ਭਾਰਤੀ ਰੇਲਵੇ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ। ਹਾਲਾਂਕਿ ਇਸ ਸਾਲ ਕੋਈ ਵੱਡਾ ਰੇਲ ਹਾਦਸਾ ਨਹੀਂ ਹੋਇਆ ਪਰ ਲਗਾਤਾਰ ਹੋ ਰਹੇ ਛੋਟੇ-ਛੋਟੇ ਹਾਦਸੇ ਸੁਚੇਤ ਕਰ ਰਹੇ ਹਨ ਕਿ ਭਾਰਤੀ ਰੇਲਾਂ ਦੀ ਆਵਾਜਾਈ ਪ੍ਰਣਾਲੀ ’ਚ ਸਭ ਠੀਕ ਨਹੀਂ ਹੈ, ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਕੀਤੀਆਂ ਜਾ ਰਹੀਆਂ ਹਨ :
* 13 ਫਰਵਰੀ, 2024 ਨੂੰ ਕਪਲਿੰਗ ਟੁੱਟ ਜਾਣ ਦੇ ਨਤੀਜੇ ਵਜੋਂ ਉੱਤਰ ਪ੍ਰਦੇਸ਼ ’ਚ ਪ੍ਰਤਾਪਗੜ੍ਹ ਤੋਂ ਵਾਰਾਣਸੀ ਵੱਲ ਜਾ ਰਹੀ ਇਕ ਮਾਲਗੱਡੀ 2 ਹਿੱਸਿਆਂ ’ਚ ਵੰਡੀ ਗਈ।
* 17 ਫਰਵਰੀ ਨੂੰ ਦਿੱਲੀ ’ਚ ‘ਜਖੀਰਾ’ ਫਲਾਈਓਵਰ ਨੇੜੇ ‘ਚਾਰਾਮੰਡੀ’ ’ਚ ਲੋਹੇ ਦੀਆਂ ਚਾਦਰਾਂ ਲੈ ਕੇ ਜਾ ਰਹੀ ਇਕ ਮਾਲਗੱਡੀ ਦੇ 8 ਡੱਬੇ ਪਟੜੀ ਤੋਂ ਉਤਰ ਗਏ।
* 16 ਮਾਰਚ ਨੂੰ ਇੰਦੌਰ ਦੇ ਮਹੂ (ਡਾ. ਅੰਬੇਡਕਰ ਨਗਰ) ਤੋਂ ਕਟੜਾ (ਵੈਸ਼ਨੋ ਦੇਵੀ) ਲਈ ਰਵਾਨਾ ਹੋਈ ‘ਮਾਲਵਾ ਐਕਸਪ੍ਰੈੱਸ’ ਦੀ ਕਪਲਿੰਗ ਸ਼ੁਜਾਲਪੁਰ ਨੇੜੇ ‘ਬੇਛਾ’ ਸਟੇਸ਼ਨ ’ਤੇ ਖੁੱਲ੍ਹ ਜਾਣ ਕਾਰਨ ਇਸ ਦਾ ਇਕ ਹਿੱਸਾ ਇੰਜਣ ਨਾਲ ਅੱਗੇ ਚਲਾ ਗਿਆ ਅਤੇ ਦੂਜਾ ਹਿੱਸਾ ਪਿੱਛੇ ਰਹਿ ਗਿਆ।
* 18 ਮਾਰਚ ਨੂੰ ਰਾਜਸਥਾਨ ’ਚ ‘ਸਾਬਰਮਤੀ-ਆਗਰਾ ਕੈਂਟ ਟ੍ਰੇਨ’ ਦੀਆਂ ਚਾਰ ਬੋਗੀਆਂ ਅਜਮੇਰ ’ਚ ‘ਮਦਾਰ’ ਸਟੇਸ਼ਨ ਤੋਂ ਕੁਝ ਦੂਰੀ ’ਤੇ ਟ੍ਰੈਕ ਬਦਲਣ ਸਮੇਂ ਇਕ ਯਾਤਰੀ ਟ੍ਰੇਨ ਨਾਲ ਟਕਰਾਅ ਜਾਣ ਕਾਰਨ ਪਟੜੀ ਤੋਂ ਉਤਰ ਗਈਆਂ ਅਤੇ ਪਟੜੀਆਂ ਵੀ ਉੱਖੜ ਗਈਆਂ।
* 19 ਮਾਰਚ ਨੂੰ ਫੌਜ ਦੀ 1907 ਬਟਾਲੀਅਨ ਦੇ ਜਵਾਨਾਂ ਨੂੰ ਰਾਜਸਥਾਨ ਤੋਂ ਪੱਛਮੀ ਬੰਗਾਲ ’ਚ ਸਿਲੀਗੁੜੀ ਲੈ ਕੇ ਜਾ ਰਹੀ ਇਕ ਸਪੈਸ਼ਲ ਰੇਲਗੱਡੀ ਦੀਆਂ 3 ਬੋਗੀਆਂ ਬਿਹਾਰ ’ਚ ‘ਬਗਹਾ’ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈਆਂ।
* 26 ਮਾਰਚ ਨੂੰ ਬਿਹਾਰ ਦੇ ‘ਦਾਨਾਪੁਰ’ ਤੋਂ ਮੁੰਬਈ ਜਾ ਰਹੀ ਹੋਲੀ ਸਪੈਸ਼ਲ ਟ੍ਰੇਨ ਦੇ ਇਕ ਏਅਰਕੰਡੀਸ਼ਨਡ ਕੋਚ ’ਚ ‘ਆਰਾ’ ਰੇਲਵੇ ਸਟੇਸ਼ਨ ’ਤੇ ਅੱਗ ਲੱਗ ਗਈ।
* 29 ਅਪ੍ਰੈਲ ਨੂੰ ਮੁੰਬਈ ’ਚ ਪਨਵੇਲ-ਸੀ.ਐੱਸ.ਐੱਮ.ਟੀ. ਟ੍ਰੇਨ ਦੀ ਇਕ ਬੋਗੀ ਪਟੜੀ ਤੋਂ ਉਤਰ ਜਾਣ ਦੇ ਨਤੀਜੇ ਵਜੋਂ ਹਾਰਬਰ ਲਾਈਨ ਰੇਲ ਸੇਵਾਵਾਂ ’ਚ ਅੜਚਣ ਪੈ ਗਈ ਅਤੇ ਰੇਲਗੱਡੀਆਂ ਦੀ ਆਵਾਜਾਈ ਅਸਥਾਈ ਤੌਰ ’ਤੇ ਰੁਕ ਗਈ।
* 5 ਮਈ ਨੂੰ ਆਂਧਰਾ ਪ੍ਰਦੇਸ਼ ’ਚ ‘ਕਿਰੰਦੁਲ-ਕੋਟਾਵਾਲਸਾ’ ਰੇਲ ਲਾਈਨ ’ਤੇ ‘ਬੋਡਵਾਰਾ’ ਅਤੇ ‘ਸ਼ਿਵਲਿੰਗਪੁਰਮ’ ਸਟੇਸ਼ਨਾਂ ਦਰਮਿਆਨ ਪਹਾੜ ਤੋਂ ਡਿੱਗੀ ਚੱਟਾਨ ਨਾਲ ਟਕਰਾਅ ਕੇ ਇਕ ਮਾਲਗੱਡੀ ਦਾ ਇੰਜਣ ਪਟੜੀ ਤੋਂ ਉਤਰ ਜਾਣ ਨਾਲ ਰੇਲ ਆਵਾਜਾਈ ਰੁਕ ਗਈ।
* 5 ਮਈ ਨੂੰ ਹੀ ਪਟਨਾ ਤੋਂ ਜੰਮੂ ਜਾ ਰਹੀ ਅਰਚਨਾ ਐਕਸਪ੍ਰੈੱਸ ਦਾ ਇੰਜਣ ਪੰਜਾਬ ’ਚ ਖੰਨਾ ਤੋਂ ਕੁਝ ਦੂਰੀ ’ਤੇ ਡੱਬਿਆਂ ਤੋਂ ਵੱਖ ਹੋ ਕੇ 3 ਕਿਲੋਮੀਟਰ ਤੱਕ ਅੱਗੇ ਚਲਾ ਗਿਆ ਅਤੇ ਡੱਬੇ ਪਿੱਛੇ ਰਹਿ ਗਏ ਜਿਸ ਦਾ ਪਤਾ ਲੱਗਣ ’ਤੇ ਕਪਲਿੰਗ ਜੋੜ ਕੇ ਗੱਡੀ ਚਲਾਈ ਗਈ।
ਕਪਲਿੰਗ ਨੂੰ ਦੁਬਾਰਾ ਜੋੜਨ ਤੋਂ ਬਾਅਦ ਗੱਡੀ ਲਗਭਗ 1 ਕਿਲੋਮੀਟਰ ਹੀ ਅੱਗੇ ਗਈ ਸੀ ਕਿ ਕਪਲਿੰਗ ਫਿਰ ਉੱਖੜ ਗਈ ਅਤੇ ਉਸ ਨੂੰ ਫਿਰ ਜੋੜ ਕੇ ਗੱਡੀ ਨੂੰ ਚਲਾਇਆ ਗਿਆ। ਹਾਦਸੇ ਦੇ ਕਾਰਨ ਡੱਬਿਆਂ ਨੂੰ ਬਿਜਲੀ ਸਪਲਾਈ ਕਰਨ ਵਾਲਾ ਸਿਸਟਮ ਵੀ ਵਿਗੜ ਗਿਆ ਜਿਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਗੱਡੀ ਪਹੁੰਚਣ ’ਤੇ ਠੀਕ ਕੀਤਾ ਗਿਆ।
* 5 ਮਈ ਨੂੰ ਹੀ ਸਟੇਸ਼ਨ ਮਾਸਟਰ ਦੇ ਡਿਊਟੀ ਦੌਰਾਨ ਸੌਂ ਜਾਣ ਦੇ ਕਾਰਨ ਉੱਤਰ ਪ੍ਰਦੇਸ਼ ’ਚ ਇਟਾਵਾ ਨੇੜੇ ‘ਉਦੀ ਮੋੜ’ ਰੇਲਵੇ ਸਟੇਸ਼ਨ ’ਤੇ ‘ਪਟਨਾ-ਕੋਟਾ ਐਕਸਪ੍ਰੈੱਸ’ ਲਗਭਗ ਅੱਧੇ ਘੰਟੇ ਤੱਕ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ।
ਟ੍ਰੇਨ ਦੇ ਲੋਕੋ ਪਾਇਲਟ ਨੇ ਸੌਂ ਰਹੇ ਸਟੇਸ਼ਨ ਮਾਸਟਰ ਨੂੰ ਜਗਾਉਣ ਲਈ ਕਈ ਵਾਰ ਹਾਰਨ ਵਜਾਇਆ ਤਦ ਕਿਤੇ ਜਾ ਕੇ ਉਸ ਦੀ ਨੀਂਦ ਟੁੱਟੀ।
ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਗਰਾ ਰੇਲਵੇ ਮੰਡਲ ਨੇ ‘ਉਦੀ ਮੋੜ’ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਇਸ ਲਾਪ੍ਰਵਾਹੀ, ਜਿਸ ਦੇ ਨਤੀਜੇ ਵਜੋਂ ਕੋਈ ਅਣਸੁਖਾਵੀਂ ਘਟਨਾ ਵੀ ਹੋ ਸਕਦੀ ਸੀ, ਦਾ ਕਾਰਨ ਦੱਸਣ ਨੂੰ ਕਿਹਾ ਹੈ।
ਇਕ ਪਾਸੇ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਭਾਰਤੀ ਰੇਲ ਮੰਤਰਾਲਾ ‘ਵੰਦੇ ਭਾਰਤ’ ਵਰਗੀ ਨਵੀਂ ਤੇਜ਼ ਰਫਤਾਰ ਰੇਲਗੱਡੀ ਚਲਾ ਰਿਹਾ ਹੈ, ਤਾਂ ਦੂਜੇ ਪਾਸੇ ਸਵਾਲੀਆ ਨਿਸ਼ਾਨ ਲਾਉਂਦੇ ਉਕਤ ਹਾਦਸੇ ਸਪੱਸ਼ਟ ਸਬੂਤ ਹਨ ਕਿ ਭਾਰਤੀ ਰੇਲਾਂ ਕਿਸ ਕਦਰ ਵੱਡੇ ਹਾਦਸਿਆਂ ਦੇ ਮੁਹਾਣੇ ’ਤੇ ਹਨ।
ਅਜਿਹੀ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ, ਇਸ ਲਈ ਭਾਰਤੀ ਰੇਲ ਦੀ ਕਾਰਜਸ਼ਾਲੀ ਅਤੇ ਰੱਖ-ਰਖਾਅ ’ਚ ਤੁਰੰਤ ਬਹੁਪਸਾਰੀ ਸੁਧਾਰ ਲਿਆਉਣ ਅਤੇ ਰੇਲਗੱਡੀਆਂ ਦੀ ਆਵਾਜਾਈ ਵਰਗੀ ਅਹਿਮ ਡਿਊਟੀ ’ਤੇ ਆ ਕੇ ਸੌਂ ਜਾਣ ਵਾਲੇ ਮੁਲਾਜ਼ਮਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ
ਕਿੰਨਾ ਲਾਭਦਾਇਕ ਹੋਵੇਗਾ ਪਾਰਟੀ ਬਦਲਣਾ
NEXT STORY