‘ਸੱਤਾ ਨਾਲ ਜੁੜੇ ਕੁਝ ਕੁ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਸਥਿਤੀ ਇਸ ਤੋਂ ਵੱਖ ਹੀ ਹੈ। ਕੇਂਦਰ ਅਤੇ ਦੇਸ਼ ਦੇ ਵਧੇਰੇ ਸੂਬਿਆਂ ’ਚ ਸੱਤਾਧਾਰੀ ਭਾਜਪਾ, ਜਿਸ ਨਾਲ ਜੁੜੇ ਲੋਕਾਂ ਨੂੰ ਬੇਹੱਦ ਅਨੁਸ਼ਾਸਿਤ ਮੰਨਿਆ ਜਾਂਦਾ ਹੈ, ਦੇ ਕੁਝ ਕੁ ਮੈਂਬਰ ਵੀ ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਸ ਦੀਆਂ ਕੁਝ ਕੁ ਉਦਾਹਰਣਾਂ ਹੇਠਾਂ ਹਨ :
* 21 ਅਪ੍ਰੈਲ ਨੂੰ ਬਰੇਲੀ (ਉੱਤਰ ਪ੍ਰਦੇਸ਼) ’ਚ ਭਾਜਪਾ ਨੇਤਾ ਪ੍ਰਦੀਪ ਅਗਰਵਾਲ ਦੀ ਕਾਰ ਨਾਲ 2 ਨੌਜਵਾਨਾਂ ਦਾ ਮੋਟਰਸਾਈਕਲ ਟਕਰਾਅ ਜਾਣ ’ਤੇ ਪ੍ਰਦੀਪ ਅਗਰਵਾਲ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਨੌਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
* 27 ਜੂਨ ਨੂੰ ਪੀਲੀਭੀਤ (ਉੱਤਰ ਪ੍ਰਦੇਸ਼) ’ਚ ਨੈਸ਼ਨਲ ਹਾਈਵੇ ’ਤੇ ਹੂਟਰ ਵਜਾਉਂਦੇ ਜਾ ਰਹੇ ਅਮਰਿਆ ਬਲਾਕ ਮੁਖੀ ਸ਼ਿਆਮ ਸਿੰਘ ਨੂੰ ਅੱਗੇ ਕਾਰ ’ਚ ਜਾ ਰਹੇ ਇਕ ਡਾਕਟਰ ਵੱਲੋਂ ਸਾਈਡ ਦੇਣ ’ਚ ਦੇਰ ਹੋ ਜਾਣ ’ਤੇ ਸ਼ਿਆਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਪਹਿਲਾਂ ਤਾਂ ਡਾਕਟਰ ਨੂੰ ਫੜ ਕੇ ਆਪਣੀ ਕਾਰ ’ਚ ਸੁੱਟ ਕੇ ਉਸ ਦੇ ਅਗਵਾ ਦੀ ਕੋਸ਼ਿਸ਼ ਕੀਤੀ ਅਤੇ ਫਿਰ ਸੜਕ ਵਿਚਾਲੇ ਹੀ ਕਾਰ ਰੋਕ ਕੇ ਚੱਪਲਾਂ ਨਾਲ ਉਨ੍ਹਾਂ ਦੀ ਕੁੱਟਮਾਰ ਕਰਨ ਦੇ ਇਲਾਵਾ ਉਨ੍ਹਾਂ ਦੀ ਕਾਰ ਦੀ ਚਾਬੀ ਅਤੇ ਮੋਬਾਇਲ ਵੀ ਖੋਹ ਲਿਆ।
* 26 ਜੁਲਾਈ ਨੂੰ ਭਾਜਪਾ ਦੀ ਮੇਘਾਲਿਆ ਇਕਾਈ ਦੇ ਉਪ ਪ੍ਰਧਾਨ ‘ਬਰਨਾਡ ਐੱਨ. ਮਰਾਕ’ ਉਰਫ ‘ਤੁਰਾ ਕੇ. ਰਿੰਪੂ’ ਨੂੰ ਆਪਣੇ ਫਾਰਮ ਹਾਊਸ ’ਚ ਜਿਸਮਫਰੋਸ਼ੀ ਦਾ ਅੱਡਾ ਚਲਾਉਣ ਦੇ ਦੋਸ਼ ’ਚ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਗਿਆ।
ਇਸ ਤੋਂ ਪਹਿਲਾਂ 22 ਜੁਲਾਈ ਨੂੰ ਉਸ ਦੇ ਫਾਰਮ ਹਾਊਸ ’ਤੇ ਛਾਪਾ ਮਾਰ ਕੇ ਪੁਲਸ ਨੇ 6 ਨਾਬਾਲਗਾਂ ਨੂੰ ਰਿਹਾਅ ਕਰਵਾਉਣ ਦੇ ਇਲਾਵਾ 73 ਵਿਅਕਤੀਆਂ ਨੂੰ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਫਰਾਰ ਸਨ।
* 31 ਜੁਲਾਈ ਨੂੰ ਬਰੇਲੀ (ਉੱਤਰ ਪ੍ਰਦੇਸ਼) ਦੇ ‘ਖਵਾਜਾ ਕੁਤਬ’ ਇਲਾਕੇ ’ਚ ਉੱਤਰ ਪ੍ਰਦੇਸ਼ ਦੇ ਆਬਕਾਰੀ ਮੰਤਰੀ ਨਿਤਿਨ ਅਗਰਵਾਲ ਦੇ ਕਰੀਬੀ ਭਾਜਪਾ ਨੇਤਾ ਜਿਤੇਂਦਰ ਰਸਤੋਗੀ ਅਤੇ ਉਸ ਦੇ ਸਾਥੀਆਂ ਨੇ ਕਿਸੇ ਵਿਵਾਦ ਦੇ ਕਾਰਨ ਇਕ ਔਰਤ ਅਤੇ ਉਸ ਦੀ ਧੀ ਨੂੰ ਉਨ੍ਹਾਂ ਦੇ ਘਰ ਤੋਂ ਬਾਹਰ ਘਸੀਟ ਕੇ ਕੁੱਟਿਆ।
* 4 ਅਗਸਤ ਨੂੰ ਜਾਲੌਰ (ਰਾਜਸਥਾਨ) ਦੇ ਰਾਜਾਪੁਰਾ ਪਿੰਡ ’ਚ ਰਵੀਨਾਥ ਨਾਂ ਦੇ ਇਕ ਸੰਤ ਨੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ’ਚ ਸੰਤ ਨੇ ਭਾਜਪਾ ਵਿਧਾਇਕ ‘ਪੂਰਾ ਰਾਮ ਚੌਧਰੀ’ ਵੱਲੋਂ ਉਨ੍ਹਾਂ ’ਤੇ ਆਪਣੀ ਜ਼ਮੀਨ ਦੇਣ ਦਾ ਦਬਾਅ ਬਣਾਉਣ ਦਾ ਦੋਸ਼ ਲਾਇਆ।
* 6 ਅਗਸਤ ਨੂੰ ਹਰਿਦੁਆਰ (ਉੱਤਰਾਖੰਡ) ’ਚ ਜਵਾਲਾਪੁਰ ਦੇ ਖੰਨਾ ਨਗਰ ’ਚ ਭਾਜਯੁਮੋ ਨੇਤਾ ਵਿਸ਼ਨੂੰ ਅਰੋੜਾ ਨੇ ਕਿਸੇ ਵਿਵਾਦ ਦੇ ਕਾਰਨ ਤਿਰੰਗਾ ਯਾਤਰਾ ’ਚ ਸ਼ਾਮਲ ਭਾਜਯੁਮੋ ਦੇ ਨੇਤਾ ਦੀਪਕ ਟੰਡਨ ਨੂੰ ਕੁੱਟ ਦਿੱਤਾ।
* 6 ਅਗਸਤ ਨੂੰ ਹੀ ਨੋਇਡਾ (ਉੱਤਰ ਪ੍ਰਦੇਸ਼) ਦੀ ‘ਓਮੈਕਸ ਸੋਸਾਇਟੀ’ ’ਚ ਮਾਮੂਲੀ ਵਿਵਾਦ ’ਤੇ ਇਕ ਔਰਤ ਨੂੰ ਭੈੜੀਆਂ ਗਾਲ੍ਹਾਂ ਕੱਢਣ ਅਤੇ ਉਸ ’ਤੇ ਹੱਥ ਚੁੱਕਣ ਵਾਲੇ ਭਾਜਪਾ ਨੇਤਾ ਸ਼੍ਰੀਕਾਂਤ ਤਿਆਗੀ ਅਤੇ ਉਸ ਦੇ 3 ਸਾਥੀਆਂ ਨੂੰ ਸੁਰੱਖਿਆ ਬਲਾਂ ਨੇ 9 ਅਗਸਤ ਨੂੰ ਮੇਰਠ ਤੋਂ ਗ੍ਰਿਫਤਾਰ ਕਰ ਲਿਆ, ਜਿਸ ਦੇ ਬਾਅਦ ਉਸ ਨੇ ਪਲਟਦੇ ਹੋਏ ਕਿਹਾ ਕਿ ਪੀੜਤਾ ਤਾਂ ਮੇਰੀ ਭੈਣ ਵਰਗੀ ਹੈ।
ਸ਼੍ਰੀਕਾਂਤ ਤਿਆਗੀ ’ਤੇ ਔਰਤ ਨੂੰ ਅਜਿਹੀਆਂ ਗੰਦੀਆਂ ਗਾਲ੍ਹਾਂ ਕੱਢਣ ਦਾ ਦੋਸ਼ ਹੈ ਜਿਨ੍ਹਾਂ ਦੀ ਇਜਾਜ਼ਤ ਸੱਭਿਅਕ ਸਮਾਜ ਨਹੀਂ ਦਿੰਦਾ। ਉਸ ਨੇ ਕਿਹਾ ‘‘ਦੋ ਕੌਡੀ ਦੀ ਸ਼ਕਲ ਲੈ ਕੇ ਆ ਗਈ...ਮਾ...ਤੇਰੀ ਹੈਸੀਅਤ ਜਾਣਦਾ ਹਾਂ ਮੈਂ...ਤੂੰ ਭੱਜ ਕੇ ਆਈ ਸੀ ਨਾ...’’
* 8 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਛੋਟੇ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਰਾਕੇਸ਼ ਸਚਾਨ ਨੂੰ ਨਾਜਾਇਜ਼ ਤੌਰ ’ਤੇ ਹਥਿਆਰ ਰੱਖਣ ਦੇ ਮਾਮਲੇ ’ਚ ਕਾਨਪੁਰ ਦੀ ਇਕ ਅਦਾਲਤ ਨੇ ਇਕ ਸਾਲ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ, ਹਾਲਾਂਕਿ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਗਈ।
* 9 ਅਗਸਤ ਨੂੰ ਰੀਵਾ (ਮੱਧ ਪ੍ਰਦੇਸ਼) ਦੇ ‘ਅਹਮੀਆ’ ਇਲਾਕੇ ’ਚ ਇਕ ਸੇਵਾਮੁਕਤ ਸੈਲੂਨ ਸੰਚਾਲਕ ਸਾਬਕਾ ਫੌਜੀ ਦਿਨੇਸ਼ ਮਿਸ਼ਰਾ ਦੀ ਦੁਕਾਨ ’ਚ ਵੜ ਕੇ ਉਸ ਨਾਲ ਕੁੱਟਮਾਰ ਕਰਨ ਅਤੇ ਦੁਕਾਨ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ ਪੁਲਸ ਨੇ ਭਾਜਪਾ ਯੁਵਾ ਮੋਰਚਾ ਦੇ ਨਗਰ ਪ੍ਰਧਾਨ ਰਿਤੂਰਾਜ ਚਤੁਰਵੇਦੀ ਦੇ ਵਿਰੁੱਧ ਕੇਸ ਦਰਜ ਕਰ ਲਿਆ। ਪੁਲਸ ਦੇ ਅਨੁਸਾਰ ਭਾਜਪਾ ਨੇਤਾ ਦਾ ਸੈਲੂਨ ਸੰਚਾਲਕ ਦੇ ਨਾਲ ਪੁਰਾਣਾ ਵਿਵਾਦ ਸੀ।
* 10 ਅਗਸਤ ਨੂੰ ਸਵੇਰੇ ਉੱਜੈਨ (ਮੱਧ ਪ੍ਰਦੇਸ਼) ਸਥਿਤ ‘ਜਯੋਤਿਰਲਿੰਗ ਮਹਾਕਾਲ ਮੰਦਿਰ’ ’ਚ ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਦੇ ਵਰਕਰਾਂ ਨੇ ਹੰਗਾਮਾ ਕੀਤਾ ਅਤੇ ਸੁਰੱਖਿਆ ਵਿਵਸਥਾ ਦੀ ਉਲੰਘਣਾ ਕਰ ਕੇ ‘ਨੰਦੀ ਹਾਲ’ ’ਚ ਦਾਖਲ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਕੁਝ ਸੁਰੱਖਿਆ ਮੁਲਾਜ਼ਮਾਂ ਨਾਲ ਭੈੜਾ ਸਲੂਕ ਵੀ ਕੀਤਾ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅਨੁਸ਼ਾਸਿਤ ਸਮਝੀ ਜਾਣ ਵਾਲੀ ਭਾਰਤੀ ਜਨਤਾ ਪਾਰਟੀ ’ਚ ਮੌਜੂਦ ਕੁਝ ਨੇਤਾ ਕਿਸ ਤਰ੍ਹਾਂ ਆਪਣੀ ਪੁਜ਼ੀਸ਼ਨ ਦਾ ਅਣਉਚਿਤ ਲਾਭ ਉਠਾ ਕੇ ਪਾਰਟੀ ਦੇ ਵੱਕਾਰ ਨੂੰ ਸੱਟ ਮਾਰ ਰਹੇ ਹਨ ਅਤੇ ਆਪਣੀ ਪਾਰਟੀ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ।
-ਵਿਜੇ ਕੁਮਾਰ
ਇਕ ਹੋਰ ਅਖੌਤੀ ‘ਬਾਬਾ’ ਫਸਿਆ ਜਬਰ-ਜ਼ਿਨਾਹ ਦੇ ਦੋਸ਼ ’ਚ
NEXT STORY