ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਹੋਟਲਾਂ, ਸਪਾ ਸੈਂਟਰਾਂ ਅਤੇ ਇੱਥੋਂ ਤੱਕ ਕਿ ਗਲੀ-ਮੁਹੱਲਿਆਂ ’ਚ ਸਥਿਤ ਨਿੱਜੀ ਅਤੇ ਕਿਰਾਏ ਦੇ ਮਕਾਨਾਂ ਤੱਕ ’ਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਸ ਧੰਦੇ ’ਚ ਜ਼ਿਆਦਾਤਰ ਗਰੀਬ, ਲੋੜਵੰਦ ਲੜਕੀਆਂ ਅਤੇ ਔਰਤਾਂ ਨੂੰ ਬਹਿਲਾ-ਫੁਸਲਾ ਕੇ, ਵਿਆਹ ਜਾਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਧੱਕਿਆ ਜਾਂਦਾ ਹੈ। ਇਸ ’ਚ ਵੀ ਘੱਟ ਉਮਰ ਦੀਆਂ ਕੁੜੀਆਂ ਜ਼ਿਆਦਾ ਹੁੰਦੀਆਂ ਹਨ। ਇਸ ਦੀਆਂ ਇਸੇ ਸਾਲ ਦੇ ਅੱਠ ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :
* 26 ਮਾਰਚ ਨੂੰ ਠਾਣੇ (ਮਹਾਰਾਸ਼ਟਰ) ’ਚ ਸੈਕਸ ਰੈਕੇਟ ਚਲਾਉਣ ਵਾਲੀ ਇਕ ਮਹਿਲਾ ਸੁਰੱਖਿਆ ਗਾਰਡ ਨੂੰ ਪੁਲਸ ਨੇ ਮੁੰਬਰਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ। ਉਹ ਵ੍ਹਟਸਐਪ ਰਾਹੀਂ ਲੜਕੀਆਂ ਅਤੇ ਗਾਹਕਾਂ ਨਾਲ ਸੰਪਰਕ ਕਰਦੀ ਅਤੇ ਫਿਰ ਗਾਹਕ ਦੇ ਦੱਸੇ ਹੋਏ ਸਥਾਨ ’ਤੇ ਉਨ੍ਹਾਂ ਨੂੰ ਭੇਜ ਦਿੰਦੀ ਸੀ।
* 31 ਮਈ ਨੂੰ ਨਾਦੌਨ ਸ਼ਹਿਰ (ਹਿਮਾਚਲ) ਦੇ ਨੇੜੇ ਇਕ ਹੋਟਲ ’ਚ ਛਾਪਾ ਮਾਰ ਕੇ ਪੁਲਸ ਨੇ ਸੈਕਸ ਰੈਕੇਟ ਚਲਾਉਣ ਵਾਲੇ ਗਿਰੋਹ ਦੀ ਸਰਗਣਾ ਅਤੇ 3 ਹੋਰ ਔਰਤਾਂ ਸਮੇਤ ਹੋਟਲ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ।
* 9 ਜੂਨ ਨੂੰ ਰਾਜਾਪੁਰ (ਉੱਤਰ ਪ੍ਰਦੇਸ਼) ’ਚ ਸੈਕਸ ਰੈਕੇਟ ਚਲਾਉਣ ਦੇ ਦੋਸ਼ ’ਚ 2 ਔਰਤਾਂ ਤੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਸਰਗਣਾ ਕਾਫੀ ਸਮੇਂ ਤੋਂ ਮਾਸੂਮ ਲੜਕੀਆਂ ਨੂੰ ਕੰਮ ਦਿਵਾਉਣ ਦੇ ਬਹਾਨੇ ਦੇਹ ਵਪਾਰ ’ਚ ਧੱਕ ਰਹੀ ਸੀ।
* 10 ਜੂਨ ਨੂੰ ਜੰਮੂ ਦੇ ‘ਨਵਾਬਾਦ’ ਇਲਾਕੇ ’ਚ ਇਕ ਔਰਤ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਦੀ ਜਾਣਕਾਰੀ ਮਿਲਣ ’ਤੇ ਪੁਲਸ ਨੇ ਛਾਪਾ ਮਾਰ ਕੇ ਉੱਥੋਂ 2 ਵਿਅਕਤੀਆਂ ਨੂੰ 2 ਔਰਤਾਂ ਨਾਲ ਇਤਰਾਜ਼ਯੋਗ ਹਾਲਤ ’ਚ ਫੜਿਆ।
* 15 ਜੂਨ ਨੂੰ ਧਰਮਸ਼ਾਲਾ (ਹਿਮਾਚਲ) ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ‘ਸੁਧੇੜ’ ਇਲਾਕੇ ’ਚ ਇਕ ਔਰਤ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਟਿਕਾਣੇ ਦਾ ਭਾਂਡਾ ਭੰਨ ਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਉੱਥੋਂ 2 ਬਾਹਰੀ ਸੂਬਿਆਂ ਦੀਆਂ ਮੁਟਿਆਰਾਂ ਨੂੰ ਮੁਕਤ ਕਰਵਾਇਆ।
* 9 ਅਗਸਤ ਨੂੰ ਹਰਿਦੁਆਰ (ਉੱਤਰਾਖੰਡ) ਦੇ ਜਵਾਲਾਪੁਰ ’ਚ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਦੀ ਟੀਮ ਨੇ ਛਾਪਾ ਮਾਰ ਕੇ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੀ ਇਕ ਔਰਤ, ਉਸ ਦੀ ਧੀ ਤੇ ਜਵਾਈ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਜਾਲ ’ਚ ਫਸੀ ਇਕ ਲੜਕੀ ਨੂੰ ਮੁਕਤ ਕਰਵਾਇਆ। ਦੱਸਿਆ ਜਾਂਦਾ ਹੈ ਕਿ ਦੋਸ਼ੀ ਔਰਤ ਨੇ ਇਸ ਲੜਕੀ ਨੂੰ ਕੰਮ ਦਿਵਾਉਣ ਦੇ ਬਹਾਨੇ ਵੱਖ-ਵੱਖ ਲੋਕਾਂ ਨਾਲ ਸੌਣ ਨੂੰ ਮਜਬੂਰ ਕੀਤਾ।
* 29 ਅਗਸਤ ਨੂੰ ਹਮੀਰਪੁਰ (ਉੱਤਰ ਪ੍ਰਦੇਸ਼) ਦੇ ‘ਰਾਠ’ ਕਸਬੇ ਦੇ ‘ਪਠਾਨਪੁਰਾ’ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਇਕ ਔਰਤ ਵੱਲੋਂ ਧੜੱਲੇ ਨਾਲ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਤੋਂ ਤੰਗ ਆਏ ਲੋਕਾਂ ਨੇ ਇਕ ਲੜਕੀ ਨਾਲ ਫੜੇ ਗਏ ਗਾਹਕ ਅਤੇ ਇਕ ਅੱਧਖੜ ਵਿਅਕਤੀ ਨੂੰ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਧੰਦਾ ਚਲਾਉਣ ਵਾਲੀ ਔਰਤ ਅਤੇ ਗਾਹਕ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
* 8 ਨਵੰਬਰ ਨੂੰ ਪੁਲਸ ਨੇ ਨਵੀ ਮੁੰਬਈ (ਮਹਾਰਾਸ਼ਟਰ) ਦੇ ਇਕ ਹੋਟਲ ’ਚ ਫਰਜ਼ੀ ਗਾਹਕ ਭੇਜ ਕੇ ਇਕ 17 ਸਾਲਾ ਲੜਕੀ ਵੱਲੋਂ ਚਲਾਏ ਜਾ ਰਹੇ ਦੇਹ ਵਪਾਰ ਦੇ ਧੰਦੇ ਦਾ ਭਾਂਡਾ ਭੰਨ ਕੇ ਉਸ ਨੂੰ ਗ੍ਰਿਫਤਾਰ ਕੀਤਾ।
* 26 ਨਵੰਬਰ ਨੂੰ ਗੋਪਾਲਗੰਜ (ਬਿਹਾਰ) ਜ਼ਿਲੇ ਦੇ ਨਗਰ ਥਾਣਾ ਇਲਾਕੇ ਦੇ ਨੋਨਿਆ ਟੋਲੀ ’ਚ ਜਿਸਮਫਰੋਸ਼ੀ ਲਈ ਔਰਤਾਂ ਅਤੇ ਲੜਕੀਆਂ ਦੀ ਸਪਲਾਈ ਕਰਨ ਦੇ ਦੋਸ਼ ’ਚ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ਉਸ ਨੇ ਕਈ ਲੜਕੀਆਂ ਨੂੰ ਆਪਣੇ ਜਾਲ ’ਚ ਫਸਾਇਆ ਹੋਇਆ ਸੀ ਅਤੇ ਕਈ ਲੜਕੀਆਂ ਦੇ ਪ੍ਰੈਗਨੈਂਟ ਹੋਣ ਪਿੱਛੋਂ ਉਨ੍ਹਾਂ ਦਾ ਅਬਾਰਸ਼ਨ ਵੀ ਕਰਵਾਇਆ।
ਸਭ ਤੋਂ ਬੁਰੀ ਗੱਲ ਇਹ ਹੈ ਕਿ ਇਸ ਧੰਦੇ ਨੂੰ ਚਲਾਉਣ ਵਾਲਿਆਂ ’ਚ ਕਾਫੀ ਔਰਤਾਂ ਸ਼ਾਮਲ ਪਾਈਆਂ ਜਾ ਰਹੀਆਂ ਹਨ, ਭਾਵ ਨਾਰੀ ਹੀ ਨਾਰੀ ਦਾ ਸ਼ੋਸ਼ਣ ਕਰ ਰਹੀ ਹੈ ਜੋ ਹਾਲਾਤ ਦੇ ਹੱਥੋਂ ਮਜਬੂਰ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਇਸ ਦਲਦਲ ’ਚ ਧੱਕ ਰਹੀਆਂ ਹਨ ਜਿੱਥੋਂ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਹੈ।
ਇਸ ਲਈ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਵਿਰੁੱਧ ਜਿੱਥੇ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ, ਉੱਥੇ ਹੀ ਇਸ ਨੂੰ ਅਪਣਾਉਣ ਨੂੰ ਮਜਬੂਰ ਲੜਕੀਆਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਉਠਾਉਣ ਦੀ ਵੀ ਲੋੜ ਹੈ।
ਅਜਿਹੀਆਂ ਔਰਤਾਂ ਨੂੰ ਵੱਖ-ਵੱਖ ਕੋਰਸਾਂ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਸਮਾਜ ਸੇਵੀ ਅਦਾਰਿਆਂ ਨੂੰ ਸਿਲਾਈ, ਕਢਾਈ, ਕੰਪਿਊਟਰ, ਬਿਊਟੀਸ਼ੀਅਨ ਆਦਿ ਦੀ ਸਿਖਲਾਈ ਦੇਣ ਦੇ ਕੇਂਦਰ ਵੀ ਖੋਲ੍ਹਣੇ ਚਾਹੀਦੇ ਹਨ ਤਾਂ ਕਿ ਉਹ ਖੁਦ ਕਮਾ ਸਕਣ ਅਤੇ ਸਮਾਜ ਵਿਰੋਧੀ ਤੱਤ ਉਨ੍ਹਾਂ ਨੂੰ ਧਨ ਕਮਾਉਣ ਦਾ ਲਾਲਚ ਦੇ ਕੇ ਇਸ ਧੰਦੇ ’ਚ ਨਾ ਧੱਕ ਸਕਣ।
-ਵਿਜੇ ਕੁਮਾਰ
ਧਰਮ ਜਗਤ ਨਾਲ ਜੁੜੇ ਕੁਝ ਲੋਕ ਕਰ ਰਹੇ ਸੱਚੇ ਲੋਕਾਂ ਨੂੰ ਬਦਨਾਮ
NEXT STORY