਾਂ ਵਲੋਂ ਕਰਵਾਏ ਗਏ 9 ਸਰਵੇਖਣਾਂ ਅਨੁਸਾਰ ਰਾਜਧਾਨੀ 'ਚ ਢਾਈ ਲੱਖ ਤੋਂ ਜ਼ਿਆਦਾ ਲੋਕ ਬੇਘਰ ਹਨ।
ਹਾਲਾਂਕਿ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੂਸਿਬ) ਵਲੋਂ 11 ਹਿੱਸਿਆਂ 'ਚ 250 ਦੇ ਲੱਗਭਗ ਰੈਣ ਬਸੇਰੇ ਬਣਾਏ ਗਏ ਹਨ, ਜਿਨ੍ਹਾਂ 'ਚੋਂ 200 ਰੈਣ ਬਸੇਰੇ ਸਾਰੇ ਵਰਗਾਂ ਦੇ ਬੇਘਰਿਆਂ, 21 ਰੈਣ ਬਸੇਰੇ ਔਰਤਾਂ, 12 ਰੈਣ ਬਸੇਰੇ ਬੱਚਿਆਂ, 13 ਰੈਣ ਬਸੇਰੇ ਪਰਿਵਾਰਾਂ, 5 ਨਸ਼ੇੜੀਆਂ ਤੇ 2 ਰੈਣ ਬਸੇਰੇ ਅਪਾਹਿਜਾਂ ਲਈ ਹਨ ਪਰ ਹੱਡੀਆਂ ਠਾਰ ਦੇਣ ਵਾਲੀ ਠੰਡ 'ਚ ਇਹ ਬੇਘਰ ਲੋਕਾਂ ਨੂੰ ਰਾਹਤ ਪਹੁੰਚਾਉਣ 'ਚ ਨਾਕਾਮ ਸਿੱਧ ਹੋ ਰਹੇ ਹਨ ਕਿਉਂਕਿ ਇਨ੍ਹਾਂ 'ਚ ਵੱਧ ਤੋਂ ਵੱਧ 22 ਹਜ਼ਾਰ ਲੋਕ ਹੀ ਰਹਿ ਸਕਦੇ ਹਨ।
ਹਾਲਾਂਕਿ ਸੰਬੰਧਤ ਅਧਿਕਾਰੀਆਂ ਨੇ ਬੇਘਰਿਆਂ ਨੂੰ ਹਰ ਹੀਲੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਆਦਾਤਰ ਰੈਣ ਬਸੇਰੇ ਚਲਾਉਣ ਦੀ ਜ਼ਿੰਮੇਵਾਰੀ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਨੂੰ ਦਿੱਤੀ ਹੋਈ ਹੈ ਪਰ ਜ਼ਿਆਦਾ ਭੀੜ ਕਾਰਨ ਲੋਕਾਂ ਨੂੰ ਸਹੂਲਤਾਂ ਦੀ ਬੇਹੱਦ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਕਾਰਨ ਇਥੇ ਸੌਣ ਲਈ ਜਗ੍ਹਾ ਦੇ ਨਾਲ-ਨਾਲ ਕੰਬਲਾਂ ਆਦਿ ਲਈ ਵੀ ਲਗਾਤਾਰ ਮਾਰਾ-ਮਾਰੀ ਹੁੰਦੀ ਰਹਿੰਦੀ ਹੈ ਅਤੇ ਕਈ ਵਾਰ ਤਾਂ ਇਥੇ ਰਾਤ ਬਿਤਾਉਣ ਵਾਲਿਆਂ ਨੂੰ ਕਿਰਾਏ 'ਤੇ ਕੰਬਲ ਲੈ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਇਹੋ ਨਹੀਂ, ਇਨ੍ਹਾਂ ਰੈਣ ਬਸੇਰਿਆਂ 'ਚ ਚੂਹਿਆਂ ਅਤੇ ਕੀੜੇ-ਮਕੌੜਿਆਂ ਆਦਿ ਦੀ ਵੀ ਭਰਮਾਰ ਹੈ, ਜੋ ਕਈ ਵਾਰ ਇਥੇ ਪਨਾਹ ਲੈਣ ਵਾਲਿਆਂ ਨੂੰ ਕੱਟਦੇ ਰਹਿੰਦੇ ਹਨ।
ਕਈ ਜਗ੍ਹਾ ਤਾਂ ਚੂਹਿਆਂ ਦਾ ਖਰੂਦ ਇੰਨਾ ਵਧਿਆ ਹੋਇਆ ਹੈ ਕਿ ਉਹ ਰਾਤ ਭਰ ਉਥੇ ਸੌਣ ਵਾਲਿਆਂ 'ਤੇ ਟੱਪਦੇ ਰਹਿੰਦੇ ਹਨ ਤੇ ਉਨ੍ਹਾਂ ਨੇ ਵੱਡੀ ਗਿਣਤੀ 'ਚ ਕੰਬਲਾਂ ਆਦਿ 'ਚ ਸੁਰਾਖ ਵੀ ਕਰ ਦਿੱਤੇ ਹਨ।
ਇਨ੍ਹਾਂ ਰੈਣ ਬਸੇਰਿਆਂ 'ਚ ਔਰਤਾਂ ਤੇ ਬੱਚਿਆਂ ਨੂੰ ਨਸ਼ੇੜੀਆਂ ਤੇ ਸ਼ਰਾਬੀਆਂ ਦੀਆਂ ਘੂਰਦੀਆਂ ਅੱਖਾਂ ਤੇ ਮਾੜੇ ਸਲੂਕ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਰੈਣ ਬਸੇਰਿਆਂ ਨੇੜੇ ਬਣੇ ਪਖਾਨਿਆਂ ਤਕ ਜਾਣਾ ਵੀ ਰਾਤ ਦੇ ਸਮੇਂ ਉਨ੍ਹਾਂ ਲਈ ਸੁਰੱਖਿਅਤ ਨਹੀਂ। ਗ਼ੈਰ-ਤਸੱਲੀਬਖਸ਼ ਸੁਰੱਖਿਆ ਪ੍ਰਬੰਧਾਂ ਕਾਰਨ ਕਈ ਬੇਘਰ ਲੋਕ ਆਪਣੇ ਰਿਕਸ਼ਾ ਆਦਿ 'ਚ ਸੌਣ ਨੂੰ ਹੀ ਤਰਜੀਹ ਦਿੰਦੇ ਹਨ।
ਹਾਲਾਂਕਿ 20 ਜਗ੍ਹਾ ਰੈਣ ਬਸੇਰਿਆਂ 'ਚ ਗੀਜ਼ਰ ਅਤੇ 80 ਰੈਣ ਬਸੇਰਿਆਂ 'ਚ ਬਾਥਰੂਮ ਤੇ ਮੋਬਾਇਲ ਟਾਇਲਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਜ਼ਿਆਦਾਤਰ ਰੈਣ ਬਸੇਰਿਆਂ 'ਚ ਉਹ ਚੱਲ ਹੀ ਨਹੀਂ ਰਹੇ।
ਬਹੁਤੇ ਰੈਣ ਬਸੇਰਿਆਂ 'ਚ ਪਾਣੀ ਦਾ ਕੁਨੈਕਸ਼ਨ ਤਕ ਨਹੀਂ ਹੈ, ਸੀਵਰੇਜ ਲਾਈਨਾਂ ਬੰਦ ਪਈਆਂ ਹਨ, ਦਰਵਾਜ਼ੇ ਤੇ ਖਿੜਕੀਆਂ ਟੁੱਟੀਆਂ ਹੋਈਆਂ ਹਨ ਅਤੇ ਇਨ੍ਹਾਂ 'ਚ ਹੋਰ ਵੀ ਕਈ ਕਮੀਆਂ ਹਨ।
ਠੰਡ ਵਧਣ ਕਾਰਨ ਕਈ ਰੈਣ ਬਸੇਰਿਆਂ 'ਚ ਸਮਰੱਥਾ ਨਾਲੋਂ ਜ਼ਿਆਦਾ ਭੀੜ ਹੈ। ਇਨ੍ਹਾਂ ਰੈਣ ਬਸੇਰਿਆਂ 'ਚ ਰਹਿਣ ਲਈ ਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ ਲੱਗਭਗ 25 ਫੀਸਦੀ ਵਾਧਾ ਹੋ ਗਿਆ ਹੈ।
ਇਥੋਂ ਤਕ ਕਿ ਦੂਜੇ ਸੂਬਿਆਂ ਤੋਂ ਰਾਜਧਾਨੀ ਦੇ 'ਏਮਜ਼' ਵਰਗੇ ਵੱਡੇ ਹਸਪਤਾਲਾਂ 'ਚ ਗੰਭੀਰ ਰੋਗਾਂ ਦਾ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਰੈਣ ਬਸੇਰਿਆਂ 'ਚ ਜਗ੍ਹਾ ਨਾ ਮਿਲ ਸਕਣ ਕਾਰਨ ਉਨ੍ਹਾਂ ਨੂੰ ਖੁੱਲ੍ਹੇ ਆਸਮਾਨ ਹੇਠ ਜਾਂ ਹਸਪਤਾਲਾਂ ਦੇ ਬਾਹਰ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ।
ਇਨ੍ਹਾਂ ਰੈਣ ਬਸੇਰਿਆਂ 'ਚ ਸੁਰੱਖਿਆ ਦੇ ਪ੍ਰਬੰਧ ਵੀ ਨਾਮਾਤਰ ਹੀ ਹਨ। ਕਈ ਰੈਣ ਬਸੇਰਿਆਂ 'ਚ ਅੱਗ-ਬੁਝਾਊ ਯੰਤਰ ਸਿਰਫ ਸ਼ੋਅ ਪੀਸ ਬਣ ਕੇ ਰਹਿ ਗਏ ਹਨ, ਜਿਨ੍ਹਾਂ ਦੀ ਐਕਸਪਾਇਰੀ ਡੇਟ ਨਿਕਲ ਚੁੱਕੀ ਹੈ। ਇਨ੍ਹਾਂ ਰੈਣ ਬਸੇਰਿਆਂ 'ਚ ਨਿਯਮ ਅਨੁਸਾਰ ਡਾਕਟਰਾਂ ਨੂੰ ਨਿਰੀਖਣ ਕਰਨ ਲਈ ਆਉਣਾ ਚਾਹੀਦਾ ਹੈ ਪਰ ਉਹ ਵੀ ਰਜਿਸਟਰ 'ਚ ਐਂਟਰੀ ਕਰ ਕੇ ਹੀ ਚਲੇ ਜਾਂਦੇ ਹਨ।
ਹਾਲਾਂਕਿ ਸੱਤਾ 'ਚ ਆਉਣ ਵਾਲੀਆਂ ਸਾਰੀਆਂ ਸਰਕਾਰਾਂ ਆਮ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਅਤੇ ਬੇਘਰਿਆਂ ਲਈ ਮਕਾਨ ਆਦਿ ਦਿਵਾਉਣ ਦੇ ਐਲਾਨ ਕਰਦੀਆਂ ਰਹਿੰਦੀਆਂ ਹਨ ਪਰ ਨਤੀਜਾ 'ਪਰਨਾਲਾ ਉਥੇ ਦਾ ਉਥੇ' ਵਾਲਾ ਹੀ ਰਹਿੰਦਾ ਹੈ।
ਕੁਲ ਮਿਲਾ ਕੇ ਰਾਜਧਾਨੀ ਦੇ ਰੈਣ ਬਸੇਰਿਆਂ 'ਚ ਰਹਿਣ ਵਾਲੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਇਨ੍ਹਾਂ 'ਚ ਸਹੂਲਤਾਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਵਧਾਉਣ ਤੋਂ ਇਲਾਵਾ ਨਵੇਂ ਰੈਣ ਬਸੇਰੇ ਬਣਾਉਣ ਦੀ ਤੁਰੰਤ ਲੋੜ ਹੈ, ਜਿਥੇ ਲੋੜਵੰਦ ਬੇਘਰ ਲੋਕ ਸੁਰੱਖਿਅਤ ਮਾਹੌਲ 'ਚ ਆਰਾਮ ਨਾਲ ਰਾਤ ਬਿਤਾ ਸਕਣ।
—ਵਿਜੇ ਕੁਮਾਰ
ਪਾਕਿਸਤਾਨੀ ਅੱਤਵਾਦ ਦਾ ਚੀਨ ਨੂੰ ਹੁਣ ਸੇਕ ਮਹਿਸੂਸ ਹੋਣ ਲੱਗਾ
NEXT STORY