3 ਮਈ, 2023 ਦੇ ਇਕ ਫੈਸਲੇ ’ਚ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇਣ ਲਈ ਮਣੀਪੁਰ ਹਾਈ ਕੋਰਟ ਦੀ ਸਿਫਾਰਸ਼ ਵਿਰੁੱਧ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਪਿੱਛੋਂ ‘ਮੈਤੇਈ’ ਅਤੇ ‘ਕੁਕੀ-ਜੋ’ ਭਾਈਚਾਰਿਆਂ ਵਿਚ ਸ਼ੁਰੂ ਹੋਈ ਜਾਤੀ ਹਿੰਸਾ 607 ਤੋਂ ਵੱਧ ਦਿਨਾਂ ਪਿੱਛੋਂ ਵੀ ਜਾਰੀ ਹੈ। ਇਸ ਦੌਰਾਨ ਘੱਟ ਤੋਂ ਘੱਟ 260 ਲੋਕਾਂ ਦੀ ਮੌਤ ਤੋਂ ਇਲਾਵਾ 2000 ਲੋਕ ਜ਼ਖ਼ਮੀ ਹੋ ਚੁੱਕੇ ਹਨ।
ਬੀਤੀ 1 ਅਗਸਤ, 2024 ਨੂੰ ‘ਕੁਕੀ’ ਅਤੇ ‘ਮੈਤੇਈ’ ਧੜਿਆਂ ਵਿਚ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕੀਤੇ ਜਾਣ ਦੇ ਅਗਲੇ ਹੀ ਦਿਨ ਇਹ ਸਮਝੌਤਾ ਟੁੱਟ ਗਿਆ। ਫਿਰ 15 ਅਕਤੂਬਰ, 2024 ਨੂੰ ਦਿੱਲੀ ਵਿਚ ਮੈਤੇਈ ਅਤੇ ਕੁਕੀ ਵਿਧਾਇਕਾਂ ਦੀ ਮੀਟਿੰਗ ਵਿਚ ਭਵਿੱਖ ਵਿਚ ਹਿੰਸਕ ਘਟਨਾਵਾਂ ਨਾ ਹੋਣ ਦਾ ਭਰੋਸਾ ਦਿੱਤਾ ਗਿਆ, ਪਰ ਅਜਿਹਾ ਹੋਇਆ ਨਹੀਂ।
ਇਸ ਦਰਮਿਆਨ 17 ਅਕਤੂਬਰ, 2024 ਨੂੰ ਮਣੀਪੁਰ ਵਿਚ ਭਾਜਪਾ ਦੇ 19 ਵਿਧਾਇਕ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ‘ਐੱਨ. ਬੀਰੇਨ ਸਿੰਘ’ ਨੂੰ ਹਟਾਉਣ ਦੀ ਮੰਗ ਵੀ ਕਰ ਚੁੱਕੇ ਹਨ। ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਮਣੀਪੁਰ ਵਿਚ ਹਿੰਸਾ ਲਗਾਤਾਰ ਜਾਰੀ ਹੈ ਅਤੇ ਹਾਲ ਹੀ ਵਿਚ ਸਾਹਮਣੇ ਆਈਆਂ ਚੰਦ ਘਟਨਾਵਾਂ ਹੇਠਾਂ ਦਰਜ ਹਨ :
* 15 ਸਤੰਬਰ ਨੂੰ ‘ਉਖਰੂਲ’ ਸ਼ਹਿਰ ਵਿਚ ਰਾਤ ਨੂੰ ਟਰਾਂਸਪੋਰਟ ਮੰਤਰੀ ਖਸ਼ਿਮ ਵਸ਼ੁਮ ਦੇ ਘਰ ਵਿਚ ਬੰਬ ਧਮਾਕੇ ਨਾਲ ਭਾਰੀ ਹਾਨੀ ਪੁੱਜੀ।
* 30 ਅਕਤੂਬਰ ਨੂੰ ‘ਇੰਫਾਲ ਪੱਛਮੀ’ ਦੇ ਪਿੰਡ ਵਿਚ ਧਮਾਕੇ ਨਾਲ ਸਾਰਾ ਪਿੰਡ ਦਹਿਲ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਡ੍ਰੋਨ ਨਾਲ ਕੀਤਾ ਗਿਆ।
* 16 ਨਵੰਬਰ ਨੂੰ ਜਦ ਯੂ ਦੇ ਵਿਧਾਇਕ ਕੇ. ਜਾਇਕਿਸ਼ਨ ਸਿੰਘ ਦੀ ਰਿਹਾਇਸ਼ ’ਤੇ ਭੰਨ-ਤੋੜ ਕਰਨ ਵਾਲੀ ਭੀੜ ਨੇ 18 ਲੱਖ ਰੁਪਏ ਨਕਦ ਅਤੇ 1.5 ਕਰੋੜ ਰੁਪਏ ਦੇ ਗਹਿਣੇ ਲੁੱਟੇ।
*24 ਦਸੰਬਰ ਨੂੰ ਸੁਰੱਖਿਆ ਬਲਾਂ ਨੇ ‘ਚੁਰਾਚਾਂਦਪੁਰ’ ਜ਼ਿਲੇ ਦੇ ‘ਤੇਈਜਾਂਗਪੁਰ’ ਪਿੰਡ ਵਿਚ 3 ਦੇਸੀ ਰਾਕੇਟ, ਇਕ ਰਾਈਫਲ ਅਤੇ ਮੈਗਜ਼ੀਨ, 4 ਪਿਸਤੌਲ ਅਤੇ ਮੈਗਜ਼ੀਨ, 6 ਦੇਸੀ ਬੰਬ, ਘੱਟ ਤੀਬਰਤਾ ਵਾਲੇ 45 ਧਮਾਕਾਖੇਜ਼ ਪਦਾਰਥ ਅਤੇ ਹੋਰ ਕਾਰਤੂਸ ਬਰਾਮਦ ਕੀਤੇ।
*25 ਦਸੰਬਰ ਨੂੰ ਕ੍ਰਿਸਮਸ ਦੇ ਦਿਨ ਅੱਤਵਾਦੀਆਂ ਨੇ ਰਾਜਧਾਨੀ ‘ਇੰਫਾਲ’ ਨਾਲ ਲੱਗਦੇ ਪਹਾੜੀ ਜ਼ਿਲਿਆਂ ਦੇ ਕਈ ਪਿੰਡਾਂ ਵਿਚ ਭਾਰੀ ਗੋਲੀਬਾਰੀ ਕੀਤੀ।
*25 ਦਸੰਬਰ ਨੂੰ ਹੀ ਮਣੀਪੁਰ ਪੁਲਸ ਅਤੇ ਅਸਮ ਰਾਈਫਲਜ਼ ਦੇ ਜਵਾਨਾਂ ਨੇ ‘ਚੁਰਾਚਾਂਦਪੁਰ’ ਜ਼ਿਲੇ ਵਿਚ ਇਕ ਪੁਲ ਹੇਠਾਂ 3.6 ਕਿਲੋ ਧਮਾਕਾਖੇਜ਼ ਪਦਾਰਥ, ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.), ਡੈਟੋਨੇਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ।
*27 ਦਸੰਬਰ ਨੂੰ ‘ਪੂਰਬੀ ਇੰਫਾਲ’ ਜ਼ਿਲੇ ਦੇ 2 ਪਿੰਡਾਂ ਵਿਚ ਆਧੁਨਿਕ ਹਥਿਆਰ ਅਤੇ ਬੰਬਾਂ ਨਾਲ ਲੈਸ ਪਹਾੜੀ ਇਲਾਕਿਆਂ ਦੇ ਹਥਿਆਰਬੰਦ ਲੋਕਾਂ ਵੱਲੋਂ ਗੋਲੀਬਾਰੀ ਅਤੇ ਬੰਬਾਂ ਨਾਲ ਹਮਲੇ ਦੇ ਨਤੀਜੇ ਵਜੋਂ ਇਕ ਪੁਲਸ ਮੁਲਾਜ਼ਮ ਸਮੇਤ 2 ਲੋਕ ਜ਼ਖ਼ਮੀ ਹੋ ਗਏ।
* 27 ਦਸੰਬਰ ਨੂੰ ਹੀ ‘ਇੰਫਾਲ ਪੱਛਮੀ’ ਦੇ ‘ਚਿੰਗਮੇਈਰੋਂਗ’ ਇਲਾਕੇ ਵਿਚ ਇਕ ਡਾਕਟਰ ਦੇ ਘਰ ’ਤੇ ਹੱਥਗੋਲਾ ਸੁੱਟਿਆ ਗਿਆ।
* 28 ਦਸੰਬਰ ਨੂੰ ਇੰਫਾਲ ਪੂਰਬੀ ਵਿਚ ਹੀ ‘ਕੁਕੀ’ ਅੱਤਵਾਦੀਆਂ ਵੱਲੋਂ ‘ਥਮਨਾਪੋਕਪੀ’, ‘ਸ਼ਾਂਤੀਖੋਂਗਬਲ’, ‘ਸਨਾਸਾਬੀ’ ਅਤੇ ‘ਸਬੁੰਗਖੋਕ’ ਇਲਾਕਿਆਂ ਵਿਚ ਗੋਲੀਬਾਰੀ ਦੇ ਨਤੀਜੇ ਵਜੋਂ ਇਕ ਪੱਤਰਕਾਰ ਸਮੇਤ 4 ਲੋਕ ਜ਼ਖ਼ਮੀ ਹੋ ਗਏ।
ਅਜਿਹੀਆਂ ਘਟਨਾਵਾਂ ਦਰਮਿਆਨ ਮਣੀਪੁਰ ਵਿਚ ਗੁਆਂਢੀ ਮਿਆਂਮਾਰ ਤੋਂ ਸਮੱਗਲਿੰਗ ਰਾਹੀਂ ਲਿਆਂਦੇ ਗਏ ਅਤਿ-ਆਧੁਨਿਕ ਹਥਿਆਰ ਵੀ ਬਰਾਮਦ ਹੋ ਰਹੇ ਹਨ। ਸੁਰੱਖਿਆ ਬਲਾਂ ਨੇ 13 ਦਸੰਬਰ ਨੂੰ 7 ਪਿਸਤੌਲ ਬਰਾਮਦ ਕੀਤੇ, ਜਿਨ੍ਹਾਂ ’ਤੇ ‘ਮੇਡ ਇਨ ਬਰਮਾ’ ਲਿਖਿਆ ਹੋਇਆ ਸੀ। ਇਨ੍ਹਾਂ ਵਿਚ 5 ਮਿਆਂਮਾਰ ਫੌਜ ਦੀਆਂ ਐੱਮ. ਏ. 4 ਰਾਈਫਲਾਂ ਅਤੇ ਇਕ ਏ. ਕੇ. 47 ਸ਼ਾਮਲ ਸੀ। ਇਸੇ ਦਿਨ ਅੱਤਵਾਦੀਆਂ ਦੇ ਇਕ ਟਿਕਾਣੇ ਤੋਂ ਅਸਮ ਰਾਈਫਲਜ਼ ਨੇ ਵਿਦੇਸ਼ੀ ‘ਸਟਾਰਲਿੰਕ ਐਂਟੀਨਾ’ ਅਤੇ ‘ਰਾਊਟਰ’ (ਸਿਗਨਲ ਪ੍ਰਾਪਤ ਕਰਨ ਵਾਲਾ ਉਪਕਰਨ) ਬਰਾਮਦ ਕੀਤੇ।
‘ਕੇਂਦਰੀ ਸੁਰੱਖਿਆ ਬਲ’ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਥੇ ਸੁਰੱਖਿਆ ਬਲਾਂ ਵੱਲੋਂ ਬਰਾਮਦ ਦੇਸੀ ਪਿਸਤੌਲਾਂ ਭਾਰਤ ਵਿਚ ਨਿਰਮਿਤ ਨਹੀਂ ਹਨ। ਅਜੇ ਪਿਛਲੇ ਦਿਨੀਂ ਹੀ ਸੁਰੱਖਿਆ ਬਲਾਂ ਨੇ ਮਿਆਂਮਾਰ ਵਿਚ ਬਣੀ ਬੁਲੇਟ ਪਰੂਫ ਜੈਕੇਟ ਅਤੇ ਫੌਜੀ ਵਰਦੀ ਵੀ ਬਰਾਮਦ ਕੀਤੀ ਸੀ।
ਇਕ ਹੋਰ ਖਬਰ ਅਨੁਸਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਦੇਸ਼ ਵਿਚ ਅਸ਼ਾਂਤੀ ਫੈਲਾਉਣ ਲਈ ਹੁਣ ਉੱਤਰ-ਪੂਰਬੀ ਸੂਬਿਆਂ ਵਿਚ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਲਈ ਪਾਕਿਸਤਾਨ ਤੋਂ ਸਮੱਗਲਿੰਗ ਰਾਹੀਂ ਅਤਿ-ਆਧੁਨਿਕ ਹਥਿਆਰ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਰਸਤੇ ਉੱਤਰ-ਪੂਰਬ ਦੇ ਰਾਜਾਂ ਵਿਚ ਪਹੁੰਚਾਏ ਜਾ ਰਹੇ ਹਨ।
ਚੀਨ ਅਤੇ ਮਿਆਂਮਾਰ ਦੀ ਸਰਹੱਦ ’ਤੇ ਸਥਿਤ ਹੋਣ ਕਾਰਨ ਰਣਨੀਤਿਕ ਤੌਰ ’ਤੇ ਅਹਿਮ ਮਣੀਪੁਰ ਵਰਗੇ ਰਾਜ ਵਿਚ ਇੰਨੇ ਲੰਮੇ ਸਮੇਂ ਤੋਂ ਜਾਰੀ ਹਿੰਸਾ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ।
ਹਾਲਾਂਕਿ ਸੁਰੱਖਿਆ ਬਲਾਂ ਵੱਲੋਂ ਰਾਜ ਵਿਚ ਸਰਗਰਮ ਤੱਤਾਂ ਵਿਰੁੱਧ ਕਾਰਵਾਈ ਜਾਰੀ ਹੈ ਪਰ ਇਸ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ ਕਿਉਂਕਿ ਜਿੰਨੀ ਜਲਦੀ ਹੋ ਸਕੇ, ਇਸਦਾ ਹੱਲ ਹੋਣਾ ਹੀ ਦੇਸ਼ ਅਤੇ ਇਸ ਅਸ਼ਾਂਤ ਰਾਜ ਦੇ ਹਿੱਤ ਵਿਚ ਹੈ।
-ਵਿਜੇ ਕੁਮਾਰ
ਦੂਜਿਆਂ ਦੀਆਂ ਸਮੱਸਿਆਵਾਂ ਦੀ ਅਣਦੇਖੀ ਆਖਿਰਕਾਰ ਆਪਣੀ ਸਮੱਸਿਆ ਬਣ ਸਕਦੀ ਹੈ
NEXT STORY