ਸੱਤਾ ਪਲਟਣ ਦੀ ਇੱਕ ਖ਼ਾਸ ਜਿਹੀ ਖ਼ੁਸ਼ਬੂ ਹੁੰਦੀ ਹੈ। ਇਹ ਸਿਆਸੀ ਖ਼ੁਸ਼ਬੂ ਮਹੀਨਿਆਂ ਤੋਂ ਹੀ ਹਵਾਵਾਂ ਵਿੱਚ ਘੁੱਲਣੀ ਸ਼ੁਰੂ ਹੋ ਜਾਂਦੀ ਹੈ।
ਗਲੀਆਂ ਦੇ ਨੁੱਕੜ, ਚਾਹ ਤੇ ਪਾਨ ਦੀਆਂ ਦੁਕਾਨਾਂ ਅਤੇ ਰੋਡਵੇਜ਼ ਬੱਸ ਅੱਡਿਆਂ 'ਤੇ ਸਿਰਫ਼ ਕੁਝ ਦੇਰ ਖੜ੍ਹੇ ਹੋ ਕੇ ਤੁਸੀਂ ਸਮਝ ਜਾਂਦੇ ਹੋ ਕਿ ਬਦਲਾਅ ਹੋਣ ਵਾਲਾ ਹੈ।
ਕੁਝ ਸਮੇਂ ਬਾਅਦ ਅਜਿਹੇ ਤਾਕਤਵਰ ਸੱਤਾ ਦੇ ਮਹਾਰਥੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰੇ ਨਜ਼ਰ ਆਉਂਦੇ ਹਨ, ਜਿਨ੍ਹਾਂ ਦਾ ਹਾਰਨਾ ਸੋਚ ਤੋਂ ਵੀ ਪਰੇ ਹੁੰਦਾ ਹੈ।
ਜਿਨ੍ਹਾਂ ਲੋਕਾਂ ਨੇ 1976 'ਚ ਹੋਸ਼ ਸੰਭਾਲ ਲਈ ਸੀ ਉਹ ਉਸ ਵੇਲੇ ਦੀ ਸੱਤਾ ਬਦਲਾਅ ਦੀ ਖ਼ੁਸ਼ਬੂ ਨੂੰ ਭੁੱਲ ਨਹੀਂ ਸਕੇ ਹੋਣਗੇ।
ਦੇਸ ਨੂੰ 19 ਮਹੀਨੇ ਤੱਕ ਐਮਰਜੈਂਸੀ ਦੇ ਹਨੇਰੇ ਵਿੱਚ ਸੁੱਟਣ ਵਾਲੀ ਧਾਕੜ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਤਾ ਨੇ ਉਨ੍ਹਾਂ ਚੋਣਾਂ ਦੌਰਾਨ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ।
ਪਰ 1976 ਵਿੱਚ ਜਿਨ੍ਹਾਂ ਨੇ ਅਜੇ ਹੋਸ਼ ਨਹੀਂ ਸੰਭਾਲੇ ਸਨ, ਉਨ੍ਹਾਂ ਨੂੰ 1987-88 ਦੀਆਂ ਹਵਾਵਾਂ ਦਾ ਸੁਆਦ ਵੀ ਜ਼ਰੂਰ ਯਾਦ ਹੋਵੇਗਾ।
ਸਿਰਫ਼ 42 ਸਾਲ ਦੀ ਉਮਰ ਵਿੱਚ ਰਾਜੀਵ ਗਾਂਧੀ 400 ਤੋਂ ਵੱਧ ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ ਪਰ 1989 ਵਿੱਚ ਉਹ ਅਜਿਹੇ ਤਿਲਕੇ ਕਿ ਕਾਂਗਰਸ ਪਾਰਟੀ ਅਜੇ ਤੱਕ ਆਪਣੀਆਂ ਲੱਤਾਂ ਦੇ ਖੜ੍ਹੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ-
ਐਮਰਜੈਂਸੀ ਤੋਂ ਬਾਅਦ ਧਾਕੜ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜਨਤਾ ਨੇ ਚੋਣਾਂ ਦੌਰਾਨ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ
ਜੋ ਲੋਕ 1989 ਵਿੱਚ ਵੀ ਬੱਚੇ ਸਨ ਜਾਂ ਪੈਦਾ ਨਹੀਂ ਹੋਏ ਸਨ ਉਨ੍ਹਾਂ ਨੂੰ ਵੀ ਯਾਦ ਹੋਵੇਗਾ ਕਿ ਸੱਤਾ ਪਲਟ ਦੀ ਉਹੀ ਪੁਰਾਣੀ ਖ਼ੁਸ਼ਬੂ ਦੇਸ ਦੀਆਂ ਹਵਾਵਾਂ ਵਿੱਚ 2013 ਤੋਂ ਹੀ ਘੁਲਣੀ ਸ਼ੁਰੂ ਹੋ ਗਈ ਸੀ।
ਮੋਦੀ ਤੋਂ ਇਲਾਵਾ ਦੂਰ-ਦੂਰ ਤੱਕ ਕਿਸੇ ਨੂੰ ਕੋਈ ਹੋਰ ਨਜ਼ਰ ਹੀ ਨਹੀਂ ਆ ਰਿਹਾ ਸੀ। ਕਾਂਗਰਸ ਦੀ ਹਾਲਤ ਅਜਿਹੀ ਸੀ ਕਿ ਉਹ ਆਪਣੀ ਕਿਸ਼ਤੀ ਦਾ ਇੱਕ ਸੁਰਾਖ ਬੰਦ ਕਰਦੀ ਤਾਂ ਦੂਜਾ ਖੁੱਲ੍ਹ ਜਾਂਦਾ ਸੀ।
ਪਰ ਅੱਜ ਇੰਨੇ ਸਾਲਾਂ ਬਾਅਦ ਵਿਰੋਧੀ ਧਿਰ ਵਜੋਂ ਰਹਿੰਦਿਆਂ ਹੋਇਆ ਵੀ ਕਾਂਗਰਸ ਆਪਣੇ ਆਪ ਨੂੰ ਸੰਭਾਲਦੀ ਹੋਈ ਹੀ ਨਜ਼ਰ ਕਿਉਂ ਨਹੀਂ ਆ ਰਹੀ ਹੈ?
ਜਦੋਂ ਪੂਰੀ ਵਿਰੋਧੀ ਧਿਰ ਮੰਨਦੀ ਹੈ ਕਿ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਿਆਸਤ ਕਾਰਨ ਉਸ ਲਈ ਹੋਂਦ ਦਾ ਸੰਕਟ ਪੈਦਾ ਹੋ ਗਿਆ ਹੈ, ਤਾਂ ਰਫਾਲ ਦੇ ਮੁੱਦੇ 'ਤੇ ਰਾਹੁਲ ਗਾਂਧੀ ਇੰਨੇ ਇਕੱਲੇ ਕਿਉਂ ਦਿਖਦੇ ਹਨ? ਕਦੇ ਮਮਤਾ ਬੈਨਰਜੀ ਕਹਿ ਦਿੰਦੀ ਹੈ ਕਿ 'ਦਾਲ 'ਚ ਕੁਝ ਕਾਲਾ ਤਾਂ ਹੈ।'
ਕਦੇ ਸੀਤਾਰਾਮ ਯੇਚੁਰੀ ਸਾਂਝੀ ਪਾਰਲੀਮਾਨੀ ਕਮੇਟੀ ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹਨ। ਪਰ ਫਿਰ ਅਖਿਲੇਸ਼ ਯਾਦਵ ਕਹਿੰਦੇ ਹਨ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਜਾਂਚ ਦੀ ਲੋੜ ਨਹੀਂ ਹੈ।
ਰਾਹੁਲ ਗਾਂਧੀ ਇਕੱਲੇ ਕਿਉਂ ਚੀਕ ਰਹੇ ਹਨ?
ਅਜਿਹਾ ਕਿਉਂ ਲਗਦਾ ਹੈ ਕਿ ਇਸ ਸਿਆਸੀ ਮੈਦਾਨ ਵਿੱਚ ਇਕੱਲੇ ਰਾਹੁਲ ਗਾਂਧੀ ਹੀ ਜ਼ੋਰ ਨਾਲ ਚੀਕ ਰਹੇ ਹਨ- ਚੌਂਕੀਦਾਰ ਚੋਰ ਹੈ।
ਪਰ ਉਨ੍ਹਾਂ ਦੀ ਆਵਾਜ਼ ਨਾਲ ਕੋਈ ਆਵਾਜ਼ ਨਹੀਂ ਮਿਲਾਉਂਦਾ ਅਤੇ ਉਨ੍ਹਾਂ ਦੀ ਆਪਣੀ ਆਵਾਜ਼ ਦੀ ਗੂੰਜ ਹੀ ਉਨ੍ਹਾਂ ਤੱਕ ਮੁੜ ਆਉਂਦੀ ਹੈ, ਉਹ ਵੀ ਖਾਲੀ।
ਅਜਿਹਾ ਕਿਉਂ ਲਗਦਾ ਹੈ ਕਿ ਇਸ ਸਿਆਸੀ ਮੈਦਾਨ ਵਿੱਚ ਘੁੰਮਦੇ ਇਕੱਲੇ ਰਾਹੁਲ ਹੀ ਜ਼ੋਰ ਦੀ ਚੀਕ ਰਹੇ ਹਨ- ਚੌਂਕੀਦਾਰ ਚੋਰ ਹੈ
ਇਹ ਠੀਕ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਆਪਣੇ ਮਤਭੇਦ ਭੁਲਾ ਕੇ ਇੱਕ ਮੰਚ 'ਤੇ ਆ ਗਏ ਹਨ।
ਕਦੇ-ਕਦੇ ਅਖ਼ਬਾਰ ਦੇ ਪੇਜ਼ਾਂ 'ਤੇ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਤੇਲੁਗੂ ਦੇਸ਼ਮ ਦੇ ਚੰਦਰਬਾਬੂ ਨਾਇਡੂ, ਸ਼ਰਦ ਯਾਦਵ, ਲਾਲੂ ਪ੍ਰਸਾਦ ਯਾਦਵ ਦੇ ਬੇਟੇ ਅਤੇ ਵਿਰੋਧੀ ਧਿਰ ਦੇ ਦੂਜੇ ਨੇਤਾਵਾਂ ਦੇ ਸਿਰਾਂ ਦੇ ਉੱਤੇ ਇੱਕ ਦੂਜੇ ਦੇ ਹੱਥ ਫੜੀ ਨਜ਼ਰ ਆ ਜਾਂਦੇ ਹਨ।
ਪਰ ਕਿੱਥੇ ਹੈ ਵਿਦਿਆਰਥੀਆਂ-ਨੌਜਵਾਨਾਂ ਦੀਆਂ ਉਹ ਟੋਲੀਆਂ, ਉਹ ਜਨ ਸੰਗਠਨ, ਉਹ ਛੋਟੀਆਂ-ਛੋਟੀਆਂ ਟ੍ਰੇਡ ਯੂਨੀਅਨਾਂ, ਜਿਨ੍ਹਾਂ ਨੇ 1987-88 'ਚ ਨਾਅਰਿਆਂ ਨਾਲ ਰਾਜੀਵ ਗਾਂਧੀ ਦੇ ਖ਼ਿਲਾਫ਼ ਭੂਚਾਲ ਖੜ੍ਹਾ ਕਰ ਦਿੱਤਾ ਸੀ।
ਹੁਣ ਹਵਾਵਾਂ ਵਿੱਚ ਬਦਲਾਅ ਨਹੀਂ ਬਾਰੂਦੀ ਖ਼ੁਸ਼ਬੂ ਹੈ
ਟੈਲੀਵਿਜ਼ਨ ਦੇਖੀਏ ਤਾਂ ਪਤਾ ਲਗਦਾ ਹੈ ਕਿ ਇੱਕ ਵਾਰ ਫਿਰ 2013 ਦੇ ਦ੍ਰਿਸ਼ ਦੁਹਰਾਉਣ ਲੱਗੇ ਹਨ। ਹਰੇਕ ਸਕਰੀਨ 'ਤੇ ਜਾਂ ਤਾਂ ਨਰਿੰਦਰ ਮੋਦੀ ਲਾਈਵ ਹੁੰਦੇ ਹਨ ਜਾਂ ਉਨ੍ਹਾਂ ਦੇ ਜਰਨੈਲ ਅਮਿਤ ਸ਼ਾਹ-ਹਰ ਰੋਜ਼।
ਯੂਪੀ 'ਚ ਬਹੁਜਨ ਸਮਾਜ ਪਾਰਟੀ ਦੀ ਮਾਇਆਵਤੀ ਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਆਪਣੇ ਮਤਭੇਦ ਭੁਲਾ ਕੇ ਇੱਕ ਮੰਚ 'ਤੇ ਆ ਗਏ ਹਨ
ਕੋਈ ਟੀਵੀ ਚੈਨਲ ਕਦੇ-ਕਦੇ ਰਾਹੁਲ ਗਾਂਧੀ ਨੂੰ ਦਿਖਾ ਵੀ ਦਿੰਦਾ ਹੈ ਤਾਂ ਪੂਰਾ ਪ੍ਰੋਗਰਾਮ 'ਹੌਲੀ ਰਫ਼ਤਾਰ ਵਾਲੇ ਸਮਾਚਾਰ' ਵਿੱਚ ਬਦਲ ਜਾਂਦਾ ਹੈ।
ਪ੍ਰਿਅੰਕਾ ਗਾਂਧੀ ਦੇ ਲਾਂਚ ਹੋਣ ਦੇ ਤੁਰੰਤ ਬਾਅਦ ਇੰਝ ਗਾਇਬ ਹੋ ਗਈ ਹੈ ਕਿ ਲੋਕ ਭੁੱਲਣ ਲੱਗੇ ਹੋਣਗੇ ਕਿ ਕਾਂਗਰਸ ਦੀ ਸੰਕਟਮੋਚਕ ਬਣਾ ਕੇ ਉਨ੍ਹਾਂ ਨੂੰ ਕਾਂਗਰਸ ਦੇ ਉੱਤਰ ਪ੍ਰਦੇਸ਼ ਦਾ ਕਾਰਜਭਾਰ ਸੌਂਪਿਆ ਸੀ।
ਕੁੱਲ ਮਿਲਾ ਕੇ ਮਾਰਚ 2019 ਦੀਆਂ ਹਵਾਵਾਂ ਵਿੱਚ ਬਦਲਾਅ ਦੀ ਬਜਾਇ ਬਾਰੂਦ ਦੀ ਸੰਘਣੀ ਜਿਹੀ ਖ਼ੁਸ਼ਬੂ ਫੈਲਾ ਦਿੱਤੀ ਗਈ ਹੈ।
ਅਜੇ ਕੁਝ ਮਹੀਨੇ ਪਹਿਲਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀਆੰ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਦਾ ਪੱਤਾ ਸਾਫ਼ ਹੋ ਗਿਆ ਸੀ।
ਪ੍ਰਿਅੰਕਾ ਗਾਂਧੀ ਦੇ ਲਾਂਚ ਹੋਣ ਦੇ ਤੁਰੰਤ ਬਾਅਦ ਇੰਝ ਗਾਇਬ ਹੋ ਗਈ ਹੈ
ਉਦੋਂ ਅਜਿਹਾ ਲੱਗ ਰਿਹਾ ਸੀ ਕਿ ਮੋਦੀ ਦੀ ਢਲਾਣ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਕੋਲ ਵੋਟਰਾਂ ਨੂੰ ਦਿਖਾਉਣ ਲਈ ਹੁਣ ਕੋਈ ਨਵਾਂ ਸੁਪਨਾ ਨਹੀਂ ਬਚਿਆ ਹੈ।
ਜਦੋਂ ਦੇਸ ਨੇ ਸੋਚਿਆ, 'ਹੁਣ ਹੀਰੋ ਦੀ ਐਂਟਰੀ ਹੋਵੇਗੀ'
ਕਰੀਬ ਨਿਰਾਸ਼ਾ 'ਚ ਸੰਘ ਪਰਿਵਾਰ ਦੇ ਰਣਨੀਤਕਾਂ ਨੇ ਰਾਮ ਮੰਦਿਰ ਦੇ ਮੁੱਦੇ 'ਤੇ ਹਿੰਦੂਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇਸ ਮੁੱਦੇ ’ਤੇ ਜਨਤਾ ਦੀਆਂ ਉਬਾਸੀਆਂ ਸਾਫ਼-ਸਾਫ਼ ਸੁਣਾਈ ਦੇਣ ਲਗੀਆਂ ਸਨ।
ਸੁਪਰੀਮ ਕੋਰਟ ਦਾ ਰੁਖ਼ ਵੀ ਮਦਦ ਨਹੀਂ ਕਰ ਰਿਹਾ ਸੀ। ਅਮਿਤ ਸ਼ਾਹ ਦੇ ਹੱਥ-ਪੈਰ ਫੁੱਲਣ ਲੱਗੇ ਅਤੇ ਘਬਰਾਹਟ 'ਚ ਉਹ ਸੁਪਰੀਮ ਕੋਰਟ ਤੱਕ ਨੂੰ ਧਮਕੀ ਦੇਣ ਲੱਗੇ।
ਵਿਸ਼ਵ ਹਿੰਦੂ ਪਰੀਸ਼ਦ ਨੇ ਵੀ ਆਪਣੇ ਸਾਧੂ-ਸਾਧਵੀਆਂ ਨੂੰ ਝਾੜ-ਝੰਭ ਕੇ ਅੰਦੋਲਨ ਲਈ ਤਿਆਰ ਕਰ ਲਿਆ ਸੀ।
ਪਰ ਗ਼ਲੀਆਂ 'ਚ ਇਹ ਸਵਾਲ ਪੁੱਛਿਆ ਜਾਣ ਲੱਗਾ ਸੀ ਕਿ ਭਾਜਪਾ ਨੂੰ ਚੋਣਾਂ ਤੋਂ ਪਹਿਲਾਂ ਹੀ ਰਾਮ ਮੰਦਿਰ ਦੀ ਯਾਦ ਕਿਉਂ ਆਉਂਦੀ ਹੈ? ਆਖ਼ਿਰਕਾਰ ਉਹ ਦਾਅ ਵੀ ਸੰਘ ਪਰਿਵਾਰ ਨੂੰ ਵਾਪਸ ਲੈਣਾ ਪਿਆ।
ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਨਾਗਪੁਰ ਦੇ ਸੰਘ ਦੇ ਮੁੱਖ ਦਫ਼ਤਰ 'ਚ ਅਧਿਕਾਰੀਆਂ ਨੂੰ ਸਮਝ ਵਿੱਚ ਆ ਗਿਆ ਕਿ ਦੇਸ ਦਾ "ਨੈਰੇਟਿਵ" ਬਦਲੇ ਬਿਨਾ ਪਰਿਵਰਤਨ ਦੀ ਖ਼ੁਸ਼ਬੂ ਨੂੰ ਫੈਲਣ ਤੋਂ ਨਹੀਂ ਰੋਕਿਆ ਜਾ ਸਕਦਾ।
ਇਹ ਵੀ ਪੜ੍ਹੋ-
ਇਸ ਤੋਂ ਬਾਅਦ ਜੋ ਕੁਝ ਹੋਇਆ ਉਸ ਵਿੱਚ ਉਹ ਸਾਰੇ ਤੱਤ ਮੌਜੂਦ ਸਨ ਜੋ ਦਰਸ਼ਕ ਨੂੰ ਪੂਰੇ ਤਿੰਨ ਘੰਟੇ ਤੱਕ ਆਪਣੀ ਸੀਟ 'ਤੇ ਬੈਠੇ ਰਹਿਣ ਨੂੰ ਮਜਬੂਰ ਕਰ ਦਿੰਦੇ ਹਨ।
ਪੁਲਵਾਮਾ ਵਿੱਚ ਭਾਰਤੀ ਸੁਰੱਖਿਆ ਬਲਾਂ 'ਤੇ ਅੱਤਵਾਦੀ ਹਮਲੇ ਨੇ ਪੂਰੇ ਦੇਸ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਜੋ ਮੋਦੀ "ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਜਵਾਬ" ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਸਨ, ਉਹ ਅਜਿਹੇ ਮੌਕੇ 'ਤੇ ਖ਼ਾਮੋਸ਼ ਕਿਵੇਂ ਰਹਿ ਸਕਦੇ ਸਨ? ਪੂਰਾ ਦੇਸ ਸਾਹ ਰੋਕ ਕੇ ਬੈਠਿਆ ਸੀ ਕਿ ਹੁਣ ਪਰਦੇ 'ਤੇ ਹੀਰੋ ਦੀ ਐਂਟਰੀ ਹੋਵੇਗੀ ਅਤੇ ਵਿਲੇਨ ਨੂੰ ਭੱਜਣ ਲਈ ਰਾਹ ਨਹੀਂ ਲੱਭੇਗਾ।
ਹੀਰੋ ਤਾੜੀਆ ਲੁੱਟ ਲੈ ਲਿਆ!
ਹੀਰੋ ਦੀ ਐਂਟਰੀ ਹੋਈ ਵਿਲੇਨ ਨੂੰ ਉਸ ਨੇ ਜ਼ੋਰਦਾਰ ਮੁੱਕਾ ਮਾਰਿਆ ਅਤੇ ਤਾੜੀਆਂ ਲੁੱਟ ਲੈ ਗਿਆ। ਹੈਰਾਨੀ ਨਾਲ ਮੂੰਹ ਖੋਲੇ ਦਰਸ਼ਕ ਖੁਸ਼ੀ ਨਾਲ ਨੱਚ ਉੱਠੇ।
ਪੂਰਾ ਹਾਲ ਤਾੜੀਆਂ ਅਤੇ ਸੀਟੀਆਂ ਦੀਆਂ ਆਵਾਜ਼ਾਂ ਨਾਲ ਗੂੰਜ ਉੱਠਿਆ। ਹਾਲ ਦੇ ਇੱਕ ਕੋਨੇ ਤੋਂ ਆਵਾਜ਼ ਆਈ, ਹੋਰ ਮਾਰ ਇਸ ਨੂੰ, ਹੋਰ ਮਾਰ। ਦੂਜੇ ਕੋਨੇ ਤੋਂ ਕੋਈ ਉਤਸ਼ਾਹੀ ਮਾਰ ਖਾਂਦੇ ਵਿਲੇਨ 'ਤੇ ਚੀਕਿਆਂ - ਦੇਖ, ਆ ਗਿਆ ਪਿਉ।
ਫਿਲਮ ਵਿੱਚ ਜ਼ਬਰਦਸਤ ਮੋੜ ਆ ਗਿਆ ਸੀ। ਵਧੇਰੇ ਟੈਲੀਵਿਜ਼ਨ ਐਂਕਰ ਮੋਦੀ ਦੇ ਚੀਅਰਲੀਡਰਸ ਵਿੱਚ ਬਦਲ ਗਏ।
ਪਹਿਲੇ ਟੀਵੀ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਹਮਲੇ ਵਿੱਚ ਬਾਲਾਕੋਟ ਵਿੱਚ 300 ਤੋਂ 400 ਅੱਤਵਾਦੀ ਮਾਰੇ ਗਏ ਹਨ।
ਸਰਕਾਰ, ਫੌਜ ਅਤੇ ਹਵਾਈ ਫੌਜ ਨੇ ਇਸ ਬਾਰੇ ਕੁਝ ਨਹੀਂ ਕਿਹਾ। ਫਿਰ ਭਾਜਪਾ ਮੁਖੀ ਅਮਿਤ ਸ਼ਾਹ ਨੇ ਗਿਣਤੀ ਦੱਸ ਦਿੱਤੀ ਕਿ ਬਾਲਾਕੋਟ ਵਿੱਚ 250 ਅੱਤਵਾਦੀ ਮਾਰੇ ਗਏ।
ਉਨ੍ਹਾਂ ਨੇ ਬਾਅਦ ਵਿੱਚ ਇਹ ਵੀ ਕਹਿ ਦਿੱਤਾ ਕਿ ਸਬੂਤ ਮੰਗਣ ਲਈ ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਨੋਟਬੰਦੀ, ਜੀਐਸਟੀ, ਬੇਰੁਜ਼ਗਾਰੀ ਦੀ ਵਧਦੀ ਫੌਜ, ਕਿਸਾਨਾਂ ਦੀ ਬਦਹਾਲੀ, ਸੰਸਥਾਵਾਂ ਦਾ ਭਗਵਾਕਰਨ ਅਤੇ ਰਫਾਲ ਖ਼ਰੀਦ ਵਿੱਚ ਘੁਟਾਲਿਆਂ ਦੇ ਇਲਜ਼ਾਮ - ਸੋਸ਼ਲ ਮੀਡੀਆ 'ਤੇ ਟੁੱਟ ਪਏ ਰਾਸ਼ਟਰਵਾਕ ਦੇ ਵਲਵਲੇ ਨੇ ਫਿਲਹਾਲ ਸਭ ਨੂੰ 'ਨਿਊਟ੍ਰੀਲਾਈਜ' ਕਰ ਦਿੱਤਾ ਹੈ।
ਜਦੋਂ ਨਾਅਰਾ ਗੂੰਜਿਆ 'ਰਾਜੀਵ ਗਾਂਧੀ ਚੋਰ ਹੈ'
ਪਹਿਲੀ ਵਾਰ ਵੋਟ ਦੇਣ ਜਾ ਰਹੇ 18 ਸਾਲ ਦੇ ਨੌਜਵਾਨਾਂ ਲਈ ਹੀ ਨਹੀਂ ਉਨ੍ਹਾਂ ਲੋਕਾਂ ਲਈ ਵੀ ਕਹਾਣੀ ਵਿੱਚ ਅਚਾਨਕ ਮੋੜ ਨਵਾਂ ਹੈ, ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਸੱਤਾ ਦੇ ਸਿਖ਼ਰ ਤੋਂ ਫਿਸਲਦਿਆਂ ਦੇਖਿਆ ਸੀ।
42 ਸਾਲ ਦੀ ਉਮਰ ਵਿੱਚ ਰਾਜੀਵ ਗਾਂਧੀ 400 ਤੋਂ ਵੱਧ ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਬਣੇ ਸਨ
ਰਾਜੀਵ ਗਾਂਧੀ 'ਮਿਸਟਰ ਕਲੀਨ' ਕਹੇ ਜਾਂਦੇ ਸਨ, ਪਰ ਬੋਫੋਰਸ ਘੁਟਾਲੇ ਦਾ ਦਾਗ਼ ਉਨ੍ਹਾਂ 'ਤੇ ਅਜਿਹਾ ਚਿਪਕਿਆ ਕਿ ਉਸ ਨੇ ਉਨ੍ਹਾਂ ਨੂੰ ਸੱਤਾ ਤੋਂ ਹਟਾ ਕੇ ਹੀ ਸਾਹ ਲਿਆ।
ਤੋਪ ਸੌਦੇ ਵਿੱਚ ਦਲਾਲੀ ਦੇ ਇਲਜ਼ਾਮ ਲਗਦਿਆਂ ਹੀ ਰਾਜੀਵ ਗਾਂਧੀ ਦੇ ਖ਼ਿਲਾਫ਼ ਤੁਰੰਤ ਰਾਸ਼ਟਰੀ ਸੰਘਰਸ਼ ਮੋਰਚੇ ਦਾ ਗਠਨ ਕਰ ਲਿਆ ਗਿਆ ਸੀ।
ਦਿੱਲੀ ਵਿੱਚ ਇਸ ਦੀ ਸਥਾਪਨਾ ਸੰਮੇਲਨ ਵਿੱਚ ਇੱਕ ਪਾਸੇ 'ਤੇ ਜੇਕਰ ਨਕਸਲਵਾਦੀ ਅੰਦੋਲਨ ਦੇ ਲੋਕ ਸਨ ਤਾਂ ਦੂਜੇ ਪਾਸੇ 'ਤੇ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਕੇਐਨ ਗੋਵਿੰਦਾਚਾਰਿਆ ਵਰਗੇ ਨੇਤਾ।
ਵਿਚਾਲੇ ਹਰ ਰੰਗ ਦੇ ਸਮਾਜਵਾਦੀ, ਲੋਹਿਆਵਾਦੀ, ਗਾਂਧੀਵਾਦੀ, ਕਾਂਗਰਸ-ਵਿਰੋਧੀ ਇਕਜੁੱਟ ਹੋ ਗਏ।
ਕੁਝ ਹੀ ਦਿਨਾਂ ਵਿੱਚ ਪਟਨਾ ਤੋਂ ਲੈ ਕੇ ਪਟਿਆਲਾ ਤੱਕ ਨਾਅਰੇ ਗੂੰਜਣ ਲੱਗੇ - "ਗਲੀ ਗਲੀ ਵਿੱਚ ਸ਼ੋਰ ਹੈ, ਰਾਜੀਵ ਗਾਂਧੀ ਚੋਰ ਹੈ।"
ਰਾਜੀਵ ਗਾਂਧੀ ਕੈਬਨਿਟ ਤੋਂ ਬਗ਼ਾਵਤ ਕਰਕੇ ਨਿਕਲੇ ਵਿਸ਼ਵਨਾਥ ਪ੍ਰਤਾਪ ਸਿੰਘ ਨੇ ਅੰਦੋਲਨ ਦੀ ਕਮਾਨ ਸਾਂਭੀ ਅਤੇ ਖੱਬੇ ਪੱਖੀਆਂ ਤੇ ਸੱਜੇ ਪੱਖੀਆਂ ਨੂੰ ਨਾਲ ਲਿਆਂਦਾ।
ਮੋਦੀ ਦੇ ਕੋਲ ਅੱਜ ਵੀ ਬ੍ਰਹਮਾਸਤਰ ਹੈ
ਅੱਜ ਰਾਹੁਲ ਗਾਂਧੀ ਦੇ ਸਾਹਮਣੇ ਉਹ ਨਰਿੰਦਰ ਮੋਦੀ ਹੈ ਜਿਨ੍ਹਾਂ ਨੇ 5 ਸਾਲ ਪਹਿਲਾਂ ਚੰਗੇ ਦਿਨਾਂ ਦੇ ਸੁਪਨੇ ਦਿਖਾਏ ਸਨ ਪਰ ਨਾ ਤਾਂ ਉਹ ਬੇਰੁਜ਼ਗਾਰੀ 'ਤੇ ਲਗਾਮ ਲਗਾ ਸਕੇ ਅਤੇ ਨਾ ਹੀ ਅਰਥਚਾਰੇ 'ਚ ਵਾਧਾ ਲਿਆ ਸਕੇ।
ਉਲਟਾ ਨੋਟਬੰਦੀ ਵਰਗੇ ਤੁਗ਼ਲਕੀ ਫ਼ੈਸਲਿਆਂ ਨਾਲ ਕਾਰਖ਼ਾਨੇ ਬੰਦ ਹੋ ਗਏ, ਨੌਕਰੀਆਂ ਚਲੀਆਂ ਗਈਆਂ। ਕਿਸਾਨਾਂ ਦੇ ਹੌਂਸਲੇ ਵੀ ਹਾਰਨ ਲੱਗੇ ਅਤੇ ਅੰਤ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਰਫਾਲ ਲੜਾਕੂ ਜਹਾਜ਼ਾਂ ਦੀ ਖਰੀਦਦਾਰੀ ਵਿੱਚ ਅਨਿਲ ਅੰਬਾਨੀ ਦੀ ਕੰਪਨੀ ਨੂੰ ਫਾਇਦਾ ਪਹੁੰਚਾਉਣ ਦੇ ਇਲਜ਼ਾਮਾਂ ਵਿੱਚ ਘਿਰ ਗਏ।
ਜ਼ਾਹਿਰ ਹੈ 2013 ਦੇ ਮੁਕਾਬਲੇ ਨਰਿੰਦਰ ਮੋਦੀ ਦਾ ਕਦ ਛੋਟਾ ਹੀ ਹੋਇਆ ਹੈ। ਉਦੋਂ ਲੋਕਾਂ ਨੇ ਉਨ੍ਹਾਂ ਨੂੰ ਪਰਖਣਾ ਸੀ। ਇਨ੍ਹਾਂ 5 ਸਾਲਾਂ ਵਿੱਚ ਲੋਕਾਂ ਨੂੰ ਮੋਦੀ ਦੀ ਚਾਲ, ਚਿਹਰਾ ਅਤੇ ਚਰਿੱਤਕ ਸਮਝ 'ਚ ਆ ਗਿਆ ਹੈ।
ਇਨ੍ਹਾਂ ਸਭ ਦੇ ਬਾਵਜੂਦ ਨਰਿੰਦਰ ਮੋਦੀ ਨੇ ਦੇਸ ਦਾ ਸਿਆਸੀ ਨੈਰੇਟਿਵ ਵਿਰੋਧੀ ਧਿਰ ਦੇ ਹੱਥਾਂ ਵਿੱਚ ਨਹੀਂ ਜਾਣ ਦਿੱਤਾ।
ਮੋਦੀ ਅੱਜ ਵੀ ਆਪਣੇ ਤਰਕਸ਼ ਵਿਚੋਂ ਇੱਕ ਤੋਂ ਬਾਅਦ ਇੱਕ ਬ੍ਰਹਮਾਸਤਰ ਕੱਢ ਕੇ ਚਲਾ ਰਹੇ ਹਨ ਅਤੇ ਵਿਰੋਧੀ ਹੈਰਾਨ ਹਨ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
https://www.youtube.com/watch?v=xWw19z7Edrs&t=1s
https://www.youtube.com/watch?v=1078Xd6nIAo
https://www.youtube.com/watch?v=z5sT1ClQ4Wk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਭਾਰਤੀ ਚੋਣਾਂ 2019: ਕੀ ਮੋਦੀ ਸਰਕਾਰ ਦੀ ਬੁਲੇਟ ਟਰੇਨ 2022 ਤੱਕ ਦੌੜਨ ਲਗੇਗੀ - ਰਿਐਲਿਟੀ ਚੈੱਕ
NEXT STORY