12 ਜੂਨ, 1932 ਨੂੰ ਕੇਰਲ ਦੇ ‘ਪਲੱਕਾਡ’ ਵਿਚ ਜੰਮੇ ਅਤੇ ‘ਮੈਟ੍ਰੋ ਮੈਨ’ ਦੇ ਨਾਂ ਤੋਂ ਮਸ਼ਹੂਰ ਸ਼੍ਰੀ ਈ. ਸ਼੍ਰੀਧਰਨ ਨੇ ਇਕ ਇੰਜੀਨੀਅਰ ਦੇ ਰੂਪ ਦੇਸ਼ ’ਚ ਰੇਲਵੇ ਅਤੇ ਮੈਟ੍ਰੋ ਦਾ ਚਿਹਰਾ ਬਦਲਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਦਿੱਲੀ ਮੈਟਰੋ ਦੇ ਇਲਾਵਾ ਭਾਰਤ ਦੀ ਪਹਿਲੀ ਸਭ ਤੋਂ ਵੱਧ ਆਧੁਨਿਕ ‘ਕੋਂਕਣ ਰੇਲ ਸੇਵਾ’ ਅਤੇ ਕਈ ਸ਼ਹਿਰਾਂ ’ਚ ਮੈਟਰੋ ਰੇਲ ਨੈੱਟਵਰਕ ਦਾ ਨਕਸ਼ਾ ਉਨ੍ਹਾਂ ਨੇ ਹੀ ਤਿਆਰ ਕੀਤਾ ਅਤੇ 31 ਦਸੰਬਰ, 2011 ਨੂੰ ਰਿਟਾਇਰਮੈਂਟ ਦੇ ਬਾਅਦ ਵੀ ਇਨ੍ਹਾਂ ਪ੍ਰਾਜੈਕਟਾਂ ਦੇ ਨਾਲ ਬਤੌਰ ਸਲਾਹਕਾਰ ਜੁੜੇ ਰਹੇ।
ਨਿਸ਼ਚਿਤ ਸਮਾਂ ਹੱਦ ਦੇ ਅੰਦਰ ਕੰਮ ਕਰਨ ਅਤੇ ਆਪਣੇ ਕੰਮ ’ਚ ਸਿਆਸੀ ਦਖਲਅੰਦਾਜ਼ੀ ਕਿਸੇ ਵੀ ਤਰ੍ਹਾਂ ਪਸੰਦ ਨਾ ਕਰਨ ਵਾਲੇ ਈ. ਸ਼੍ਰੀਧਰਨ ਨੇ ਬਹੁਤ ਸਮਾਂ ਦਿੱਲੀ ’ਚ ਮੈਟਰੋ ਦਾ ਕੰਮ ਬਹੁਤ ਹੀ ਨਿਪੁੰਨਤਾ ਤੇ ਗੁਣਵੱਤਾ ਦੇ ਨਾਲ ਪੂਰਾ ਕਰ ਦਿਖਾਇਆ।
2001 ’ਚ ਪਦਮਸ਼੍ਰੀ ਅਤੇ 2008 ’ਚ ਪਦਮ ਵਿਭੂਸ਼ਣ ਨਾਲ ਸਨਮਾਨਿਤ 89 ਸਾਲਾ ਸ਼੍ਰੀਧਰਨ ਨੂੰ 2013 ’ਚ ਜਾਪਾਨ ਦੇ ਰਾਸ਼ਟਰੀ ਪੁਰਸਕਾਰ ‘ਆਰਡਰ ਆਫ ਦਿ ਰਾਈਜ਼ਿੰਗ ਸਨ ਗੋਲਡ ਐਂਡ ਸਿਲਵਰ ਸਟਾਰਸ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਕੌਮਾਂਤਰੀ ‘ਟਾਈਮ’ ਮੈਗਜ਼ੀਨ ਨੇ 2003 ’ਚ ਉਨ੍ਹਾਂ ਨੂੰ ‘ਏਸ਼ੀਆ ਦਾ ਹੀਰੋ’ ਕਰਾਰ ਦਿੱਤਾ ਸੀ।
ਦਿੱਲੀ ਮੈਟਰੋ ਪ੍ਰਾਜੈਕਟ ਸੰਪੰਨ ਕਰਨ ’ਤੇ ਰਿਟਾਇਰਮੈਂਟ ਦੇ ਬਾਅਦ ਤੋਂ ਉਹ ਆਪਣੇ ਗ੍ਰਹਿ ਸੂਬੇ ਕੇਰਲ ’ਚ ਸ਼ਾਂਤ ਜ਼ਿੰਦਗੀ ਬਤੀਤ ਰਹੇ ਸਨ, ਤਦ ਅਚਾਨਕ 18 ਫਰਵਰੀ ਨੂੰ ਇਕ ਨਾਟਕੀ ਘਟਨਾਕ੍ਰਮ ’ਚ ਕੇਰਲ ਭਾਜਪਾ ਪ੍ਰਧਾਨ ਕੇ. ਸੁਰੇਂਦ੍ਰਨ ਦਾ ਇਹ ਬਿਆਨ ਆ ਗਿਆ ਕਿ ਸ਼੍ਰੀ ਸ਼੍ਰੀਧਰਨ ਜਲਦ ਹੀ ਭਾਜਪਾ ’ਚ ਸ਼ਾਮਲ ਹੋ ਰਹੇ ਹਨ।
ਇਸ ਦੀ ਪੁਸ਼ਟੀ ਕਰਦੇ ਹੋਏ ਸ਼੍ਰੀਧਰਨ ਨੇ ਕਿਹਾ ਕਿ ਜੇਕਰ ਕੇਰਲ (ਜਿਥੇ ਅਗਲੇ ਕੁਝ ਹੀ ਮਹੀਨਿਆਂ ’ਚ ਚੋਣਾਂ ਹੋਣ ਵਾਲੀਆਂ ਹਨ) ’ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦਾ ਮੁੱਖ ਮੰਤਰੀ ਬਣਨ ’ਚ ਉਨ੍ਹਾਂ ਕੋਈ ਇਤਰਾਜ਼ ਨਹੀਂ ਹੋਵੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕੇਰਲ ’ਚ ਤਿੰਨ ਮੁੱਖ ਗੱਲਾਂ ਇੰਫ੍ਰਾਸਟ੍ਰਕਚਰ ਦੇ ਵਿਕਾਸ, ਵੱਡੇ ਉਦਯੋਗਾਂ ਦੀ ਸਥਾਪਨਾ ਅਤੇ ਸੂਬੇ ਦੀ ਆਰਥਿਕ ਹਾਲਤ ਸੁਧਾਰਨ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁਣਗੇ।
ਉਨ੍ਹਾਂ ਦੇ ਅਨੁਸਾਰ ਸੂਬੇ ਨੂੰ ਮੌਜੂਦਾ ਆਰਥਿਕ ਸੰਕਟ ’ਚੋਂ ਕੱਢਣ ਦੇ ਲਈ ਇਕ ਵਿੱਤੀ ਅਯੋਗ ਬਣਾਉਣ ਦੀ ਲੋੜ ਹੈ ਕਿਉਂਕਿ ਕੇਰਲ ਇਸ ਹੱਦ ਤਕ ਕਰਜ਼ ਦੇ ਜਾਲ ’ਚ ਫਸਿਆ ਹੋਇਆ ਹੈ ਕਿ ਹਰ ਕੇਰਲ ਵਾਸੀ ’ਤੇ 1.2 ਲੱਖ ਦਾ ਕਰਜ਼ ਹੈ। ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਦੀ ਲੋੜ ਹੈ ਅਤੇ ਮੁੱਖ ਮੰਤਰੀ ਬਣਨ ’ਤੇ ਮੈਂ ਇਹ ਟੀਚਾ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗਾ।
ਸ਼੍ਰੀ ਸ਼੍ਰੀਧਰਨ ਦੇ ਭਾਜਪਾ ਨਾਲ ਜੁੜਣ ਦੇ ਫੈਸਲੇ ਨੂੰ ਕੇਰਲ ਭਾਜਪਾ ਦੇ ਲਈ ਵੱਡੀ ਤਬਦੀਲੀ ਮੰਨਿਆ ਜਾ ਰਿਹਾ ਹੈ, ਜਿਥੇ ਅਜੇ ਤਕ ‘ਲੈਫਟ ਡੈਮੋਕ੍ਰੇਟਿਕ ਫਰੰਟ’ (ਐੱਲ.ਡੀ.ਐੱਫ.) ਅਤੇ ਕਾਂਗਰਸ ਦੀ ਅਗਵਾਈ ਵਾਲੇ ‘ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ.ਡੀ.ਐੱਫ.) ਦੀਆਂ ਸਰਕਾਰਾਂ ਹੀ ਬਣਦੀਆਂ ਰਹੀਆਂ ਹਨ। ਭਾਜਪਾ ਦਾ ਉਥੇ ਕੋਈ ਵਜੂਦ ਨਹੀਂ ਹੈ ਤੇ 140 ਸੀਟਾਂ ਵਾਲੇ ਸਦਨ ’ਚ ਇਸ ਸਮੇਂ ਉਸ ਦਾ ਇਕ ਹੀ ਮੈਂਬਰ ਹੈ।
ਇਹੀ ਕਾਰਨ ਹੈ ਕਿ ਮੈਟਰੋ ਮੈਨ ਸ਼੍ਰੀਧਰਨ ਦੀ ਭਾਜਪਾ ’ਚ ਸੰਭਾਵਿਤ ਐਂਟਰੀ ਦੀ ਚਰਚਾ ਤੋਂ ਬਹੁਤ ਲੋਕ ਹੈਰਾਨ ਹੋਏ ਹਨ ਕਿਉਂਕਿ ਮੌਜੂਦਾ ਸੰਕੇਤਾਂ ਦੇ ਅਨੁਸਾਰ ਆਉਣ ਵਾਲੀਆਂ ਚੋਣਾਂ ’ਚ ਉਥੇ ਭਾਜਪਾ ਨੂੰ ਬਹੁਮਤ ਮਿਲਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ।
ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਭਾਜਪਾ ਦੀ ਮੌਜੂਦਾ ਨੀਤੀ ਦੇ ਅਨੁਸਾਰ 75 ਸਾਲ ਤੋਂ ਵਧ ਉਮਰ ਵਾਲੇ ਨੇਤਾਵਾਂ ਨੂੰ ਪਾਰਟੀ ਦੇ ਮਾਰਗਦਰਸ਼ਕ ਮੰਡਲ ’ਚ ਸੁੱਟ ਦਿੱਤਾ ਜਾਂਦਾ ਹੈ। ਇਸ ਲਈ ਸਵਾਲ ਪੈਦਾ ਹੁੰਦਾ ਹੈ ਕਿ ਕੀ ਪਾਰਟੀ ਕੇਰਲ ’ਚ ਪੈਰ ਜਮਾਉਣ ਦੇ ਲਈ ਆਪਣੇ ਇਸ ਸਥਾਪਿਤ ਸਿਧਾਂਤ ਨੂੰ ਤਿਲਾਂਜਲੀ ਦੇ ਦੇਵੇਗੀ?
ਉਂਝ ਵੀ ਸੂਬੇ ’ਚ ਓਪੀਨੀਅਨ ਪੋਲ ਇਸ ਵਾਰ ਵੀ ਸੱਤਾਧਾਰੀ ‘ਲੈਫਟ ਡੈਮੋਕ੍ਰੇਟਿਕ ਫਰੰਟ (ਐੱਲ. ਡੀ. ਐੱਫ.) ਅਤੇ ਕਾਂਗਰਸ ਦੀ ਅਗਵਾਈ ਵਾਲੇ ‘ਯੂਨਾਈਟਿਡ ਡੈਮੋਕ੍ਰੇਟਿਕ ਫਰੰਟ’ (ਯੂ.ਡੀ.ਐੱਫ.) ਦੇ ਦਰਮਿਆਨ ਹੀ ਮੁਕਾਬਲਾ ਦੱਸ ਰਹੇ ਹਨ।
ਹਾਲਾਂਕਿ ਸੂਬੇ ’ਚ ਅਜੇ ਤਕ ਭਾਜਪਾ ਦੇ ਸਬੰਧ ’ਚ ਕੋਈ ਉਤਸ਼ਾਹ ਨਜ਼ਰ ਨਹੀਂ ਆਉਂਦਾ ਪਰ ਭਾਜਪਾ ਨੂੰ ਆਸ ਹੈ ਕਿ ਸ਼੍ਰੀਧਰਨ ਵਰਗੇ ਮਹਾਰਥੀ ਦੇ ਪਾਰਟੀ ਦੇ ਨਾਲ ਜੁੜਣ ਨਾਲ ਇਥੇ ਵੱਡੀ ਗਿਣਤੀ ’ਚ ਨੌਜਵਾਨ ਅਤੇ ਊਰਜਾਵਾਨ ਨੇਤਾ ਇਸ ਦੇ ਨਾਲ ਜੁੜਣਗੇ।
ਆਮ ਰਾਏ ਇਹੀ ਹੈ ਕਿ ਸ਼੍ਰੀਧਰਨ ਦੇ ਭਾਜਪਾ ਨਾਲ ਜੁੜਣ ਨਾਲ ਕੇਰਲ ’ਚ ਭਾਜਪਾ ਦੀਆਂ ਚੋਣ ਸੰਭਾਵਨਾਵਾਂ ’ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਦੇ ਅਨੁਸਾਰ, ‘‘ਕਿਉਂਕਿ ਸ਼੍ਰੀ ਸ਼੍ਰੀਧਰਨ ਦਾ ਕੋਈ ਸਿਆਸੀ ਪਿਛੋਕੜ ਅਤੇ ਤਜਰਬਾ ਨਹੀਂ ਹੈ, ਇਸ ਲਈ ਮੈਨੂੰ ਜਾਪਦਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਬਹੁਤ ਹੀ ਘੱਟ ਹੋਵੇਗਾ।’’
ਡੇਢ ਸਾਲ ਪਹਿਲਾਂ ਸ਼੍ਰੀ ਸ਼੍ਰੀਧਰਨ ਨੇ ਕਿਹਾ ਸੀ, ‘‘ਸਿਆਸਤ ਮੇਰੇ ਵੱਸ ਦੀ ਗੱਲ ਨਹੀਂ ਹੈ।’’ ਇਸ ਲਈ ਹੁਣ ਉਨ੍ਹਾਂ ਦੇ ਨਜ਼ਰੀਏ ’ਚ ਅਚਾਨਕ ਆਈ ਤਬਦੀਲੀ ਤੋਂ ਹਰ ਕੋਈ ਹੈਰਾਨ ਹੈ। ਭਾਜਪਾ ਦੇ ਇਕ ਨੇਤਾ ਦੇ ਅਨੁਸਾਰ, ‘‘ਇੰਨੇ ਦਹਾਕਿਆਂ ਤਕ ਆਪਣਾ ਵੱਖਰਾ ਅਕਸ ਬਣਾਉਣ ਦੇ ਬਾਅਦ ਸ਼੍ਰੀਧਰਨ ਨੂੰ ਹੁਣ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਸੀ।
ਸ਼੍ਰੀ ਸ਼੍ਰੀਧਰਨ ਦਾ ਹੁਣ ਤਕ ਦਾ ਕਰੀਅਰ ਬੇਦਾਗ ਰਿਹਾ ਹੈ ਜਦਕਿ ਸਿਆਸਤ ’ਚ ਕਈ ਨੇਤਾਵਾਂ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲੱਗਦੇ ਰਹਿੰਦੇ ਹਨ। ਇਹ ਵੀ ਸੱਚ ਹੈ ਕਿ ਸਿਆਸਤ ਤੋਂ ਹੱਟ ਕੇ ਆਪਣੇ ਕਰੀਅਰ ’ਚ ਵੱਡੀ ਚਰਚਾ ਹਾਸਲ ਕਰਨ ਵਾਲੇ ਲੋਕ ਆਮ ਤੌਰ ’ਤੇ ਸਿਆਸਤ ’ਚ ਅਨਾੜੀ ਹੀ ਸਿੱਧ ਹੁੰਦੇ ਹਨ।
ਫਿਰ ਵੀ ਇਹ ਪ੍ਰਯੋਗ ਕਰਨਾ ਬੁਰਾ ਨਹੀਂ ਹੈ ਕਿਉਂਕਿ ਭਾਜਪਾ ਨੂੰ ਸ਼੍ਰੀ ਸ਼੍ਰੀਧਰਨ ਦੇ ਰਾਹੀਂ ਸੂਬੇ ਦੇ ਲੋਕਾਂ ਦੇ ਦਰਮਿਆਨ ਆਪਣੀ ਪਛਾਣ ਬਣਾਉਣ ਦਾ ਇਕ ਮੌਕਾ ਜ਼ਰੂਰ ਮਿਲ ਸਕਦਾ ਹੈ।
–ਵਿਜੇ ਕੁਮਾਰ
ਅੜੀਅਲ ਚੀਨ ਕਿਉਂ ਹਟਿਆ ਪਿੱਛੇ
NEXT STORY