15 ਅਗਸਤ 1969 ਨੂੰ ਆਜ਼ਾਦੀ ਦਿਹਾੜੇ 'ਤੇ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਡਾ. ਵਿਕਰਮ ਸਾਰਾਭਾਈ ਦੇ ਅਣਥੱਕ ਯਤਨਾਂ ਨਾਲ ਬਣੇ 'ਭਾਰਤੀ ਪੁਲਾੜ ਖੋਜ ਸੰਗਠਨ' (ਇਸਰੋ) ਦੇ ਵਿਗਿਆਨੀਆਂ ਨੇ ਆਪਣੀ ਮਿਹਨਤ ਨਾਲ ਭਾਰਤ ਨੂੰ ਪੁਲਾੜ ਵਿਗਿਆਨ ਦੇ ਖੇਤਰ 'ਚ ਮੋਹਰੀ ਦੇਸ਼ ਬਣਾ ਦਿੱਤਾ ਹੈ ਤੇ ਅੱਜ ਇਹ ਦੁਨੀਆ ਦੇ ਸਭ ਤੋਂ ਸਫਲ ਪੁਲਾੜ ਸੰਗਠਨਾਂ 'ਚੋਂ ਇਕ ਬਣ ਗਿਆ ਹੈ।
* 18 ਜੁਲਾਈ 1980 ਨੂੰ ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਉਪਗ੍ਰਹਿ ਪ੍ਰਖੇਪਣ ਗੱਡੀ 'ਐੱਸ. ਐੱਲ. ਵੀ.-3' ਦਾਗੀ ਸੀ। 'ਐੱਸ. ਐੱਲ. ਵੀ.-3' ਦਾ ਪ੍ਰਖੇਪਣ ਭਾਰਤੀ ਪੁਲਾੜ ਖੋਜ ਦੇ ਖੇਤਰ 'ਚ ਇਕ ਮੀਲ ਪੱਥਰ ਸੀ। ਇਸ ਨਾਲ 'ਇਸਰੋ' ਲਈ ਜ਼ਿਆਦਾ ਤਕਨੀਕੀ ਸਮਰੱਥਾ ਵਾਲੇ ਉਪਗ੍ਰਹਿ ਪ੍ਰਖੇਪਣਾਂ ਦਾ ਰਾਹ ਪੱਧਰਾ ਹੋਇਆ।
* 22 ਅਕਤੂਬਰ 2008 ਨੂੰ ਭਾਰਤ ਨੇ ਪਹਿਲਾ 'ਮਿਸ਼ਨ ਚੰਦਰਯਾਨ' ਸ਼ੁਰੂ ਕਰ ਕੇ 'ਚੰਦਰਯਾਨ-1' ਸਫਲਤਾਪੂਰਵਕ ਦਾਗਿਆ।
* 05 ਨਵੰਬਰ 2013 ਨੂੰ 'ਮੰਗਲਯਾਨ' ਦਾ ਸਫਲ ਪ੍ਰਖੇਪਣ ਕੀਤਾ ਗਿਆ। ਪਹਿਲੇ ਹੀ ਯਤਨ 'ਚ ਇਸ 'ਚ ਸਫਲ ਹੋਣ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ।
* ਅਪ੍ਰੈਲ 2016 'ਚ ਮੌਸਮ, ਹਵਾਬਾਜ਼ੀ ਆਦਿ ਖੇਤਰਾਂ 'ਚ ਜ਼ਿਆਦਾ ਜਾਣਕਾਰੀ ਦੇਣ 'ਚ ਸਮਰੱਥ ਆਪਣਾ ਜੀ. ਪੀ. ਐੱਸ. ਉਪਗ੍ਰਹਿ ਦਾਗ ਕੇ ਆਪਣੀ ਨਿੱਜੀ ਨੈਵੀਗੇਸ਼ਨ ਪ੍ਰਣਾਲੀ ਕਾਇਮ ਕਰਨ ਵਾਲਾ ਭਾਰਤ ਦੁਨੀਆ ਦਾ ਪੰਜਵਾਂ ਦੇਸ਼ ਬਣਿਆ ਤੇ ਉਸੇ ਸਾਲ ਜੂਨ 'ਚ 'ਇਸਰੋ' ਨੇ ਇਕ ਹੀ ਰਾਕੇਟ ਰਾਹੀਂ 20 ਉਪਗ੍ਰਹਿ ਦਾਗ ਕੇ ਰਿਕਾਰਡ ਬਣਾਇਆ।
ਅਤੇ ਹੁਣ 15 ਫਰਵਰੀ ਨੂੰ 'ਇਸਰੋ' ਨੇ ਸ਼੍ਰੀ ਹਰਿਕੋਟਾ ਪ੍ਰਖੇਪਣ ਕੇਂਦਰ ਤੋਂ ਇਕ ਹੀ ਰਾਕੇਟ 'ਪੀ. ਐੱਸ. ਐੱਲ. ਵੀ.-ਸੀ37' ਦੇ ਜ਼ਰੀਏ 'ਕਾਰਟੋਸੈਟ-2' ਲੜੀ ਦੇ ਪ੍ਰਿਥਵੀ ਨਿਗਰਾਨ ਉਪਗ੍ਰਹਿ ਸਮੇਤ 103 'ਨੈਨੋ' ਉਪਗ੍ਰਹਿਆਂ ਨੂੰ ਸਫਲਤਾਪੂਰਵਕ ਦਾਗ ਕੇ ਇਤਿਹਾਸ ਰਚਿਆ ਹੈ।
ਇਸ ਮੁਹਿੰਮ 'ਚ ਭੇਜੇ ਗਏ 101 ਉਪਗ੍ਰਹਿ ਦੂਜੇ ਦੇਸ਼ਾਂ ਦੇ ਅਤੇ ਤਿੰਨ ਉਪਗ੍ਰਹਿ ਭਾਰਤ ਦੇ ਹਨ। ਸਭ ਤੋਂ ਪਹਿਲਾਂ 'ਕਾਰਟੋਸੈਟ-2' ਸ਼੍ਰੇਣੀ ਦੇ 714 ਕਿਲੋ ਭਾਰੇ ਉਪਗ੍ਰਹਿ ਨੂੰ ਅਤੇ ਉਸ ਤੋਂ ਬਾਅਦ ਬਾਕੀ 103 'ਨੈਨੋ' ਉਪਗ੍ਰਹਿਆਂ ਨੂੰ ਪੰਧ 'ਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਇਕੱਠੇ 37 ਸੈਟੇਲਾਈਟ ਪੁਲਾੜ 'ਚ ਭੇਜਣ ਦਾ ਵਿਸ਼ਵ ਰਿਕਾਰਡ ਰੂਸ ਦੇ ਨਾਂ ਸੀ ਅਤੇ 29 ਉਪਗ੍ਰਹਿ ਇਕੱਠੇ ਦਾਗਣ ਵਾਲਾ ਅਮਰੀਕਾ ਦੂਜੇ ਨੰਬਰ 'ਤੇ ਸੀ।
ਅਤਿ-ਆਧੁਨਿਕ 'ਸੈਂਸਰ' ਨਾਲ ਲੈਸ 'ਕਾਰਟੋਸੈਟ-2' ਲੜੀ ਦਾ ਉਪਗ੍ਰਹਿ ਇਕ ਦੂਰਸੰਵੇਦੀ ਉਪਗ੍ਰਹਿ ਹੈ, ਜਿਸ ਦਾ ਜੀਵਨ ਕਾਲ ਪੰਜ ਸਾਲ ਹੈ। ਇਹ ਭਾਰਤ 'ਚ ਵਿਕਾਸ ਤੇ ਰੱਖਿਆ ਦੇ ਖੇਤਰ 'ਚ ਬਹੁਤ ਉਪਯੋਗੀ ਸਿੱਧ ਹੋ ਸਕਦਾ ਹੈ।
ਆਕਾਸ਼ ਤੋਂ ਧਰਤੀ ਦੀਆਂ ਬਿਹਤਰੀਨ ਤਸਵੀਰਾਂ ਲੈਣ ਦੇ ਸਮਰੱਥ ਅਤੇ 'ਰਿਮੋਟ ਸੈਂਸਿੰਗ' ਵਿਚ ਲਾਜਵਾਬ ਇਨ੍ਹਾਂ ਉਪਗ੍ਰਹਿਆਂ ਨਾਲ ਭਾਰਤ ਦੀ 'ਸੈਂਸਿੰਗ ਸਮਰੱਥਾ' ਵਧੇਗੀ ਤੇ ਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਲਈ ਇਸ ਦੀਆਂ ਭੇਜੀਆਂ ਹੋਈਆਂ ਤਸਵੀਰਾਂ ਉਪਯੋਗੀ ਸਿੱਧ ਹੋ ਸਕਦੀਆਂ ਹਨ।
ਇਸ ਨਾਲ ਦੁਨੀਆ ਦੇ ਕਿਸੇ ਵੀ ਕੋਨੇ ਦਾ ਸਟੀਕ ਹਾਲ ਜਾਣਿਆ ਜਾ ਸਕੇਗਾ ਤੇ ਇਸ ਤੋਂ ਪ੍ਰਾਪਤ ਡਾਟਾ ਦਾ ਇਸਤੇਮਾਲ ਸੜਕਾਂ ਬਣਾਉਣ ਦੇ ਕੰਮ 'ਤੇ ਨਿਗਰਾਨੀ ਰੱਖਣ, ਪ੍ਰਿਥਵੀ ਦੀ ਬਿਹਤਰੀਨ ਵਰਤੋਂ ਅਤੇ ਪਾਣੀ ਦੀ ਵੰਡ ਲਈ ਕੀਤਾ ਜਾਵੇਗਾ।
ਇਨ੍ਹਾਂ ਸਾਰੀਆਂ ਕਾਰਗੁਜ਼ਾਰੀਆਂ ਪਿੱਛੇ 'ਇਸਰੋ' ਦਾ ਵਪਾਰਕ ਪਹਿਲੂ ਵੀ ਹੈ। ਇਨ੍ਹਾਂ ਸਫਲਤਾਵਾਂ ਨਾਲ ਭਾਰਤ ਦੁਨੀਆ 'ਚ ਅਰਬਾਂ ਡਾਲਰ ਵਾਲੇ ਪੁਲਾੜ ਬਾਜ਼ਾਰ 'ਚ ਤੇਜ਼ੀ ਨਾਲ ਦਾਖਲ ਹੋ ਗਿਆ ਹੈ ਤੇ 15 ਫਰਵਰੀ ਨੂੰ ਵਿਦੇਸ਼ੀ ਉਪਗ੍ਰਹਿ ਦਾਗਣ ਨਾਲ ਇਸ ਨੂੰ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਆਮਦਨ ਹੋਈ ਹੈ।
ਹੁਣ ਤਕ ਭਾਰਤ ਸਿਰਫ ਛੋਟੇ ਅਤੇ ਹਲਕੇ ਵਿਦੇਸ਼ੀ ਉਪਗ੍ਰਹਿ ਹੀ ਲਾਂਚ ਕਰਦਾ ਰਿਹਾ ਹੈ। ਜੇਕਰ ਭਾਰਤ ਜ਼ਿਆਦਾ ਵੱਡੇ ਉਪਗ੍ਰਹਿਆਂ ਨੂੰ ਪੁਲਾੜ 'ਚ ਪਹੁੰਚਾਉਣ 'ਚ ਸਫਲ ਹੋ ਗਿਆ ਤਾਂ ਇਹ ਅਰਬਾਂ ਡਾਲਰ ਸਾਲਾਨਾ ਦੀ ਵਿਦੇਸ਼ੀ ਕਰੰਸੀ ਕਮਾ ਸਕਦਾ ਹੈ।
'ਇਸਰੋ' ਦੀ ਵਪਾਰਕ ਇਕਾਈ ਨੂੰ ਹੁਣ ਤਕ 500 ਕਰੋੜ ਰੁਪਏ ਦੇ ਆਰਡਰ ਮਿਲ ਚੁੱਕੇ ਹਨ ਤੇ 500 ਕਰੋੜ ਰੁਪਏ ਦੇ ਹੋਰ ਆਰਡਰਾਂ 'ਤੇ ਗੱਲ ਚੱਲ ਰਹੀ ਹੈ। ਬਿਨਾਂ ਸ਼ੱਕ ਪੁਲਾੜ ਖੋਜ ਦੇ ਖੇਤਰ 'ਚ ਭਾਰਤ ਦੀਆਂ ਸਫਲਤਾਵਾਂ ਈਰਖਾਜਨਕ ਹਨ। 'ਇਸਰੋ' ਨੇ ਜਿਥੇ ਪੁਲਾੜ 'ਚ ਇਕੱਠੇ 104 ਉਪਗ੍ਰਹਿ ਦਾਗ ਕੇ ਭਾਰਤ ਦੇ ਮਾਣ 'ਚ ਵਿਸ਼ਵਵਿਆਪੀ ਵਾਧਾ ਕੀਤਾ ਹੈ, ਉਥੇ ਹੀ ਇਸ ਨਾਲ ਭਾਰਤ ਦੀ ਰੱਖਿਆ ਮਜ਼ਬੂਤ ਕਰਨ 'ਚ ਸਹਾਇਤਾ ਮਿਲਣ ਤੋਂ ਇਲਾਵਾ ਭਾਰਤ ਨੂੰ ਵਡਮੁੱਲੀ ਵਿਦੇਸ਼ੀ ਕਰੰਸੀ ਵੀ ਮਿਲੇਗੀ, ਜਿਸ ਦੇ ਲਈ ਭਾਰਤੀ ਪੁਲਾੜ ਖੋਜ ਸੰਸਥਾ ਦੇ ਵਿਗਿਆਨੀ ਵਧਾਈ ਦੇ ਪਾਤਰ ਹਨ।
—ਵਿਜੇ ਕੁਮਾਰ
ਸੱਤਾ ਦਾ ਸਿੰਘਾਸਨ ਹਾਸਿਲ ਕਰਦੇ-ਕਰਦੇ ਸ਼ਸ਼ੀਕਲਾ ਪਹੁੰਚੀ ਜੇਲ 'ਚ
NEXT STORY