ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ’ਤੇ ਮਹਿਲਾ ਪਹਿਲਵਾਨਾਂ ਨੇ ਇਸ ਸਾਲ ਜਨਵਰੀ ਵਿਚ ਸੈਕਸ ਸ਼ੋਸ਼ਣ ਦੇ ਦੋਸ਼ ਲਾਏ ਸਨ ਅਤੇ ਉਦੋਂ ਤੋਂ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ, ਓਲੰਪਿਕ ਤਮਗਾ ਜੇਤੂਆਂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਆਦਿ ਸਮੇਤ ਪਹਿਲਵਾਨ ਧਰਨਾ-ਪ੍ਰਦਰਸ਼ਨ ਕਰ ਰਹੇ ਹਨ।
ਇਸੇ ਦੌਰਾਨ 21 ਅਪ੍ਰੈਲ ਨੂੰ 7 ਮਹਿਲਾ ਪਹਿਲਵਾਨਾਂ ਵਿਚੋਂ 2 ਪਹਿਲਵਾਨਾਂ ਵਲੋਂ ਬ੍ਰਿਜਭੂਸ਼ਣ ਸ਼ਰਣ ਸਿੰਘ ਵਿਰੁੱਧ ਪੁਲਸ ਵਿਚ ਦਰਜ ਕਰਵਾਈਆਂ ਸ਼ਿਕਾਇਤਾਂ ਵਿਚ ਉਨ੍ਹਾਂ ਨੂੰ ਗਲਤ ਢੰਗ ਨਾਲ ਛੂਹਣ ਅਤੇ ਸਰੀਰਕ ਸੰਪਰਕ ਦੀਆਂ 8 ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਬ੍ਰਿਜਭੂਸ਼ਣ ਸਿੰਘ ਸ਼ੁਰੂ ਤੋਂ ਹੀ ਨਕਾਰਦੇ ਆ ਰਹੇ ਹਨ।
ਅਜਿਹੇ ਘਟਨਾਚੱਕਰ ਦਰਮਿਆਨ 10 ਮਈ ਨੂੰ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬ੍ਰਿਜਭੂਸ਼ਣ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ, ਜਿਸ ’ਤੇ 21 ਮਈ ਨੂੰ ਬ੍ਰਿਜਭੂਸ਼ਣ ਸਿੰਘ ਨੇ ਕਿਹਾ ਕਿ ਉਹ ਇਸ ਦੇ ਲਈ ਤਿਆਰ ਹਨ, ਬਸ਼ਰਤੇ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਵੀ ਉਨ੍ਹਾਂ ਨਾਲ ਇਹ ਟੈਸਟ ਕਰਵਾਉਣ ਅਤੇ ਜੇਕਰ ਉਹ ਇਸ ’ਤੇ ਸਹਿਮਤ ਹਨ ਤਾਂ ਪੱਤਰਕਾਰਾਂ ਨੂੰ ਬੁਲਾ ਕੇ ਇਸ ਦਾ ਐਲਾਨ ਕਰਨ।
22 ਮਈ ਨੂੰ ਬਜਰੰਗ ਪੂਨੀਆ ਨੇ ਉਕਤ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ‘‘ਬ੍ਰਿਜਭੂਸ਼ਣ ਸਿੰਘ ਦਾ ਨਾਰਕੋ ਟੈਕਸ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਇਆ ਜਾਵੇ ਅਤੇ ਇਹ ਟੀ. ਵੀ. ’ਤੇ ਪ੍ਰਸਾਰਿਤ ਹੋਣਾ ਚਾਹੀਦਾ ਹੈ।’’
ਲੰਬੇ ਸਮੇਂ ਤੋਂ ਮਹਿਲਾ ਪਹਿਲਵਾਨਾਂ ਅਤੇ ਬ੍ਰਿਜਭੂਸ਼ਣ ਸਿੰਘ ਦਰਮਿਆਨ ਚੱਲੇ ਆ ਰਹੇ ਵਿਵਾਦ ਦੀ ਚਰਚਾ ਨਾਲ ਨਾ ਸਿਰਫ ਖਿਡਾਰੀਆਂ ਸਗੋਂ ਕੁਸ਼ਤੀ ਫੈੱਡਰੇਸ਼ਨ ਦੇ ਸੰਬੰਧਾਂ ਵਿਚ ਕੌੜਾਪਣ ਵਧ ਰਿਹਾ ਹੈ।
ਇਸ ਦੌਰਾਨ 23 ਮਈ ਨੂੰ ਗੋਂਡਾ ਵਿਚ ਬ੍ਰਿਜਭੂਸ਼ਣ ਸਿੰਘ ਨੇ ਇਕ ਬਿਆਨ ਵਿਚ ਵਿਨੇਸ਼ ਫੋਗਾਟ ਨੂੰ ਮੰਥਰਾ ਦੱਸਦੇ ਹੋਏ ਇਹ ਕਹਿ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ, ‘‘ ਰਾਮਾਇਣ ਵਿਚ ਜਿਵੇਂ ਮੰਥਰਾ ਨੇ ਕੁਝ ਰੋਲ ਪਲੇਅ ਕੀਤਾ ਸੀ, ਕੈਕਈ ਨੇ ਰੋਲ ਪਲੇਅ ਕੀਤਾ ਸੀ, ਉਂਝ ਹੀ ਵਿਨੇਸ਼ ਫੋਗਾਟ ਮੇਰੇ ਲਈ ਮੰਥਰਾ ਬਣ ਕੇ ਆਈ ਹੈ।’’ ਪਹਿਲਵਾਨਾਂ ਨੇ ਇਸ ਵਿਰੁੱਧ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਫਿਲਹਾਲ ਹੁਣ ਜਦਕਿ ਪਹਿਲਵਾਨਾਂ ਨੇ ਵੀ ਨਾਰਕੋ ਟੈਸਟ ਕਰਵਾਉਣ ’ਤੇ ਸਹਿਮਤੀ ਦੇ ਦਿੱਤੀ ਹੈ, ਉਨ੍ਹਾਂ ਦੀ ਸੰਤੁਸ਼ਟੀ ਮੁਤਾਬਕ ਇਸ ਨੂੰ ਤੁਰੰਤ ਕਰਵਾ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ, ਤਾਂ ਜੋ ਇਹ ਵਿਵਾਦ ਖਤਮ ਹੋਵੇ ਅਤੇ ਪਹਿਲਵਾਨ ਅੰਦੋਲਨ ਦਾ ਰਾਹ ਛੱਡ ਕੇ ਆਪਣੀ ਖੇਡ ’ਤੇ ਧਿਆਨ ਦੇ ਸਕਣ।
-ਵਿਜੇ ਕੁਮਾਰ
ਸਰਹੱਦੀ ਸੂਬੇ ਮਣੀਪੁਰ ’ਚ ਅਸ਼ਾਂਤੀ ਦੇਸ਼ ਦੀ ਸੁਰੱਖਿਆ ਦੇ ਹਿੱਤ ’ਚ ਨਹੀਂ
NEXT STORY