ਸਿਆਸੀ ਯਾਤਰਾਵਾਂ ਅਤੇ ਰੈਲੀਆਂ ਕਿਸੇ ਵੀ ਸਿਆਸੀ ਪਾਰਟੀ ਦੀ ਚੋਣ ਤਿਆਰੀ ਦਾ ਮਹੱਤਵਪੂਰਨ ਅੰਗ ਹੁੰਦੀਆਂ ਹਨ ਅਤੇ ਇਸੇ ਕਾਰਣ ਚੋਣਾਂ ਨੇੜੇ ਆਉਂਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀਆਂ ਪ੍ਰਚਾਰ ਯਾਤਰਾਵਾਂ ’ਤੇ ਨਿਕਲ ਪੈਂਦੇ ਹਨ।
ਕਿਉਂਕਿ ਸਿਆਸੀ ਯਾਤਰਾਵਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਜਨਤਾ ’ਚ ਆਪਣੀ ਪੈਠ ਬਣਾਉਣ ਅਤੇ ਸੱਤਾ ਤਕ ਪਹੁੰਚਣ ’ਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ, ਲਿਹਾਜ਼ਾ ਹਰੇਕ ਪਾਰਟੀ ਅਜਿਹੀਆਂ ਯਾਤਰਾਵਾਂ ਆਯੋਜਿਤ ਕਰ ਕੇ ਉਨ੍ਹਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ।
ਕੁਝ ਸਮਾਂ ਪਹਿਲਾਂ ਹੋਈਆਂ ਚੋਣਾਂ ’ਚ ਆਂਧਰਾ ਪ੍ਰਦੇਸ਼ ’ਚ ਆਪਣੀਆਂ ਯਾਤਰਾਵਾਂ ਦੇ ਦਮ ’ਤੇ ਹੀ ਵਾਈ. ਐੱਸ. ਆਰ. ਕਾਂਗਰਸ ਦੇ ਨੇਤਾ ਜਗਨਮੋਹਨ ਰੈੱਡੀ ਨੇ ਤੇਲਗੂਦੇਸ਼ਮ ਪਾਰਟੀ ਨੂੰ ਧਰਾਸ਼ਾਹੀ ਕਰਨ ’ਚ ਸਫਲਤਾ ਹਾਸਲ ਕੀਤੀ ਅਤੇ ਮੁੱਖ ਮੰਤਰੀ ਬਣੇ।
ਕੁਝ ਹੀ ਸਮੇਂ ਬਾਅਦ ਹੋਣ ਜਾ ਰਹੀਆਂ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਅਤੇ ਮਹਾਰਾਸ਼ਟਰ ’ਚ ਸਿਆਸੀ ਯਾਤਰਾਵਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਜਦਕਿ ਦਿੱਲੀ ’ਚ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ‘ਜਨ ਆਸ਼ੀਰਵਾਦ ਯਾਤਰਾ’ ਨਾਂ ਨਾਲ ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ 18 ਅਗਸਤ ਨੂੰ ਕਾਲਕਾ ਤੋਂ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ, ਜਿਸ ਦੀ ਸਮਾਪਤੀ 8 ਸਤੰਬਰ ਨੂੰ ਰੋਹਤਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾਲ ਹੋਵੇਗੀ।
ਇਸ ਯਾਤਰਾ ਦੌਰਾਨ ਮੁੱਖ ਤੌਰ ’ਤੇ ਖੱਟੜ ਦਾ ਨਿਸ਼ਾਨਾ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ (ਕਾਂਗਰਸ) ਹੀ ਹੁੰਦੇ ਹਨ। ਇਸ ਯਾਤਰਾ ’ਚ ਅਨੇਕ ਥਾਵਾਂ ’ਤੇ ਟ੍ਰੈਫਿਕ ਜਾਮ ਦੀ ਨੌਬਤ ਆਉਣ ਨਾਲ ਵਿਰੋਧੀ ਪਾਰਟੀਆਂ ਵਾਲੇ ਇਸ ਨੂੰ ‘ਜਨ ਕਸ਼ਟ ਯਾਤਰਾ’ ਦੱਸ ਰਹੇ ਹਨ।
ਹਰਿਆਣਾ ’ਚ ਖੱਟੜ ‘ਜਨ ਆਸ਼ੀਰਵਾਦ ਯਾਤਰਾ’ ਕੱਢ ਰਹੇ ਹਨ। ਉਥੇ ਹੀ ਭੁਪਿੰਦਰ ਸਿੰਘ ਹੁੱਡਾ ਨੇ 18 ਅਗਸਤ ਨੂੰ ਰੋਹਤਕ ’ਚ ‘ਮਹਾ ਪਰਿਵਰਤਨ ਰੈਲੀ’ ਆਯੋਜਿਤ ਕਰ ਕੇ ਅਤੇ ਕਾਂਗਰਸ ਦੀ ਲੀਕ ਤੋਂ ਹਟ ਕੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆਰਟੀਕਲ 370 ਖਤਮ ਕਰਨ ਦੇ ਫੈਸਲੇ ਦਾ ਸਮਰਥਨ ਕਰ ਕੇ ਹਲਚਲ ਪੈਦਾ ਕਰ ਦਿੱਤੀ ਹੈ।
ਹਰਿਆਣਾ ਵਾਂਗ ਹੀ ਦਿੱਲੀ ’ਚ ਵੀ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਦਿੱਲੀ ਭਾਜਪਾ ਵਲੋਂ 26 ਸਤੰਬਰ ਤੋਂ 20 ਦਿਨਾਂ ਤਕ ਚੱਲਣ ਵਾਲੀ ਰੱਥ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਭਾਜਪਾ ਨੇ ਸੰਵਿਧਾਨ ਦੇ ਆਰਟੀਕਲ 370 ਨੂੰ ਖਤਮ ਕਰਨ ਬਾਰੇ ਦੇਸ਼ਵਾਸੀਆਂ ਨੂੰ ਜਾਣੂ ਕਰਵਾਉਣ ਲਈ 1 ਸਤੰਬਰ ਤੋਂ 1 ਮਹੀਨੇ ਤਕ ਚੱਲਣ ਵਾਲੀ ‘ਜਨ ਸੰਪਰਕ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਮਹਾਰਾਸ਼ਟਰ ’ਚ ਚਾਰੋਂ ਪ੍ਰਮੁੱਖ ਪਾਰਟੀਆਂ ਸ਼ਿਵ ਸੈਨਾ, ਭਾਜਪਾ, ਕਾਂਗਰਸ ਅਤੇ ਰਾਕਾਂਪਾ ਆਪਣੀਆਂ ਪ੍ਰਚਾਰ ਮੁਹਿੰਮਾਂ ’ਤੇ ਨਿਕਲੀਆਂ ਹੋਈਆਂ ਹਨ। ਇਥੇ ਸਭ ਤੋਂ ਪਹਿਲਾਂ ਸ਼ਿਵ ਸੈਨਾ ਦੇ ਆਦਿੱਤਿਆ ਠਾਕਰੇ ਨੇ ਮੱਧ ਜੁਲਾਈ ’ਚ ਜਲਗਾਂਵ ਤੋਂ ਆਪਣੀ ‘ਜਨ ਆਸ਼ੀਰਵਾਦ ਯਾਤਰਾ’ ਸ਼ੁਰੂ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ (ਭਾਜਪਾ) ਨੇ 1 ਅਗਸਤ ਨੂੰ ਵਿਦਰਭ ਤੋਂ ਭਾਜਪਾ ਦੀ ‘ਮਹਾ ਜਨਾਦੇਸ਼ ਯਾਤਰਾ’ ਸ਼ੁਰੂ ਕੀਤੀ।
ਰਾਕਾਂਪਾ ਨੇ 6 ਅਗਸਤ ਨੂੰ ਪੱਛਮੀ ਮਹਾਰਾਸ਼ਟਰ ਤੋਂ ਆਪਣੀ ‘ਸ਼ਿਵ ਸਵਰਾਜ ਯਾਤਰਾ’ ਸ਼ੁਰੂ ਕੀਤੀ ਹੈ ਅਤੇ ਹੁਣ 26 ਅਗਸਤ ਨੂੰ ਕਾਂਗਰਸ ਨੇ ਵੀ ਵਿਦਰਭ ’ਚ ਅਮਰਾਵਤੀ ਤੋਂ ਆਪਣੀ ‘ਮਹਾ ਪਰਦਾਫਾਸ਼ ਯਾਤਰਾ’ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਹੈ।
ਹੁਣ ਆਉਣ ਵਾਲੀਆਂ ਚੋਣਾਂ ’ਚ ਵੱਖ-ਵੱਖ ਪਾਰਟੀਆਂ ਵਲੋਂ ਕੱਢੀਆਂ ਜਾ ਰਹੀਆਂ ਯਾਤਰਾਵਾਂ ਦਾ ਇਨ੍ਹਾਂ ਦੇ ਨੇਤਾਵਾਂ ਨੂੰ ਕਿੰਨਾ ਲਾਭ ਮਿਲ ਸਕੇਗਾ, ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਹੀ ਹੈ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਇਸ ਨੂੰ ਸੰਭਾਲਣ ’ਚ ਕੋਈ ਨੇਤਾ ਕਿੰਨਾ ਸਫਲ ਹੁੰਦਾ ਹੈ, ਇਸ ਦਾ ਫੈਸਲਾ ਵੀ ਸਮਾਂ ਹੀ ਕਰਦਾ ਹੈ।
–ਵਿਜੇ ਕੁਮਾਰ\\\
ਆਰਟੀਕਲ 370 ਦੇ ਮੁੱਦੇ ’ਤੇ ਪਾਕਿਸਤਾਨ ਦੇ ਭਾਰਤ ਵਿਰੋਧੀ ਤੇਵਰ ਜਾਰੀ
NEXT STORY