ਅੱਜ ਸਾਰਾ ਦੇਸ਼ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਅਨੁਸਾਰ ਵਿਸ਼ਵ ’ਚ ਲੋਕਾਂ ਨੂੰ ਕੁੱਤਿਆਂ ਵੱਲੋਂ ਵੱਢਣ ਦੀਆਂ ਸਭ ਤੋਂ ਵੱਧ ਘਟਨਾਵਾਂ ਭਾਰਤ ’ਚ ਹੋ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਬੀਤੇ ਸਾਲ ਭਾਰਤ ’ਚ ਰੋਜ਼ਾਨਾ ਔਸਤਨ 11,000 ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ।
ਕੁੱਤਿਆਂ ਦੇ ਖਰੂਦ ਨੂੰ ਲੈ ਕੇ ਲੋਕਾਂ ’ਚ ਇੰਨਾ ਰੋਸ ਹੈ ਕਿ ਕਈ ਥਾਵਾਂ ’ਤੇ ਲੋਕਾਂ ਨੇ ਆਵਾਰਾ ਕੁੱਤਿਆਂ ਨੂੰ ਖਾਣ ਦੀਆਂ ਵਸਤੂਆਂ ਦੇਣ ਵਾਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਥਾਵਾਂ ’ਤੇ ਤਾਂ ਲੋਕ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਤਕ ਲਈ ਦੂਜੇ ਲੋਕਾਂ ਦੀ ਸਹਾਇਤਾ ਲੈ ਰਹੇ ਹਨ।
ਹਾਲ ਹੀ ’ਚ ਪ੍ਰਸਿੱਧ ‘ਵਾਘ ਬੱਕਰੀ ਚਾਹ ਗਰੁੱਪ’ ਦੇ ਐਗਜ਼ੀਕਿਊਟਿਵ ਡਾਇਰੈਕਟਰ ਪਰਾਗ ਦੇਸਾਈ ਦੀ ਆਵਾਰਾ ਕੁੱਤਿਆਂ ਦੇ ਹਮਲੇ ਦੇ ਨਤੀਜੇ ਵਜੋਂ ਹੋਈ ਮੌਤ ਨੇ ਸਾਰੇ ਦੇਸ਼ ਦਾ ਧਿਆਨ ਕੁੱਤਿਆਂ ਦੇ ਖਰੂਦ ਵੱਲ ਖਿੱਚਿਆ ਹੈ।
ਸ਼੍ਰੀ ਪਰਾਗ ਦੇਸਾਈ 15 ਅਕਤੂਬਰ ਸ਼ਾਮ ਨੂੰ ਗੁਜਰਾਤ ’ਚ ਅਹਿਮਦਾਬਾਦ ਸਥਿਤ ਆਪਣੇ ਘਰੋਂ ਸੈਰ ਨੂੰ ਨਿਕਲੇ ਸਨ, ਜਦ ਆਵਾਰਾ ਕੁੱਤੇ ਉਨ੍ਹਾਂ ਦੇ ਪਿੱਛੇ ਪੈ ਗਏ। ਉਹ ਡਰ ਕੇ ਭੱਜੇ ਤਾਂ ਸੜਕ ’ਤੇ ਤਿਲਕ ਕੇ ਡਿੱਗ ਜਾਣ ਨਾਲ ਉਨ੍ਹ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ ਅਤੇ ਬਾਅਦ ’ਚ ਬ੍ਰੇਨ ਹੈਮਰੇਜ ਨਾਲ ਉਨ੍ਹਾਂ ਦੀ ਦੁਖਦਾਈ ਮੌਤ ਹੋ ਗਈ।
* 25 ਅਕਤੂਬਰ ਨੂੰ ਆਗਰਾ (ਉੱਤਰ ਪ੍ਰਦੇਸ਼) ਦੇ ‘ਚੌਸਿੰਗੀ’ ਪਿੰਡ ’ਚ ਕੁੱਤੇ ਦੇ ਵੱਢਣ ਨਾਲ ਰੈਬੀਜ਼ ਦੀ ਇਨਫੈਕਸ਼ਨ ਦੇ ਨਤੀਜੇ ਵਜੋਂ ਇਕ ਬੱਚੀ ਦੀ ਮੌਤ ਹੋ ਗਈ।
* 29 ਸਤੰਬਰ ਨੂੰ ਮੈਨਪੁਰੀ (ਉੱਤਰ ਪ੍ਰਦੇਸ਼) ’ਚ ਘਰ ਦੇ ਬਾਹਰ ਖੇਡ ਰਹੀ 12 ਸਾਲਾ ਮਾਸੂਮ ਬੱਚੀ ਦੀ ਕੁੱਤੇ ਦੇ ਵੱਢਣ ਨਾਲ ਇਨਫੈਕਸ਼ਨ ਕਾਰਨ ਜਾਨ ਚਲੀ ਗਈ।
* 12 ਸਤੰਬਰ ਨੂੰ ਬਹਿਰਾਈਚ (ਉੱਤਰ ਪ੍ਰਦੇਸ਼) ਦੇ ‘ਰਮਪੁਰਵਾ’ ’ਚ ਆਪਣੇ ਘਰ ਦੇ ਸਾਹਮਣੇ ਖੇਡ ਰਹੀ ਬੱਚੀ ਨੂੰ ਕੁੱਤੇ ਨੇ ਵੱਢਿਆ।
* 10 ਸਤੰਬਰ ਨੂੰ ਨੋਇਡਾ (ਉੱਤਰ ਪ੍ਰਦੇਸ਼) ’ਚ ਆਵਾਰਾ ਕੁੱਤੇ ਨੇ ਇਕ ਵਿਅਕਤੀ ਨੂੰ ਵੱਢ ਕੇ ਲਹੂ-ਲੁਹਾਨ ਕਰ ਦਿੱਤਾ।
* 2 ਸਤੰਬਰ ਨੂੰ ਰਾਏਗੜ੍ਹ (ਛੱਤੀਸਗੜ੍ਹ) ਦੇ ‘ਤਮਨਾਰ’ ’ਚ ਇਕ ਖੂੰਖਾਰ ਕੁੱਤੇ ਦੇ ਵੱਢਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ।
* 26 ਜੁਲਾਈ ਨੂੰ ਜਾਲੌਨ (ਉੱਤਰ ਪ੍ਰਦੇਸ਼) ਦੇ ‘ਕੋਂਚ’ ਪਿੰਡ ’ਚ ਆਵਾਰਾ ਕੁੱਤੇ ਦੇ ਵੱਢਣ ਨਾਲ ਇਕ ਬੱਚੀ ਦੀ ਮੌਤ ਹੋ ਗਈ।
* 25 ਜੁਲਾਈ ਨੂੰ ਇਕ ਹੀ ਦਿਨ ’ਚ ਦੇਹਰਾਦੂਨ (ਉੱਤਰਾਖੰਡ) ’ਚ ਆਵਾਰਾ ਕੁੱਤਿਆਂ ਨੇ 100 ਲੋਕਾਂ ਨੂੰ ਵੱਢਿਆ।
* 9 ਜੂਨ ਨੂੰ ਵਿਜੇਨਗਰਮ (ਆਂਧਰਾ ਪ੍ਰਦੇਸ਼) ਜ਼ਿਲੇ ਦੇ ਰਾਜਨ ’ਚ ਇਕ ਹੀ ਦਿਨ ’ਚ ਆਵਾਰਾ ਕੱੁਤਿਆਂ ਨੇ 5 ਲੋਕਾਂ ਨੂੰ ਵੱਢਿਆ।
ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ ਸਾਲ 2022 ’ਚ ਪੂਰੇ ਦੇਸ਼ ’ਚ ਆਵਾਰਾ ਕੁੱਤਿਆਂ ਦੇ ਵੱਢਣ ਦੇ ਸਭ ਤੋਂ ਵੱਧ 3,46,318 ਮਾਮਲੇ ਮਹਾਰਾਸ਼ਟਰ ’ਚ ਸਾਹਮਣ ਆਏ, ਜਦਕਿ 3,30,364 ਮਾਮਲਿਆਂ ਨਾਲ ਤਮਿਲਨਾਡੂ ਦੂਜੀ ਥਾਂ ’ਤੇ ਅਤੇ 1,69,378 ਮਾਮਲਿਆਂ ਨਾਲ ਆਂਧਰਾ ਪ੍ਰਦੇਸ਼ ਤੀਸਰੇ ਸਥਾਨ ’ਤੇ ਰਿਹਾ।
ਇਸ ਪਿੱਛੋਂ ਉੱਤਰਾਖੰਡ (1,62,422), ਕਰਨਾਟਕ (1,46,094), ਗੁਜਰਾਤ (1,44,855) ਅਤੇ ਬਿਹਾਰ (1,18,354) ਦੀ ਥਾਂ ਰਿਹਾ। ਦੇਸ਼ ਦੇ ਹੋਰ ਸੂਬੇ ਵੀ ਆਵਾਰਾ ਕੁੱਤਿਆਂ ਦੀ ਦਹਿਸ਼ਤ ਤੋਂ ਮੁਕਤ ਨਹੀਂ ਹਨ।
ਆਵਾਰਾ ਕੁੱਤਿਆਂ ਦੀ ਵਧ ਰਹੀ ਦਹਿਸ਼ਤ ਅਤੇ ਜਨਜੀਵਨ ਲਈ ਪੈਦਾ ਹੋ ਰਹੇ ਖਤਰੇ ਕਾਰਨ ਕੇਂਦਰ ਸਰਕਾਰ ਨੇ ਇਸ ਸਾਲ 13 ਅਪ੍ਰੈਲ ਨੂੰ ਜਾਰੀ ਇਕ ਹੁਕਮ ਰਾਹੀਂ ਸੂਬਾ ਸਰਕਾਰਾਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਉਠਾਉਣ ਨੂੰ ਕਿਹਾ।
ਦੇਸ਼ ’ਚ ਕੁੱਤਿਆਂ ਦਾ ਖਰੂਦ ਅਤੇ ਦਹਿਸ਼ਤ ਇਸ ਕਦਰ ਵਧ ਗਈ ਹੈ ਕਿ ਹੁਣ ਤਾਂ ਇਸ ਸਮੱਸਿਆ ’ਤੇ ਨਿਆਪਾਲਿਕਾ ਤੱਕ ਨੂੰ ਦਖਲ ਦੇਣਾ ਪੈ ਰਿਹਾ ਹੈ।
* 11 ਸਤੰਬਰ ਨੂੰ ਇਕ ਵਕੀਲ ਨੂੰ ਕੁੱਤਿਆਂ ਦੇ ਇਕ ਝੁੰਡ ਵੱਲੋਂ ਵੱਢਣ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ‘‘ਇਹ ਗੰਭੀਰ ਖਤਰਾ ਬਣ ਗਿਆ ਹੈ।’’
* 15 ਸਤੰਬਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਨਗਰ ਨਿਗਮ ਨੂੰ ਇਸ ਗੰਭੀਰ ਸਮੱਸਿਆ ਦਾ ਤਤਕਾਲ ਨੋਟਿਸ ਲੈ ਕੇ ਤੁਰੰਤ ਉਚਿਤ ਕਦਮ ਚੁਕਣ ਦਾ ਹੁਕਮ ਦਿੱਤਾ।
ਅਾਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਨਜਿੱਠਣ ਲਈ ਜਿੱਥੇ ਇਕ ਵਰਗ ਸਖਤ ਕਦਮ ਚੁੱਕਣ ਦੀ ਮੰਗ ਕਰ ਰਿਹਾ ਹੈ ਤਾਂ ਦੂਜੇ ਪਾਸੇ ਪਸ਼ੂ ਪ੍ਰੇਮੀ ਸਮੂਹ ਜਾਨਵਰਾਂ ਪ੍ਰਤੀ ਤਰਸ ਦੀ ਭਾਵਨਾ ਰੱਖਣ ਦੀ ਗੱਲ ਕਹਿੰਦੇ ਹਨ। ਇਸ ਲਈ ਦੋਵਾਂ ਪੱਖਾਂ ਨੂੰ ਸੰਤੁਸ਼ਟ ਰੱਖਦੇ ਹੋਏ ਇਸ ਸਮੱਸਿਆ ਦਾ ਹੱਲ ਲੱਭਣ ਦੀ ਲੋੜ ਹੈ।
ਇਸ ਸਮੱਸਿਆ ਦਾ ਨੋਟਿਸ ਲੈ ਕੇ ਸਾਰੇ ਸਬੰਧਤ ਸਥਾਨਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਆਵਾਰਾ ਕੁੱਤਿਆਂ ਦੀ ਗਿਣਤੀ ’ਤੇ ਕੰਟ੍ਰੋਲ ਕਰਨ ਦੇ ਉਪਾਅ ਕਰਨ, ਉਨ੍ਹਾਂ ਨੂੰ ‘ਡਾਗ ਕੰਪਾਊਂਡਾਂ’ ’ਚ ਬੰਦ ਕਰਨ ਅਤੇ ਹਸਪਤਾਲਾਂ ’ਚ ਕੁੱਤਿਆਂ ਦੇ ਵੱਢਣ ਦੇ ਇਲਾਜ ਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਉਨ੍ਹਾਂ ਦੀ ਨਸਬੰਦੀ ਅਤੇ ਟੀਕਾਕਰਨ ਯਕੀਨੀ ਬਣਾਉਣ ਦੀ ਲੋੜ ਹੈ।
- ਵਿਜੇ ਕੁਮਾਰ
ਚੀਨ ’ਚ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕੀਤਾ
NEXT STORY