ਦੁਨੀਆ ’ਚ ਪਹਿਲੀ ਜਨਵਰੀ ਨੂੰ ਨਵਾਂ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਨਵੇਂ ਸਾਲ ਦੀ ਪੂਰਵ ਰਾਤ ਨੂੰ ਹੋਟਲਾਂ ਅਤੇ ਕਲੱਬਾਂ ’ਚ ਨੱਚਣ-ਗਾਉਣ ਦੇ ਪ੍ਰੋਗਰਾਮ ਤਾਂ ਚੱਲਦੇ ਹੀ ਹਨ, ਕੁਝ ਦੇਸ਼ਾਂ ’ਚ ਅਜੀਬ ਤਰੀਕਿਆਂ ਨਾਲ ਵੀ ਇਸ ਦਾ ਸਵਾਗਤ ਕੀਤਾ ਜਾਂਦਾ ਹੈ।
ਮਿਸਾਲ ਦੇ ਤੌਰ ’ਤੇ ‘ਇਕਵਾਡੋਰ’ ’ਚ ਬੁਰੀਆਂ ਆਤਮਾਵਾਂ ਨੂੰ ਦੂਰ ਭਜਾਉਣ ਲਈ ਲੋਕ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਕਾਗਜ਼ ਨਾਲ ਭਰੇ ਬਿਜੂਕੋਂ (ਪੁਤਲੇ) ’ਚ ਅੱਗ ਲਾਉਂਦੇ ਹਨ। ‘ਫਿਲਪੀਨਜ਼’ ’ਚ ਲੋਕ ਸਿੱਕਿਆਂ ਅਤੇ ਧਨ ਦੀ ਪ੍ਰਤੀਨਿਧਤਾ ਕਰਨ ਲਈ ਇਸ ਦਿਨ ਗੋਲ ਚੀਜ਼ਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ।
‘ਡੈੱਨਮਾਰਕ’ ’ਚ 31 ਦਸੰਬਰ ਤੱਕ ਸਾਂਭ ਕੇ ਰੱਖੀ ਕਰਾਕਰੀ ਨੂੰ ਨਵੇਂ ਸਾਲ ’ਤੇ ਘਰ ਦੇ ਬਾਹਰ ਤੋੜਿਆ ਜਾਂਦਾ ਹੈ। ‘ਮੈਕਸੀਕੋ’, ‘ਬੋਲੀਵੀਆ’ ਅਤੇ ‘ਬ੍ਰਾਜ਼ੀਲ’ ਵਰਗੇ ‘ਦੱਖਣੀ ਅਮਰੀਕੀ’ ਦੇਸ਼ਾਂ ’ਚ ਪਿਆਰ ਹਾਸਲ ਕਰਨ ਦੇ ਚਾਹਵਾਨ ਲੋਕ ਲਾਲ, ਧਨ ਹਾਸਲ ਕਰਨ ਲਈ ਲੋਕ ਪੀਲਾ ਅਤੇ ਸ਼ਾਂਤੀ ਹਾਸਲ ਕਰਨ ਦੇ ਚਾਹਵਾਨ ਲੋਕ ਸਫੈਦ ਰੰਗ ਦਾ ਅੰਡਰਵੀਅਰ ਪਹਿਨਦੇ ਹਨ।
ਪਰ ਭਾਰਤ ਦੇ ਪੁਣੇ ’ਚ ‘ਹਾਈ ਸਪਿਰਿਟ ਕੈਫੇ’ ਨਾਂ ਦੀ ਪੱਬ ਦੇ ਸੰਚਾਲਕਾਂ ਨੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਲੰਘਦਿਆਂ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਆਯੋਜਿਤ ਪਾਰਟੀ ਲਈ ਆਪਣੇ ਨਿਯਮਿਤ ਗਾਹਕਾਂ ਨੂੰ ਭੇਜੇ ਸੱਦਾ ਪੱਤਰਾਂ ਨਾਲ ‘ਕੰਡੋਮ’ ਦੇ ਪੈਕੇਟ ਭੇਜ ਦਿੱਤੇ ਜਿਸ ’ਤੇ ਵਿਵਾਦ ਖੜ੍ਹਾ ਹੋਣ ਪਿੱਛੋਂ ਪੁਲਸ ਨੇ ਪੱਬ ਦੇ ਪ੍ਰਬੰਧਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਸ਼ਿਕਾਇਤ ’ਚ ‘ਯੂਥ ਕਾਂਗਰਸ’ ਨੇ ਕਿਹਾ ਹੈ ਕਿ ‘ਅਜਿਹਾ ਕਰ ਕੇ ਪੁਣੇ ਦਾ ਸੱਭਿਆਚਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੀਆਂ ਹਰਕਤਾਂ ਨਾਲ ਨੌਜਵਾਨਾਂ ’ਚ ਗਲਤ ਸੁਨੇਹਾ ਜਾਵੇਗਾ, ਸਮਾਜ ’ਚ ਗਲਤਫਹਿਮੀਆਂ ਅਤੇ ਗਲਤ ਆਦਤਾਂ ਪੈਦਾ ਹੋਣਗੀਆਂ। ਇਸ ਲਈ ਅਜਿਹਾ ਸੱਦਾ ਭੇਜਣ ਵਾਲੇ ਪੱਬ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।’’
ਨਵਾਂ ਸਾਲ ਮਨਾਉਣ ਦਾ ਇਹ ਤਰੀਕਾ ਕਦੇ ਵੀ ਜਾਇਜ਼ ਨਹੀਂ ਹੈ। ਇਸ ਨੂੰ ਦੇਖ ਕੇ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ‘ਇਹ ਕੀ ਕਰ ਰਹੇ ਹੋ, ਇਹ ਕੀ ਹੋ ਰਿਹਾ ਹੈ?’ ਕੀ ਇਹ ਸਾਡਾ ਸੱਭਿਆਚਾਰ ਹੈ? ਪਾਰਟੀ ਦੇ ਸੱਦਾ ਪੱਤਰ ਦੇ ਨਾਲ ਕੰਡੋਮ ਭੇਜਣ ਨਾਲ ਕੀ ਸੁਨੇਹਾ ਜਾਂਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ।
–ਵਿਜੇ ਕੁਮਾਰ
ਸਮਾਧੀ ਸਥਲ : ਜਗ-ਹਸਾਈ ਤੋਂ ਬਚਣ ਨੇਤਾ
NEXT STORY