ਵਿਆਹ ਦੀ ਗੱਲ ਚੱਲੇ ਅਤੇ ਦਾਜ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਕੁਝ ਅਜੀਬ ਜਿਹੀ ਲੱਗਦੀ ਹੈ। ਪ੍ਰਾਚੀਨ ਕਾਲ ਤੋਂ ਵਿਆਹ ਅਤੇ ਦਾਜ ਆਦਿ ਦਾ ਚੋਲੀ-ਦਾਮਨ ਦਾ ਸਾਥ ਚਲਦਾ ਆ ਰਿਹਾ ਹੈ, ਜਿਸ ਕਾਰਨ ਕੰਨਿਆ ਪੱਖ ’ਤੇ ਭਾਰੀ ਬੋਝ ਵੀ ਪੈ ਜਾਂਦਾ ਹੈ ਪਰ ਇਸੇ ਸਮਾਜ ’ਚ ਅਜਿਹੇ ਲੋਕ ਵੀ ਮੌਜੂਦ ਹਨ, ਜੋ ਕੁਝ ਚੰਗਾ ਕਰਨ ’ਚ ਭਰੋਸਾ ਰੱਖਦੇ ਹਨ ਤੇ ਵਿਆਹ ਵਰਗੇ ਪਵਿੱਤਰ ਮੌਕੇ ਨੂੰ ਆਪਣੇ ਨੇਕ ਕੰਮ ਨਾਲ ਅਭੁੱਲ ਅਤੇ ਅਮਲਯੋਗ ਬਣਾ ਕੇ ਇਕ ਮਿਸਾਲ ਪੈਦਾ ਕਰ ਰਹੇ ਹਨ।
* 23 ਜੂਨ ਨੂੰ ਮੱਧ ਪ੍ਰਦੇਸ਼ ’ਚ ਬੈਤੂਲ ਦੀ ਮੁਲਤਾਈ ਤਹਿਸੀਲ ਦੇ ਹਿਵਰਖੇੜ ਪਿੰਡ ’ਚ ਅਰਾਧਨਾ ਦੇ ਸੁਭਾਸ਼ ਗਾਵੰਡੇ ਨਾਲ ਵਿਆਹ ਦੇ ਮੌਕੇ ਦੋਹਾਂ ਨੇ ਹੀ ਆਪਣੇ ਵਿਆਹ ਦੇ ਜੋ ਕਾਰਡ ਛਪਵਾਏ, ਉਨ੍ਹਾਂ ’ਤੇ ਲੋਕਾਂ ਨੂੰ ਦਾਜ ਪ੍ਰਥਾ ਖਤਮ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਲਿਖਵਾਇਆ ਕਿ ‘‘ਇਸ ਵਿਆਹ ’ਚ ਦਾਜ ਪ੍ਰਥਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਤੇ ਦਾਜ ਦਾ ਲੈਣ-ਦੇਣ ਬੰਦ ਹੋਣ ਨਾਲ ਕਈ ਪਰਿਵਾਰ ਬਰਬਾਦ ਹੋਣ ਤੋਂ ਬਚ ਜਾਣਗੇ।’’
* 27 ਜੂਨ ਨੂੰ ਰਾਜਸਥਾਨ ’ਚ ਰਤਨਗੜ੍ਹ ਤਹਿਸੀਲ ਦੇ ਪਿੰਡ ਪਾਬੁਸਰ ’ਚ ਅਧਿਆਪਕ ਕਿਸ਼ੋਰ ਕੁਮਾਰ ਸ਼ਰਮਾ ਨੇ ਆਪਣੀ ਧੀ ਸ਼ਕੁੰਤਲਾ ਦੇ ਵਿਆਹ ਮੌਕੇ ਦੋਪਹੀਆ ਵਾਹਨ ਚਲਾਉਂਦੇ ਸਮੇਂ ਸੜਕ ਸੁਰੱਖਿਆ ਸਬੰਧੀ ਸੰਦੇਸ਼ ਦੇਣ ਲਈ ਲਾੜੇ ਸਮੇਤ ਬਰਾਤ ’ਚ ਸ਼ਾਮਿਲ ਸਾਰੇ 150 ਬਰਾਤੀਆਂ ਨੂੰ ਹੈਲਮੇਟ ਭੇਟ ਕੀਤੇ ਅਤੇ ਉਨ੍ਹਾਂ ਨੂੰ ਸਹੁੰ ਚੁਕਾਈ ਕਿ ਵਾਹਨ ਚਲਾਉਂਦੇ ਸਮੇਂ ਉਹ ਇਨ੍ਹਾਂ ਦਾ ਇਸਤੇਮਾਲ ਕਰਨਗੇ। ਹੈਲਮੇਟਾਂ ’ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਵਾਲਾ ਸਟਿੱਕਰ ਵੀ ਲਾਇਆ ਗਿਆ।
* 28 ਜੂਨ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਰਥੋਲਕਾਪੁਰਾ ’ਚ ਗੁੱਜਰ ਭਾਈਚਾਰੇ ਦੇ ਇਕ ਪਰਿਵਾਰ ਨੇ ਇਕ ਸਥਾਨਕ ਸੰਤ ਸ਼੍ਰੀ ਹਰਿ ਗਿਰੀ ਵੱਲੋਂ ਚਲਾਈ ਜਾ ਰਹੀ ਦਾਜਬੰਦੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਆਪਣੇ ਬੇਟੇ ਸੰਦੀਪ ਦੇ ਵਿਆਹ ’ਚ ਮਿਲੀ 5.11 ਲੱਖ ਰੁਪਏ ਦੀ ਰਕਮ ਪਿੰਡ ’ਚ ਭਗਵਾਨ ਸ਼ੰਕਰ ਦੇ ਮੰਦਰ ਦੀ ਉਸਾਰੀ ਲਈ ਦਾਨ ਕਰ ਦਿੱਤੀ, ਜਿਸ ਦੇ ਲਈ ਇਸ ਪਰਿਵਾਰ ਦੀ ਖੂਬ ਸ਼ਲਾਘਾ ਹੋ ਰਹੀ ਹੈ।
* 16 ਅਕਤੂਬਰ ਨੂੰ ਲੁਧਿਆਣਾ ਜ਼ਿਲੇ ਦੇ ਝੁਨੇਰ ਪਿੰਡ ਦੇ ਡਾਕਟਰ ਕੁਲਵਿੰਦਰ ਗਿੱਲ ਅਤੇ ਬੁਟਾਹਰੀ ਪਿੰਡ ਦੀ ਗੁਰਸ਼ਮਨ ਕੌਰ ਨੇ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵਿਆਹ ਤੋਂ ਪਹਿਲਾਂ ਅਮਰਗੜ੍ਹ ’ਚ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ, ਜਿਸ ’ਚ ਉਨ੍ਹਾਂ ਨੇ ਖੁਦ ਅਤੇ ਸੱਦੇ ਹੋਏ ਰਿਸ਼ਤੇਦਾਰਾਂ ਨੇ ਖੂਨ ਦਾਨ ਕੀਤਾ। ਇਸ ਦੇ ਲਈ ਇਕ ਬਲੱਡ ਬੈਂਕ ਤੋਂ ਡਾਕਟਰਾਂ ਦੀ ਟੀਮ ਨੂੰ ਸੱਦਿਆ ਗਿਆ ਤੇ ਲਗਭਗ 40 ਯੂਨਿਟ ਖੂਨ ਇਕੱਠਾ ਹੋਇਆ।
ਨਵ-ਵਿਆਹੇ ਜੋੜੇ ਦੇ ਮਾਂ-ਪਿਓ ਨੇ ਇਸ ਮੌਕੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਵੱਲੋਂ ਆਪਣੇ ਵਿਆਹ ਨੂੰ ਮਿਸਾਲੀ ਬਣਾਉਣ ਲਈ ਅਪਣਾਏ ਗਏ ਉਪਾਅ ਤੋਂ ਉਹ ਬਹੁਤ ਖੁਸ਼ ਹਨ।
* 21 ਅਕਤੂਬਰ ਨੂੰ ਫਾਜ਼ਿਲਕਾ ਦੇ ਸ਼੍ਰੀ ਰੇਸ਼ਮ ਲਾਲ ਛਾਬੜਾ ਨੇ ਆਪਣੇ ਬੇਟੇ ਅੰਕੁਸ਼ ਛਾਬੜਾ ਦਾ ‘ਨਸ਼ਾ-ਮੁਕਤ ਵਿਆਹ ਸਮਾਗਮ’ ਆਯੋਜਿਤ ਕੀਤਾ। ਉਨ੍ਹਾਂ ਦੇ ਪਰਿਵਾਰ ’ਚ ਕਿਉਂਕਿ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ, ਇਸ ਲਈ ਉਹ ਆਪਣੇ ਮਹਿਮਾਨਾਂ ਨੂੰ ਵੀ ਇਹੋ ਸੰਦੇਸ਼ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਇਸ ਮੌਕੇ ’ਤੇ ਆਪਣੇ ਇਥੇ ‘ਨਸ਼ਾ-ਮੁਕਤ ਵਿਆਹ’ ਦਾ ਬੈਨਰ ਵੀ ਲਾਇਆ ਹੋਇਆ ਸੀ।
* 21 ਅਕਤੂਬਰ ਨੂੰ ਹੀ ਯੂ. ਪੀ. ਦੇ ਬਹਿਰਾਈਚ ਦੇ ਅਬਦੁਲ ਕਲਾਮ ਦਾ ਵਿਆਹ ਖੁੱਰਮਨਗਰ, ਲਖਨਊ ਦੀ ਮੁਟਿਆਰ ਨਾਲ ਹੋਣਾ ਤੈਅ ਹੋਇਆ। ਮਿੱਥੇ ਸਮੇਂ ’ਤੇ ਬਰਾਤ ਲਾੜੀ ਦੇ ਘਰ ਪਹੁੰਚੀ ਤਾਂ ਇਕ ਅਣਕਿਆਸੀ ਘਟਨਾ ’ਚ ਲਾੜੇ ਅਬਦੁਲ ਕਲਾਮ ਨੇ ਵਿਆਹ ਦੌਰਾਨ ਦਾਜ ਘੱਟ ਮਿਲਣ ਦੀ ਸ਼ਿਕਾਇਤ ਕਰਦਿਆਂ ਸੋਨੇ ਦੀ ਚੇਨ ਅਤੇ ਮੋਟਰਸਾਈਕਲ ਦੀ ਮੰਗ ਰੱਖ ਦਿੱਤੀ ਤੇ ਮੰਗ ਪੂਰੀ ਨਾ ਹੋਣ ’ਤੇ ਵਿਆਹ ਨਾ ਕਰਨ ਦੀ ਧਮਕੀ ਵੀ ਦੇ ਦਿੱਤੀ।
ਇਸ ’ਤੇ ਗੁੱਸੇ ’ਚ ਆ ਕੇ ਲਾੜੀ ਪੱਖ ਨੇ ਨਾ ਸਿਰਫ ਲਾੜੇ ਨੂੰ ਬੰਧਕ ਬਣਾ ਲਿਆ ਸਗੋਂ ਉਸ ਦਾ ਸਿਰ ਮੁੰਨ ਕੇ ਅਤੇ ਬਰਾਤੀਆਂ ਦੀ ਪਿਟਾਈ ਕਰ ਕੇ ਬਰਾਤ ਨੂੰ ਲਾੜੀ ਤੋਂ ਬਿਨਾਂ ਬੇਰੰਗ ਹੀ ਮੋੜ ਦਿੱਤਾ।
ਆਮ ਵਿਆਹ ਸਮਾਗਮਾਂ ਤੋਂ ਹਟ ਕੇ ਕੁਝ ਵੱਖਰੀ ਕਿਸਮ ਦੇ ਉਕਤ ਵਿਆਹ ਸਮਾਗਮ ਲੋਕਾਂ ਨੂੰ ਵਿਆਹਾਂ ’ਚ ਦਾਜ ਦਾ ਲੈਣ-ਦੇਣ ਨਾ ਕਰਨ, ਨਸ਼ਾ ਨਾ ਕਰਨ, ਸੜਕ ਸੁਰੱਖਿਆ ਲਈ ਹੈਲਮੇਟ ਦੀ ਵਰਤੋਂ ਕਰਨ ਅਤੇ ਦਾਜ ’ਚ ਮਿਲੀ ਰਕਮ ਦਾ ਇਸਤੇਮਾਲ ਨੇਕ ਕੰਮਾਂ ਲਈ ਕਰਨ ਦਾ ਸੰਦੇਸ਼ ਦਿੰਦੇ ਹਨ। ਲੋਕਾਂ ਨੂੰ ਇਨ੍ਹਾਂ ਹਾਂ-ਪੱਖੀ ਤਬਦੀਲੀਆਂ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਕਿ ਦੇਸ਼ ਅਤੇ ਸਮਾਜ ਤਰੱਕੀ ਕਰ ਸਕੇ।
-ਵਿਜੇ ਕੁਮਾਰ
ਹਰਿਆਣਾ ‘ਦੁਲਹੇੜਾ ਖਾਪ’ ਵਲੋਂ ਹੁਣ ਕੁਝ ਜਨ-ਹਿਤੈਸ਼ੀ ਫੈਸਲੇ
NEXT STORY