ਆਂਧਰਾ ਪ੍ਰਦੇਸ਼ ’ਚ ਤਿਰੂਪਤੀ ਜ਼ਿਲੇ ਦੇ ‘ਤਿਰੂਮਾਲਾ’ ਸ਼ਹਿਰ ’ਚ ਤਿਰੂਪਤੀ ਬਾਲਾ ਜੀ ਮੰਦਰ ਦੇਸ਼ ਦੇ ਸਭ ਤੋਂ ਵੱਧ ਅਮੀਰ ਮੰਦਰਾਂ ’ਚੋਂ ਇਕ ਹੈ। ਇੱਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਕਰੋੜਾਂ ਸ਼ਰਧਾਲੂ ਹਰ ਸਾਲ ਲਗਭਗ 6 ਹਜ਼ਾਰ ਕਰੋੜ ਰੁਪਏ ਚੜ੍ਹਾਵਾ ਚੜ੍ਹਾਉਂਦੇ ਹਨ। ਆਂਧਰਾ ਪ੍ਰਦੇਸ਼ ਸਰਕਾਰ ਦੇ ਕੰਟਰੋਲ ਅਧੀਨ ਇਹ ਮੰਦਰ ‘ਤਿਰੂਮਾਲਾ ਤਿਰੂਪਤੀ ਦੇਵਸਥਾਨਮ’ (ਟੀ. ਟੀ. ਡੀ.) ਵਲੋਂ ਸੰਚਾਲਿਤ ਹੈ ਜਿਸ ਦੇ ਮੁਖੀ ਦੀ ਨਿਯੁਕਤੀ ਆਂਧਰਾ ਪ੍ਰਦੇਸ਼ ਸਰਕਾਰ ਕਰਦੀ ਹੈ।
ਇਸ ਮੰਦਰ ’ਚ ਭਗਵਾਨ ਨੂੰ ‘ਪਵਿੱਤਰ ਲੱਡੂ ਪ੍ਰਸਾਦਮ’ ਦਾ ਭੋਗ ਲਗਾਉਣ ਦੀ ਪ੍ਰਥਾ ਲਗਭਗ 300 ਸਾਲ ਪੁਰਾਣੀ ਹੈ। ਤਿਰੂਪਤੀ ਬਾਲਾ ਜੀ ’ਚ ਪ੍ਰਸ਼ਾਦ ਦੇ ਰੂਪ ’ਚ ਮਿਲਣ ਵਾਲੇ ਲੱਡੂਆਂ ਨੂੰ ‘ਮਹਾ ਪ੍ਰਸਾਦਮ’ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਐਸ਼ਵਰਿਆ ਦੀ ਦੇਵੀ ਮਾਤਾ ਲਕਸ਼ਮੀ ਜੀ ਦੇ ਖਜ਼ਾਨੇ ਤੋਂ ਆਇਆ ਮੰਨਿਆ ਜਾਂਦਾ ਹੈ।
ਲੱਡੂਆਂ ਨੂੰ ਇਕ ਵਿਸ਼ੇਸ਼ ਰਸੋਈ ’ਚ ਤਿਆਰ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਬਣਾਉਣ ’ਚ ਰੋਜ਼ਾਨਾ 400 ਤੋਂ 500 ਕਿਲੋ ਸ਼ੁੱਧ ਘਿਓ, 750 ਕਿਲੋ ਕਾਜੂ, 500 ਕਿਲੋ ਕਿਸ਼ਮਿਸ਼ ਤੋਂ ਇਲਾਵਾ ਵੇਸਣ, ਖੰਡ ਅਤੇ ਇਲਾਇਚੀ ਆਦਿ ਦੀ ਵਰਤੋਂ ਹੁੰਦੀ ਹੈ। ਇਸ ਪ੍ਰਸ਼ਾਦ ਨੂੰ 2014 ’ਚ ਆਈ. ਜੀ. ਦਾ ਟੈਗ ਵੀ ਮਿਲ ਚੁੱਕਾ ਹੈ।
ਇਨ੍ਹਾਂ ਲੱਡੂਆਂ ਦੀ ਇੰਨੀ ਮਹੱਤਤਾ ਹੈ ਕਿ ਮੰਦਰ ਦੇ ਸਾਲਾਨਾ ਲਗਭਗ 6 ਹਜ਼ਾਰ ਕਰੋੜ ਰੁਪਏ ਦੇ ਚੜ੍ਹਾਵੇ ’ਚ 500 ਕਰੋੜ ਰੁਪਏ ਇਨ੍ਹਾਂ ਹੀ ਲੱਡੂਆਂ ਦੀ ਵਿਕਰੀ ਤੋਂ ਪ੍ਰਾਪਤ ਹੁੰਦੇ ਹਨ ਅਤੇ ਇਸ ਪ੍ਰਸ਼ਾਦ ਨੂੰ ਹਾਸਲ ਕਰਨ ਲਈ ਵੱਡੀ ਗਿਣਤੀ ’ਚ ਲੋਕ ਵਿਦੇਸ਼ ਤੋਂ ਵੀ ਆਉਂਦੇ ਹਨ।
ਪਹਿਲੀ ਵਾਰ 1985 ’ਚ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਖਰੀਦੇ ‘ਲੱਡੂ ਪ੍ਰਸਾਦਮ’ ’ਚੋਂ ‘ਉੱਲੀ’ ਲੱਗੀ ਹੋਈ ਸੀ। ਫਿਰ ਬੀਤੇ ਸਾਲ ਇੱਥੋਂ ਦਾ ‘ਲੱਡੂ ਪ੍ਰਸਾਦਮ’ ਵਿਵਾਦਾਂ ’ਚ ਆਇਆ ਜਦੋਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ‘ਚੰਦਰਬਾਬੂ ਨਾਇਡੂ’ ਨੇ 18 ਸਤੰਬਰ, 2024 ਨੂੰ ਦੋਸ਼ ਲਗਾਇਆ ਕਿ ‘‘ਰਾਜ ਦੀ ਪਿਛਲੀ ‘ਵਾਈ. ਐੱਸ. ਆਰ.’ ਕਾਂਗਰਸ ਪਾਰਟੀ ਦੀ ਜਗਨਮੋਹਨ ਰੈੱਡੀ ਸਰਕਾਰ ਦੌਰਾਨ ਇੱਥੇ ਬਣਨ ਵਾਲੇ ‘ਲੱਡੂ ਪ੍ਰਸਾਦਮ’ ’ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ।’’
‘‘ਕੇਂਦਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਐੱਨ. ਡੀ. ਡੀ. ਬੀ. (ਨੈਸ਼ਨਲ ਡੇਅਰੀ ਡਿਵੈੱਲਪਮੈਂਟ ਬੋਰਡ) ਦੀ ਇਕ ਰਿਪੋਰਟ ਦੇ ਅਨੁਸਾਰ ਗਾਂ ਦੇ ਘਿਓ ’ਚ ਸੋਇਆਬੀਨ, ਲੋਬੀਆ, ਜੈਤੂਨ, ਕਣਕ, ਮੱਕੀ, ਕਪਾਹ, ਮੱਛੀ ਦਾ ਤੇਲ, ਗਾਂ ਦੇ ਮਾਸ ਦੇ ਤੱਤ, ਤਾੜ ਦਾ ਤੇਲ ਅਤੇ ਸੂਰ ਦੀ ਚਰਬੀ ਹੈ ਅਤੇ ਇਸ ’ਚ 530 ਕਰੋੜ ਰੁਪਏ ਦੀ ਧਨ ਰਾਸ਼ੀ ਲੁੱਟੀ ਗਈ।’’
ਇਸ ਤੋਂ ਅਗਲੇ ਹੀ ਦਿਨ 19 ਸਤੰਬਰ, 2024 ’ਚ ਮੰਦਰ ’ਚ ਦਰਸ਼ਨਾਂ ਲਈ ‘ਖੰਮਮ’ ਤੋਂ ਆਈ ‘ਪਦਮਾਵਤੀ’ ਨਾਂ ਦੀ ਇਕ ਮਹਿਲਾ ਸ਼ਰਧਾਲੂ ਨੇ ਪ੍ਰਸ਼ਾਦ ਦੇ ਰੂਪ ’ਚ ਦਿੱਤੇ ਗਏ ਇਕ ਲੱਡੂ ਦੇ ਅੰਦਰ ਕਾਗਜ਼ ’ਚ ਲਿਪਟਿਆ ਹੋਇਆ ਤੰਬਾਕੂ ਮਿਲਣ ਦੀ ਸ਼ਿਕਾਇਤ ਕੀਤੀ। ਇਹ ਪ੍ਰਸ਼ਾਦ ਉਹ ਆਪਣੇ ਗੁਆਂਢੀਆਂ ’ਚ ਵੰਡਣ ਲਈ ਘਰ ਲੈ ਕੇ ਆਈ ਸੀ। ਪਦਮਾਵਤੀ ਨੇ ਕਿਹਾ ‘‘ਮੈਂ ਲੱਡੂ ਵੰਡਣ ਹੀ ਵਾਲੀ ਸੀ ਕਿ ਇਕ ਛੋਟੇ ਕਾਗਜ਼ ’ਚ ਤੰਬਾਕੂ ਦੇ ਟੁਕੜੇ ਲਿਪਟੇ ਹੋਏ ਦੇਖ ਕੇ ਮੈਂ ਡਰ ਗਈ।’’
ਜਿਵੇਂ ਕਿ ਇਨ੍ਹਾਂ ਹੀ ਕਾਫੀ ਨਹੀਂ ਸੀ, ਹੁਣ 10 ਦਸੰਬਰ, 2025 ਨੂੰ ‘ਤਿਰੂਮਾਲਾ ਤਿਰੂਪਤੀ ਦੇਵਸਥਾਨਮ’ ’ਚ 2015 ਤੋਂ 2025 ਦੇ ਵਿਚਾਲੇ ‘ਆਸ਼ੀਰਵਚਨ’ (ਆਸ਼ੀਰਵਾਦ) ਅਨੁਸ਼ਠਾਨ ’ਚ ਵਰਤੇ ਜਾਣ ਵਾਲੇ 54 ਕਰੋੜ ਰੁਪਏ ਮੁੱਲ ਦੇ ‘ਸਿਲਕ (ਰੇਸ਼ਮੀ) ਦੁਪੱਟਾ ਘਪਲੇ’ ਦਾ ਪਰਦਾਫਾਸ਼ ਹੋਇਆ ਹੈ। ਜਾਂਚ ਦੌਰਾਨ ‘ਸਿਲਕ’ (ਰੇਸ਼ਮ) ਦੇ ਨਾਂ ’ਤੇ ‘ਪੋਲੀਐਸਟਰ’ ਦੇ ਦੁਪੱਟੇ ਸਪਲਾਈ ਕੀਤੇ ਜਾਣ ਦਾ ਪਤਾ ਲੱਗਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਠੇਕੇਦਾਰ ਨੇ 1389 ਰੁਪਏ ਪ੍ਰਤੀ ਦੁਪੱਟੇ ਦੀ ਦਰ ਨਾਲ 15000 ਦੁਪੱਟੇ ਸਪਲਾਈ ਕੀਤੇ ਅਤੇ ਦਾਅਵਾ ਕੀਤਾ ਕਿ ਇਹ ਸਿਲਕ ਦੁਪੱਟੇ ਹਨ ਪਰ ਇਨ੍ਹਾਂ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ‘ਸੈਂਟਰਲ ਸਿਲਕ ਬੋਰਡ’ ਸਮੇਤ 2 ਲੈਬਸ ’ਚ ਭੇਜਣ ’ਤੇ ਪਤਾ ਲੱਗਾ ਕਿ ਇਹ ਅਸਲੀ ‘ਸਿਲਕ’ (ਰੇਸ਼ਮ) ਤੋਂ ਨਹੀਂ, ਸਗੋਂ ਮੁਕੰਮਲ ਤੌਰ ’ਤੇ ‘ਪੋਲੀਐਸਟਰ’ ਨਾਲ ਬਣੇ ਹੋਏ ਸਨ।
ਪਹਿਲਾਂ ਹੋ ਚੁੱਕੇ ਘਪਲਿਆਂ ਦੇ ਬਾਅਦ ਹੁਣ ਸਾਹਮਣੇ ਆਏ ‘ਸਿਲਕ’ ਘਪਲੇ ਨੇ ਮੰਦਰ ਪ੍ਰਸ਼ਾਸਨ ਦੀ ਪਾਰਦਰਸ਼ਿਤਾ ’ਤੇ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ 10 ਸਾਲਾਂ ਤੱਕ ਇਹ ਘਪਲਾ ਕਿਸ ਤਰ੍ਹਾਂ ਚੱਲਦਾ ਰਿਹਾ!
ਯਕੀਨਨ ਹੀ ਇਸ ਕਿਸਮ ਦੀਆਂ ਘਟਨਾਵਾਂ ਨਾਲ ਸ਼ਰਧਾਲੂਆਂ ਦੀ ਆਸਥਾ ’ਤੇ ਆਂਚ ਆਉਂਦੀ ਹੈ, ਇਸ ਲਈ ਇਸ ਘਪਲੇ ਲਈ ਜ਼ਿੰਮੇਵਾਰਾਂ ਦੀ ਤੁਰੰਤ ਜਾਂਚ ਕਰ ਕੇ ਅਸਲੀਅਤ ਨੂੰ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
ਡੀਪਫੇਕ, ਚੋਣਾਂ ਅਤੇ 2029 : ਜਦੋਂ ਡਿਜੀਟਲ ਝੂਠ ਲੋਕਤੰਤਰ ਨੂੰ ਚੋਣਾਂ ਤੋਂ ਪਹਿਲਾਂ ਹੀ ਹਰਾ ਦੇਵੇਗਾ
NEXT STORY