ਦੇਸ਼ ਦੇ ਪੰਜ ਸੂਬਿਆਂ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੀਆਂ ਦਿਲਚਸਪ ਗੱਲਾਂ ਦੀ ਜਾਣਕਾਰੀ ਅਸੀਂ ਆਪਣੇ ਪਾਠਕਾਂ ਨੂੰ ਲਗਾਤਾਰ ਦਿੰਦੇ ਆ ਰਹੇ ਹਾਂ। ਇਸੇ ਸਿਲਸਿਲੇ 'ਚ ਕੁਝ ਹੋਰ ਦਿਲਚਸਪ ਗੱਲਾਂ ਅਸੀਂ ਹੇਠਾਂ ਦਰਜ ਕਰ ਰਹੇ ਹਾਂ :
* 'ਮੇਰਠ' ਅਤੇ ਇਸ ਦੇ ਆਸ-ਪਾਸ ਸੁਪਰ ਸਟਾਰ ਰਾਜੇਸ਼ ਖੰਨਾ ਦਾ ਹਮਸ਼ਕਲ ਉਨ੍ਹਾਂ ਦੇ ਹੀ ਸਟਾਈਲ 'ਚ ਉਨ੍ਹਾਂ ਦੀ ਫਿਲਮ 'ਰੋਟੀ' ਦਾ ਗੀਤ 'ਯੇ ਜੋ ਪਬਲਿਕ ਹੈ, ਯੇ ਸਬ ਜਾਨਤੀ ਹੈ' ਗਾਉਂਦਿਆਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਉਹ ਲੋਕਾਂ ਨੂੰ ਆਪਣਾ ਨਾਂ ਵੀ 'ਜੂਨੀਅਰ ਰਾਜੇਸ਼ ਖੰਨਾ' ਦੱਸਦਾ ਹੈ।
* ਯੂ. ਪੀ. ਦੇ 'ਮੁਜ਼ੱਫਰਨਗਰ' ਵਿਚ ਚੋਣ ਪ੍ਰਕਿਰਿਆ ਨਿਪਟਾਉਣ ਲਈ ਲਾਸ਼ਾਂ ਟਿਕਾਣੇ ਲਾਉਣ ਵਾਲਿਆਂ ਦੀ ਵੀ ਡਿਊਟੀ ਲਾ ਦਿੱਤੀ ਗਈ ਹੈ ਅਤੇ ਲਾਸ਼ਾਂ ਢੋਣ ਵਾਲੀਆਂ ਗੱਡੀਆਂ 'ਚ ਚੋਣ ਡਿਊਟੀ ਦਾ ਸਟਾਫ ਢੋਇਆ ਜਾਵੇਗਾ।
* ਯੂ. ਪੀ. 'ਚ 'ਲਖਨਊ ਕੈਂਟ' ਸੀਟ ਤੋਂ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਣਾ ਯਾਦਵ ਚੋਣ ਲੜ ਰਹੀ ਹੈ। ਵਿਦੇਸ਼ ਤੋਂ ਉੱਚ ਸਿੱਖਿਆ ਪ੍ਰਾਪਤ ਅਪਰਣਾ ਸ਼ਾਸਤਰੀ ਨਾਚ ਦੀ ਮਾਹਿਰ ਵੀ ਹੈ, ਜੋ ਅਕਸਰ ਸਟੇਜ ਪ੍ਰੋਗਰਾਮ ਵੀ ਕਰਦੀ ਹੈ।
ਮੁਲਾਇਮ ਸਿੰਘ ਦੀ ਦੂਜੀ ਪਤਨੀ ਸਾਧਨਾ ਗੁਪਤਾ ਤੋਂ ਬੇਟੇ ਪ੍ਰਤੀਕ ਯਾਦਵ ਦੀ ਪਤਨੀ ਅਪਰਣਾ ਇਥੋਂ ਚੋਣ ਲੜ ਰਹੇ ਉਮੀਦਵਾਰਾਂ 'ਚ ਸਭ ਤੋਂ ਅਮੀਰ ਹੈ। ਉਸ ਨੇ ਆਪਣੀ ਜਾਇਦਾਦ 22.95 ਕਰੋੜ ਰੁਪਏ ਦੱਸੀ ਹੈ। ਇਸ 'ਚ 5.30 ਕਰੋੜ ਰੁਪਏ ਦੀ ਲੈਂਬੋਰਗਿਨੀ ਕਾਰ ਵੀ ਸ਼ਾਮਿਲ ਹੈ।
* ਇਸੇ ਮਹੀਨੇ ਭਾਜਪਾ 'ਚ ਸ਼ਾਮਿਲ ਹੋਈ ਯੂ. ਪੀ. ਦੇ 'ਬਾਹ' ਤੋਂ ਵਿਧਾਇਕ ਰਾਜਾ ਮਹਿੰਦਰ ਅਰਿਦਮਨ ਸਿੰਘ ਦੀ ਪਤਨੀ ਪਕਸ਼ਾਲਿਕਾ ਸਿੰਘ 'ਖੈਰਾਗੜ੍ਹ' ਤੋਂ ਚੋਣ ਲੜ ਰਹੀ ਹੈ। ਉਸ ਦੀ 38.7 ਕਰੋੜ ਰੁਪਏ ਦੀ ਜਾਇਦਾਦ 'ਚ ਹੋਰਨਾਂ ਚੀਜ਼ਾਂ ਤੋਂ ਇਲਾਵਾ ਇਕ ਰਾਈਫਲ (.22 ਬੋਰ), 2 ਪਿਸੌਤਲ (0.30 ਕੈਲੀਬਰ), 2 ਦੋਨਾਲੀ ਬੰਦੂਕਾਂ (12 ਬੋਰ), 30 ਕਾਰਬਾਈਨਾਂ, 24 ਤਲਵਾਰਾਂ, 8 ਚਾਕੂ ਤੇ 31 ਛੁਰੇ ਸ਼ਾਮਿਲ ਹਨ।
* 'ਦੱਖਣੀ ਆਗਰਾ' ਤੋਂ ਸਪਾ ਉਮੀਦਵਾਰ ਅਤੇ 200 ਕਰੋੜ ਰੁਪਏ ਤੋਂ ਜ਼ਿਆਦਾ ਜਾਇਦਾਦ ਦੇ ਮਾਲਕ ਨਜ਼ੀਰ ਅਹਿਮਦ ਨੂੰ ਆਗਰਾ ਦੇ ਚਮੜਾ ਉਦਯੋਗ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਨਜ਼ੀਰ ਕੋਲ ਆਡੀ, ਬੀ. ਐੱਮ. ਡਬਲਯੂ., ਮਸਤਾਂਗ ਅਤੇ ਮਰਸੀਡੀਜ਼ ਵਰਗੀਆਂ 20 ਵੱਡੀਆਂ ਕਾਰਾਂ ਹਨ ਪਰ ਆਪਣੇ ਲਈ ਉਹ 'ਇਨੋਵਾ' ਹੀ ਇਸਤੇਮਾਲ ਕਰਦੇ ਹਨ।
* ਮੁਸਲਿਮ ਭਾਈਚਾਰੇ ਨਾਲ ਮੁਲਾਇਮ ਸਿੰਘ ਯਾਦਵ ਦੀ ਨੇੜਤਾ ਕਾਰਨ ਉਹ ਇਨ੍ਹਾਂ ਨੂੰ 'ਮੌਲਾਨਾ ਮੁਲਾਇਮ ਸਿੰਘ' ਕਹਿ ਕੇ ਬੁਲਾਉਂਦੇ ਰਹੇ ਹਨ ਪਰ ਸਪਾ ਦੀਆਂ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹੁਣ ਮੁਸਲਿਮ ਭਾਈਚਾਰੇ ਦੀਆਂ ਸਪਾ ਨਾਲੋਂ ਦੂਰੀਆਂ ਵਧ ਰਹੀਆਂ ਹਨ ਅਤੇ ਪ੍ਰਮੁੱਖ ਸ਼ੀਆ ਆਗੂ 'ਮੌਲਾਨਾ ਕਲਬੇ ਜਵਾਦ' ਨੇ ਆਪਣੇ ਭਾਈਚਾਰੇ ਨੂੰ ਸਪਾ-ਕਾਂਗਰਸ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕਰ ਦਿੱਤੀ ਹੈ।
* 1970 ਦੇ ਦਹਾਕੇ 'ਚ ਮੱਧ ਪ੍ਰਦੇਸ਼ ਵਿਚ 'ਚੰਬਲ' ਦੇ ਬੀਹੜਾਂ ਅਤੇ ਯੂ. ਪੀ. 'ਚ ਦਹਿਸ਼ਤ ਦਾ ਦੂਜਾ ਰੂਪ ਬਣਿਆ ਡਾਕੂ ਮਲਖਾਨ ਸਿੰਘ ਪਿਛਲੇ ਦਿਨੀਂ 'ਰਾਲੋਦ' ਵਿਚ ਸ਼ਾਮਿਲ ਹੋ ਗਿਆ ਅਤੇ ਉਹ ਇਸ ਦੇ ਉਮੀਦਵਾਰਾਂ ਲਈ ਪ੍ਰਚਾਰ ਕਰੇਗਾ।
* ਇਨ੍ਹਾਂ ਚੋਣਾਂ 'ਚ ਪਹਿਲੀ ਵਾਰ 'ਗੌਤਮਬੁੱਧ ਨਗਰ' ਦੇ 100 ਟ੍ਰਾਂਸਜੈਂਡਰਾਂ ਨੂੰ ਵੋਟਰ ਪਛਾਣ ਪੱਤਰ ਦਿੱਤੇ ਗਏ ਹਨ ਅਤੇ ਉਹ ਪਹਿਲੀ ਵਾਰ ਵੋਟ ਪਾਉਣਗੇ।
* ਦੋਹਾਂ ਵੱਡੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ 'ਚ ਦਲ-ਬਦਲੂਆਂ ਨੂੰ ਟਿਕਟ ਦੇਣ ਦੀ ਦੌੜ ਜਿਹੀ ਲੱਗੀ ਹੋਈ ਹੈ। ਉੱਤਰਾਖੰਡ 'ਚ ਕਾਂਗਰਸ ਨੇ 6 ਦਲ-ਬਦਲੂਆਂ ਨੂੰ ਅਤੇ ਭਾਜਪਾ ਨੇ ਇਕ ਦਰਜਨ ਤੋਂ ਜ਼ਿਆਦਾ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ ਹਨ।
ਇਸ ਸੰਬੰਧ 'ਚ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਕਿਸ਼ੋਰ ਉਪਾਧਿਆਏ ਨੇ ਇਨ੍ਹਾਂ ਦਲ-ਬਦਲੂਆਂ ਨੂੰ ਲਾਲਚੀ ਅਤੇ ਭਸਮਾਸੁਰ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਆਪਣੇ ਨਾਲ-ਨਾਲ ਭਾਜਪਾ ਨੂੰ ਵੀ ਭਸਮ ਕਰ ਦੇਣਗੇ।
* ਮਣੀਪੁਰ 'ਚ 'ਇਰੋਮ ਸ਼ਰਮੀਲਾ' ਨਾਲ 'ਪੀਪਲਜ਼ ਰੀਸਰਜੈਂਸ ਐਂਡ ਜਸਟਿਸ ਅਲਾਇੰਸ' ਨਾਮੀ ਪਾਰਟੀ ਬਣਾ ਕੇ ਚੋਣਾਂ ਲੜਨ ਵਾਲੀ ਪਹਿਲੀ ਮੁਸਲਿਮ ਉਮੀਦਵਾਰ 'ਨਜ਼ਮਾ ਬੀਬੀ' ਚੋਣ ਲੜਨ ਦਾ ਐਲਾਨ ਕਰਦਿਆਂ ਹੀ ਸੰਕਟ 'ਚ ਫਸ ਗਈ ਹੈ। ਮਣੀਪੁਰ ਦੇ ਮੁਸਲਮਾਨਾਂ ਦੇ ਇਕ ਸੰਗਠਨ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਮੈਦਾਨ 'ਚੋਂ ਨਾ ਹਟੀ ਤਾਂ ਮਰਨ 'ਤੇ ਉਸ ਨੂੰ ਉਸ ਦੇ ਪਿੰਡ 'ਚ ਕਬਰ ਲਈ ਜਗ੍ਹਾ ਨਹੀਂ ਦਿੱਤੀ ਜਾਵੇਗੀ।
* ਚੋਣਾਂ 'ਚ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਹਮੇਸ਼ਾ ਵਰਤੋਂ ਹੁੰਦੀ ਰਹੀ ਹੈ। ਪੰਜਾਬ 'ਚ ਹੈਰੋਇਨ, ਪੋਸਤ, ਚਰਸ, ਗਾਂਜਾ ਅਤੇ ਸ਼ਰਾਬ ਆਦਿ ਸਮੇਤ ਸਭ ਤੋਂ ਜ਼ਿਆਦਾ 2632 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
* ਮਣੀਪੁਰ 'ਚ ਘਾਤਕ ਰਸਾਇਣਿਕ ਪਦਾਰਥਾਂ ਵਾਲੀਆਂ ਨਸ਼ੀਲੀਆਂ ਦਵਾਈਆਂ ਨੌਜਵਾਨ ਵੋਟਰਾਂ 'ਚ ਵੰਡੀਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਦੌਰਾਨ ਉਥੇ 21 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਹਨ।
ਚੋਣਾਂ 'ਚ ਪਿਛਲੇ 2-3 ਦਿਨਾਂ ਦੌਰਾਨ ਕੁਝ ਅਜਿਹੇ ਦਿਲਚਸਪ ਰੰਗ ਜੁੜੇ ਹਨ ਤੇ ਵੋਟਿੰਗ ਦਾ ਆਖਰੀ ਪੜਾਅ ਮੁਕੰਮਲ ਹੋਣ ਤਕ ਇਨ੍ਹਾਂ 'ਚ ਹੋਰ ਵੀ ਕਈ ਰੰਗ ਜੁੜਨਗੇ, ਜੋ ਅਸੀਂ ਆਪਣੇ ਪਾਠਕਾਂ ਨੂੰ ਦੱਸਦੇ ਰਹਾਂਗੇ।
—ਵਿਜੇ ਕੁਮਾਰ
ਹਾਦਸਿਆਂ ਦੀ ਤਹਿ ਤਕ ਪਹੁੰਚਣ 'ਚ ਨਾਕਾਮ ਰਿਹਾ ਰੇਲ ਮਹਿਕਮਾ
NEXT STORY