ਮਰਿਆਦਾਪੂਰਨ ਜੀਵਨ ਗੁਜ਼ਾਰਨ ਦਾ ਸਾਰੀ ਦੁਨੀਆ ਨੂੰ ਸੰਦੇਸ਼ ਦੇਣ ਵਾਲੇ ਭਾਰਤ ’ਚ ਹੀ ਹੁਣ ਕੁਝ ਲੋਕ ਰਿਸ਼ਤਿਆਂ ਦਾ ਸਨਮਾਨ ਭੁੱਲਦੇ ਜਾ ਰਹੇ ਹਨ ਅਤੇ ਰਿਸ਼ਤੇਦਾਰਾਂ ਦੀ ਹੱਤਿਆ ਤੱਕ ਕਰ ਰਹੇ ਹਨ ਜਿਨ੍ਹਾਂ ਦੀਆਂ ਸਿਰਫ ਪਿਛਲੇ 12 ਦਿਨਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 6 ਦਸੰਬਰ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ਦੇ ‘ਮੋਦੀਨਗਰ’ ’ਚ ਰਾਹੁਲ ਨਾਂ ਦੇ ਇਕ ਵਿਅਕਤੀ ਨੇ ਆਪਣੀ ਮਾਂ ਅਤੇ ਪਤਨੀ ਵਿਚਾਲੇ ਹੋਏ ਝਗੜੇ ਤੋਂ ਬਾਅਦ ਆਪਣੀ ਮਾਂ ਦੀ ਗਰਦਨ ਵੱਢ ਕੇ ਉਸ ਨੂੰ ਮਾਰ ਦਿੱਤਾ।
* 6 ਦਸੰਬਰ ਨੂੰ ਹੀ ‘ਕੁਸ਼ੀਨਗਰ’ (ਉੱਤਰ ਪ੍ਰਦੇਸ਼) ਦੇ ‘ਵੈਕੁੰਠਪੁਰ ਕੋਠੀ’ ਪਿੰਡ ’ਚ ‘ਨੰਦ ਕਿਸ਼ੋਰ’ ਨਾਂ ਦੇ ਨੌਜਵਾਨ ਨੇ ਕਿਸੇ ਨਾਰਾਜ਼ਗੀ ਕਾਰਨ ਆਪਣੀ 6 ਮਹੀਨਿਆਂ ਦੀ ਗਰਭਵਤੀ ਭਾਬੀ ‘ਰਿੰਕੀਦੇਵੀ’ ਦੇ ਢਿੱਡ ’ਚ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 8 ਦਸੰਬਰ ਨੂੰ ‘ਜੌਨਪੁਰ’ (ਉੱਤਰ ਪ੍ਰਦੇਸ਼) ਦੇ ‘ਅਹਿਮਦਪੁਰ’ ਪਿੰਡ ’ਚ ਜਾਇਦਾਦ ਦੇ ਵਿਵਾਦ ’ਚ ‘ਅੰਬੇਸ਼’ ਨਾਂ ਦੇ ਨੌਜਵਾਨ ਨੇ ਪਹਿਲਾਂ ਤਾਂ ਆਪਣੀ ਮਾਂ ਦੇ ਸਿਰ ’ਤੇ ਲੋਹੇ ਦੇ ਬੱਟੇ ਨਾਲ ਹਮਲਾ ਕਰ ਕੇ ਉਸ ਨੂੰ ਮਾਰ ਿਦੱਤਾ ਅਤੇ ਫਿਰ ਵਿਚ-ਬਚਾਅ ਕਰ ਰਹੇ ਆਪਣੇ ਪਿਤਾ ਦਾ ਰੱਸੀ ਨਾਲ ਗਲਾ ਘੁੱਟ ਕੇ ਉਸ ਨੂੰ ਵੀ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਰੀ ਨਾਲ ਦੋਵਾਂ ਦੀਆਂ ਲਾਸ਼ਾਂ ਦੇ ਕਈ ਟੁਕੜੇ ਕਰਨ ਤੋਂ ਬਾਅਦ ਸੀਮੈਂਟ ਦੀਆਂ ਬੋਰੀਆਂ ’ਚ ਭਰ ਕੇ ਉਨ੍ਹਾਂ ਨੂੰ ‘ਗੋਮਤੀ’ ਨਦੀ ’ਚ ਵਹਾਅ ਦਿੱਤਾ।
* 9 ਦਸੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਆਪਣੀ ਪਤਨੀ ਨਾਲ ਮਹਾਰਾਸ਼ਟਰ ਤੋਂ ਘੁੰਮਣ ਆਏ ਇਕ ਵਿਅਕਤੀ ਨੇ ਪਹਿਲਾਂ ਤਾਂ ਕਿਸੇ ਵਿਵਾਦ ਦੇ ਕਾਰਨ ਆਪਣੀ ਪਤਨੀ ‘ਸੁਨੀਤਾ ਸੋਨਕਰ’ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਖੁਦ ਵੀ ਰੇਲਗੱਡੀ ਦੇ ਹੇਠਾਂ ਆ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ।
* 9 ਦਸੰਬਰ ਨੂੰ ਹੀ ‘ਰੀਵਾ’ (ਮੱਧ ਪ੍ਰਦੇਸ਼) ’ਚ ਵਿਆਹ ਦੇ ਕੁਝ ਮਹੀਨਿਆਂ ਬਾਅਦ ਸਹੁਰਿਆਂ ਵਲੋਂ ਮੰਗੇ 3 ਲੱਖ ਰੁਪਿਆ ਦੀ ਫਰਮਾਇਸ਼ ਪੂਰੀ ਨਾ ਕਰਨ ’ਤੇ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਬੈੱਡਰੂਮ ਦੇ ਨਿੱਜੀ ਪਲਾਂ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੇ। ਪੁਲਸ ਨੇ ਪੀੜਤ ਪਤਨੀ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਦੇ ਵਿਰੁੱਧ ਕੇਸ ਦਰਜ ਕੀਤਾ।
* 11 ਦਸੰਬਰ ਨੂੰ ‘ਮੋਰਿੰਡਾ’ (ਪੰਜਾਬ) ਦੇ ਨੇੜੇ ਪਿੰਡ ‘ਡੂਮਛੇੜੀ’ ’ਚ ‘ਧਰਮੇਂਦਰ ਸਿੰਘ’ ਨਾਂ ਦੇ ਵਿਅਕਤੀ ਨੇ ਕਿਸੇ ਗੱਲ ’ਤੇ ਗੁੱਸੇ ’ਚ ਆ ਕੇ ਆਪਣੀ ਪਤਨੀ ‘ਸੁਰਿੰਦਰ ਕੌਰ’ ਨੂੰ ਮਾਰ ਦਿੱਤਾ।
* 14 ਦਸੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ‘ਸੰਜੀਵ ਕੁਮਾਰ’ ਅਤੇ ਸਹੁਰੇ ‘ਕਸਤੂਰੀ ਨਾਲ’ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ’ਚ ਪੁਲਸ ਨੇ ‘ਸੋਨੀਆ’ ਨਾਂ ਦੀ ਔਰਤ ਵਿਰੁੱਧ ਕੇਸ ਦਰਜ ਕੀਤਾ।
* 15 ਦਸੰਬਰ ਨੂੰ ‘ਸ਼ਾਮਲੀ’ (ਉੱਤਰ ਪ੍ਰਦੇਸ਼) ’ਚ ‘ਫਾਰੂਕ’ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ‘‘ਮੇਰੀ ਪਤਨੀ ਪੈਸੇ ਮੰਗਦੀ ਸੀ ਜਿਸ ਕਾਰਨ ਮੇਰਾ ਉਸ ਨਾਲ ਝਗੜਾ ਹੋਇਆ ਸੀ। ਉਹ ਇਸ ਗੱਲ ਤੋਂ ਨਾਰਾਜ਼ ਹੋ ਕੇ ਬਿਨਾਂ ਬੁਰਕਾ ਅਤੇ ਨਕਾਬ ਪਹਿਨੇ ਪੇਕੇ ਚਲੀ ਗਈ ਸੀ, ਜਿਸ ’ਤੇ ਮੈਂ ਆਪਣੀ ਪਤਨੀ ਅਤੇ ਆਪਣੀਆਂ ਦੋਵਾਂ ਬੇਟੀਆਂ ਦੀ ਹੱਤਿਆ ਕਰ ਦਿੱਤੀ।’’
ਇਹੀ ਨਹੀਂ, ਉਸ ਨੇ ਲਾਸ਼ਾਂ ਨੂੰ ਗਾਇਬ ਕਰਨ ਲਈ ਆਪਣੇ ਘਰ ’ਚ ਪਹਿਲਾਂ ਹੀ ਟੋਇਆ ਪੁੱਟਿਆ ਹੋਇਆ ਸੀ। ਇਸ ਤੀਹਰੇ ਹੱਤਿਆਕਾਂਡ ਤੋਂ ਬਾਅਦ ਉਸ ਨੇ ਲੋਕਾਂ ’ਚ ਇਹ ਗੱਲ ਫੈਲਾਅ ਦਿੱਤੀ ਕਿ ਉਹ ਆਪਣੀ ਪਤਨੀ ਅਤੇ ਦੋਵਾਂ ਬੇਟੀਆਂ ਨੂੰ ਉਨ੍ਹਾਂ ਦੇ ਘਰ (ਪੇਕੇ) ਛੱਡ ਆਇਆ ਹੈ, ਪਰ ਅਖੀਰ ਉਸ ਦੇ ਝੂਠ ਦੀ ਪੋਲ ਖੁੱਲ੍ਹ ਗਈ।
* 16 ਦਸੰਬਰ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਇਕ ਔਰਤ ਨੇ ਆਪਣੀ 7 ਸਾਲਾ ਬੇਟੀ ਨੂੰ ਇਕ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਧੱਕਾ ਦੇ ਕੇ ਹੇਠਾਂ ਸੱੁਟ ਦਿੱਤਾ ਜਿਸ ਦੇ ਸਿੱਟੇ ਵਜੋਂ ਬੱਚੀ ਦੀ ਜਾਨ ਚਲੀ ਗਈ।
* 16 ਦਸੰਬਰ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ’ਚ ਜਾਇਦਾਦ ’ਚ ਹਿੱਸਾ ਲੈਣ ਦੀ ਖਾਤਿਰ ਇਕ ਮਹਿਲਾ ਨੇ ਆਪਣੀ ਭੂਆ ਦੀਆਂ ਅੱਖਾਂ ’ਚ ਤੇਜ਼ਾਬ ਵਰਗਾ ਕੋਈ ਜ਼ਹਿਰੀਲਾ ਕੈਮੀਕਲ ਪਾ ਦਿੱਤਾ, ਜਿਸ ਕਾਰਨ ਉਹ ਅੰਨ੍ਹੀ ਹੋ ਗਈ।
ਇਹ ਘਟਨਾਵਾਂ ਪਰਿਵਾਰਾਂ ’ਚ ਟੁੱਟਦੇ ਵਿਸ਼ਵਾਸ ਦੇ ਭਿਆਨਕ ਨਤੀਜਿਆਂ ਦੀਆਂ ਭਖਦੀਆਂ ਉਦਾਹਰਣਾਂ ਹਨ। ਆਪਣੀ ਪ੍ਰਾਚੀਨ ਸੰਸਕ੍ਰਿਤੀ ’ਤੇ ਮਾਣ ਕਰਨ ਵਾਲੇ ਸਾਡੇ ਦੇਸ਼ ’ਚ ਲੋਕਾਂ ਦੇ ਨੈਤਿਕ ਪਤਨ ਦੇ ਇਹ ਤਾਂ ਉਹ ਮਾਮਲੇ ਹਨ ਜੋ ਸਾਹਮਣੇ ਆਏ ਹਨ। ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋਏ ਹੋਣਗੇ ਜੋ ਰੌਸ਼ਨੀ ’ਚ ਨਹੀਂ ਆ ਸਕੇ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਘੋਰ ਨਿੰਦਣਯੋਗ ਹਨ, ਉਥੇ ਹੀ ਅਜਿਹਾ ਕਰਨ ਵਾਲਿਆਂ ਨੂੰ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
ਹਰ ਵਾਰ ਵਿਧਾਨ ਸਭਾ ’ਚ ਬੇਭਰੋਸਗੀ ਮਤਾ ਲਿਆ ਕੇ ਖੁਦ ਹੀ ਐਕਸਪੋਜ਼ ਹੋ ਜਾਂਦੀ ਹੈ ਕਾਂਗਰਸ
NEXT STORY