70 ਸਾਲ ਪਹਿਲਾਂ 1947 ਦੇ ਅਗਸਤ ਮਹੀਨੇ ਵਿੱਚ ਬਰਤਾਨਵੀ ਹਕੂਮਤ ਦਾ ਭਾਰਤ ਵਿਚੋਂ ਅੰਤ ਹੋਇਆ ਸੀ। ਇਸ ਦੇ ਨਾਲ ਹੀ ਦੋ ਨਵੇਂ ਆਜ਼ਾਦ ਮੁਲਕ ਬਣੇ। ਹਿੰਦੂ ਬਹੁ ਗਿਣਤੀ ਵਾਲਾ 'ਭਾਰਤ' ਅਤੇ ਮੁਸਲਿਮ ਬਹੁ ਗਿਣਤੀ ਵਾਲਾ 'ਪਾਕਿਸਤਾਨ'।
ਸੌਤਿਕ ਵਿਸਵਾਸ ਨੇ ਉਨ੍ਹਾਂ ਚਾਰ ਦੋਸਤਾਂ ਦੀ ਕਹਾਣੀ ਦੇ ਟੁਕੜੇ ਜੋੜੇ ਜੋ ਇਸ ਵੰਡ ਦੀ ਤਰਾਸਦੀ 'ਚ ਵਿਛੜ ਗਏ ਅਤੇ ਫ਼ਿਰ 30 ਸਾਲ ਬਾਅਦ ਮਿਲੇ।
'ਸਾਡਾ ਮੁਲਕ ਟੁੱਟ ਗਿਆ ਹੈ, ਹਿੰਦੁਸਤਾਨ ਦਾ ਮਹਾਨ ਅਤੇ ਧੜਕਦਾ ਹੋਇਆ ਦਿਲ ਤੋੜ ਦਿੱਤਾ ਗਿਆ ਹੈ।' ਇਹ ਸਤਰਾਂ ਪਾਕਿਸਤਾਨ ਦੇ ਲਾਹੌਰ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ 1949 ਦੀਆਂ ਗਰਮੀਆਂ ਵਿੱਚ ਦਿੱਲੀ 'ਚ ਰਹਿਣ ਵਾਲੇ ਆਪਣੇ ਦੋਸਤ ਨੂੰ ਲਿਖੀਆਂ ਸਨ।
ਚਿੱਠੀਆਂ ਰਾਹੀਂ ਦਿਲ ਦੀਆਂ ਗੱਲਾਂ
ਫ਼ਿਰੋਜ਼ੀ ਨੀਲੀ ਸਿਆਹੀ 'ਚ ਅਸਫ਼ ਖ਼ਵਾਜਾ ਨੇ ਅਮਨ ਕਪੂਰ ਦੇ ਸਾਹਮਣੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਸੀ। ਹਾਲੇ ਮੁਸ਼ਕਿਲ ਨਾਲ ਵੰਡ ਨੂੰ ਦੋ ਸਾਲ ਹੋਏ ਸੀ।
ਪਾਕਿਸਤਾਨ ਟਾਈਮਜ਼ ਅਖ਼ਬਾਰ ਨਾਲ ਜੁੜੇ ਅਸਫ਼ ਲਿਖਦੇ ਹਨ, "ਅਸੀਂ ਲਾਹੌਰ ਵਿੱਚ, ਤੁਹਾਡੇ ਦੋਸਤ ਅਤੇ ਖੇਡਾਂ ਦੇ ਪੁਰਾਣੇ ਹਾਣੀ, ਜਿਨ੍ਹਾਂ ਨਾਲ਼ ਸਕੂਲ ਅਤੇ ਕਾਲਜ ਵਿੱਚ ਤੁਸੀਂ ਪੜ੍ਹਦੇ ਸੀ।
ਜਿਨ੍ਹਾਂ ਦੀ ਜਿੰਦਗੀ ਦੇ ਮੁਢਲੇ 25 ਸਾਲ ਤੁਹਾਡੇ ਨਾਲ ਜੁੜੇ ਹੋਏ ਸੀ, ਬਹੁਤ ਹੀ ਸੰਜੀਦਗੀ ਨਾਲ਼ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਦੂਰੀ ਨੇ ਸਾਡੇ ਦਿਲਾਂ ਵਿੱਚ ਤੁਹਾਡੇ ਲਈ ਪਿਆਰ ਅਤੇ ਲਗਾਉ ਵਿੱਚ ਜ਼ਰਾ ਵੀ ਫ਼ਰਕ ਨਹੀਂ ਪਾਇਆ।
ਇਹ ਵੀ ਪੜ੍ਹੋ:
ਅਸੀਂ ਤੁਹਾਨੂੰ ਉਸੇ ਭਾਵ ਨਾਲ ਯਾਦ ਕਰਦੇ ਹਾਂ ਜੋ ਕਿ ਕਾਫ਼ੀ ਲੰਬਾ ਸਮਾਂ ਸਾਡੇ ਸੰਬੰਧਾਂ ਦੀ ਖ਼ਾਸੀਅਤ ਰਹੀ ਹੈ। ਅਮਰ, ਅਸੀਂ ਚੰਗੇ ਸਮੇਂ, ਸ਼ਾਨਦਾਰ ਸਮੇਂ ਇਕੱਠਿਆਂ ਬਿਤਾਏ ਹਨ।"
ਮਸਤੀ ਭਰਿਆ ਸੀ ਬਚਪਨ
ਬਚਪਨ ਵਿੱਚ ਇਨ੍ਹਾਂ ਦੀ ਚੰਗੀ ਦੋਸਤੀ ਸੀ। ਅਮਰ ਕਪੂਰ, ਅਸਫ਼ ਖ਼ਵਾਜਾ, ਆਗ਼ਾ ਰਜ਼ਾ ਅਤੇ ਰਿਸ਼ਾਦ ਹੈਦਰ ਦੇ ਵਿਚਾਲੇ ਭਰਾਵਾਂ ਵਾਲੀ ਸਾਂਝ ਸੀ।
ਇਹ ਚਾਰੇ ਇੱਕ ਦੂਜੇ ਦੇ ਘਰ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ। ਉਹ ਕੌਨਵੈਂਟ ਸਕੂਲ ਤੋਂ ਘਰ ਜਾਂਦਿਆਂ ਰਲ ਕੇ ਖਾਂਦੇ-ਪੀਂਦੇ। ਉਹ ਇੱਕੋ ਕਾਲਜ ਵਿੱਚ ਪੜ੍ਹੇ ਅਤੇ ਵਿਕਟਾਂ ਦੇ ਤੌਰ ਤੇ ਟਾਹਣੀਆਂ ਵਰਤ ਕੇ ਸਾਫਟਬਾਲ ਨਾਲ ਕ੍ਰਿਕਟ ਖੇਡਦੇ ਸਨ।
ਬਚਪਨ ਤੋਂ ਅੱਲ੍ਹੜ ਜਵਾਨੀ ਤੱਕ, ਉਨ੍ਹਾਂ ਮਸਤੀ ਕਰਦੇ ਹੋਏ ਚੰਗਾ ਸਮਾਂ ਸਾਂਝਾ ਕੀਤਾ। ਫ਼ਿਰ 1947 ਦੀਆਂ ਗਰਮੀਆਂ ਵਿੱਚ ਹਿੰਸਾ ਭਰਿਆ ਉਹ ਬੇਹੱਦ ਔਖਾ ਸਮਾਂ ਵੀ ਆਇਆ।
ਵੰਡ ਨੇ ਜੁਦਾ ਕਰ ਦਿੱਤੇ ਦੋਸਤ
ਅਮਰ ਦੀ ਜੁਦਾਈ ਨੇ ਇਨ੍ਹਾਂ ਦੋਸਤਾਂ ਨੂੰ ਬੇਹੱਦ ਦੁਖੀ ਕੀਤਾ। ਕਿਉਂਕਿ, ਚਾਰਾਂ ਵਿੱਚੋਂ ਅਮਰ ਹੀ ਇਕੱਲੇ ਹਿੰਦੂ ਸੀ ਅਤੇ ਸਾਰੇ ਉਨ੍ਹਾਂ ਨੂੰ ਪੰਡਿਤ ਜੀ ਕਹਿੰਦੇ ਸਨ।
ਵੰਡ ਤੋਂ ਤਿੰਨ ਹਫ਼ਤਿਆਂ ਬਾਅਦ ਅਮਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਲਾਹੌਰ ਵਿੱਚ ਆਪਣਾ ਵਿਸ਼ਾਲ ਪੁਸ਼ਤੈਨੀ ਘਰ ਛੱਡ ਦਿੱਤਾ। 57 ਸਾਲ ਪੁਰਾਣੇ ਛਾਪੇਖਾਨੇ ਨੂੰ ਵੀ ਛੱਡ ਕੇ ਮਨੁੱਖੀ ਇਤਿਹਾਸ ਦੀ ਸਭ ਤੋਂ ਵੱਡੀ ਹਿਜ਼ਰਤ ਲੱਖਾਂ ਰਫਿਊਜੀਆਂ ਵਾਂਗ ਸ਼ਾਮਲ ਹੋ ਗਏ।
ਪਿੱਛੇ ਪਾਕਿਸਤਾਨ ਵਿੱਚ, ਆਸਫ਼, ਆਗਾ ਅਤੇ ਰਿਸ਼ਾਦ ਬਾਲਗ ਹੋ ਕੇ ਰੋਜੀ-ਰੋਟੀ ਕਮਾਉਣੀ ਸ਼ੁਰੂ ਕਰ ਰਹੇ ਸਨ।
ਆਪਣੇ ਦੋ ਹੋਰ ਦੋਸਤਾਂ ਬਾਰੇ ਅਮਰ ਨੂੰ ਦੱਸਦੇ ਹੋਏ ਅਸਫ਼ ਦੀ ਭਾਸ਼ਾ ਹੋਰ ਮਜ਼ੇਦਾਰ ਹੋ ਗਈ ਸੀ। ਅਸਫ਼ ਨੇ ਲਿਖਿਆ, "ਆਗਾ ਅਤੇ ਰਿਸ਼ਾਦ ਵਪਾਰ ਕਰਨ ਲੱਗ ਪਏ ਹਨ। ਉਹ ਬਰਮਾ ਸ਼ੈਲ ਕੰਪਨੀ ਲਈ ਇਕ ਏਜੰਸੀ ਚਲਾ ਰਹੇ ਹਨ ਅਤੇ ਚੰਗੇ ਪੈਸੇ ਕੁੱਟ ਰਹੇ ਹਨ।
ਮੇਰੀ ਇੱਛਾ ਹੈ ਕਿ ਕਾਸ਼ ਤੁਸੀਂ ਅਹਿਮਦ ਨੂੰ ਦੇਖ ਸਕਦੇ, ਉਹ ਮੋਟਾ ਅਤੇ ਗੰਜਾ ਹੋ ਗਿਆ ਹੈ। ਤੁਹਾਨੂੰ ਉਸ ਨੂੰ ਪਛਾਨਣਾ ਔਖਾ ਲੱਗੇਗਾ, ਇਹ ਉਸ ਦੀ ਖੁਸ਼ਹਾਲੀ ਦੇ ਸੰਕੇਤ ਹਨ!"
ਅਸਫ਼ ਨੂੰ ਕ੍ਰਿਕਟ, ਕਵਿਤਾ ਅਤੇ ਪਹਾੜ ਪਸੰਦ ਸਨ ਅਤੇ ਅੱਗੇ ਜਾ ਕੇ ਉਹ ਤਾਸ਼ ਪਸੰਦ ਕਰਨ ਲੱਗ ਪਏ। ਕਈ ਵਾਰ ਉਹ ਗਰਮੀਆਂ ਆਪਣੇ ਦਾਦੇ ਨਾਲ ਕਸ਼ਮੀਰ ਦੀ ਡੱਲ ਝੀਲ 'ਤੇ ਇਕ ਸ਼ਿਕਾਰੇ ਵਿੱਚ ਬਿਤਾਉਂਦੇ ਸਨ ਜਾਂ ਫਿਰ ਸਵਾਤ ਦੀਆਂ ਅਣ ਦੇਖੀਆਂ ਪਹਾੜੀਆਂ ਘੁੰਮਦੇ। ਉਨ੍ਹਾਂ ਨੂੰ ਦੋਵਾਂ ਮੁਲਕਾਂ ਦੇ ਇੱਕ ਵਧੀਆ ਭਵਿੱਖ ਬਾਰੇ ਵੀ ਆਸਵੰਦ ਸਨ।
ਅਗਸਤ 1947 'ਚ ਭਾਰਤ ਦੀ ਵੰਡ
- ਇਹ ਸ਼ਾਇਦ ਜੰਗ ਅਤੇ ਅਕਾਲ ਤੋਂ ਇਲਾਵਾ ਇਤਿਹਾਸ ਵਿਚ ਲੋਕਾਂ ਦੀ ਸਭ ਤੋਂ ਵੱਡੀ ਹਿਜਰਤ ਸੀ।
- ਦੋ ਨਵੇਂ ਆਜ਼ਾਦ ਦੇਸ਼ - ਭਾਰਤ ਅਤੇ ਪਾਕਿਸਤਾਨ ਬਣਾਏ ਗਏ ਸਨ।
- ਕੋਈ 1.2 ਕਰੋੜ ਲੋਕ ਰਫ਼ਿਊਜੀ ਬਣ ਗਏ।
- ਕਈ ਹਜ਼ਾਰ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ।
- ਇਹ ਲੇਖ, ਬੀ.ਬੀ.ਸੀ. ਦੀ ਬਟਵਾਰੇ 'ਦੇ 70 ਸਾਲਾਂ ਬਾਰੇ ਲੇਖ ਲੜੀ ਦਾ ਹਿੱਸਾ ਹੈ।
ਅਸਫ਼ ਨੇ ਅਮਰ ਨੂੰ ਲਿਖਿਆ, " ਬਹੁਤ ਪਰੇਸ਼ਾਨੀਆਂ ਆਈਆਂ ਕੁੜੱਤਣ ਵਧੀ, ਪਰ ਜੋ ਹੋਇਆ ਉਹ ਮੁੜ ਕੇ ਠੀਕ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਸਿਰਫ਼ ਆਪਣੀਆਂ ਪਿਛਲੀਆਂ ਗਲਤੀਆਂ ਨੂੰ ਠੀਕ ਕਰ ਸਕਦੇ ਹਾਂ ਅਤੇ ਸ਼ਾਂਤੀ ਦੀ ਮੁੜ-ਬਹਾਲੀ ਲਈ ਸੱਚੇ ਦਿਲੋਂ ਕੰਮ ਕਰ ਸਕਦੇ ਹਾਂ।"
ਲਾਹੌਰ ਇੱਕ ਮੁਸਲਮਾਨ ਬਹੁਗਿਣਤੀ ਸ਼ਹਿਰ ਸੀ। ਇੱਥੇ ਕਾਰੋਬਾਰ ਵਿੱਚ ਗੈਰ-ਮੁਸਲਮਾਨਾਂ ਦਾ ਦਬਦਬਾ ਸੀ। ਧੂੰਏ-ਭਰੇ ਅਸਮਾਨ ਹੇਠਾਂ ਹਿੰਦੂ ਅਤੇ ਮੁਸਲਮਾਨ ਇੱਕ-ਦੂਜੇ 'ਤੇ ਟੁੱਟ ਪਏ।
ਦੁਕਾਨਾਂ ਅਤੇ ਘਰਾਂ ਨੂੰ ਲੁੱਟਿਆ ਗਿਆ, ਅੱਗ ਦੇ ਹਵਾਲੇ ਕੀਤਾ ਗਿਆ। ਅਮਰ ਦੇ ਪਿਤਾ ਨੇ ਬੱਚਿਆਂ ਅਤੇ ਔਰਤਾਂ ਦਾ ਘਰੋਂ ਨਿਕਲਣ 'ਤੇ ਰੋਕ ਲਗਾ ਦਿੱਤੀ ਸੀ।
ਸਤੰਬਰ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਲਾਹੌਰ ਛੱਡ ਕੇ ਅੰਮ੍ਰਿਤਸਰ ਜਾਣ ਲਈ ਸਫ਼ਰ ਸ਼ੁਰੂ ਕਰ ਦਿੱਤਾ। ਕਾਫ਼ਲੇ ਦੀ ਅਗਵਾਈ ਅਮਰ ਦੇ ਪਿਤਾ ਦੀ ਸਲੇਟੀ ਰੰਗ ਦੀ ਓਪਲ ਕਾਰ ਕਰ ਰਹੀ ਸੀ। ਉਨ੍ਹਾਂ ਕਾਰ ਦੇ ਦਰਵਾਜ਼ੇ ਦੇ ਅੰਦਰਲੇ ਪਾਸੇ .38 ਕੈਲੀਬਰ ਦਾ ਇੱਕ ਪਿਸਤੌਲ ਲੁਕੋ ਰੱਖਿਆ ਸੀ।
94 ਸਾਲਾ ਅਮਰ ਕਪੂਰ ਨੇ ਹਾਲ ਹੀ ਵਿੱਚ ਦੱਸਿਆ, "ਇਹ ਪਾਗਲਪਨ ਸੀ, ਪੂਰਾ ਪਾਗਲਪਨ।"
'ਅਮਰ ਨੇ ਡਾਇਰੀ 'ਚ ਦਰਜ ਕੀਤਾ ਆਪਣਾ ਸੰਘਰਸ਼'
ਅਮਰ ਨੇ ਲਿਖਿਆ, "3 ਜੂਨ 1947 ਨੂੰ ਇਹ ਫੈਸਲਾ ਕੀਤਾ ਗਿਆ ਸੀ ਕਿ ਭਾਰਤ ਦੀ ਵੰਡ ਕੀਤੀ ਜਾਵੇਗੀ, ਅਤੇ ਪਾਕਿਸਤਾਨ ਵਜ਼ੂਦ ਵਿੱਚ ਆਵੇਗਾ। ਉਸ ਦਿਨ ਭਾਰਤ ਨੂੰ ਵੰਡ ਦਿੱਤਾ ਗਿਆ ਸੀ।"
ਉਹਨਾਂ ਨੇ ਲਿਖਿਆ ਕਿ ਐਲਾਨ ਹੋਣ ਮਗਰੋਂ ਵੀ ਹਿੰਸਾ ਬੰਦ ਨਹੀਂ ਹੋਈ ਸੀ। ਧਰਮ ਨੂੰ ਜੋ ਬਿਲਕੁਲ ਹੀ ਨਿੱਜੀ ਮਸਲਾ ਹੋਣਾ ਚਾਹੀਦਾ ਹੈ, ਕਤਲ ਅਤੇ ਹੋਰ ਅਣਮਨੁੱਖੀ ਕੰਮਾਂ ਨੂੰ ਢਕਣ ਲਈ ਵਰਤਿਆ ਜਾ ਰਿਹਾ ਸੀ।"
ਅਸਫ਼ ਨੂੰ ਯਕੀਨ ਸੀ ਕਿ ਇਸ ਸਭ ਦਾ ਉਨ੍ਹਾਂ ਦੀ ਦੋਸਤੀ 'ਤੇ ਕੋਈ ਅਸਰ ਨਹੀਂ ਪਵੇਗਾ।
ਅਸਫ਼ ਆਪਣੀ ਇੱਕ ਚਿੱਠੀ ਵਿੱਚ ਲਿਖਿਆ, "ਸਾਡੀਆਂ ਸਾਂਝੀਆਂ ਯਾਦਾਂ ਅਤੇ ਸਾਂਝੇ ਤਜਰਬੇ ਹਨ, ਜੋ ਸਾਨੂੰ ਇੰਨਾ ਘੁੱਟ ਕੇ ਬੰਨ੍ਹਦੇ ਹਨ ਕਿ ਕੋਈ ਵੀ ਬਾਹਰੀ ਹਾਲਾਤ ਸਾਨੂੰ ਵੱਖ ਨਹੀਂ ਕਰ ਸਕਦੇ।"
ਤਿੰਨ ਦਹਾਕਿਆਂ ਬਾਅਦ ਹੋਇਆ ਸੰਪਰਕ
1980 ਦੀਆਂ ਗਰਮੀਆਂ ਵਿੱਚ ਆਗ਼ਾ ਰਜ਼ਾ ਦੇ ਚਾਚਾ ਦਿੱਲੀ ਵਿੱਚ ਇੱਕ ਕਾਨਫਰੰਸ ਵਿੱਚ ਹਿੱਸਾ ਲੈਣ ਆਏ। ਜਾਣ ਤੋਂ ਪਹਿਲਾਂ ਆਗਾ ਨੇ ਉਨ੍ਹਾਂ ਨੂੰ ਅਮਰ ਦਾ ਥਹੁ-ਪਤਾ ਲੱਭਣ ਲਈ ਕਿਹਾ ਸੀ। ਆਗਾ ਨੇ ਚਾਚੇ ਨੂੰ ਦੱਸਿਆ ਕਿ ਕਪੂਰ ਦੇ ਪਰਿਵਾਰ ਦਾ ਦਿੱਲੀ ਵਿੱਚ ਪ੍ਰਿੰਟਿੰਗ ਪ੍ਰੈੱਸ ਦਾ ਇੱਕ ਕਾਰੋਬਾਰ ਹੈ।
ਇਹ ਵੀ ਪੜ੍ਹੋ:
ਆਗਾ, ਚਾਰਾਂ ਵਿੱਚੋਂ ਅਜ਼ਾਦ ਖ਼ਿਆਲੀ ਸੀ। ਉਹ ਇੱਕ ਤੇਲ ਕੰਪਨੀ ਲਈ ਕੰਮ ਕਰਨ ਮਗਰੋਂ ਅਫ਼ਸਰ ਵਜੋਂ ਪਾਕਿਸਤਾਨੀ ਜਲ ਸੈਨਾ ਵਿਚ ਭਰਤੀ ਹੋ ਗਏ। ਉਨ੍ਹਾਂ ਫਿਰ ਲੇਬਰ ਮਹਿਕਮੇ ਲਈ ਕੰਮ ਕੀਤਾ।
ਜਦੋਂ ਉਹ 30 ਤੋਂ 40 ਸਾਲ ਦੇ ਵਿਚਾਲੇ ਸੀ ਤਾਂ ਆਪਣੇ ਪਰਿਵਾਰਕ ਖੇਤ ਦੀ ਦੇਖਭਾਲ ਲਈ ਸੇਵਾਮੁਕਤ ਹੋ ਗਏ। ਲਾਹੌਰ ਤੋਂ ਕੋਈ 120 ਕਿਲੋਮੀਟਰ ਦੂਰ ਰਹਿਣ ਲੱਗੇ। ਉਨ੍ਹਾਂ ਦੇ ਦੋਸਤ ਉਹਨਾਂ ਨੂੰ ਕਿਸਾਨ ਕਹਿੰਦੇ ਸਨ।
ਹੁਣ ਉਨ੍ਹਾਂ ਨੇ ਚਿਰਾਂ ਤੋਂ ਗੁਆਚੇ ਆਪਣੇ ਦੋਸਤ ਨੂੰ ਲੱਭਣਾ ਸ਼ੁਰੂ ਕੀਤਾ ਸੀ।
ਦਿੱਲੀ 'ਚ ਅਮਰ ਕਪੂਰ ਦਾ ਮਿਲਿਆ ਪਤਾ
ਦਿੱਲੀ ਵਿੱਚ ਆਗ਼ਾ ਦੇ ਚਾਚਾ ਇੱਕ ਸਾਬਕਾ ਸਫ਼ੀਰ ਸਨ। ਚਾਚੇ ਨੇ ਟੈਲੀਫੋਨ ਡਾਇਰੈਕਟਰੀ ਤੋਂ ਸਾਰੇ ਅਮਰ ਕਪੂਰਾਂ ਨੂੰ ਫੋਨ ਘੁਮਾਉਣੇ ਸ਼ੁਰੂ ਕੀਤੇ।
ਚੌਥੇ ਫੋਨ ਨਾਲ ਉਹਨਾਂ ਨੂੰ ਖੁਸ਼ਖਬਰੀ ਮਿਲੀ, ਅਤੇ ਉਹ ਅਮਰ ਦੇ ਪਤੇ ਅਤੇ ਫੋਨ ਨੰਬਰ ਨਾਲ ਪਾਕਿਸਤਾਨ ਪਰਤੇ। ਜਲਦੀ ਹੀ ਦੋਸਤ ਫੋਨ 'ਤੇ ਅਤੇ ਚਿੱਠੀਆਂ ਲਿੱਖ ਕੇ ਇੱਕ-ਦੂਜੇ ਦੇ ਮੁੜ ਸੰਪਰਕ 'ਚ ਆ ਗਏ।
ਉਹਨਾਂ ਨੇ ਆਪਣੇ-ਆਪ ਅਤੇ ਆਪਣੇ ਪਰਿਵਾਰਾਂ ਬਾਰੇ ਗੱਲਾਂ ਕੀਤੀਆਂ। ਸਾਰੇ ਵਿਆਹੇ ਗਏ ਸਨ ਅਤੇ ਬਾਲ-ਬੱਚੇਦਾਰ ਸਨ। ਸੋ ਦੱਸਣ-ਪੁੱਛਣ ਵਾਲਾ ਬਹੁਤ ਕੁਝ ਸੀ।
ਰਿਸ਼ਾਦ ਹੈਦਰ ਦੀ ਗਿਣਤੀ ਪਾਕਿਸਤਾਨ ਦੇ ਸਭ ਤੋਂ ਸਫ਼ਲ ਬੈਕਿੰਗ ਪੇਸ਼ੇਵਰਾਂ 'ਚ ਹੋਣ ਲੱਗੀ। ਆਗਾ ਆਪਣੇ ਖੇਤ ਸੰਭਾਲ ਰਹੇ ਸਨ।
ਅਸਫ਼ ਪਾਕਿਸਤਾਨ ਟਾਈਮਜ਼ ਨਾਲ ਕੰਮ ਰਹੇ ਸਨ। ਉਨ੍ਹਾਂ ਨੂੰ ਪਾਕਿਸਤਾਨ ਦੇ ਕੌਮੀ ਪ੍ਰੈਸ ਟਰੱਸਟ ਦੀ ਪ੍ਰਧਾਨਗੀ ਵੀ ਫੌਜੀ ਨੇਤਾ ਜਨਰਲ ਜ਼ਿਆ ਉਲ ਹੱਕ ਨਾਲ ਝਗੜੇ ਕਾਰਨ ਛੱਡਣੀ ਪਈ।
ਛਪਾਈ ਦੇ ਕਾਰੋਬਾਰ 'ਚ ਅਮਰ ਦੀ ਕਾਮਯਾਬੀ
ਅਮਰ ਦਿੱਲੀ ਅਤੇ ਆਗਰਾ ਵਿਚ ਪਰਿਵਾਰ ਦੇ ਛਪਾਈ ਦੇ ਕਾਰੋਬਾਰ ਵਿੱਚ ਸਥਾਪਿਤ ਹੋ ਗਏ ਸਨ। ਉਨ੍ਹਾਂ ਨੇ ਆਪਣੇ ਸੁੱਖ-ਦੁੱਖਾਂ ਦੀਆਂ, ਆਪਣੇ ਬੱਚਿਆਂ ਦੇ ਵਿਆਹਾਂ ਦੀਆਂ, ਰਿਸ਼ਤੇਦਾਰਾਂ ਦੀਆਂ ਮੌਤਾਂ ਦੀਆਂ ਗੱਲਾਂ ਕੀਤੀਆਂ।
ਅਮਰ ਨੇ ਆਪਣੇ ਭਰਾ ਨਾਲ ਝਗੜੇ ਦੇ ਕਾਰਨ, ਦਿੱਲੀ ਦੇ ਇੱਕ ਪੌਸ਼ ਇਲਾਕੇ ਵਿਚਲਾ ਆਪਣਾ ਪਰਿਵਾਰਕ ਘਰ ਗੁਆ ਲਿਆ।
ਇਹ ਵੀ ਪੜੋ:
ਆਗ਼ਾ ਨੇ ਉਨ੍ਹਾਂ ਨੂੰ ਲਿਖਿਆ, "ਮੈਨੂੰ ਤੁਹਾਡੇ ਘਰ ਦੀ ਵਿਕਰੀ ਬਾਰੇ ਸੁਣ ਕੇ ਬਹੁਤ ਹੈਰਾਨੀ ਅਤੇ ਦੁੱਖ ਹੋਇਆ। ਮੈਨੂੰ ਇੰਝ ਲੱਗਾ ਜਿਵੇਂ ਕਿ ਮੇਰਾ ਆਪਣਾ ਹੀ ਘਰ ਵੇਚ ਦਿੱਤਾ ਗਿਆ ਹੋਵੇ। ਇਹ ਬਹੁਤ ਹੀ ਮੰਦਭਾਗਾ ਸੀ ਪਰ ਕੌਣ ਜਾਣੇ ਇਹ ਤੁਹਾਡੇ ਅਤੇ ਬਾਕੀ ਪਰਿਵਾਰ ਲਈ ਚੰਗਾ ਸਾਬਤ ਹੋਵੇ।"
ਜਦੋਂ ਚਾਰੇ ਦੋਸਤ ਮਿਲੇ
ਜਨਵਰੀ 1982 ਵਿੱਚ ਅਮਰ ਆਗਾ ਦੇ ਪੁੱਤਰ ਕਾਸਿਮ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਆਏ। ਵੀਜ਼ਾ ਲੈਣ ਲਈ ਸਬੂਤ ਦੇ ਤੌਰ 'ਤੇ ਵਿਆਹ ਦਾ ਕਾਰਡ ਪੇਸ਼ ਕਰਨਾ ਪੈਂਦਾ ਸੀ। ਇਸ ਲਈ ਆਗਾ ਨੇ ਕਈ ਮਹੀਨੇ ਪਹਿਲਾਂ ਇੱਕ ਵਿਸ਼ੇਸ਼ ਕਾਰਡ ਆਪਣੇ ਦੋਸਤ ਲਈ ਬਣਵਾ ਕੇ ਭੇਜਿਆ।
ਹੁਣ ਕਿਉਂਕਿ ਅਮਰ ਕੋਲ ਸਿਰਫ਼ ਲਾਹੌਰ ਰਹਿਣ ਦਾ ਹੀ ਵੀਜ਼ਾ ਸੀ, ਸੋ ਬਾਕੀ ਲੋਕ ਕਰਾਚੀ ਅਤੇ ਇਸਲਾਮਾਬਾਦ ਤੋਂ ਜਾਂ ਜਿੱਥੇ ਵੀ ਉਹ ਕੰਮ ਕਰਦੇ ਸਨ ਆ ਕੇ ਉਹਨਾਂ ਨੂੰ ਮਿਲੇ। ਅਗਲੇ ਦਹਾਕੇ ਵਿੱਚ ਕਪੂਰ ਤਿੰਨ ਵਾਰ ਪਾਕਿਸਤਾਨ ਗਏ।
ਰਿਸ਼ਾਦ ਹੈਦਰ ਦੀ ਧੀ ਸਾਇਮਾ ਹੈਦਰ ਨੇ ਦੱਸਿਆ, "ਉਹ ਸਕੇ ਭਰਾਵਾਂ ਵਰਗੇ ਸਨ, ਇੱਕ ਪਰਿਵਾਰ ਵਰਗੇ। ਇਹ ਦਿਲਚਸਪ ਸੀ ਕਿ ਚਾਰੇ ਅਗਾਂਹਵਧੂ ਅਤੇ ਸਫ਼ਲ ਵਿਅਕਤੀ ਸਨ। ਜਦੋਂ ਉਹ ਮਿਲੇ ਤਾਂ ਇੱਕ ਦੂਜੇ ਨਾਲ ਘੁਲ ਮਿਲ ਗਏ ਤੇ ਪੂਰੇ ਬੱਚੇ ਬਣ ਗਏ।ਉਨ੍ਹਾਂ ਦੀ ਦੇਸਤੀ ਵਿੱਚ ਕੁਝ ਤਾਂ ਖ਼ਾਸ ਸੀ।"
ਅਮਰ ਦਾ ਦਿੱਲੀ ਆਉਣ ਦਾ ਸੱਦਾ
ਅਮਰ ਅਕਸਰ ਆਗਾ ਨੂੰ ਫੋਨ 'ਤੇ ਦਿੱਲੀ ਬੁਲਾਉਂਦੇ। ਇੱਕ ਦਿਨ ਆਗਾ ਨੇ ਜਲਦੀ ਹੀ ਆਪਣੇ ਭਾਰਤ ਦੌਰੇ ਦੀ ਉਮੀਦ ਜ਼ਾਹਰ ਕੀਤੀ। ਕਿਹਾ, "ਤੁਹਾਡੇ ਸੱਦੇ ਇੰਨੇ ਪਿਆਰ ਭਰੇ ਹਨ ਕਿ ਮੈਨੂੰ ਹੁਣ ਤੱਕ ਨਾ ਆ ਸਕਣ ਲਈ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ। ਪਰ ਇੰਸ਼ਾ-ਅੱਲਾਹ ਦੇਰ-ਸਵੇਰ ਅਸੀਂ ਜ਼ਰੂਰ ਮਿਲਾਂਗੇ ।"
ਜਿਵੇਂ ਹੀ 1988 ਦੀ ਸਰਦੀ ਅਉਣ ਲੱਗੀ ਆਗ਼ਾ ਨੇ ਅਮਰ ਨੂੰ ਨਵੇਂ ਸਾਲ 'ਤੇ ਦਿੱਲੀ ਆ ਕੇ ਮਿਲਣ ਦਾ ਵਾਅਦਾ ਕੀਤਾ, ਪਰ ਦਸੰਬਰ ਵਿੱਚ 67 ਸਾਲ ਦੀ ਉਮਰੇ ਉਨ੍ਹਾਂ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ।
ਉਸ ਤੋਂ ਬਾਅਦ 1993 ਵਿੱਚ 67 ਸਾਲ ਵਿੱਚ ਚਾਲੇ ਪਾਉਣ ਲਈ ਰਿਸ਼ਾਦ ਵੀ ਤਿਆਰ ਸੀ। ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਹਸਪਤਾਲ ਵਿੱਚ ਆਪਣੇ ਪਰਿਵਾਰ ਨੂੰ ਦੱਸਿਆ, "ਮੈਨੂੰ ਲਗਦਾ ਹੈ ਕਿ ਮੇਰੀ ਵਾਰੀ ਆ ਗਈ ਹੈ।"
'ਬੱਚਿਆ ਜ਼ਰੀਏ ਕਾਇਮ ਰਹੇ ਦੋਸਤੀ'
ਜੂਨ 1996 ਵਿੱਚ ਨਿਰਾਸ਼ ਅਸਫ਼ ਨੇ ਅਮਰ ਨੂੰ ਲਿਖਿਆ, "ਉਮਰ ਭਰ ਦੇ ਦੋਸਤਾਂ ਨੂੰ ਗੁਆਉਣਾ ਬੜਾ ਦੁੱਖਦਾਈ ਹੁੰਦਾ ਹੈ।
ਅਗ਼ਾ ਅਹਿਮਦ ਅਤੇ ਰਿਸ਼ਾਦ ਦੋਹਾਂ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਖਲਾਅ ਛੱਡ ਦਿੱਤਾ ਹੈ, ਜੋ ਕਦੇ ਭਰਿਆ ਨਹੀਂ ਜਾ ਸਕਦਾ। ਮੇਰੀ ਆਪਣੀ ਸਿਹਤ ਵੀ ਕੁਝ ਦੇਰ ਤੋਂ ਅਸਾਵੀਂ ਚੱਲ ਰਹੀ ਹੈ। ਜਲਦੀ ਹੀ ਆਪਣੇ ਦੋਸਤਾਂ ਨੂੰ ਉਹਨਾਂ ਦੇ ਸਦੀਵੀਂ ਨਿਵਾਸ ਵਿੱਚ ਮਿਲਾਂਗਾ।
ਅਸਫ਼ ਨੇ ਆਪਣੇ ਦੋਹਾਂ ਬੱਚਿਆਂ ਦੇ ਦੂਰ ਅਮਰੀਕਾ ਵਿੱਚ ਰਹਿੰਦੇ ਹੋਣ ਕਰਕੇ ਆਪਣੇ ਇਕੱਲੇਪਣ ਬਾਰੇ ਲਿਖਦਿਆਂ ਕਿਹਾ, '' ਔਲਾਦ ਨਾਲ਼ ਹੁੰਦੀਆਂ ਸੰਖੇਪ ਮਿਲਣੀਆਂ ਇਕੱਲੇਪਣ ਨੂੰ ਵਧਾਉਂਦੀਆਂ ਹੀ ਹਨ। ਕਈ ਵਾਰ ਮੈਨੂੰ ਲਗਦਾ ਹੈ ਕਿ ਜ਼ਿੰਦਗੀ ਬੇ- ਅਰਥ ਹੋ ਗਈ ਹੈ।"
ਅਸਫ਼ ਨੇ ਇਸ ਉਮੀਦ ਨਾਲ ਕਿ ਉਨ੍ਹਾਂ ਦੇ ਬੱਚੇ ਮਾਪਿਆਂ ਦੀ ਦੋਸਤੀ ਕਾਇਮ ਰੱਖਣਗੇ ਲਿਖਿਆ, "ਜੇ ਤੁਸੀਂ ਅਤੇ ਮੈਂ ਮਿਲ ਨਹੀਂ ਸਕਦੇ ਤਾਂ ਸਾਡੇ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਦੋਸਤੀ ਬਰਕਰਾਰ ਰੱਖਣੀ ਚਾਹੀਦੀ ਹੈ।
ਇੱਕ ਮਹੀਨੇ ਬਾਅਦ 29 ਜੁਲਾਈ ਨੂੰ ਅਸਫ਼ ਖ਼ਵਾਜਾ ਸਵੇਰੇ ਉੱਠੇ, ਇਸ਼ਨਾਨ ਕੀਤਾ, ਨਾਸ਼ਤਾ ਕਰਕੇ ਅਖਬਾਰ ਪੜ੍ਹਨ ਲੱਗੇ ਕਿ ਉਹਨਾਂ ਦੀ ਦਿਲ ਦੇ ਦੌਰੇ ਨਾਲ਼ ਮੌਤ ਹੋ ਗਈ। ਉਦੋਂ ਉਹ 71 ਸਾਲ ਦੇ ਸਨ।
ਰੁਝੇਵਿਆਂ ਭਰੀ ਅਮਰ ਕਪੂਰ ਦੀ ਜ਼ਿੰਦਗੀ
94 ਸਾਲ ਦੀ ਉਮਰ ਵਿਚ, ਅਮਰ ਕਪੂਰ, ਹੀ ਬਾਕੀ ਹਨ। ਉਹ 20 ਸਾਲ ਪਹਿਲਾਂ ਆਪਣਾ ਕਾਰੋਬਾਰ ਵੇਚ ਕੇ ਹੁਣ ਦਿੱਲੀ ਦੇ ਬਾਹਰਵਾਰ ਫ਼ਰੀਦਾਬਾਦ ਵਿੱਚ ਬਣਾਏ ਆਪਣੇ ਦੋ ਮੰਜ਼ਲਾ ਘਰ ਵਿੱਚ ਆਪਣੀ ਪਤਨੀ ਮੀਨਾ ਨਾਲ ਇਕ ਰੁਝੇਵੇਂ ਭਰਪੂਰ ਜਿੰਦਗੀ ਜਿਉਂ ਰਹੇ ਹਨ।
ਉਹ ਆਪਣੀ ਉਮਰ ਦੇ ਹਿਸਾਬ ਨਾਲ਼ ਬਹੁਤ ਹੀ ਫੁਰਤੀਲੇ ਹਨ, ਅਤੇ ਆਪਣੀਆਂ ਪੈਨਸਿਲ ਡਰਾਇੰਗਾਂ, ਪੇਂਟਿੰਗਾਂ, ਫੋਟੋਆਂ ਅਤੇ ਸੁਫਨਿਆਂ ਦੀ ਸੁੰਦਰਤਾ ਦੇ ਨਾਲ ਰਹਿ ਰਹੇ ਹਨ।
ਉਹ ਆਪਣੇ ਅਤੀਤ ਪ੍ਰਤੀ ਕਾਫੀ ਸੰਤੁਸ਼ਟ ਹਨ।ਹੋਰ ਕਿਸੇ ਚੀਜ਼ ਦੇ ਮੁਕਾਬਲੇ ਰੋਟਰੀ ਕਲੱਬ ਦੇ ਨਾਲ ਆਪਣੀ ਪਤਨੀ ਦੇ ਕੰਮ ਨੂੰ ਲੈ ਕੇ ਉਹ ਜ਼ਿਆਦਾ ਫ਼ਖ਼ਰ ਮਹਿਸੂਸ ਕਰਦੇ ਹਨ।
ਮੈਂ ਪੁੱਛਿਆ, ਕੀ ਉਹਨਾਂ ਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਅਉਂਦੀ ਹੈ? ਉਹ ਕਹਿੰਦੇ ਹਨ, "ਮੈਨੂੰ ਉਨ੍ਹਾਂ ਦੀ ਯਾਦ ਆਉਂਦੀ ਹੈ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਸਾਂ ਅਤੇ ਹੁਣ ਮੈਂ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਦਾ ਹਾਂ। ਸਿਰਫ ਉਹੀ ਮੇਰੇ ਸੱਚੇ ਦੋਸਤ ਸਨ।"
(ਤਸਵੀਰਾਂ ਮਾਨਸੀ ਥਾਪਲਿਆਲ। ਪਰਿਵਾਰ ਦੇ ਮੈਂਬਰਾਂ ਦੁਆਰਾ ਮੁਹੱਈਆ ਕਰਵਾਈਆਂ ਪੁਰਾਣੀਆਂ ਤਸਵੀਰਾਂ। ਦਿੱਲੀ ਲਏ ਗਏ ਇੰਟਰਵਿਊ। ਕਰਾਚੀ, ਲਾਹੌਰ, ਇਸਲਾਮਾਬਾਦ ਅਤੇ ਕੈਲੀਫੋਰਨੀਆ ਵਿੱਚ ਫੋਨ ਰਾਹੀਂ ਲਏ ਗਏ ਇੰਟਰਵਿਊ।)
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ
https://www.youtube.com/watch?v=NAnPwkP8mwM
https://www.youtube.com/watch?v=KWcxJ77SzSM
https://www.youtube.com/watch?v=7QyqX2HBzXw
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)
ਸਾਊਦੀ ਅਰਬ ’ਚ ਔਰਤਾਂ ਬਿਨਾਂ ਪੁਰਸ਼ ਸਰਪਰਸਤ ਦੇ ਬਣਵਾ ਸਕਣਗੀਆਂ ਪਾਸਪੋਰਟ ਤੇ ਕਰ ਸਕਣਗੀਆਂ ਵਿਦੇਸ਼ ਯਾਤਰਾ
NEXT STORY