ਚੌਧਰੀ ਚਰਨ ਸਿੰਘ ਨੂੰ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦਾ ਐਲਾਨ 18ਵੀਂ ਲੋਕ ਸਭਾ ਦੀਆਂ ਚੋਣਾਂ ਤੋਂ ਠੀਕ ਪਹਿਲਾਂ ਅਤੇ ਭਾਜਪਾ-ਰਾਲੌਦ ਗੱਠਜੋੜ ਦੀਆਂ ਚਰਚਾਵਾਂ ਦਰਮਿਆਨ ਦਿੱਤੇ ਜਾਣ ਨਾਲ ਇਸ ਦੇ ਸਿਆਸੀ ਅਰਥ ਕੱਢੇ ਹੀ ਜਾਣਗੇ ਪਰ ਉਹ ਆਜ਼ਾਦ ਭਾਰਤ ਦੇ ਇਸ ਸਭ ਤੋਂ ਵੱਡੇ ਕਿਸਾਨ ਆਗੂ ਅਤੇ ਗੈਰ-ਕਾਂਗਰਸਵਾਦ ਦੇ ਮਾਸਟਰ ਨਾਲ ਅਨਿਆਂ ਹੋਵੇਗਾ। ਉਂਝ ਸੱਚ ਇਹ ਹੈ ਕਿ ਚਰਨ ਸਿੰਘ ਨਾਲ ਨਿਆਂ ਜੀਵਨਕਾਲ ਦੌਰਾਨ ਵੀ ਨਹੀਂ ਕੀਤਾ ਗਿਆ।
ਖਾਸ ਕਰ ਕੇ ਭਾਰਤ ਦਾ ਰਾਸ਼ਟਰੀ ਮੀਡੀਆ ਉਨ੍ਹਾਂ ਨੂੰ ਪੇਂਡੂ ਪਿਛੋਕੜ ਵਾਲਾ ‘ਜ਼ਿੱਦੀ ਜਾਟ ਆਗੂ’ ਕਹਿ ਕੇ ਘਟਾ ਕੇ ਮੁਲਾਂਕਣ ਕਰਦਾ ਰਿਹਾ। ਬੇਸ਼ੱਕ ਆਪਣੇ ਸਿਧਾਂਤਾਂ ਪ੍ਰਤੀ ਉਹ ਪੱਕੇ ਸਨ ਪਰ ਉਨ੍ਹਾਂ ਦੀ ਸੋਚ ਤੇ ਵਿਹਾਰ ਬੇਹੱਦ ਉਦਾਰ ਸਨ। ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ’ਚ ਹੀ ਪ੍ਰਭਾਵੀ ਜਾਟ ਗਿਣਤੀ ਦੇ ਜ਼ੋਰ ’ਤੇ ਉਹ ਸਿਆਸੀ ਜਨ ਆਧਾਰ ਖੜ੍ਹਾ ਹੋ ਹੀ ਨਹੀਂ ਸਕਦਾ ਜਿਸ ਦੇ ਜ਼ੋਰ ’ਤੇ ਚਰਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੁੰਚ ਸਕਦੇ।
ਹਾਂ, ਉਨ੍ਹਾਂ ਨੇ ਖੇਤੀ-ਕਿਸਾਨੀ ਨਾਲ ਜੁੜੀਆਂ ਜਾਤੀਆਂ ਨੂੰ ਨਾਲ ਲੈ ਕੇ ਇਕ ਵੱਡਾ ਸਿਆਸੀ ਜਨ ਆਧਾਰ ਜ਼ਰੂਰ ਤਿਆਰ ਕੀਤਾ, ਜਿਸ ਨੂੰ ਕੁਝ ਲੋਕਾਂ ਨੇ ਅਜਗਰ (ਅਹੀਰ, ਜਾਟ, ਗੁਰਜਰ, ਰਾਜਪੂਤ) ਨਾਂ ਦਿੱਤਾ। ਬੇਸ਼ੱਕ ਉਸ ਸਮਾਜਿਕ-ਸਿਆਸੀ ਗੱਠਜੋੜ ’ਚ ਮੁਸਲਮਾਨ ਵੀ ਸ਼ਾਮਲ ਹੋਏ ਅਤੇ ਉੱਤਰ ਭਾਰਤ ਦੇ ਕਈ ਸੂਬਿਆਂ ’ਚ ਉਹ ਜੇਤੂ ਸਮੀਕਰਨ ਬਣ ਕੇ ਉਭਰੇ ਪਰ ਉਸ ਦੇ ਸਭ ਦੇ ਮੂਲ ’ਚ ਚਰਨ ਸਿੰਘ ਦੀ ਬਦਲਵੀਂ ਸਿਆਸਤ ਦੀ ਦੂਰਗਾਮੀ ਸੋਚ ਕੰਮ ਕਰ ਰਹੀ ਸੀ।
ਉਸ ਬਦਲਵੀਂ ਸਿਆਸੀ ਸੋਚ ਦਾ ਪਹਿਲਾ ਸਪੱਸ਼ਟ ਸੰਕੇਤ ਸੀ ਕਾਂਗਰਸ ਦੇ 1959 ਦੇ ਨਾਗਪੁਰ ਸੈਸ਼ਨ ’ਚ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਹਿਕਾਰੀ ਖੇਤੀ ਦੇ ਪ੍ਰਸਤਾਵ ਦਾ ਜ਼ੋਰਦਾਰ ਵਿਰੋਧ। ਅਟੱਲ ਦਲੀਲਾਂ ਦੇ ਨਾਲ ਕੀਤਾ ਗਿਆ ਉਹ ਵਿਰੋਧ ਅਸਲ ’ਚ ਵੱਡਾ ਸਿਆਸੀ ਜੋਖਮ ਵੀ ਸੀ। ਮੌਜੂਦਾ ਸਿਆਸਤ ’ਚ ਇਹ ਕਲਪਨਾ ਕਰਨੀ ਵੀ ਮੁਸ਼ਕਲ ਹੈ ਕਿ ਕੋਈ ਆਗੂ ਦੇਸ਼-ਸਮਾਜ ਦੇ ਭਵਿੱਖ ਦੀ ਚਿੰਤਾ ’ਚ ਆਪਣਾ ਸਿਆਸੀ ਭਵਿੱਖ ਦਾਅ ’ਤੇ ਲਾ ਦੇਵੇ।
ਉਦੋਂ ਕਾਂਗਰਸ ’ਚ ਪ੍ਰਧਾਨ ਮੰਤਰੀ ਨਹਿਰੂ ਦੀ ਤੂਤੀ ਬੋਲਦੀ ਸੀ। ਨਹਿਰੂ ਨਾਲ ਅਸਹਿਮਤੀ ਦਾ ਅਰਥ ਸੀ, ਕਾਂਗਰਸ ’ਚ ਆਪਣੇ ਸਿਆਸੀ ਭਵਿੱਖ ’ਤੇ ਪੂਰਨ ਰੋਕ ਲਾ ਦੇਣੀ। ਨਹਿਰੂ ਦੀ ਜੈ-ਜੈਕਾਰ ’ਚ ਹੀ ਆਪਣਾ ਭਵਿੱਖ ਦੇਖਣ ਵਾਲੇ ਕਾਂਗਰਸੀਆਂ ਦੀ ਉੱਚੀ ਧੁਨੀ ਵਿਚਾਲੇ ਚਰਨ ਸਿੰਘ ਨੇ ਕਿਹਾ ਸੀ : ਇਹ ਤਾੜੀਆਂ ਦੱਸਦੀਆਂ ਹਨ ਕਿ ਤੁਸੀਂ ਸਾਰੇ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਪਰ ਤੁਹਾਡੇ ’ਚ ਮੇਰੇ ਵਾਂਗ ਖੁੱਲ੍ਹੇ ਵਿਚਾਰ ਰੱਖਣ ਦਾ ਹੌਸਲਾ ਨਹੀਂ ਹੈ।
ਸਪੱਸ਼ਟ ਹੈ, ਆਪਣੇ ਉਸ ਹੌਸਲੇ ਦੀ ਕੀਮਤ ਚਰਨ ਸਿੰਘ ਨੂੰ ਬਾਅਦ ’ਚ ਕਾਂਗਰਸ ਤੋਂ ਅਸਤੀਫਾ ਦੇ ਕੇ ਚੁਕਾਉਣੀ ਪਈ ਪਰ ਉਹ ਉਨ੍ਹਾਂ ਦੀ ਸਿਆਸੀ ਪਾਰੀ ਦਾ ਅੰਤ ਨਹੀਂ ਸਗੋਂ ਅਜਿਹਾ ਆਗਾਜ਼ ਸਾਬਤ ਹੋਇਆ ਜਿਸ ਨੇ ਦੇਸ਼ ’ਚ ਬਦਲਾਅ ਵਾਲੀ ਬਦਲਵੀਂ ਸਿਆਸਤ ਦੀ ਨੀਂਹ ਰੱਖੀ। 23 ਦਸੰਬਰ, 1902 ਨੂੰ ਜਨਮੇ ਅਤੇ 29 ਮਈ, 1987 ਨੂੰ ਜਹਾਨੋਂ ਰੁਖਸਤ ਹੋਏ ਚੌਧਰੀ ਚਰਨ ਸਿੰਘ ਨੇ ਦਿਹਾਤੀ ਅਰਥਵਿਵਸਥਾ ਨੂੰ ਕੇਂਦਰ ’ਚ ਰੱਖਦੇ ਹੋਏ ਜਿਸ ਲੋਕਦਲੀ-ਸਮਾਜਵਾਦੀ ਸਿਆਸਤ ਦੀ ਨੀਂਹ ਰੱਖੀ, ਉਹ ਲਗਭਗ 3 ਦਹਾਕੇ ਤੱਕ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਓਡਿਸ਼ਾ ’ਚ ਗੈਰ-ਕਾਂਗਰਸਵਾਦ ਦੀ ਸਿਆਸਤ ਦਾ ਆਧਾਰ ਰਹੀ।
ਚਰਨ ਸਿੰਘ ਦੀ ਸਮਝ ’ਤੇ ਸਵਾਲ ਉਠਾਉਣ ਵਾਲੇ ਅੰਗ੍ਰੇਜ਼ੀ ਲੋਕਾਂ ਨੇ ਸ਼ਾਇਦ ਉਨ੍ਹਾਂ ਦੀ ਅੰਗ੍ਰੇਜ਼ੀ ’ਚ ਹੀ ਲਿਖੀ ਇੰਡੀਆਜ਼ ਇਕਨਾਮਿਕ ਪਾਲਿਸੀ ਸਮੇਤ ਸ਼ਿਸ਼ਟਾਚਾਰ ਆਦਿ ’ਤੇ ਮਿਲਦੀਆਂ ਕਈ ਪੁਸਤਕਾਂ ’ਚੋਂ ਕੋਈ ਵੀ ਨਹੀਂ ਪੜ੍ਹੀ ਹੋਵੇਗੀ। ਅਸਲ ’ਚ ਖੇਤੀ ਪ੍ਰਧਾਨ ਭਾਰਤ ਦੀ ਜ਼ਮੀਨੀ ਅਰਥਵਿਵਸਥਾ ਦੀ ਸਹੀ ਸਮਝ ਮਹਾਤਮਾ ਗਾਂਧੀ ਪਿੱਛੋਂ ਸਰਦਾਰ ਵੱਲਭਭਾਈ ਪਟੇਲ ਅਤੇ ਚੌਧਰੀ ਚਰਨ ਸਿੰਘ ’ਚ ਹੀ ਦਿਸੀ।
ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਵਜੋਂ ਚਰਨ ਸਿੰਘ ਨੂੰ ਲੰਬਾ ਕਾਰਜਕਾਲ ਨਹੀਂ ਮਿਲਿਆ ਪਰ ਉੱਤਰ ਪ੍ਰਦੇਸ਼ ’ਚ ਉਨ੍ਹਾਂ ਨੇ ਜਿਹੜੇ ਭੂਮੀ ਸੁਧਾਰਾਂ ਦੀ ਪਹਿਲ ਕੀਤੀ, ਉਨ੍ਹਾਂ ਤੋਂ ਪ੍ਰੇਰਿਤ ਖੱਬੇਪੱਖੀ ਮੋਰਚਾ ਪੱਛਮੀ ਬੰਗਾਲ ’ਚ ਸਾਢੇ 3 ਦਹਾਕੇ ਤੱਕ ਸ਼ਾਸਨ ਕਰਨ ’ਚ ਸਫਲ ਰਿਹਾ। ਚੌਧਰੀ ਚਰਨ ਸਿੰਘ ਦਾ ਸਭ ਤੋਂ ਵੱਡਾ ਸਿਆਸੀ ਯੋਗਦਾਨ ਇਹ ਰਿਹਾ ਕਿ ਨਹਿਰੂ ਦੀ ਚੋਟੀ ਦੀ ਪ੍ਰਸਿੱਧੀ ਅਤੇ ਕਾਂਗਰਸ ਦੇ ਰਾਸ਼ਟਰਵਿਆਪੀ ਗਲਬੇ ਦੇ ਦੌਰ ’ਚ ਉਨ੍ਹਾਂ ਨੇ ਬਦਲਵੀਂ ਸਿਆਸਤ ਦੀ ਆਸ ਹੀ ਨਹੀਂ ਜਗਾਈ ਸਗੋਂ ਉਸ ਨੂੰ ਕੇਂਦਰੀ ਸੱਤਾ-ਤਬਦੀਲੀ ਦੇ ਬਦਲਵੇਂ ਮੁਕਾਮ ਤੱਕ ਪਹੁੰਚਾਇਆ ਵੀ।
ਨਵੀਂ ਪੀੜ੍ਹੀ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਚਰਨ ਸਿੰਘ ਸਿਰਫ ਸਿਆਸਤਦਾਨ ਨਹੀਂ ਸਗੋਂ ਵੱਡੇ ਖੇਤੀ ਵਿਗਿਆਨਕ ਅਤੇ ਸਮਾਜ ਸੁਧਾਰਕ ਵੀ ਸਨ। ਇਹ ਵੀ ਕਿ ਸਮਾਜ ਸੁਧਾਰ ਉਨ੍ਹਾਂ ਲਈ ਪ੍ਰਵਚਨ ਨਹੀਂ ਸਗੋਂ ਜ਼ਿੰਦਗੀ ’ਚ ਵਿਹਾਰ ਦਾ ਵਿਸ਼ਾ ਸੀ। ਆਰੀਆ ਸਮਾਜ ਦੇ ਪੈਰੋਕਾਰ ਚਰਨ ਸਿੰਘ ਦੇਸ਼ ਦੇ ਚੋਟੀ ਦੇ ਅਹੁਦੇ ਤੱਕ ਪਹੁੰਚ ਕੇ ਵੀ ਸਾਦਗੀ ਦੀ ਮਿਸਾਲ ਬਣੇ ਰਹੇ।
ਸ਼ਾਸਨ ਵਿਵਸਥਾ ਦਾ ਹਾਲ ਜਾਣਨ ਲਈ ਭੇਸ ਬਦਲ ਕੇ ਸਰਕਾਰੀ ਦਫਤਰਾਂ ’ਚ ਜਾਣ ਤੇ ਸ਼ਿਕਾਇਤ ਮਿਲਣ ’ਤੇ ਚੋਣ ਸਭਾ ਦੇ ਮੰਚ ਤੋਂ ਹੀ ਉਮੀਦਵਾਰ ਬਦਲਣ ਦਾ ਐਲਾਨ ਵਰਗੀਆਂ ਗੱਲਾਂ ਅੱਜ ਫਿਲਮੀ ਕਥਾ ਵਰਗੀਆਂ ਲੱਗ ਸਕਦੀਆਂ ਹਨ ਪਰ ਇਹੀ ਚੌਧਰੀ ਸਾਹਿਬ ਦੀ ਸਿਆਸੀ ਸ਼ੈਲੀ ਸੀ। ਕਦੀ ਕਿਸੇ ਆਪਣੇ ਦੇ ਵੀ ਗਲਤ ਕੰਮ ਦਾ ਬਚਾਅ ਨਹੀਂ ਕੀਤਾ ਤਾਂ ਕਿਸੇ ਪਰਾਏ ਦੇ ਚੰਗੇ ਕੰਮ ਦੀ ਸਿਫਤ ਕਰਨ ’ਚ ਵੀ ਕਦੀ ਕੰਜੂਸੀ ਨਹੀਂ ਕੀਤੀ। ਅਜਿਹੀ ਵਿਰਾਟ ਸ਼ਖ਼ਸੀਅਤ ਅਤੇ ਰਚਨਾਤਮਕਤਾ ਵਾਲੇ ਲੋਕ ਆਗੂ ਦੀ ਵਿਰਾਸਤ ਨੂੰ ਉਨ੍ਹਾਂ ਦੇ ਵਾਰਿਸ ਵਧਾਉਣਾ ਤਾਂ ਦੂਰ, ਸੰਭਾਲ ਤੱਕ ਨਹੀਂ ਸਕੇ। ਚਰਨ ਸਿੰਘ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਨੂਰਪੁਰ ਤੋਂ ਸੰਘਰਸ਼ਮਈ ਸਿਆਸੀ ਸਫਰ ਸ਼ੁਰੂ ਕਰ ਕੇ ਦੇਸ਼ ਦੀ ਸੱਤਾ ਹਾਸਲ ਕੀਤੀ ਸੀ ਪਰ ਹੁਣ ਉਨ੍ਹਾਂ ਦੀ ਵਿਸ਼ਾਲ ਵਿਰਾਸਤ ਮੇਰਠ ਦੇ ਆਸ-ਪਾਸ ਤੱਕ ਸਿਮਟਦੀ ਨਜ਼ਰ ਆ ਰਹੀ ਹੈ।
ਬੇਸ਼ੱਕ ਇਸ ਦੇ ਬਹੁਤ ਸਾਰੇ ਕਾਰਨ ਰਹੇ ਹੋਣਗੇ। ਅਜੀਤ ਸਿੰਘ ਦੇ ਦਿਹਾਂਤ ਪਿੱਛੋਂ ਜਯੰਤ ਚੌਧਰੀ ਹੀ ਚਰਨ ਸਿੰਘ ਦੀ ਸਿਆਸੀ ਵਿਰਾਸਤ ਸੰਭਾਲ ਰਹੇ ਹਨ। ਉਨ੍ਹਾਂ ਨੂੰ ਅਜਿਹੀ ਪ੍ਰਾਸੰਗਿਕ ਵਿਚਾਰਧਾਰਾ ਅਤੇ ਪ੍ਰਤੀਬੱਧ ਜਨ ਆਧਾਰ ਦੇ ਖੋਰੇ ’ਤੇ ਚਿੰਤਨ-ਮਨਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਉਨ੍ਹਾਂ ਦੀ ਆਪਣੇ ਦਾਦਾ ਪ੍ਰਤੀ ਹੀ ਨਹੀਂ, ਦੇਸ਼ ਅਤੇ ਸਮਾਜ ਪ੍ਰਤੀ ਵੀ ਜ਼ਿੰਮੇਵਾਰੀ ਹੈ।
ਤ੍ਰਾਸਦੀ ਇਹ ਵੀ ਹੈ ਕਿ ਇਹ ਸੁੰਗੜਨ ਅਜਿਹੇ ਸਮੇਂ ਹੋਈ ਹੈ ਜਦੋਂ ਸ਼ਾਇਦ ਉਨ੍ਹਾਂ ਦੀ ਵਿਚਾਰਧਾਰਾ ਦੀ ਸਭ ਤੋਂ ਜ਼ਿਆਦਾ ਲੋੜ ਹੈ। ਦੇਸ਼ ਅਤੇ ਸਮਾਜ ਦੇ ਵਿਕਾਸ ’ਚ ਯੋਗਦਾਨ ਦੇਣ ਵਾਲਿਆਂ ਦਾ ਸਨਮਾਨ ਚੰਗੀ ਗੱਲ ਹੈ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲਣਾ।
ਰਾਜ ਕੁਮਾਰ ਸਿੰਘ
ਅੱਤਵਾਦੀਆਂ ਦੀ ਸ਼ਰਮਨਾਕ ਹਾਰ: ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਨ ਜਾਂ ਇਮਰਾਨ ਖਾਨ, ਪਾਕਿ ਤੇ ਭਾਰਤ ਦੋਵਾਂ ਲਈ ਚੰਗੇ
NEXT STORY