ਪਾਕਿਸਤਾਨੀ ਨੇਤਾਵਾਂ ਵਲੋਂ ਪੈਦਾ ਦੋ ਸਮੱਸਿਆਵਾਂ ਨਾਲ ਉਨ੍ਹਾਂ ਦੇ ਸਾਰੇ ਪ੍ਰਧਾਨ ਮੰਤਰੀਆਂ ਦਾ ਸਾਹਮਣਾ ਹੁੰਦਾ ਰਿਹਾ ਹੈ। ਮਾਲੀ ਸੰਕਟ ਅਤੇ ਧਾਰਮਿਕ ਕੱਟੜਵਾਦ ਦੀਆਂ ਇਹ ਸਮੱਸਿਆਵਾਂ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਖੜ੍ਹੀਆਂ ਹਨ।
ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਮਰਾਨ ਨੇ ਦੇਸ਼ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਦਾ ਵਾਅਦਾ ਕੀਤਾ ਸੀ। ‘‘ਮੈਂ ਦੁਨੀਆ ਭਰ ’ਚ ਘੁੰਮ ਕੇ ਭੀਖ ਮੰਗਣ ਦੀ ਬਜਾਏ ਖੁਦਕੁਸ਼ੀ ਕਰਨਾ ਪਸੰਦ ਕਰਾਂਗਾ’’ ਕਹਿਣ ਵਾਲੇ ਇਮਰਾਨ ਨੇ ਪਹਿਲੇ ਵਿਦੇਸ਼ੀ ਦੌਰੇ ’ਤੇ ਹੀ ਸਾਊਦੀ ਅਰਬ ਅਤੇ ਯੂ. ਏ. ਈ. ਨੂੰ ਤੁਰੰਤ ਪਾਕਿਸਤਾਨ ਨੂੰ ਮਾਲੀ ਸਹਾਇਤਾ ਭੇਜਣ ਦੀ ਅਪੀਲ ਕੀਤੀ ਸੀ। ਪਿਛਲੇ ਹਫਤੇ ਪਾਕਿਸਤਾਨ ਨੇ ਚੀਨ ਨੂੰ ਹੋਰ ਕਰਜ਼ਾ ਦੇਣ ਲਈ ਕਿਹਾ ਹੈ। 8 ਅਕਤੂਬਰ ਤਕ ਉਨ੍ਹਾਂ ਦੀ ਸਰਕਾਰ ਨੇ ਆਈ. ਐੱਮ. ਐੱਫ. ਨਾਲ ਕਰਜ਼ੇ ਲਈ ਸੰਪਰਕ ਕਰ ਲਿਆ ਸੀ, ਜਿਸ ਨੇ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਚੀਨ ਤੋਂ ਲਏ ਸਾਰੇ ਕਰਜ਼ਿਆਂ ’ਤੇ ਆਪਣੀ ਸਥਿਤੀ ਸਪੱਸ਼ਟ ਕਰੇ।
ਮੌਜੂਦਾ ਸਮੇਂ ’ਚ ਇਸ ਦਾ ਫਾਰੇਨ ਐਕਸਚੇਂਜ 8 ਬਿਲੀਅਨ ਡਾਲਰ ਹੈ, ਜੋ ਦਰਾਮਦ ਅਤੇ ਇਸ ਸਾਲ ਦੇ ਅਖੀਰ ਤਕ ਵਿਦੇਸ਼ੀ ਕਰਜ਼ਿਆਂ ਦੇ ਭੁਗਤਾਨ ਦੀ ਪੂਰਤੀ ਲਈ ਨਾਕਾਫੀ ਹੈ। ਦੇਸ਼ ਦਾ ਕੰਮ ਚਾਲੂ ਰੱਖਣ ਲਈ ਪਾਕਿਸਤਾਨ ਸਰਕਾਰ ਨੂੰ ਥੋੜ੍ਹੇ ਸਮੇਂ ’ਚ ਲਗਭਗ 10 ਬਿਲੀਅਨ ਡਾਲਰ ਦਾ ਜੁਗਾੜ ਕਰਨਾ ਪਵੇਗਾ। ਤਾਲਿਬਾਨ ’ਤੇ ਲਗਾਮ ਕੱਸਣ ’ਚ ਅਸਫਲ ਰਹਿਣ ’ਤੇ ਹਾਲੀਆ ਦਿਨਾਂ ’ਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਬੰਦ ਕਰਨ ਵਾਲੇ ਅਮਰੀਕਾ ਨੇ ਇਸ ਗੱਲ ’ਤੇ ਚਿੰਤਾ ਜਤਾਈ ਹੈ ਕਿ ਪਾਕਿਸਤਾਨ ਆਈ. ਐੱਮ. ਐੱਫ. ਤੋਂ ਮਿਲੇ ਕਰਜ਼ੇ ਨਾਲ ਚੀਨ ਦਾ ਕਰਜ਼ਾ ਚੁਕਾਉਂਦਾ ਰਿਹਾ ਹੈ। ਇਕ ਟੀ. ਵੀ. ਪ੍ਰਸਾਰਣ ’ਚ ਇਮਰਾਨ ਖਾਨ ਨੇ ਵਿਦੇਸ਼ਾਂ ’ਚ ਰਹਿਣ ਵਾਲੇ ਹਰੇਕ ਪਾਕਿਸਤਾਨੀ ਨੂੰ ਸਰਕਾਰ ਨੂੰ 1000 ਡਾਲਰ ਦਾਨ ਦੇਣ ਦੀ ਅਪੀਲ ਕੀਤੀ ਹੈ।
ਖਰਚੇ ਘਟਾਉਣ ਅਤੇ ਕੰਜੂਸੀ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਜ਼ਾਹਿਰ ਕਰਨ ਲਈ ਉਸ ਨੇ 61 ਲਗਜ਼ਰੀ ਕਾਰਾਂ ਸਮੇਤ ਪ੍ਰਧਾਨ ਮੰਤਰੀ ਨਿਵਾਸ ਨੂੰ ਦੁੱਧ ਦੀ ਸਪਲਾਈ ਕਰਨ ਲਈ ਪਾਲ਼ੀਆਂ ਗਈਆਂ 8 ਮੱਝਾਂ ਨੂੰ ਵੀ ਨੀਲਾਮ ਕਰ ਦਿੱਤਾ ਹੈ।
ਜੇ ਪਾਕਿਸਤਾਨ ਆਪਣੀਆਂ ਮੌਜੂਦਾ ਮਾਲੀ ਸਮੱਸਿਆਵਾਂ ਨਾਲ ਕੁਝ ਮਿੱਤਰ ਦੇਸ਼ਾਂ ਦੀ ਮਦਦ ਨਾਲ ਨਜਿੱਠ ਵੀ ਲਵੇ ਤਾਂ ਉਸ ਦੇ ਸਾਹਮਣੇ ਇਕ ਵੱਡਾ ਮੁੱਦਾ (ਧਰਮ ਨਾਲ ਜੁੜਿਆ) ਮੂੰਹ ਖੋਲ੍ਹੀ ਖੜ੍ਹਾ ਹੈ, ਜੋ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਸਕਦਾ ਹੈ।
ਇਕ ਵੱਡਾ ਮੁੱਦਾ 53 ਸਾਲਾ ਈਸਾਈ ਅੌਰਤ ਆਸੀਆ ਬੀਬੀ ਦਾ ਹੈ, ਜਿਸ ਨੂੰ ਈਸ਼ਨਿੰਦਾ ਦੇ ਦੋਸ਼ ’ਚ 2010 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਜ਼ਾਰਾਂ ਇਸਲਾਮਿਕ ਕੱਟੜਵਾਦੀ ਉਸ ਦੇ ਖੂਨ ਦੇ ਪਿਆਸੇ ਹਨ। 8 ਅਕਤੂਬਰ ਨੂੰ ਹੀ ਇਸ ਮਾਮਲੇ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਹੋਈ ਹੈ ਤੇ ਅਦਾਲਤ ਦਾ ਕਹਿਣਾ ਹੈ ਕਿ ਉਹ ਇਸ ’ਤੇ ਆਪਣਾ ਫੈਸਲਾ ਸੁਣਾ ਦੇਣਾ ਚਾਹੁੰਦੀ ਹੈ। ਜੇ ਅਦਾਲਤ ਬੀਬੀ ਨੂੰ ਬਰੀ ਕਰ ਦਿੰਦੀ ਹੈ ਤਾਂ ਬਿਨਾਂ ਸ਼ੱਕ ਸੰਵੇਦਨਾ ਤੇ ਧਾਰਮਿਕ ਸਹਿਣਸ਼ੀਲਤਾ ਦੀ ਇਹ ਪਾਕਿਸਤਾਨ ’ਚ ਇਕ ਦੁਰਲੱਭ ਜਿੱਤ ਹੋਵੇਗੀ, ਜਿਸ ਦਾ ਪੱਛਮੀ ਦੇਸ਼ ਵੀ ਸਵਾਗਤ ਕਰਨਗੇ।
ਦੂਜੇ ਪਾਸੇ ਜੇ ਅਦਾਲਤ ਮੌਤ ਦੀ ਸਜ਼ਾ ਬਰਕਰਾਰ ਰੱਖਦੀ ਹੈ ਤਾਂ ਇਹ ਕੱਟੜਵਾਦੀਆਂ ਦੀ ਇਕ ਹੋਰ ਜਿੱਤ ਹੋਵੇਗੀ।
ਬੀਬੀ ਦੀ ਸਮੱਸਿਆ ਪਾਣੀ ਦੇ ਗਿਲਾਸ ’ਤੇ ਹੋਏ ਝਗੜੇ ਤੋਂ ਸ਼ੁਰੂ ਹੋਈ ਸੀ, ਜਦ 2 ਮੁਸਲਿਮ ਔਰਤਾਂ ਨੇ ਖੇਤਾਂ ’ਚ ਕੰਮ ਕਰਨ ਅਤੇ 5 ਬੱਚਿਆਂ ਦੀ ਮਾਂ ਬੀਬੀ ਨੂੰ ਗਿਲਾਸ ਨਾਲ ਪਾਣੀ ਪੀ ਕੇ ਉਸ ਨੂੰ ਦੂਸ਼ਿਤ ਕਰਨ ਦਾ ਦੋਸ਼ ਲਾਇਆ ਸੀ।
2011 ’ਚ ਬੀਬੀ ਨੂੰ ਮਿਲਣ ਜੇਲ ਜਾਣ ਤੋਂ ਨਾਰਾਜ਼ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦੇ ਬਾਡੀਗਾਰਡ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। 2 ਮਹੀਨਿਆਂ ਬਾਅਦ ਈਸ਼ਨਿੰਦਾ ਕਾਨੂੰਨ ਦਾ ਵਿਰੋਧ ਕਰਨ ਵਾਲੇ ਇਕ ਈਸਾਈ ਸਿਆਸਤਦਾਨ ਸ਼ਾਹਬਾਜ਼ ਪੱਟੀ ਦੀ ਹੱਤਿਆ ਕੁਝ ਬੰਦੂਕਧਾਰੀਆਂ ਨੇ ਕਰ ਦਿੱਤੀ ਸੀ।
ਜੁਲਾਈ ’ਚ ਹੋਈਆਂ ਚੋਣਾਂ ’ਚ 20 ਲੱਖ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੀ ਟੀ. ਐੱਲ. ਪੀ. (ਤਹਿਰੀਕ-ਏ-ਲੱਬਾਇਕ ਪਾਰਟੀ) ਇਕ ਕੱਟੜਵਾਦੀ ਪਾਰਟੀ ਹੈ, ਜੋ ਬੀਬੀ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹੋਏ ਅਜਿਹਾ ਨਾ ਹੋਣ ’ਤੇ ਦੇਸ਼ ਨੂੰ ਅਪਾਹਜ ਬਣਾ ਦੇਣ ਦੀ ਧਮਕੀ ਦੇ ਰਹੀ ਹੈ। ਹਜ਼ਾਰਾਂ ਪ੍ਰਦਰਸ਼ਨਕਾਰੀ ਇਸ ਮੰਗ ਦੇ ਨਾਲ ਲਾਹੌਰ, ਕਰਾਚੀ, ਰਾਵਲਪਿੰਡੀ ਅਤੇ ਹੋਰ ਸ਼ਹਿਰਾਂ ’ਚ ਸੜਕਾਂ ’ਤੇ ਉਤਰ ਚੁੱਕੇ ਹਨ।
ਅਜਿਹੀ ਹਾਲਤ ’ਚ ਈਸ਼ਨਿੰਦਾ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੀ ਵਕਾਲਤ ਕਰਨ ਵਾਲੀ ਇਮਰਾਨ ਖਾਨ ਦੀ ਪਾਰਟੀ ਬੀਬੀ ਨੂੰ ਫਾਂਸੀ ਦੇ ਫੰਦੇ ’ਤੇ ਲਟਕਾ ਦਿੰਦੀ ਹੈ ਤਾਂ ਸਾਰਾ ਪੱਛਮੀ ਜਗਤ ਇਸ ਮਾਲੀ ਸੰਕਟ ’ਚ ਉਸ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਖੁਦ ਨੂੰ ਦੂਰ ਹੀ ਰੱਖੇਗਾ ਕਿਉਂਕਿ ਸਿਰਫ ਪੋਪ ਹੀ ਨਹੀਂ, ਹੋਰ ਕੈਥੋਲਿਕ ਸੰਸਥਾਵਾਂ ਵੀ ਬੀਬੀ ਨੂੰ ਪਾਕਿਸਤਾਨ ਤੋਂ ਡਿਪੋਰਟ ਕਰਨ ਦੀ ਅਪੀਲ ਕਰ ਰਹੀਆਂ ਹਨ।
ਇਨ੍ਹਾਂ ਹਾਲਾਤ ’ਚ ਇੰਨਾ ਤਾਂ ਸਾਫ ਹੈ ਕਿ ਇਮਰਾਨ ਖਾਨ ਜਾਂ ਤਾਂ ਪਾਕਿ ਕੱਟੜਵਾਦੀਆਂ ਨੂੰ ਖੁਸ਼ ਕਰ ਸਕਦੇ ਹਨ ਜਾਂ ਦੇਸ਼ ਦੇ ਗੰਭੀਰ ਮਾਲੀ ਸੰਕਟ ਨੂੰ ਦੂਰ ਕਰਨ ਲਈ ਪੱਛਮੀ ਦੇਸ਼ਾਂ ਤੋਂ ਮਦਦ ਦੀ ਉਮੀਦ ਰੱਖ ਸਕਦੇ ਹਨ।
ਅੰਮ੍ਰਿਤਸਰ ਦੇ ਹਾਦਸੇ ਲਈ ਪ੍ਰਸ਼ਾਸਨ, ਰੇਲਵੇ, ਆਯੋਜਕ ਅਤੇ ਲੋਕ ਵੀ ਕੁਝ ਜ਼ਿੰਮੇਵਾਰ
NEXT STORY