ਪੰਜਾਬ ਨੂੰ ਭਾਰਤ ਦਾ 'ਅਨਾਜ ਭੜੌਲਾ' ਕਿਹਾ ਜਾਂਦਾ ਹੈ। ਇਸ ਦੀ ਅਬਾਦੀ ਭਾਰਤ ਦੀ ਕੁੱਲ ਅਬਾਦੀ ਦਾ 2.5% ਫ਼ੀਸਦ ਹੈ ਜਦਕਿ ਪੰਜਾਬ ਦਾ ਕੁੱਲ ਰਕਬਾ ਭਾਰਤ ਦੀ ਜ਼ਮੀਨ ਦਾ ਸਿਰਫ਼ 1.53 ਫ਼ੀਸਦ ਹੈ। ਪੰਜਾਬ ਭਾਰਤ ਦੀ ਖੇਤੀ ਪੈਦਾਵਾਰ ਦਾ ਦੋ ਤਿਹਾਈ ਪੈਦਾ ਕਰਦਾ ਹੈ।
ਪੰਜਾਬ ਨੇ ਹਰੇ ਇਨਕਲਾਬ ਰਾਹੀ ਭਾਰਤ ਨੂੰ ਤਾਂ ਅਨਾਜ ਪੱਖੋਂ ਆਤਮ ਨਿਰਭਰ ਬਣਾ ਦਿੱਤਾ ਹੈ, ਪਰ ਇਹ ਸੂਬਾ ਕੁਦਰਤੀ ਸਰੋਤਾਂ ਦੀ ਲੁੱਟ ਕਰਵਾ ਬੈਠਾ। ਕਾਰਨ ਇਸ ਦੀ ਕਣਕ -ਝੋਨੇ ਦਾ ਫ਼ਸਲੀ ਚੱਕਰ, ਪਰ ਹੁਣ ਪੰਜਾਬ ਦੀ ਪਛਾਣ ਬਣੀਆਂ ਇਨ੍ਹਾਂ ਦੋਵੇਂ ਫ਼ਸਲਾਂ, ਕਣਕ ਤੇ ਝੋਨੇ ਨੂੰ ਇੱਥੋਂ ਤਬਦੀਲ ਕਰਨ ਦੀ ਗੰਭੀਰ ਸਿਫ਼ਾਰਿਸ਼ ਹੋ ਰਹੀ ਹੈ।
ਪੰਜਾਬ ਹੀ ਨਹੀਂ ਇਸ ਨਾਲੋਂ ਟੁੱਟ ਕੇ 1966 ਵਿਚ ਵੱਖਰਾ ਸੂਬਾ ਬਣੇ ਹਰਿਆਣਾ ਤੋਂ ਵੀ ਕਣਕ- ਝੋਨਾ ਸ਼ਿਫਟ ਕਰਕੇ ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਕੇਂਦਰੀ ਤੇ ਪੂਰਬੀ ਭਾਰਤੀ ਸੂਬਿਆਂ ਵਿਚ ਲਿਜਾਉਣ ਦੀ ਗੱਲ ਹੋ ਰਹੀ ਹੈ।
ਕੀ ਹੈ ਸਿਫ਼ਾਰਿਸ਼ ਦਾ ਕਾਰਨ
ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪੈਂਟ(ਨਾਬਾਰਡ) ਅਤੇ ਇੰਡੀਅਨ ਕੌਂਸਲ ਫਾਰ ਰਿਸਰਚ ਔਨ ਇੰਟਰਨੈਸ਼ਨਲ ਇਕਨੌਮਿਕ ਰਿਲੇਸ਼ਨਜ਼ (ਆਈਸੀਆਰਆਈਈਆਰ) ਨੇ ਕਣਕ ਤੇ ਝੋਨਾ ਪੰਜਾਬ ਤੋਂ ਬਾਹਰ ਕੱਢਣ ਲਈ ਕਿਹਾ ਹੈ।
ਨਾਬਾਰਡ ਨੇ ਆਪਣੀ 2018 ਦੀ ਰਿਪੋਰਟ ਵਿਚ ਅਜਿਹਾ ਕਰਨ ਨੂੰ 2030 ਤੱਕ ਪੈਦਾ ਹੋਣ ਜਾ ਰਹੇ ਜਲ ਸੰਕਟ ਤੋਂ ਬਚਣ ਲਈ ਜਰੂਰੀ ਦੱਸਿਆ ਹੈ।
ਦੂਜੇ ਪਾਸੇ ਮਾਰਚ 2019 ਜਾਰੀ ਵਾਟਰ ਏਡ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਭਾਰਤ ਵਿਚ 2030 ਤੱਕ ਪਾਣੀ ਦੀ ਮੰਗ ਮੌਜੂਦਾ ਨਾਲੋਂ ਡਲਬ ਹੋ ਜਾਵੇਗੀ।
ਨਾਬਾਰਡ ਤੇ ਆਈਸੀਆਰ ਦੀ ਰਿਪੋਰਟ 'ਵਾਟਰ ਪ੍ਰੋਡਕਟੀਵਿਟੀ ਮੈਪਿੰਗ ਆਫ਼ ਮੇਜਰ ਇੰਡੀਅਨ ਕਰੌਪਸ' ਮੁਤਾਬਕ ਗ਼ਲਤ ਫ਼ਸਲੀ ਚੱਕਰ ਕਾਰਨ ਜ਼ਮੀਨਦੋਜ਼ ਜਲ ਭੰਡਾਰਨ ਦਾ ਭਾਰੀ ਨੁਕਸਾਨ ਹੋਇਆ ਹੈ।
ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਕਰੀਬ 84 ਫ਼ੀਸਦ ਫ਼ਸਲੀ ਰਕਬੇ ਦੀ ਨਿਰਭਰਤਾ ਸਿੰਚਾਈ ਉੱਤੇ ਹੈ। ਜੋ ਟਿਊਬਲਾਂ ਰਾਹੀ ਧਰਤੀ ਹੇਠੋਂ ਪਾਣੀ ਕੱਢ ਕੇ ਕੀਤੀ ਜਾ ਰਹੀ ਹੈ।
ਕਣਕ-ਝੋਨਾ ਖ਼ਤਰਨਾਕ ਕਿਉਂ
ਵਾਟਰ ਏਡ ਦੀ ਰਿਪੋਰਟ 'ਬੈਨਥ ਦਾ ਸਰਫ਼ੇਸ: ਦਾ ਸਟੇਟ ਆਫ਼ ਦਾ ਵਰਲਡਜ਼ ਵਾਟਰ -2019 ਮੁਤਾਬਕ ਭਾਰਤ ਦੀਆਂ ਦੋਵੇਂ ਪ੍ਰਮੁੱਖ ਅਨਾਜ ਫ਼ਸਲਾਂ ਪਾਣੀ ਦੀ ਖ਼ਪਤ ਵਾਲੀਆਂ ਹਨ।
ਇੱਕ ਕਿਲੋ ਚੌਲਾਂ ਲਈ 2800 ਲੀਟਰ ਅਤੇ ਕਣਕ ਲਈ 1654 ਲੀਟਰ ਪਾਣੀ ਦੀ ਖ਼ਪਤ ਹੁੰਦੀ ਹੈ।
ਭਾਰਤ ਦੇ ਸਭ ਤੋਂ ਵੱਧ ਕਣਕ ਅਤੇ ਚੌਲ ਪੈਦਾ ਕਰਨ ਵਾਲੇ ਸੂਬੇ ਪੰਜਾਬ ਅਤੇ ਹਰਿਆਣਾ ਭਾਰਤ ਦੀ ਸਮੁੱਚੀ ਪੈਦਾਵਾਰ ਦਾ 15 ਫ਼ੀਸਦ ਪੈਦਾ ਕਰਦੇ ਹਨ।
ਨਾਬਾਰਡ ਦੀ ਰਿਪੋਰਟ ਗੰਗਾ ਖੇਤਰ ਦੇ ਪੱਛਮੀ ਉੱਤਰ ਪ੍ਰਦੇਸ਼ ਨੂੰ ਵੀ ਖੇਤੀ ਪੈਦਾਵਾਰ ਲਈ ਦੁਨੀਆਂ ਦੇ ਸਭ ਤੋ ਵੱਧ ਰਿਸਕੀ ਜੋਨ ਦੱਸ ਰਹੀ ਹੈ। ਜਿਵੇਂ ਵਾਟਰ ਏਡ ਰਿਪੋਰਟ ਉੱਤਰ ਪੂਰਬੀ ਚੀਨ ਅਤੇ ਦੱਖਣ ਪੱਛਮੀ ਅਮਰੀਕਾ ਨੂੰ ਮੰਨ ਰਹੀ ਹੈ।
ਪੰਜਾਬ ਦੇ ਹਾਲਾਤ ਕਿੰਨੇ ਬਦਤਰ
ਭਾਰਤ ਦਾ 42% ਖੇਤਰ ਸੌਕੇ ਦੀ ਮਾਰ ਹੇਠ ਹੈ। ਜਨਰਲ ਆਫ਼ ਹਾਈਡ੍ਰੋਲੌਜੀ ਵਿਚ 2018 ਦੌਰਾਨ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਪੰਜਾਬ ਦਾ 88.11% ਅਤੇ ਹਰਿਆਣਾ ਦਾ 76.02% ਖੇਤਰ ਸੌਕੇ ਨੂੰ ਸਹਿ ਸਕਦਾ ਹੈ।
ਸਿੰਚਾਈ ਤੇ ਬਿਜਲੀ ਢਾਂਚੇ ਵਿਚ ਭਾਰੀ ਨਿਵੇਸ਼, ਪਾਣੀ ਉੱਤੇ ਬਿਜਲੀ ਲਈ ਸਰਕਾਰੀ ਸਬਸਿਡੀ ਨੇ ਪੰਜਾਬ ਨੂੰ ਡਾਰਕ ਜੋਨ ਵਿਚ ਬਦਲ ਦਿੱਤਾ ਹੈ।
ਇੱਕ ਕਿਲੋ ਚੌਲ ਪੈਦਾ ਕਰਨ ਲਈ ਪੰਜਾਬ ਬਿਹਾਰ ਦੇ ਮੁਕਾਬਲੇ ਤਿੰਨ ਗੁਣਾ ਤੇ ਪੱਛਮੀ ਬੰਗਾਲ ਦੇ ਮੁਕਾਬਲੇ 2 ਗੁਣਾ ਵੱਧ ਪਾਣੀ ਵਰਤਦਾ ਹੈ।
ਪੰਜਾਬ ਦੀ 80 ਫੀਸਦੀ ਸਿੰਚਾਈ ਟਿਊਵੈੱਲਾਂ ਰਾਹੀ ਕੱਢੇ ਜ਼ਮੀਨਦੋਜ਼ ਪਾਣੀ ਤੋਂ ਹੁੰਦੀ ਹੈ।
ਕੀ ਹੁੰਦਾ ਹੈ ਵਰਚੂਅਲ ਵਾਟਰ
ਕਿਸੇ ਫ਼ਸਲ ਦੀ ਪੈਦਾਵਾਰ ਲਈ ਜਿੰਨਾ ਪਾਣੀ ਵਰਤਿਆਂ ਜਾਂਦਾ ਹੈ, ਉਸ ਨੂੰ ਵਰਚੂਅਲ ਵਾਟਰ ਕਿਹਾ ਜਾਂਦਾ ਹੈ।
ਮਿਸਾਲ ਵਲੋਂ ਪੰਜਾਬ ਨੇ ਇੱਕ ਕਿਲੋ ਬਾਸਮਤੀ ਬਰਾਮਦ ਕੀਤੀ, ਇਸ ਬਾਸਮਤੀ ਨੂੰ ਪੈਦਾ ਕਰਨ ਲਈ 2800 ਲੀਟਰ ਪਾਣੀ ਵਰਤਿਆ ਗਿਆ।
ਇਸ ਦਾ ਅਰਥ ਇਹ ਹੋਇਆ ਕਿ ਇੱਕ ਕਿਲੋ ਬਾਸਮਤੀ ਬਰਾਮਦ ਕਰਨ ਦੇ ਨਾਲ ਪੰਜਾਬ ਨੇ 2800 ਲੀਟਰ ਪਾਣੀ ਵੀ ਬਰਾਮਦ ਕੀਤਾ। ਇਸ ਨੂੰ ਵਰਚੂਅਲ ਵਾਟਰ ਦੀ ਬਰਾਮਦ ਕਿਹਾ ਜਾਵੇਗਾ।
ਵਾਟਰ ਏਡ ਦੀ ਰਿਪੋਰਟ ਮੁਤਾਬਕ ਅਨਾਜ ਦੀ ਪੈਦਾਵਾਰ ਦੇ ਰੂਪ ਵਿਚ ਪੰਜਾਬ ਭਾਰੀ ਮਾਤਰਾ ਵਿਚ ਪਾਣੀ ਵਰਚੂਅਲੀ ਬਰਾਮਦ ਕਰਦਾ ਹੈ।
ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਪੰਜਾਬ ਅਗਲੇ 25 ਸਾਲ ਵਿਚ ਰੇਗਿਸਤਾਨ ਵਿਚ ਬਦਲ ਜਾਵੇਗਾ।
ਭਾਰਤ ਲਈ ਚਿੰਤਾ ਦਾ ਮੁੱਦਾ
ਭਾਰਤ ਖੇਤੀ ਲਈ ਜ਼ਮੀਨਦੋਜ਼ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਹੈ। ਸਮੁੱਚੇ ਵਿਸ਼ਵ ਦਾ 12% ਪਾਣੀ ਦਾ ਬਰਾਮਦ ਭਾਰਤ ਕਰਦਾ ਹੈ।
2014-15 ਵਿਚ ਭਾਰਤੀ ਕਿਸਾਨਾਂ ਨੇ 37 ਲੱਖ ਟਨ ਬਾਸਮਤੀ ਬਰਾਮਦ ਲਈ ਪੈਦਾ ਕਰਨ ਵਾਸਤੇ 10 ਅਰਬ ਲੀਟਰ ਪਾਣੀ ਦੀ ਵਰਤੋਂ ਕੀਤੀ।
ਉਹ ਮੁਲਕ ਜਿੱਥੇ ਇੱਕ ਬਿਲੀਅਨ ਅਬਾਦੀ ਪਾਣੀ ਦੇ ਸੰਕਟ ਨਾਲ ਜੂਝ ਰਹੀ ਹੋਵੇ ਅਤੇ 60 ਫੀਸਦ ਲੋਕ ਪਾਣੀ ਲਈ ਫ਼ਿਕਰਮੰਦ ਹੋਣ ਰਹੀ ਹੋਣ, ਉਸ ਲਈ ਇਹ ਚਿੰਤਾ ਦਾ ਮੁੱਦਾ ਹੈ।
ਭਾਰਤ ਵਿਚ ਦੁਨੀਆਂ ਦੀ 17 ਫ਼ੀਸਦ ਅਬਾਦੀ ਵੱਸਦੀ ਹੈ ਪਰ ਇੱਥੇ ਦੁਨੀਆਂ ਦੇ ਤਾਜ਼ਾ ਪਾਣੀ ਦੇ ਭੰਡਾਰ ਦਾ ਕੇਵਲ 4 ਫ਼ੀਸਦ ਹਿੱਸਾ ਹੀ ਹੈ।
ਆਈਆਈਟੀ ਖੜਗਪੁਰ, ਪੱਛਮੀ ਬੰਗਾਲ ਅਤੇ ਅਥਬਾਸਕਾ ਯੂਨੀਵਰਸਿਟੀ ਕੈਨੇਡਾ ਨੇ ਭਾਰਤ ਦੀ 2005-2013 ਦਰਮਿਆਨ ਜ਼ਮੀਨਦੋਜ਼ ਪਾਣੀ ਦੀ ਖ਼ਪਤ ਦਾ ਅਧਿਐਨ ਕੀਤਾ।
ਮੌਜੂਦਾ ਅੰਕੜਿਆਂ ਮੁਤਾਬਕ 75 ਫੀਸਦੀ ਆਬਾਦੀ ਤੇ ਖਾਸਕਰ 90 ਫੀਸਦੀ ਪੇਂਡੂ ਆਬਾਦੀ ਨੂੰ ਘਰਾਂ ਵਿਚ ਪਾਇਪ ਰਾਹੀ ਪੀਣ ਵਾਲਾ ਪਾਣੀ ਉੁਪਲੱਭਧ ਨਹੀਂ ਹੈ।
ਦੂਜੇ ਪਾਸ ਹਾਲਾਤ ਇਹ ਹਨ ਕਿ ਭਾਰਤ ਹਰ ਸਾਲ ਦੁਨੀਆਂ ਭਰ ਵਿਚ ਧਰਤੀ ਵਿਚੋਂ ਕੱਢੇ ਜਾ ਰਹੇ ਪਾਣੀ ਦਾ 25 ਫੀਸਦ ਕੱਢਦਾ ਹੈ।
ਦੁਨੀਆਂ ਦੇ 20 ਪਾਣੀ ਦੇ ਕਮੀ ਵਾਲੇ ਮਹਾਂਨਗਰਾਂ ਵਿਚੋ 5 ਭਾਰਤ ਦੇ ਹਨ ਅਤੇ ਕੌਮੀ ਰਾਜਧਾਨੀ ਦਿੱਲੀ ਦੂਜੇ ਨੰਬਰ ਉੱਤੇ ਹੈ।
ਭਾਰਤ ਵਿਚ ਕਰੀਬ ਦੋ ਕਰੋੜ ਟਿਊਬਵੈੱਲ ਸਰਕਾਰੀ ਸਬਸਿਡੀ ਉੱਤੇ ਜਮੀਨਦੋਜ਼ ਪਾਣੀ ਨੂੰ ਬਾਹਰ ਕੱਢਦੇ ਹਨ।
ਭਾਰਤ ਹਰ ਸਾਲ ਜਿੰਨੀ ਬਾਸਮਤੀ ਬਰਾਮਦ ਕਰਦਾ ਹੈ, ਉਸ ਦੇ ਹਿਸਾਬ ਨਾਲ 10 ਟ੍ਰਿਲੀਅਨ ਲੀਟਰ ਪਾਣੀ ਦਾ ਵਰਚੂਅਲੀ ਬਰਾਮਦ ਹੁੰਦਾ ਹੈ।
ਪੰਜਾਬ ਨੂੰ ਦਰਪੇਸ਼ ਮਸਲਿਆਂ ਦੇ ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=6RkZA-vLSY4
https://www.youtube.com/watch?v=C1IWQDwUOIc
https://www.youtube.com/watch?v=YzZAUDTEiWM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੁਲਭੂਸ਼ਣ ਜਾਧਵ ਮਾਮਲੇ ''ਤੇ ਕੀ ਬੋਲਿਆ ਪਾਕਿਸਤਾਨ
NEXT STORY