ਸੰਤ-ਮਹਾਤਮਾ ਦੇਸ਼ ਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਅਖੌਤੀ ਬਾਬਾ ਲੋਕ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾਵਾਂ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ, ਜਲੇਬੀ ਬਾਬਾ ਆਦਿ ਦੀ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਚ ਗ੍ਰਿਫਤਾਰੀ ਦੇ ਬਾਅਦ ਉਨ੍ਹਾਂ ’ਤੇ ਮੁਕੱਦਮੇ ਚੱਲ ਰਹੇ ਹਨ।
ਇਹ ਬੁਰਾਈ ਕਿਸੇ ਇਕ ਧਰਮ ਤੱਕ ਸੀਮਤ ਨਾ ਰਹਿ ਕੇ ਕੈਥੋਲਿਕ ਇਸਾਈਆਂ ਦੀ ਸਰਬਉੱਚ ਧਾਰਮਿਕ ਪੀਠ ‘ਵੈਟੀਕਨ’ ’ਚ ਵੀ ਪੱਸਰੀ ਹੈ ਜਿਸ ਦੇ ਪਾਦਰੀਆਂ ’ਤੇ ਸਮੇਂ-ਸਮੇਂ ’ਤੇ ਬੱਚਿਆਂ ਤੇ ਬਾਲਗਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਦੇ ਆ ਰਹੇ ਹਨ। ਇਸੇ ਕਾਰਨ ਪੋਪ ਫ੍ਰਾਂਸਿਸ ਨੇ ਚਰਚ ’ਚ ਕਈ ਸੁਧਾਰਵਾਦੀ ਕਦਮ ਚੁੱਕਣੇ ਸ਼ੁਰੂ ਕੀਤੇ ਤੇ 14 ਅਕਤੂਬਰ, 2018 ਨੂੰ ਪਹਿਲੀ ਵਾਰ ਨਾਬਾਲਿਗਾਂ ਦੇ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਚਿਲੀ ਦੇ ਸਾਬਕਾ ਆਰਕਬਿਸ਼ਪ ‘ਫ੍ਰਾਂਸਿਸਕੋ’’ ਤੇ ਸਾਬਕਾ ਬਿਸ਼ਪ ‘ਐਂਟੋਨੀਓ’ ਨੂੰ ਪਾਦਰੀ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਦਿੱਤੇ। ਨਾਲ ਹੀ ਉਨ੍ਹਾਂ ਨੇ ਕੈਥੋਲਿਕ ਚਰਚ ਦੇ ਕਾਨੂੰਨਾਂ ’ਚ ਸੋਧ ਕਰ ਕੇ ਸੈਕਸ ਸ਼ੋਸ਼ਣ ਦੇ ਮਾਮਲਿਆਂ ’ਚ ਸਖਤ ਸਜ਼ਾ ਦੇ ਨਿਯਮ ਬਣਾਏ।
ਅਤੇ ਹੁਣ ਪੁਰਤਗਾਲੀ ਕੈਥੋਲਿਕ ਚਰਚ ਇਸੇ ਤਰ੍ਹਾਂ ਦੇ ਇਕ ਕਾਂਡ ਨਾਲ ਹਿੱਲ ਗਿਆ ਹੈ। ਇਕ 6 ਮੈਂਬਰੀ ਮਾਹਿਰ ਪੈਨਲ ਨੇ 500 ਸਫਿਆਂ ਦੀ ਆਪਣੀ ਰਿਪੋਰਟ ’ਚ ਬਾਲ ਸੈਕਸ ਸ਼ੋਸ਼ਣ ਦੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ।
ਪੈਨਲ ਦੇ ਅਨੁਸਾਰ ਹੁਣ ਤੱਕ ਇਸ ਦੇ ਸਾਹਮਣੇ 512 ਪੀੜਤ ਆਪ-ਬੀਤੀ ਸੁਣਾਉਣ ਆ ਚੁੱਕੇ ਹਨ ਜਦਕਿ 4815 ਤੋਂ ਵੱਧ ਲੋਕ ਬਾਲ ਸੈਕਸ ਸ਼ੋਸ਼ਣ ਦੇ ਸ਼ਿਕਾਰ ਹੋ ਸਕਦੇ ਹਨ। ਕਿਹਾ ਜਾਂਦਾ ਹੈ ਕਿ ਪੁਰਤਗਾਲੀ ਚਰਚ ਦੇ ਸੀਨੀਅਰ ਅਧਿਕਾਰੀਆਂ ਨੇ ਇਹ ਕਹਿ ਕੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੁਝ ਹੀ ਮਾਮਲੇ ਸਾਹਮਣੇ ਆਏ ਸਨ।
ਪੈਨਲ ਦੇ ਅਨੁਸਾਰ ਪੁਰਤਗਾਲ ’ਚ ਕੁਝ ਧਾਰਮਿਕ ਸੰਸਥਾਨ ਸੈਕਸ ਸ਼ੋਸ਼ਣ ਦੇ ਲਈ ‘ਅਸਲੀ ਬਲੈਕਸਪਾਟ’ ਸਨ ਜਿੱਥੇ ਸੈਕਸ ਸ਼ੋਸ਼ਣ ਅਤੇ ਘਟੀਆ ਸਲੂਕ ਦੇ ਵਧੇਰੇ ਮਾਮਲੇ ਪੀੜਤਾਂ ਦੀ ਅੱਲ੍ਹੜ ਅਵਸਥਾ ’ਚ ਹੋਏ। ਵਧੇਰੇ ਪੀੜਤ ਮਰਦ ਅਤੇ 47 ਫੀਸਦੀ ਔਰਤਾਂ ਸਨ। ਦੋਸ਼ੀਆਂ ’ਚ 77 ਫੀਸਦੀ ਪਾਦਰੀ ਅਤੇ ਹੋਰ ਦੋਸ਼ੀ ਚਰਚ ਦੇ ਵੱਖ-ਵੱਖ ਸੰਸਥਾਨਾਂ ਨਾਲ ਜੁੜੇ ਹੋਏ ਸਨ। ਪੈਨਲ ਦੇ ਅਨੁਸਾਰ 77 ਫੀਸਦੀ ਪੀੜਤਾਂ ਨੇ ਆਪਣੇ ਨਾਲ ਘਟੀਆ ਸਲੂਕ ਦੀ ਚਰਚ ਦੇ ਅਧਿਕਾਰੀਆਂ ਨੂੰ ਸੂਚਨਾ ਨਹੀਂ ਦਿੱਤੀ ਤੇ ਸਿਰਫ 4 ਫੀਸਦੀ ਹੀ ਪੁਲਸ ਦੇ ਕੋਲ ਗਏ।
ਪੈਨਲ ਦੀ ਇਹ ਬੈਠਕ ਆਇਰਲੈਂਡ ਤੇ ਆਸਟ੍ਰੇਲੀਆ ’ਚ ਦੁਰਾਚਾਰ ਦੇ ਮਾਮਲੇ ਪਹਿਲੀ ਵਾਰ ਸਾਹਮਣੇ ਆਉਣ ਦੇ 30 ਤੋਂ ਵੱਧ ਸਾਲਾਂ ਅਤੇ ਅਮਰੀਕਾ ’ਚ ਸਾਹਮਣੇ ਆਉਣ ਦੇ 20 ਸਾਲ ਬਾਅਦ ਆਯੋਜਿਤ ਕੀਤੀ ਗਈ ਸੀ ਜਦੋਂ ਯੂਰਪ ਦੇ ਕਈ ਹਿੱਸਿਆਂ ’ਚ ਬਿਸ਼ਪ ਅਤੇ ਹੋਰ ਕੈਥੋਲਿਕ ਸੀਨੀਅਰਾਂ ਨੇ ਜਾਂ ਤਾਂ ਪਾਦਰੀ ਸੈਕਸ ਸ਼ੋਸ਼ਣ ਦੇ ਇਸ ਤੱਥ ਤੋਂ ਨਾਂਹ ਕਰਨਾ ਜਾਰੀ ਰੱਖਿਆ ਅਤੇ ਜਾਂ ਉਹ ਸਮੱਸਿਆ ਨੂੰ ਘੱਟ ਕਰ ਕੇ ਦੱਸਣ ’ਤੇ ਜ਼ੋਰ ਦੇ ਰਹੇ ਸਨ।
ਪੁਰਤਗਾਲੀ ਬਿਸ਼ਪ ਸੰਮੇਲਨ ਦੇ ਮੁਖੀ ਬਿਸ਼ਪ ਜੋਸ ਓਰਨੇਲਸ ਦੇ ਅਨੁਸਾਰ, ‘‘ਅਸੀਂ ਅਜਿਹੀਆਂ ਚੀਜ਼ਾਂ ਦੇਖੀਆਂ ਤੇ ਸੁਣੀਆਂ ਹਨ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਅਤੇ ਇਨ੍ਹਾਂ ਤੋਂ ਪਾਰ ਪਾਉਣਾ ਸੌਖਾ ਨਹੀਂ ਹੋਵੇਗਾ।’’ ਪੈਨਲ ਪੀੜਤਾਂ ਦੇ ਨਾਂ, ਘਟੀਆ ਸਲੂਕ ਕਰਨ ਵਾਲਿਆਂ ਦੀ ਪਛਾਣ ਜਾਂ ਉਨ੍ਹਾਂ ਥਾਵਾਂ ਨੂੰ ਪ੍ਰਕਾਸ਼ਿਤ ਨਹੀਂ ਕਰ ਰਿਹਾ ਹੈ ਜਿੱਥੇ ਘਟੀਆ ਸਲੂਕ ਕੀਤਾ ਗਿਆ ਪਰ ਇਸ ਪੈਨਲ ਵੱਲੋਂ ਇਸ ਮਹੀਨੇ ਦੇ ਅਖੀਰ ਤੱਕ ਬਿਸ਼ਪਾਂ ਨੂੰ ਉਨ੍ਹਾਂ ਦੁਰਾਚਾਰੀਆਂ ਨੂੰ ਸੂਚੀ ਭੇਜਣੀ ਹੈ ਜੋ ਅਜੇ ਤੱਕ ਚਰਚ ’ਚ ਸਰਗਰਮ ਹਨ। ਹਾਲਾਂਕਿ ਚਰਚ ’ਚ ਪ੍ਰਵਾਨਿਤ (ਕਨਫੈਸ਼ਨ) ਦਾ ਸੰਸਕਾਰ ਹੈ ਤਾਂ ਕਿ ਆਪਣੇ ਭੈਣ-ਭਰਾਵਾਂ ਦੇ ਵਿਰੁੱਧ ਕੀਤੇ ਗਏ ਅਪਰਾਧਾਂ ਲਈ ਮੁਆਫੀ ਮੰਗੀ ਜਾ ਸਕੇ ਪਰ ਉਕਤ ਮਾਮਲਿਆਂ ’ਤੇ ਇਹ ਲਾਗੂ ਹੋਵੇ ਜਾਂ ਨਹੀਂ ਇਹ ਚਰਚਾ ਦਾ ਵਿਸ਼ਾ ਹੈ। ਚਰਚ ’ਚ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਲੜੀ ’ਚ ਇਹ ਨਵਾਂ ਹੈ। ਯਕੀਨਨ ਹੀ ਅਜਿਹੀਆਂ ਘਟਨਾਵਾਂ ਨਾਲ ਸੰਤ ਸਮਾਜ ਦੀ ਬਦਨਾਮੀ ਹੋ ਰਹੀ ਹੈ। ਇਸ ਲਈ ਇਸ ਤਰ੍ਹਾਂ ਦੀਆਂ ਬੁਰਾਈਆਂ ਰੋਕਣ ਲਈ ਸਾਰੇ ਧਰਮਾਂ ਦੇ ਧਰਮ ਗੁਰੂਆਂ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ।
-ਵਿਜੇ ਕੁਮਾਰ
ਨਹੀਂ ਰੁਕ ਰਿਹਾ - ‘ਰਿਸ਼ਵਤਖੋਰੀ ਦਾ ਸਿਲਸਿਲਾ’ ‘ਮਰਜ਼ ਬੜਤਾ ਹੀ ਗਯਾ, ਜੂੰ-ਜੂੰ ਦਵਾ ਕੀ’
NEXT STORY