ਮਾਰਚ ਮਹੀਨੇ ਦੇ ਪਹਿਲੇ ਹੀ ਦਿਨ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ’ਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਵਾਧੇ ਦੇ ਬਾਅਦ ਹੁਣ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ (14.2 ਕਿਲੋ) ਦੀ ਕੀਮਤ ਦਿੱਲੀ ’ਚ 1103 ਰੁਪਏ, ਪੰਜਾਬ ’ਚ 1062 ਤੋਂ 1131 ਰੁਪਏ ਦੇ ਦਰਮਿਆਨ, ਹਰਿਆਣਾ ਵਿਚ 1129 ਰੁਪਏ, ਜੰਮੂ-ਕਸ਼ਮੀਰ ਵਿਚ 1155 ਰੁਪਏ ਅਤੇ ਹਿਮਾਚਲ ’ਚ 1205 ਰੁਪਏ ਤੱਕ ਹੋ ਗਈ ਹੈ।
ਵਰਨਣਯੋਗ ਹੈ ਕਿ ਅਪ੍ਰੈਲ, 2021 ਤੋਂ ਹੁਣ ਤੱਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ 9 ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਬੀਤੇ ਸਾਲ ਕੁਲ 205.5 ਰੁਪਏ ਅਤੇ ਸਾਲ 2022 ’ਚ 153.5 ਰੁਪਏ ਦਾ ਵਾਧਾ ਕਰਨ ਦੇ ਬਾਅਦ ਹੁਣ 1 ਮਾਰਚ ਨੂੰ ਇਸ ’ਚ 50 ਰੁਪਏ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ।
ਇਸ ਦੇ ਇਲਾਵਾ 19 ਕਿਲੋ ਵਾਲੇ ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ’ਚ ਵੀ 350.50 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ’ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2119.50 ਰੁਪਏ ਹੋ ਗਈ।
ਰਸੋਈ ਗੈਸ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਕਾਰਨ ਹੁਣ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਮਹਿੰਗਾਈ ਨੇ ਲੋਕਾਂ ਦੇ ਘਰਾਂ ਦਾ ਬਜਟ ਵਿਗਾੜ ਦਿੱਤਾ ਹੈ। ਇਸ ਨਾਲ ਯਕੀਨਨ ਹੀ ਸੁਆਣੀਆਂ ਦੀ ਨਾਰਾਜ਼ਗੀ ਵਧੇਗੀ, ਜਿਸ ਦਾ ਸਰਕਾਰਾਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
-ਵਿਜੇ ਕੁਮਾਰ
ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਦੀਆਂ ਚੋਣਾਂ ਸਥਿਤੀ ਪਹਿਲਾਂ ਵਰਗੀ ਹੀ
NEXT STORY