ਕੋਰੋਨਾ ਕਾਲ ਦੇ ਦੌਰਾਨ ਜਦੋਂ ਦੇਸ਼ ’ਚ ਲਾਕਡਾਊਨ ਹੋਇਆ ਤਾਂ ਲੱਖਾਂ ਦੀ ਗਿਣਤੀ ’ਚ ਲੋਕ ਬੇਰੋਜ਼ਗਾਰ ਹੋ ਗਏ। ਅਜਿਹੇ ’ਚ ਲੋਕਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸੰਕਟ ਖੜ੍ਹਾ ਹੋਇਆ ਤਾਂ ਲੋਕ ਬੈਂਕਾਂ ਵੱਲ ਕਰਜ਼ ਲੈਣ ਲਈ ਭੱਜੇ ਪਰ ਬੈਂਕਾਂ ਦੀਆਂ ਲੰਬੀਆਂ ਖਾਨਾਪੂਰਤੀਆਂ ਅਤੇ ਕਰਜ਼ਾ ਹਾਸਲ ਕਰਨ ਦੀਆਂ ਸ਼ਰਤਾਂ ਨੂੰ ਪੂਰਾ ਨਾ ਕਰ ਸਕਣ ਨਾਲ ਨਿਰਾਸ਼ ਲੋਕ ਅਜਿਹੇ ਐਪਸ ਦੇ ਜਾਲ ’ਚ ਫਸ ਗਏ ਜੋ ਇਕ ਮਿੰਟ ਦੇ ਅੰਦਰ ਕਰਜ਼ ਮੁਹੱਈਆ ਕਰਵਾਉਂਦੇ ਸਨ।
ਲੋਕਾਂ ਨੇ ਅਜਿਹੇ ਐਪਸ ਦੇ ਜ਼ਰੀਏ ਸਿਰਫ 15 ਦਿਨਾਂ ਤਕ ਦੀ ਛੋਟੀ ਮਿਆਦ ਤੋਂ ਲੈ ਕੇ ਲੰਬੀ ਮਿਆਦ ਤਕ ਦੇ ਲਈ ਲੋੜ ਪੈਣ ’ਤੇ ਕਰਜ਼ ਤਾਂ ਲੈ ਲਿਆ ਪਰ ਹੁਣ ਇਹੀ ਕਰਜ਼ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਨ੍ਹਾਂ ਐਪਸ ਦੇ ਜ਼ਰੀਏ ਦਿੱਤੇ ਗਏ ਕਰਜ਼ ’ਤੇ ਵਿਆਜ ਦੀ ਦਰ 30 ਫੀਸਦੀ ਤਕ ਸੀ ਜੋ ਬੈਂਕਾਂ ਵਲੋਂ ਲਈ ਜਾਣ ਵਾਲੀ 10 ਤੋਂ 20 ਫੀਸਦੀ ਵਿਆਜ ਦੀ ਦਰ ਦੀ ਤੁਲਨਾ ’ਚ ਕਾਫੀ ਵੱਧ ਸੀ।
ਇਨ੍ਹਾਂ ਐਪਸ ਦੇ ਜ਼ਰੀਏ ਜਿਹੜੇ ਲੋਕਾਂ ਨੂੰ ਕਰਜ਼ ਦਿੱਤਾ ਜਾ ਰਿਹਾ ਸੀ ਉਨ੍ਹਾਂ ਦੀ ਨਿੱਜੀ ਜਾਣਕਾਰੀ ਵੀ ਇਹ ਐਪਸ ਪ੍ਰਾਪਤ ਕਰ ਰਹੇ ਸਨ। ਇਸ ਨਿੱਜੀ ਜਾਣਕਾਰੀ ’ਚ ਕਰਜ਼ ਲੈਣ ਵਾਲੇ ਵਿਅਕਤੀ ਨੂੰ ਫੋਨ ਨੰਬਰ ਦੀ ਜਾਣਕਾਰੀ ਤੋਂ ਇਲਾਵਾ ਫੋਨ ’ਚ ਮੌਜੂਦ ਫੋਟੋਗ੍ਰਾਫਸ ਅਤੇ ਵਿਅਕਤੀ ਦੀ ਲੋਕੇਸ਼ਨ ਨੂੰ ਟ੍ਰੈਕ ਕਰਨ ਦੀ ਇਜਾਜ਼ਤ ਮੰਗੀ ਗਈ ਸੀ।
ਐਪਸ ਨੂੰ ਇੰਨੀ ਨਿੱਜੀ ਜਾਣਕਾਰੀ ਦੇਣਾ ਹੀ ਕਰਜ਼ਧਾਰਕਾਂ ਦੇ ਲਈ ਸਿਰਦਰਦ ਬਣ ਗਿਆ ਹੈ ਕਿਉਂਕਿ ਹੁਣ ਇਨ੍ਹਾਂ ਐਪਸ ਦੇ ਰਿਕਵਰੀ ਵਿਭਾਗ ਨਾਲ ਜੁੜੇ ਲੋਕ ਕਰਜ਼ਦਾਤਿਆਂ ਨੂੰ ਫੋਨ ਕਰਕੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ ਅਤੇ ਕਰਜ਼ ਦੇ ਬਾਰੇ ’ਚ ਕਈ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇਣ ਦੀਆਂ ਧਮਕੀਆਂ ਦੇ ਕੇ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰ ਰਹੇ ਹਨ।
ਟ੍ਰੇਸਾ ਅਤੇ ਜੈਨਿਸ ਮਕਵਾਨਾ ਨਾਂ ਦੇ ਦੋ ਕਰਜ਼ਧਾਰਕਾਂ ਨੂੰ ਅਜਿਹੀ ਹੀ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘਣਾ ਪਿਆ। ਜੈਨਿਸ ਦਾ ਦੋਸ਼ ਹੈ ਕਿ ਉਸ ਦੇ ਭਰਾ ਅਭਿਸ਼ੇਕ ਨੇ ਇਸੇ ਤਰ੍ਹਾਂ ਦੇ ਐਪ ਤੋਂ 1500 ਡਾਲਰ ਦਾ ਕਰਜ਼ ਲਿਆ ਸੀ ਅਤੇ ਨਵੰਬਰ ’ਚ ਐਪ ਦੇ ਰਿਕਵਰੀ ਵਿਭਾਗ ਵਲੋਂ ਦਿੱਤੀਆਂ ਗਈਆਂ ਧਮਕੀਆਂ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਪਰਿਵਾਰ ਦੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ।
ਇਸੇ ਤਰ੍ਹਾਂ ਦੇ ਇਕ ਹੋਰ ਮਾਮਲੇ ’ਚ ਕਲਾਈ ਸੇਲਵਨ ਨਾਂ ਦੇ ਵਿਅਕਤੀ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਕਲਾਈ ਸੇਲਵਨ ਦੇ ਦੋਸਤ ਨੇ ਇਸੇ ਤਰ੍ਹਾਂ ਦੇ ਐਪ ਤੋਂ ਕਰਜ਼ ਲਿਆ ਸੀ ਅਤੇ ਉਹ ਮਾਨਸਿਕ ਪ੍ਰੇਸ਼ਾਨੀ ’ਚੋਂ ਲੰਘ ਰਿਹਾ ਸੀ। ਉਸ ਨੂੰ ਦੇਖ ਕੇ ਕਲਾਈ ਸੇਲਵਨ ਨੇ ਆਪਣੇ ਦੋਸਤ ਦੀ ਤਰ੍ਹਾਂ ਪੀੜਤ ਵਿਅਕਤੀਆਂ ਦਾ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ 8 ਮਹੀਨਿਆਂ ’ਚ 46,000 ਸ਼ਿਕਾਇਤਾਂ ਇਕੱਠੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਹੁਣ ਵੀ ਰੋਜ਼ਾਨਾ ਅਜਿਹੇ ਐਪਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ 100 ਤੋਂ 200 ਤਕ ਅਜਿਹੇ ਫੋਨ ਆਉਂਦੇ ਹਨ।
ਪੁਲਸ ਨੇ ਇਨ੍ਹਾਂ ਐਪਸ ਨਾਲ ਜੁੜੇ ਇਸ ਤਰ੍ਹਾਂ ਦੇ ਤੰਗ-ਪ੍ਰੇਸ਼ਾਨ ਕਰਨ
ਦੇ ਮਾਮਲਿਆਂ ’ਚ 17 ਦਸੰਬਰ ਨੂੰ ਗੁਰੂਗ੍ਰਾਮ, ਦਿੱਲੀ ਅਤੇ ਹੈਦਰਾਬਾਦ ’ਚ ਛਾਪੇ ਮਾਰ ਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪੁਲਸ ਇਨ੍ਹਾਂ ਦੇ ਨਾਲ ਜੁੜੇ ਲੋਕਾਂ ਦੀ ਜਾਂਚ ਕਰ ਰਹੀ ਹੈ।
ਮਾਮਲੇ ਦੀ ਜਾਂਚ ਨਾਲ ਜੁੜੇ ਸਾਈਬਰ ਸੁਰੱਖਿਆ ਦੇ ਮਾਹਿਰ ਅਮਿਤ ਦੁਬੇ ਦੇ ਅਨੁਸਾਰ ਜਾਂਚ ’ਚ ਇਹ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਦੇ ਐਪਸ ਨਾ ਸਿਰਫ ਨਿੱਜੀ ਡਾਟਾ ਚੋਰੀ ਕਰ ਰਹੇ ਹਨ ਸਗੋਂ ਉਨ੍ਹਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੈ ਕਿ ਕਰਜ਼ ਲੈਣ ਵਾਲੇ ਵਿਅਕਤੀ ਨੇ ਇਹ ਪੈਸਾ ਕਿਥੇ ਟ੍ਰਾਂਸਫਰ ਕੀਤਾ ਹੈ ਅਤੇ ਇਸ ਦੀ ਵਰਤੋਂ ਕਿਸ ਰੂਪ ’ਚ ਹੋਈ ਹੈ।
ਇਸ ਤਰ੍ਹਾਂ ਦੇ ਐਪਸ ਦਾ ਸੰਚਾਲਨ ਕਰਨ ਵਾਲੇ ਅਦ੍ਰਿਸ਼ ਲੋਕ ਕਰਜ਼ ਲੈਣ ਵਾਲਿਆਂ ਦਾ ਹੋਰ ਕਈ ਤਰੀਕਿਆਂ ਨਾਲ ਸ਼ੋਸ਼ਣ ਕਰ ਰਹੇ ਹਨ। ਇਹ ਡਾਟਾ ਸਟੋਰ ਕਰਕੇ ਅਪਰਾਧੀ ਸਿੰਡੀਕੇਟਾਂ ਨੂੰ ਵੇਚਣ ਤੋਂ ਇਲਾਵਾ ‘ਡਾਰਕ ਵੈੱਬ’ ਉੱਤੇ ਵੀ ਪਾਇਆ ਜਾ ਸਕਦਾ ਹੈ। ਇਥੋਂ ਤਕ ਕਿ ਇਕ ਹੀ ਵਿਅਕਤੀ ਇਸ ਤਰ੍ਹਾਂ ਦੇ ਕਈ ਐਪਸ ਬਣਾ ਕੇ ਇਕ ਹੀ ਸਰਵਰ ਰਾਹੀਂ ਉਨ੍ਹਾਂ ਦਾ ਸੰਚਾਲਨ ਕਰਦਾ ਪਾਇਆ ਗਿਆ ਹੈ। ਆਮ ਤੌਰ ’ਤੇ ਅਜਿਹੇ ਸਰਵਰ ਭਾਰਤੀ ਨਿਆਂ ਪ੍ਰਣਾਲੀ ਦੇ ਅਧਿਕਾਰ ਖੇਤਰ ਤੋਂ ਦੂਰ ਚੀਨ ’ਚ ਹਨ ਅਤੇ ਇਨ੍ਹਾਂ ’ਤੇ ਕੰਟਰੋਲ ਕਰ ਸਕਣਾ ਮੁਸ਼ਕਲ ਹੈ।
ਇਹੀ ਨਹੀਂ, ਜਦੋਂ ਤੁਸੀਂ ਇਕ ਐਪ ਤੋਂ ਕਰਜ਼ ਲੈ ਲੈਂਦੇ ਹੋ ਤਾਂ ਉਹ ਐਪ ਤੁਹਾਡਾ ਡਾਟਾ ਹੋਰ ਐਪ ਦੇ ਨਾਲ ਸ਼ੇਅਰ ਕਰ ਦਿੰਦਾ ਹੈ ਜਿਸ ਨਾਲ ਤੁਹਾਨੂੰ ਕਰਜ਼ ਦੇ ਹੋਰ ਆਕਰਸ਼ਕ ਆਫਰ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਵਿਅਕਤੀ ਇਕ ਕਰਜ਼ ਮੋੜਨ ਲਈ ਦੂਸਰਾ ਕਰਜ਼ ਲੈਂਦਾ ਜਾਂਦਾ ਹੈ ਅਤੇ ਅਜੀਬ ਸਥਿਤੀ ’ਚ ਫਸ ਜਾਂਦਾ ਹੈ।
ਇਨ੍ਹਾਂ ’ਚੋਂ ਵਧੇਰੇ ਐਪਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀ ਮਾਨਤਾ ਨਹੀਂ ਹੈ। ਇਸ ਲਈ ਗੂਗਲ ਨੇ ਕਈ ਐਪਸ ਨੂੰ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਜੇਕਰ ਤੁਹਾਨੂੰ ਵੀ ਪੈਸਿਆਂ ਦੀ ਲੋੜ ਹੈ ਤਾਂ ਮਾਨਤਾ ਪ੍ਰਾਪਤ ਬੈਂਕ ਤੋਂ ਹੀ ਕਰਜ਼ ਲਓ ਅਤੇ ਅਜਿਹੇ ਕਿਸੇ ਐਪਸ ਦੇ ਜਾਲ ’ਚ ਨਾ ਫਸੋ ਤਾਂ ਕਿ ਤੁਹਾਨੂੰ ਵੀ ਮਾਨਸਿਕ ਪੀੜਾ ਦੇ ਦੌਰ ’ਚੋਂ ਨਾ ਲੰਘਣਾ ਪਵੇ।
ਵਿੱਤ ਮੰਤਰਾਲਾ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ’ਤੇ ਆਰ. ਬੀ. ਆਈ. ਦੀ ਮਦਦ ਨਾਲ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਆਰ. ਬੀ. ਆਈ. ਦੇ ਨਾਲ ਰਜਿਸਟ੍ਰੇਸ਼ਨ ਤੋਂ ਬਿਨਾਂ ਕੋਈ ਵੀ ਵਿਅਕਤੀ ਕਿਸੇ ਐਪ ਦੇ ਰਾਹੀਂ ਲੋਕਾਂ ਨੂੰ ਸਸਤੇ ਕਰਜ਼ ਦਾ ਲਾਲਚ ਦੇ ਕੇ ਫਸਾ ਨਾ ਸਕੇ।
‘ਸਰਕਾਰੀ ਕਰਮਚਾਰੀਆਂ ਦਾ ਭ੍ਰਿਸ਼ਟਾਚਾਰ ਰੋਕਣਾ ਹੈ’ ‘ਤਾਂ ਸਖ਼ਤ ਕਦਮ ਚੁੱਕਣੇ ਹੋਣਗੇ’
NEXT STORY