ਹਾਲ ਹੀ ’ਚ 4 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਦਰਮਿਆਨ ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ’ਤੇ ਹੀ ਟਿਕੀਆਂ ਰਹੀਆਂ ਜਿੱਥੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਸੱਤਾ ਤੋਂ ਹਟਾ ਕੇ ਆਪਣੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਸੀ।
ਭਾਜਪਾ ਲੀਡਰਸ਼ਿਪ ਨੇ ਆਪਣੀ ਪਾਰਟੀ ਦੇ ਪੁਰਾਣੇ ਮੈਂਬਰਾਂ ਦੇ ਵਿਰੋਧ ਦੇ ਕਾਰਨ ਤ੍ਰਿਣਮੂਲ ਕਾਂਗਰਸ ’ਚੋਂ ਦਲ ਬਦਲੀ ਕਰ ਕੇ ਆਏ 34 ਵਿਧਾਇਕਾਂ ’ਚੋਂ 13 ਨੂੰ ਟਿਕਟ ਦੇ ਕੇ ਚੋਣ ਲੜਵਾਈ ਪਰ ਉਨ੍ਹਾਂ ’ਚੋਂ 5 ਹੀ ਜਿੱਤ ਸਕੇ।
ਇਸ ਸਮੇਂ ਜਦਕਿ ਬੰਗਾਲ ’ਚ ਹਾਰ ਨੂੰ ਲੈ ਕੇ ਭਾਜਪਾ ਦੇ ਅੰਦਰ ਘਮਾਸਾਨ ਮਚਿਆ ਹੋਇਆ ਹੈ, ਅਜਿਹੇ ’ਚ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੇਘਾਲਿਆ ਦੇ ਸਾਬਕਾ ਰਾਜਪਾਲ ‘ਤਥਾਗਤ ਰਾਏ’ ਦੀਆਂ ਟਿੱਪਣੀਆਂ ਨਾਲ ਮੁੜ ਵਿਵਾਦ ਖੜ੍ਹਾ ਹੋ ਗਿਆ ਹੈ।
ਉਨ੍ਹਾਂ ਨੇ ਭਾਜਪਾ ਦੇ ਬੰਗਾਲ ਸੂਬਾ ਪ੍ਰਧਾਨ ‘ਦਿਲੀਪ ਘੋਸ਼’ ਅਤੇ ਬੰਗਾਲ ਇੰਚਾਰਜ ‘ਕੈਲਾਸ਼ ਵਿਜੇਵਰਗੀਯ’ ਆਦਿ ਨੂੰ ਇਸ ਸਥਿਤੀ ਦੇ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਫਿਲਮ ਅਤੇ ਟੀ. ਵੀ. ਕਲਾਕਾਰਾਂ, ਜਿਨ੍ਹਾਂ ਦਾ ਸਿਆਸਤ ਨਾਲ ਕਦੀ ਵਾਸਤਾ ਨਹੀਂ ਰਿਹਾ, ਨੂੰ ਪਹਿਲੀ ਵਾਰ ਹੀ ਟਿਕਟ ਦੇਣ ਦੇ ਲਈ ਪਾਰਟੀ ਦੀ ਆਲੋਚਨਾ ਕੀਤੀ ਅਤੇ ਸਵਾਲ ਕੀਤਾ ਕਿ ‘‘ਪਾਰਟੀ ਨੇ ਅਭਿਨੇਤਾ-ਅਭਿਨੇਤਰੀਆਂ ’ਚ ਅਜਿਹੀ ਕਿਹੜੀ ਖੂਬੀ ਵੇਖੀ ਜੋ ਪਾਰਟੀ ਦੇ ਪੁਰਾਣੇ ਨੇਤਾਵਾਂ ਦੀ ਅਣਦੇਖੀ ਕਰ ਕੇ ਉਨ੍ਹਾਂ ਨੂੰ ਟਿਕਟਾਂ ਫੜਾ ਦਿੱਤੀਆਂ।’’
‘ਤਥਾਗਤ ਰਾਏ’ ਨੇ ਇਨ੍ਹਾਂ ਚੋਣਾਂ ’ਚ ਬੜਾ ਨਗਰ, ਬੇਹਾਲਾ ਪੱਛਮ ਅਤੇ ਬੇਹਾਲਾ ਪੂਰਬ ਤੋਂ ਚੋਣਾਂ ’ਚ ਹਾਰਨ ਵਾਲੀਆਂ ਅਭਿਨੇਤਰੀਆਂ ਪਾਰਣੋ ਮਿੱਤਰਾ, ਸਰਾਬੰਤੀ ਚੈਟਰਜੀ ਅਤੇ ਪਾਇਲ ਸਰਕਾਰ ਦਾ ਨਾਂ ਲੈਂਦੇ ਹੋਏ ਉਨ੍ਹਾਂ ਨੂੰ ‘ਸਿਆਸੀ ਮੂਰਖ’ ਕਰਾਰ ਦਿੱਤਾ।
‘ਤਥਾਗਤ ਰਾਏ’ ਨੇ ਕਿਹਾ, ‘‘80 ਦੇ ਦਹਾਕੇ ਦੇ ਬਾਅਦ ਬੰਗਾਲ ’ਚ ਪਾਰਟੀ ਦਾ ਆਧਾਰ ਬਣਾਉਣ ਲਈ ਮਿਹਨਤ ਕਰਨ ਵਾਲੇ ਵਰਕਰਾਂ ਦੀ ਅਣਦੇਖੀ ਕੀਤੀ ਗਈ। ਸਾਰਾ ਚੋਣਾਂ ਦਾ ਕੰਮਕਾਜ ਹਿੰਦੀ ਭਾਸ਼ੀ ‘ਕੈਲਾਸ਼ ਵਿਜੇਵਰਗੀਯ’, ‘ਸ਼ਿਵ ਪ੍ਰਕਾਸ਼’ ਅਤੇ ‘ਅਰਵਿੰਦ ਮੋਹਨ’ ਨੇ ਕੀਤਾ।’’
‘‘ਕੈਲਾਸ਼ ਵਿਜੇਵਰਗੀਯ, ‘ਦਿਲੀਪ ਘੋਸ਼’ ਅਤੇ ਪਾਰਟੀ ਨੇਤਾਵਾਂ ਨੇ ਹੀ ਬੰਗਾਲ ’ਚ ‘ਸੈਵਨ ਸਟਾਰ’ ਹੋਟਲਾਂ ’ਚ ਬੈਠ ਕੇ ਤ੍ਰਿਣਮੂਲ ਕਾਂਗਰਸ ’ਚੋਂ ਆਏ ਕਚਰੇ ਨੂੰ ਟਿਕਟਾਂ ਵੰਡੀਆਂ ਅਤੇ ਹੁਣ ਜਦਕਿ ਵਰਕਰਾਂ ਦਾ ਉਨ੍ਹਾਂ ਦੇ ਵਿਰੁੱਧ ਗੁੱਸਾ ਫੁੱਟ ਰਿਹਾ ਹੈ ਤਦ ਵੀ ਉਹ ਉੱਥੇ ਬੈਠ ਕੇ ਤੂਫਾਨ ਦੇ ਲੰਘ ਜਾਣ ਦੀ ਉਡੀਕ ਕਰ ਰਹੇ ਹਨ।’’
ਇਨ੍ਹਾਂ ਨੇਤਾਵਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਖਰਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ‘ਤਥਾਗਤ ਰਾਏ’ ਨੇ ਕਿਹਾ, ‘‘ਮੈਨੂੰ ਹੁਣ ਇਸੇ ਗੱਲ ਦਾ ਖਦਸ਼ਾ ਹੈ ਕਿ ਜੋ ਕਚਰਾ ਤ੍ਰਿਣਮੂਲ ਕਾਂਗਰਸ ’ਚੋਂ ਭਾਜਪਾ ’ਚ ਆਇਆ ਹੈ ਉਹ ਹੁਣ ਵਾਪਸ ਜਾਵੇਗਾ ਅਤੇ ਹੋ ਸਕਦਾ ਹੈ ਕਿ ਜੇਕਰ ਭਾਜਪਾ ਵਰਕਰਾਂ ਨੂੰ ਪਾਰਟੀ ’ਚ ਤਬਦੀਲੀ ਨਜ਼ਰ ਨਾ ਆਈ ਤਾਂ ਉਹ ਵੀ ਚਲੇ ਜਾਣਗੇ।’’
‘ਤਥਾਗਤ ਰਾਏ’ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ‘‘ਇਸ ਸਮੇਂ ਜਦੋਂ ਭਾਜਪਾ ਵਰਕਰ ਤ੍ਰਿਣਮੂਲ ਕਾਂਗਰਸ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਨ ਤਦ ਵੀ ‘ਕੈਲਾਸ਼ ਵਿਜੇਵਰਗੀਯ’, ‘ਅਰਵਿੰਦ ਮੋਹਨ’ ਅਤੇ ‘ਸ਼ਿਵ ਪ੍ਰਕਾਸ਼’ ਉਨ੍ਹਾਂ ਨੂੰ ਬਚਾਉਣ ਦੀ ਬਜਾਏ ਇਸ ਗੱਲ ਨਾਲ ਸੰਤੋਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਜਪਾ 3 ਤੋਂ 77 ਸੀਟਾਂ ’ਤੇ ਪਹੁੰਚ ਗਈ ਹੈ।’’
ਜਿੱਥੇ ਕੁਝ ਲੋਕਾਂ ਨੇ ‘ਤਥਾਗਤ ਰਾਏ’ ਦੀ ਇਸ ਟਿੱਪਣੀ ਨੂੰ ਮਹਿਲਾ ਵਿਰੋਧੀ ਦੱਸਿਆ ਹੈ, ਉੱਥੇ ਇਕ ਹੋਰ ਵਰਗ ਦਾ ਕਹਿਣਾ ਹੈ ਕਿ ‘ਤਥਾਗਤ ਰਾਏ’ ਨੂੰ ਇਹ ਤਰਕਪੂਰਨ ਸਵਾਲ ਪੁੱਛਣ ਦਾ ਪੂਰਾ ਅਧਿਕਾਰ ਹੈ।
‘ਤਥਾਗਤ ਰਾਏ’ ਦੀ ਟਿੱਪਣੀ ਨੂੰ ਲੈ ਕੇ ਭਾਜਪਾ ਹਾਈਕਮਾਨ ਨੇ ਉਨ੍ਹਾਂ ਨੂੰ ਦਿੱਲੀ ਸੱਦ ਿਲਆ ਹੈ ਤਾਂ ਹੁਣ ਸੱਚ ਸਾਹਮਣੇ ਆ ਹੀ ਜਾਵੇਗਾ ਪਰ ਪਾਰਟੀ ਦੇ ਮੈਂਬਰਾਂ ਵੱਲੋਂ ਆਪਣੀ ਹੀ ਪਾਰਟੀ ਬਾਰੇ ਆਲੋਚਨਾਤਮਕ ਟਿੱਪਣੀ ਕਰਨ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ।
ਕਿਸਾਨ ਅੰਦੋਲਨ ਨੂੰ ਲੈ ਕੇ ਵੀ ਭਾਰਤੀ ਜਨਤਾ ਪਾਰਟੀ ਦੇ ਕਈ ਸੀਨੀਅਰ ਨੇਤਾ ਜਿਨ੍ਹਾਂ ’ਚ ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ, ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਆਦਿ ਸ਼ਾਮਲ ਹਨ, ਵੀ ਆਪਣੀ ਆਵਾਜ਼ ਉਠਾ ਚੁੱਕੇ ਹਨ।
ਇਸੇ ਤਰ੍ਹਾਂ ਸਮੇਂ-ਸਮੇਂ ’ਤੇ ਕਾਂਗਰਸ ਪਾਰਟੀ ਦੇ ਵੀ ਕਈ ਸੀਨੀਅਰ ਮੈਂਬਰ ਆਪਣੀ ਪਾਰਟੀ ’ਚ ਘਰ ਕਰ ਗਈਆਂ ਕਈ ਕਮਜ਼ੋਰੀਆਂ ਵੱਲ ਪਾਰਟੀ ਹਾਈਕਮਾਨ ਦਾ ਧਿਆਨ ਦਿਵਾਉਂਦੇ ਰਹੇ ਹਨ। ਇਸ ਲਿਹਾਜ਼ ਨਾਲ ‘ਤਥਾਗਤ ਰਾਏ’ ਨੇ ਬੰਗਾਲ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਆਪਣੇ ਵਿਚਾਰਾਂ ਦੇ ਰਾਹੀਂ ਪਾਰਟੀ ਨੂੰ ਚੌਕਸ ਕਰਨ ਦਾ ਹੀ ਯਤਨ ਕੀਤਾ ਹੈ।
‘ਤਥਾਗਤ ਰਾਏ’ ਵੱਲੋਂ ਪੱਛਮੀ ਬੰਗਾਲ ’ਚ ਭਾਜਪਾ ਦੀ ਹਾਰ ਦੇ ਦੱਸੇ ਗਏ ਕਾਰਨ ਕਿਸ ਹੱਦ ਤੱਕ ਸਹੀ ਹਨ, ਇਸ ਦਾ ਪਤਾ ਤਾਂ ਭਾਜਪਾ ਵੱਲੋਂ ਹਾਰ ਦੀ ਸਮੀਖਿਆ ਦੇ ਲਈ ਬਣਾਈ ਜਾਣ ਵਾਲੀ ਕਮੇਟੀ ਦੀ ਰਿਪੋਰਟ ਤੋਂ ਹੀ ਲੱਗੇਗਾ।
ਕਿਉਂਕਿ ਪਾਰਟੀ ਵਿਅਕਤੀ ਤੋਂ ਵੱਧ ਕੇ ਹੈ ਇਸ ਲਈ ਜੇਕਰ ਪਾਰਟੀ ‘ਤਥਾਗਤ ਰਾਏ’ ਦੀਆਂ ਟਿੱਪਣੀਆਂ ਦਾ ਖੰਡਨ ਨਹੀਂ ਕਰਦੀ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਨ੍ਹਾਂ ਦੀ ਗੱਲ ਸਹੀ ਹੈ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਹ ਗੱਲ ਪਾਰਟੀ ਦੇ ਮੰਚ ’ਤੇ ਰੱਖਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਪਾਰਟੀ ਲੀਡਰਸ਼ਿਪ ਵੱਲੋਂ ਨਾ ਸੁਣਨ ਦੇ ਕਾਰਨ ਉਹ ਇਨ੍ਹਾਂ ਗੱਲਾਂ ਨੂੰ ਜਨਤਕ ਤੌਰ ’ਤੇ ਕਹਿਣ ਲਈ ਮਜਬੂਰ ਹੋ ਗਏ ਹੋਣ।
- ਵਿਜੇ ਕੁਮਾਰ
‘ਭਾਰਤ ਵਿਰੋਧੀ ਨੇਪਾਲੀ ਪ੍ਰਧਾਨ ਮੰਤਰੀ’ ‘ਓਲੀ ਨੇ ਬਹੁਮਤ ਗੁਆਇਆ : ਭਵਿੱਖ ਦਾਅ ’ਤੇ’
NEXT STORY