ਆਜ਼ਾਦੀ ਦੇ 76 ਸਾਲ ਬਾਅਦ ਵੀ ਦੇਸ਼ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਅਤੇ ਜਾਦੂ-ਟੂਣੇ ਤੋਂ ਮੁਕਤ ਨਹੀਂ ਹੋ ਸਕਿਆ। ਨਾਮਨਿਹਾਦ ਤਾਂਤ੍ਰਿਕ ਬਾਬੇ ਸਮੱਸਿਆਵਾਂ ਤੋਂ ਮੁਕਤੀ, ਧਨ ਸੰਕਟ ਦੂਰ ਕਰਨ, ਬੇ-ਔਲਾਦਾਂ ਨੂੰ ਔਲਾਦ ਪ੍ਰਾਪਤੀ ਆਦਿ ਲਈ ਉਪਾਅ ਕਰਨ ਦਾ ਝਾਂਸਾ ਦੇ ਕੇ ਔਰਤਾਂ ਦਾ ਸੈਕਸ ਸ਼ੋਸ਼ਣ ਕਰ ਰਹੇ ਹਨ, ਜੋ ਹਾਲ ਹੀ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
ਮੱਧ ਪ੍ਰਦੇਸ਼ ’ਚ ਰਤਲਾਮ ਜ਼ਿਲੇ ਦੇ ‘ਆਲੋਟ’ ਨਗਰ ’ਚ ਇਕ ਵਿਅਕਤੀ ਦੀ ਗਰੀਬੀ ਦੂਰ ਕਰਨ ਅਤੇ ਉਸ ਦੀ ਜ਼ਮੀਨ ’ਚ ਦੱਬਿਆ ਧਨ ਕੱਢਣ ਦਾ ਲਾਲਚ ਦੇ ਕੇ ਉਸ ਦੇ ਪਰਿਵਾਰ ਦੀਆਂ ਤਿੰਨ ਔਰਤਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਬਲਵੀਰ ਬੈਰਾਗੀ (40) ਨਾਂ ਦੇ ਨਾਮਨਿਹਾਦ ਤਾਂਤ੍ਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਤਾਂਤ੍ਰਿਕ ਦੇ ਝਾਂਸੇ ’ਚ ਆ ਕੇ ਉਹ ਵਿਅਕਤੀ ਉਸ ਨੂੰ ਆਪਣੇ ਘਰ ਲੈ ਆਇਆ। ਤਾਂਤ੍ਰਿਕ ਨੇ ਘਰ ਦੇ ਸਾਰੇ ਲੋਕਾਂ ਨੂੰ ਗਲ਼ ’ਚ ਤਵੀਤ ਬੰਨ੍ਹਣ ਲਈ ਦਿੱਤੇ ਅਤੇ ਕਿਹਾ ਕਿ ਤਵੀਤ ਬੰਨ੍ਹਣ ਪਿੱਛੋਂ ਘਰ ’ਚ ਕਿਸੇ ਮਰਦ ਨੂੰ ਨਹੀਂ ਰਹਿਣਾ ਚਾਹੀਦਾ, ਤਦ ਹੀ ਜ਼ਮੀਨ ’ਚ ਦੱਬਿਆ ਧਨ ਕੱਢਿਆ ਜਾ ਸਕੇਗਾ।
ਤਾਂਤ੍ਰਿਕ ਦੀ ਸ਼ਰਤ ਅਨੁਸਾਰ ਪਰਿਵਾਰ ਦੇ 2 ਮਰਦ ਮੈਂਬਰਾਂ (ਪਿਤਾ ਅਤੇ ਪੁੱਤਰ) ਨੂੰ ਕੁਝ ਦਿਨਾਂ ਲਈ ਬਾਹਰ ਭੇਜ ਦੇਣ ਪਿੱਛੋਂ ਤਾਂਤ੍ਰਿਕ ਬਲਵੀਰ ਬੈਰਾਗੀ ਨੇ ਪਰਿਵਾਰ ਦੇ ਮੁਖੀਆ ਦੀ ਪਤਨੀ, ਉਸ ਦੀ ਪੁੱਤਰੀ ਅਤੇ ਰਿਸ਼ਤੇ ਦੀ ਭੈਣ ਨੂੰ ਵਾਰੀ-ਵਾਰੀ ਭੋਜਨ ’ਚ ਕੋਈ ਨਸ਼ੀਲੀ ਚੀਜ਼ ਖੁਆ ਕੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰ ਦਿੱਤਾ।
ਅਜਿਹੀ ਹੀ ਇਕ ਹੋਰ ਘਟਨਾ ’ਚ ਬੀਤੇ ਸਾਲ 21 ਦਸੰਬਰ ਨੂੰ ਸੂਰਤ (ਗੁਜਰਾਤ) ਵਿਚ ਤੰਤਰ-ਮੰਤਰ ਨਾਲ 32 ਸਾਲਾ ਇਕ ਔਰਤ ਨੂੰ ਆਰਥਿਕ ਤੰਗੀ ਅਤੇ ਹੋਰ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਅਹਿਮਦ ਨੂਰ ਪਠਾਨ (56) ਨਾਮੀ ਇਕ ਤਾਂਤ੍ਰਿਕ ਨੂੰ ਗ੍ਰਿਫਤਾਰ ਕੀਤਾ ਗਿਆ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੰਧਵਿਸ਼ਵਾਸਾਂ ਦਾ ਪ੍ਰਭਾਵ ਸਿਰਫ ਅਨਪੜ੍ਹ ਅਤੇ ਅਸਿੱਖਿਅਤ ਲੋਕਾਂ ’ਚ ਹੀ ਨਹੀਂ, ਸਗੋਂ ਪੜ੍ਹੇ-ਲਿਖੇ ਲੋਕਾਂ ’ਚ ਵੀ ਫੈਲਿਆ ਹੈ ਅਤੇ ਇਸ ਲਈ ਕਿਸੇ ਹੱਦ ਤੱਕ ਔਰਤਾਂ ਖੁਦ ਵੀ ਦੋਸ਼ੀ ਹਨ, ਜੋ ਇਨ੍ਹਾਂ ਨਾਮਨਿਹਾਦ ਤਾਂਤ੍ਰਿਕ ਬਾਬਿਆਂ ਦੀ ਭਾਸ਼ਣ ਕਲਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਝਾਂਸੇ ’ਚ ਆ ਕੇ ਆਪਣਾ ਸਭ ਕੁਝ ਲੁਟਾ ਬੈਠਦੀਆਂ ਹਨ।
ਇਸ ਲਈ ਜਿੱਥੇ ਇਸ ਮਾਮਲੇ ’ਚ ਔਰਤਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਉੱਥੇ ਹੀ ਅਜਿਹੇ ਢੋਂਗੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।
-ਵਿਜੇ ਕੁਮਾਰ
ਝਾੜ ਦੇ ਨੁਕਸਾਨ ਤੋਂ ਬਚਣ ਲਈ ‘ਬਹਾਰ ਰੁੱਤ ਦੀ ਮੱਕੀ’ ਦੇ ਕੀੜੇ-ਮਕੌੜਿਆਂ ਦੀ ਰੋਕਥਾਮ
NEXT STORY