ਕੇਂਦਰ ਅਤੇ ਸੂਬਾ ਸਰਕਾਰਾਂ ਦੇਸ਼ ਵਿਚ ਪੈਦਾ ਹੋਏ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਕਿੰਨੇ ਹੀ ਦਾਅਵੇ ਕਿਉਂ ਨਾ ਕਰਨ, ਤੱਥ ਇਹ ਹੈ ਕਿ ਭ੍ਰਿਸ਼ਟਾਚਾਰ ’ਤੇ ਨੱਥ ਕੱਸਣੀ ਅੱਜ ਔਖੀ ਜਾਪਦੀ ਹੈ ਅਤੇ ਇਹ ਬੁਰਾਈ ਇੰਨੀ ਵੱਧ ਚੁੱਕੀ ਹੈ ਕਿ ਹੇਠਾਂ ਤੋਂ ਉੱਪਰ ਤੱਕ ਕਈ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਇਸ ਵਿਚ ਸ਼ਾਮਲ ਪਾਏ ਜਾ ਰਹੇ ਹਨ, ਜੋ ਇਸੇ ਮਹੀਨੇ ਦੇ ਸਿਰਫ 13 ਦਿਨਾਂ ਦੀਆਂ ਹੇਠਾਂ ਕੁਝ-ਕੁ ਉਦਾਹਰਣਾਂ ਤੋਂ ਸਪੱਸ਼ਟ ਹੈ :
* 1 ਫਰਵਰੀ ਨੂੰ ਮੌੜ ਮੰਡੀ ਇਲਾਕੇ ਵਿਚ ਪਾਵਰਕਾਮ ਦਾ ਇਕ ਜੂਨੀਅਰ ਇੰਜੀਨੀਅਰ ਟਰਾਂਸਫਾਰਮਰ ਬਦਲਣ ਦੇ ਇਵਜ਼ ਵਿਚ 5,000 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ।
* 2 ਫਰਵਰੀ ਨੂੰ ਐਂਟੀ-ਕੁਰੱਪਸ਼ਨ ਬਿਊਰੋ ਜੰਮੂ ਨੇ ਸਾਬਕਾ ਐਕਸਾਈਜ਼ ਕਮਿਸ਼ਨਰ ਮੁੁਹੰਮਦ ਜਾਵੇਦ ਖਾਨ ਦੇ ਜੰਮੂ, ਗੁਰੂਗ੍ਰਾਮ ਅਤੇ ਨੋਇਡਾ ਸਥਿਤ ਕੰਪਲੈਕਸਾਂ ਵਿਚ ਇਕੱਠਿਆਂ ਛਾਪੇਮਾਰੀ ਕਰ ਕੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲਗਾਇਆ।
* 3 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਦੌਸਾ (ਰਾਜਸਥਾਨ) ਵਿਚ ਇਕ ਐੱਸ. ਪੀ. ਨੂੰ ਜੈਪੁਰ-ਆਗਰਾ ਹਾਈਵੇ ਬਣਾਉਣ ਵਾਲੀਆਂ ਕੰਪਨੀਆਂ ਤੋਂ 38 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ।
* 4 ਫਰਵਰੀ ਨੂੰ ਤਰਨਤਾਰਨ ਪੁਲਸ ਨੇ ਨਸ਼ੇ ਦੇ ਧੰਦੇ ਵਿਚ ਫਸਾਉਣ ਦੀ ਧਮਕੀ ਦੇ ਕੇ ਇਕ ਿਵਅਕਤੀ ਕੋਲੋਂ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਨਾਰਕੋਟਿਕਸ ਸੈੱਲ ਦੇ ਇੰਚਾਰਜ ਅਤੇ ਉਸਦੇ 2 ਸਾਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ।
* 4 ਫਰਵਰੀ ਨੂੰ ਅਹਿਮਦਾਬਾਦ ਵਿਚ ਗੁਜਰਾਤ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਸੂਰਤ ਦੇ ਇਕ ਵਪਾਰੀ ਕੋਲੋਂ ਸਾਢੇ 4 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਸੂਰਤ ਦਿਹਾਤੀ ਪੁਲਸ ਦੇ ਇਕ ਏ. ਐੱਸ. ਆਈ. ‘ਮਹਾਦੇਵ ਸੇਵਾਈਕਰ’ ਨੂੰ ਫੜਿਆ।
* 4 ਫਰਵਰੀ ਨੂੰ ਹੀ ਬਿਹਾਰ ਦੇ ‘ਗਯਾ’ ਵਿਚ 253 ਕਿਲੋ ਗਾਂਜੇ ਨਾਲ ਲੱਦੀ ਪਿਕਅੱਪ ਨਾਲ ਫੜੇ ਗਏ ਗਾਂਜਾ ਸਮੱਗਲਰਾਂ ਨੂੰ ਛੱਡਣ ਲਈ ਐਕਸਾਈਜ਼ ਵਿਭਾਗ ਦੇ ਟ੍ਰੇਨੀ ਸਬ-ਇੰਸਪੈਕਟਰ ਮੁਕੇਸ਼ ਸ਼ਰਮਾ ਅਤੇ 2 ਸਿਪਾਹੀਆਂ ਰਣਜੀਤ ਅਤੇ ਅਵਿਨੇਸ਼ ਨੂੰ 64,000 ਰੁਪਏ ਰਿਸ਼ਵਤ ਲੈਂਦੇ ਹੋਏ ਦਬੋਚਿਆ।
* 9 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ, ਫਗਵਾੜਾ ਦੀ ਬਿਲਡਿੰਗ ਬ੍ਰਾਂਚ ਵਿਚ ਤਾਇਨਾਤ ਇੰਸਪੈਕਟਰ ਪਲਪਰਨੀਤ ਸਿੰਘ ਨੂੰ ਸ਼ਿਕਾਇਤਕਰਤਾ ਕੋਲੋਂ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਫੜਿਆ।
* 9 ਫਰਵਰੀ ਨੂੰ ਹੀ ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਪਾਰਟੀ ਦੇ ਵਿਰੁੱਧ ਜਾਰੀ ਜਾਂਚ ਰੁਕਵਾਉਣ ਦਾ ਬਹਾਨਾ ਬਣਾ ਕੇ 3 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਦੇ ਸੀਨੀਅਰ ਇੰਟੈਲੀਜੈਂਸ ਸਹਾਇਕ ਸਤਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ।
* 9 ਫਰਵਰੀ ਵਾਲੇ ਦਿਨ ਹੀ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਫੜੇ ਗਏ ਘਰੋਟਾ (ਪਠਾਨਕੋਟ) ਪੁਲਸ ਚੌਕੀ ਦੇ ਸਾਬਕਾ ਇੰਚਾਰਜ ਏ. ਐੱਸ. ਆਈ. ਗੋਬਿੰਦ ਪ੍ਰਸਾਦ ਨੂੰ ਜਬਰੀ ਰਿਟਾਇਰ ਕਰਨ ਦੇ ਹੁਕਮ ਵਿਜੀਲੈਂਸ ਵਿਭਾਗ ਨੇ ਜਾਰੀ ਕੀਤੇ।
* 12 ਫਰਵਰੀ ਨੂੰ ਵਿਜੀਲੈਂਸ ਬਿਊਰੋ ਨੇ ਲੋਕ ਨਿਰਮਾਣ ਵਿਭਾਗ ਦੇ ਇਕ ਐਗਜ਼ੀਕਿਊਟਿਵ ਇੰਜੀਨੀਅਰ ਦੁਆਰਾ ਕਥਿਤ ਤੌਰ ’ਤੇ ਭ੍ਰਿਸ਼ਟ ਤਰੀਕਿਆਂ ਨਾਲ ਬਣਾਈਆਂ ਗਈਆਂ ਲਗਭਗ 80 ਕਰੋੜ ਰੁਪਏ ਦੀਆਂ 39 ਜਾਇਦਾਦਾਂ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ। ਇਨ੍ਹਾਂ ਵਿਚ ਚੰਡੀਗੜ੍ਹ ਦੇ ਸੈਕਟਰ-20 ਵਿਚ 2 ਕਨਾਲ ਦਾ ਇਕ ਮਕਾਨ ਵੀ ਸ਼ਾਮਲ ਹੈ।
* 12 ਫਰਵਰੀ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਜੈਪੁਰ ਵਿਚ ਜਨਤਕ ਉਸਾਰੀ ਵਿਭਾਗ ਦੇ ਇਕ ਜੂਨੀਅਰ ਇੰਜੀਨੀਅਰ ਨੂੰ ਸ਼ਿਕਾਇਤਕਰਤਾ ਦਾ ਬਿੱਲ ਮਨਜ਼ੂਰ ਕਰਨ ਦੇ ਇਵਜ਼ ਵਿਚ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 12 ਫਰਵਰੀ ਨੂੰ ਹੀ ਪਲਾਮੂ (ਝਾਰਖੰਡ) ਵਿਚ ‘ਹਰੀਹਰਗੰਜ’ ਬਲਾਕ ਦੇ ਬੀ. ਡੀ. ਓ. ‘ਜਾਗੋ ਮਹਿਤੋ’ ਨੂੰ ਇਕ ਕਿਸਾਨ ਕੋਲੋਂ ਖੂਹ ਬਣਾਉਣ ਲਈ ਮਾਪ ਪੁਸਤਿਕਾ ਦੇਣ ਦੇ ਇਵਜ਼ ਵਿਚ 7,000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ।
* 12 ਫਰਵਰੀ ਨੂੰ ਭੀਲਵਾੜਾ ਵਿਚ ਅਧਿਕਾਰੀਆਂ ਨੇ ਖੋਦਾਈ ਵਿਭਾਗ ਦੇ ਇਕ ਕਲਰਕ ਨੂੰ ਸ਼ਿਕਾਇਤਕਰਤਾ ਦਾ ਜ਼ਬਤ ਕੀਤਾ ਹੋਇਆ ਟਰੈਕਟਰ ਛੱਡਣ ਦੇ ਬਦਲੇ ਵਿਚ 2,000 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।
* 13 ਫਰਵਰੀ ਨੂੰ ਬਰੇਲੀ ਦੇ ਨਵਾਬਗੰਜ ਤਹਿਸੀਲ ਦੇ ਪਿੰਡ ‘ਬੀਜਾਮਊ’ ਵਿਚ ਖੇਤ ਦੀ ਪੈਮਾਇਸ਼ ਲਈ ਇਕ ਕਿਸਾਨ ਕੋਲੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਅਕਾਊਂਟੈਂਟ ਜੈਨੇਂਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਰਕਾਰੀ ਕਰਮਚਾਰੀਆਂ ਵਿਚ ਭ੍ਰਿਸ਼ਟਾਚਾਰ ਅੱਜ ਦੇਸ਼ ਦੇ ਹਰ ਪਾਸੇ ਤੱਕ ਫੈਲ ਚੁੱਕਾ ਹੈ ਅਤੇ ਇਸ ’ਤੇ ਕਾਬੂ ਪਾਉਣ ਦੇ ਸਬੰਧ ਵਿਚ ਕੀਤੇ ਜਾਣ ਵਾਲੇ ਦਾਅਵਿਆਂ ਦੇ ਉਲਟ ਇਹ ਵਧਦਾ ਹੀ ਜਾ ਰਿਹਾ ਹੈ।
ਰਿਸ਼ਵਤ ਦਾ ਇਹ ਮਹਾਰੋਗ ਸਰਕਾਰੀ ਵਿਭਾਗਾਂ ਵਿਚ ਇੰਨੀਆਂ ਜੜ੍ਹਾਂ ਜਮਾ ਚੁੱਕਾ ਹੈ ਕਿ ਇਹ ਬੀਤੀ 4 ਜਨਵਰੀ ਨੂੰ ਯੂ. ਪੀ. ਦੇ ਮੁਰਾਦਨਗਰ ਵਿਚ ਇਕ ਸ਼ਮਸ਼ਾਨ ਭੂਮੀ ਦੀ ਨਵੀਂ ਬਣੀ ਛੱਤ ਡਿੱਗਣ ਨਾਲ ਹੋਈ 25 ਵਿਅਕਤੀਆਂ ਦੀ ਮੌਤ ਦੀ ਦਰਦਨਾਕ ਘਟਨਾ ਤੋਂ ਸਪੱਸ਼ਟ ਹੈ।
ਇਸ ਨੂੰ ਬਣਾਉਣ ਵਾਲੇ ਠੇਕੇਦਾਰ ਅਜੇ ਤਿਆਗੀ ਨੇ ਪੁਲਸ ਵੱਲੋਂ ਪੁੱਛਗਿੱਛ ਵਿਚ ਮੰਨਿਆ ਕਿ ਉਸਨੇ ਇਹ ਠੇਕਾ ਲੈਣ ਲਈ ਸਬੰਧਤ ਅਧਿਕਾਰੀਆਂ ਨੂੰ 16 ਲੱਖ ਰੁਪਏ ਰਿਸ਼ਵਤ ਦਿੱਤੀ ਸੀ ਅਤੇ ਉਸਨੇ ਇਹ ਵੀ ਮੰਨਿਆ ਕਿ ਉਸਨੇ ਛੱਤ ਦੀ ਉਸਾਰੀ ਵਿਚ ਨਾ ਸਿਰਫ ਘਟੀਆ ਸਮੱਗਰੀ ਵਰਤੀ, ਸਗੋਂ ਸੀਮੈਂਟ ਦੀ ਵਰਤੋਂ ਨਾਮਾਤਰ ਹੀ ਕੀਤੀ ਸੀ ਅਤੇ ਸੀਮੈਂਟ ਦੀ ਬਜਾਏ ਰੇਤ ਭਰੀ ਗਈ।
ਹਾਲਾਂਕਿ ਮੋਦੀ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਵਿਚ 312 ਭ੍ਰਿਸ਼ਟ ਅਤੇ ਨਕਾਰਾ ਸੀਨੀਅਰ ਅਫਸਰਾਂ ਨੂੰ ਜਬਰੀ ਰਿਟਾਇਰ ਕਰ ਕੇ ਅਫਸਰਸ਼ਾਹੀ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸਦੇ ਬਾਵਜੂਦ ਅਜੇ ਵੀ ਵੱਡੇ ਅਹੁਦਿਆਂ ’ਤੇ ਮੌਜੂਦ ਅਫਸਰਾਂ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਅਜਿਹੇ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਪਹਿਲਾਂ ਤੋਂ ਹੀ ਲਾਗੂ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਦੇ ਇਲਾਵਾ ਇਨ੍ਹਾਂ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ ਤਾਂ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਦੇ ਇਸ ਘੁਣ ਤੋਂ ਕੁਝ ਮੁਕਤੀ ਮਿਲ ਸਕੇ।
-ਵਿਜੇ ਕੁਮਾਰ
‘ਨਾਰੀ ਜਾਤੀ ਘਰਾਂ ’ਚ ਹੀ ਸੁਰੱਖਿਅਤ ਨਹੀਂ’ ‘ਬਾਹਰ ਕਿਵੇਂ ਸੁਰੱਖਿਅਤ ਰਹੇਗੀ’
NEXT STORY