ਭਾਰਤ ਵਾਂਗ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਵੀ ਇਸਲਾਮ ਦੇ ਆਗਮਨ ਦੀ ਕਹਾਣੀ ਇਤਿਹਾਸ ਤੋਂ ਪਹਿਲਾਂ ਮਿਥ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ। ਖਵਾਜਾ ਮੁਹੰਮਦ ਆਜ਼ਮ ਦੀਦਾਮਰੀ ਨਾਮ ਦੇ ਸੂਫ਼ੀ ਲੇਖਕ ਨੇ ਫਾਰਸੀ ਵਿੱਚ 'ਵਾਕਯਾਤ-ਏ-ਕਸ਼ਮੀਰ' ਨਾਮ ਤੋਂ 1747 ਵਿੱਚ ਇੱਕ ਕਿਤਾਬ ਛਾਪੀ ਜਿਸ ਦੀਆਂ ਕਹਾਣੀਆਂ ਪੁਰਾਤਨ ਕਥਾਵਾਂ ਦੀ ਤਰਜ 'ਤੇ ਲਿਖੀਆਂ ਗਈਆਂ ਸਨ।
ਇਸ ਵਿੱਚ ਦੱਸਿਆ ਗਿਆ ਹੈ ਕਿ ਰਾਖਸ਼ ਜਲਦੇਵ ਇਸ ਪੂਰੇ ਖੇਤਰ ਨੂੰ ਪਾਣੀ ਵਿੱਚ ਡੁਬੋ ਕੇ ਰੱਖਦਾ ਹੈ। ਇਸ ਕਹਾਣੀ ਦਾ ਨਾਇਕ 'ਕਾਸ਼ਿਫ਼' ਹੈ, ਜਿਸ ਨੂੰ ਉਹ ਕਿਸੇ ਮਾਰਿਚੀ ਦਾ ਪੁੱਤਰ ਦੱਸਦਾ ਹੈ। ਕਾਸ਼ਿਵ ਮਹਾਦੇਵ ਦੀ ਤਪੱਸਿਆ ਕਰਦਾ ਹੈ ਅਤੇ ਫਿਰ ਮਹਾਦੇਵ ਦੇ ਸੇਵਕ ਬ੍ਰਹਮਾ ਅਤੇ ਵਿਸ਼ਨੂ ਜਲਦੇਵ ਦਾ ਦਮਨ ਕਰਕੇ ਕਾਸ਼ਿਫ਼ ਦੇ ਨਾਮ ਤੋਂ ਇਸ ਖ਼ੇਤਰ ਨੂੰ ਰਹਿਣ ਲਾਇਕ ਬਣਾਉਂਦੇ ਹਨ।
ਵਿਦਵਾਨ ਮੰਨਦੇ ਹਨ ਕਿ ਇਹ ਕਾਸ਼ਿਫ਼ ਅਸਲ ਵਿੱਚ ਕਸ਼ਿਅਪ ਰਿਸ਼ੀ ਦੀ ਕਹਾਣੀ ਹੈ, ਜਿਸ ਨੂੰ ਜਾਣੇ-ਅਣਜਾਣੇ ਮੁਸਲਮਾਨ ਵਰਗਾ ਸਾਬਿਤ ਕਰਨ ਦੀ ਕੋਸ਼ਿਸ਼ ਹੋਈ ਹੈ।
'ਵਾਕਯਾਤ-ਏ-ਕਸ਼ਮੀਰ' ਲਿਖਣ ਵਾਲੇ ਆਜ਼ਮ ਦੇ ਪੁੱਤ ਬਦੀ-ਉਦ-ਦੀਨ ਇਸ ਮਿਥਕ ਕਹਾਣੀ ਨੂੰ ਹੋਰ ਵੀ ਦੂਜੇ ਪੱਧਰ 'ਤੇ ਲੈ ਕੇ ਚਲੇ ਗਏ। ਉਨ੍ਹਾਂ ਨੇ ਤਾਂ ਇਸ ਨੂੰ ਸਿੱਧੇ ਆਦਮ ਦੀ ਕਹਾਣੀ ਨਾਲ ਜੋੜ ਦਿੱਤਾ।
ਉਨ੍ਹਾਂ ਮੁਤਾਬਕ ਕਸ਼ਮੀਰ ਵਿੱਚ ਸ਼ੁਰੂ ਤੋਂ ਲੈ ਕੇ 1100 ਸਾਲ ਤੱਕ ਮੁਸਲਮਾਨਾਂ ਦਾ ਸ਼ਾਸਨ ਸੀ ਜਿਸ ਨੂੰ ਹਰਿਨੰਦ ਨਾਮ ਦੇ ਇੱਕ ਹਿੰਦੂ ਰਾਜਾ ਨੇ ਜਿੱਤ ਲਿਆ।
https://www.youtube.com/watch?v=-fDn26UgMto
ਉਨ੍ਹਾਂ ਮੁਤਾਬਕ ਕਸ਼ਮੀਰ ਦੀ ਜਨਤਾ ਨੂੰ ਇਬਾਦਤ ਕਰਨਾ ਖੁਦ ਹਜ਼ਰਤ ਮੂਸਾ ਨੇ ਸਿਖਾਇਆ।
ਉਨ੍ਹਾਂ ਮੁਤਾਬਕ ਮੂਸਾ ਦੀ ਮੌਤ ਵੀ ਕਸ਼ਮੀਰ ਵਿੱਚ ਹੀ ਹੋਈ ਅਤੇ ਉਨ੍ਹਾਂ ਦਾ ਮਕਬਰਾ ਵੀ ਉੱਥੇ ਹੀ ਹੈ।
ਦਰਅਸਲ ਬਦੀ-ਉਦ-ਦੀਨ ਨੇ ਇਹ ਸਭ ਸੰਭਾਵੀ ਸ਼ੇਖ ਨੂਰੂਦੀਨ ਵਲੀ (ਜਿਨ੍ਹਾਂ ਨੂੰ ਨੁੰਦ ਰਿਸ਼ੀ ਵੀ ਕਿਹਾ ਜਾਂਦਾ ਹੈ) ਦੇ 'ਨੂਰਨਾਮਾ' ਨਾਮ ਤੋਂ ਕਸ਼ਮੀਰੀ ਭਾਸ਼ਾ ਵਿੱਚ ਲਿਖੇ ਗਏ ਕਸ਼ਮੀਰ ਦੇ ਇਤਿਹਾਸ 'ਤੇ ਆਧਾਰਿਤ ਕਰਕੇ ਲਿਖ ਦਿੱਤਾ।
ਫਿਲਹਾਲ ਇਤਿਹਾਸਕਾਰਾਂ ਨੇ ਚੇਰਾਮਨ ਪੇਰੂਮਲ ਦੀ ਕਹਾਣੀ ਦੀ ਤਰ੍ਹਾਂ ਇਨ੍ਹਾਂ ਕਹਾਣੀਆਂ ਨੂੰ ਵੀ ਕੋਈ ਅਹਿਮੀਅਤ ਨਹੀਂ ਦਿੱਤੀ ਹੈ।
ਪ੍ਰਿਥਵੀਨਾਥ ਕੌਲ ਬਾਮਜ਼ਈ ਇੱਕ ਮਸ਼ਹੂਰ ਕਸ਼ਮੀਰੀ ਇਤਿਹਾਸਕਾਰ ਹੋਏ ਹਨ।
ਇਹ ਵੀ ਪੜ੍ਹੋ:
ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਕਸ਼ਮੀਰ ਦੇ ਤਤਕਾਲੀ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾਹ ਨੇ ਉਨ੍ਹਾਂ ਨਾਲ ਕਸ਼ਮੀਰ ਦਾ ਵਿਸਥਾਰ ਨਾਲ ਇਤਿਹਾਸ ਲਿਖਣ ਦੀ ਬੇਨਤੀ ਕੀਤੀ ਸੀ।
1962 ਵਿੱਚ ਛਪੀ ਉਨ੍ਹਾਂ ਦੀ ਕਿਤਾਬ 'ਏ ਹਿਸਟਰੀ ਆਫ਼ ਕਸ਼ਮੀਰ' ਦੀ ਭੂਮਿਕਾ ਖੁਦ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੀ ਨੇ ਲਿਖੀ ਸੀ।
ਤਿੰਨ ਹਿੱਸਿਆਂ ਵਿੱਚ ਲਿਖੀ 'ਕਲਚਰਲ ਐਂਡ ਪੌਲੀਟਿਕਲ ਹਿਸਟਰੀ ਆਫ਼ ਕਸ਼ਮੀਰ' ਇਸ ਸੂਬੇ ਦੇ ਇਤਿਹਾਸ ਨੂੰ ਸਮਝਣ ਲਈ ਇੱਕ ਅਹਿਮ ਸਰੋਤ ਕਿਹਾ ਜਾ ਸਕਦਾ ਹੈ।
ਇਸਲਾਮ ਨਾਲ ਕਸ਼ਮੀਰ ਦੀ ਪਹਿਲੀ ਪਛਾਣ
ਬਾਮਜ਼ਈ ਮੁਤਾਬਕ ਮੁਹੰਮਦ ਬਿਨ ਕਾਸਿਮ ਸਿੰਧ ਜਿੱਤ ਤੋਂ ਬਾਅਦ ਕਸ਼ਮੀਰ ਵੱਲ ਵਧੇ ਜ਼ਰੂਰ ਸੀ ਪਰ ਉਨ੍ਹਾਂ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ।
ਉਨ੍ਹਾਂ ਦੀ ਅਕਾਲ ਮੌਤ ਕਾਰਨ ਉਨ੍ਹਾਂ ਦਾ ਕੋਈ ਲੰਮਾ ਸਮਾਂ ਸ਼ਾਸਨ ਵੀ ਸਥਾਪਤ ਨਾ ਹੋ ਸਕਿਆ।
ਮੁਸ਼ਕਿਲ ਭੁਗੋਲਿਕ ਹਾਲਤ ਕਾਰਨ ਕਸ਼ਮੀਰ ਤੱਕ ਪਹੁੰਚਣਾ ਮੁਸ਼ਕਿਲ ਸੀ। ਇਸ ਕਾਰਨ ਵੀ ਅਰਬ ਉੱਥੇ ਪਹੁੰਚ ਸਕਣ ਵਿੱਚ ਨਾਕਾਮਯਾਬ ਰਹੇ ਸਨ।
ਅਰਬਾਂ ਨਾਲ ਕਸ਼ਮੀਰੀ ਹਿੰਦੂ ਸ਼ਾਸਕਾਂ ਦਾ ਪਹਿਲਾ ਸੰਪਰਕ ਕਾਰਕੋਟ ਰਾਜਵੰਸ਼ (625 ਤੋਂ 885 ਈਸਵੀ) ਦੇ ਦੌਰਾਨ ਹੋਇਆ ਸੀ। ਮੱਧ ਏਸ਼ੀਆ 'ਤੇ ਅਤੇ ਅਫ਼ਗਾਨਿਸਤਾਨ ਦੀਆਂ ਆਪਣੀਆਂ ਮੁਹਿੰਮਾਂ ਦੌਰਾਨ ਇਸ ਵੰਸ਼ ਦੇ ਮੁੱਖ ਰਾਜਿਆਂ ਜਿਵੇਂ ਚੰਦਰਪੀੜ ਅਤੇ ਲਲਿਤਾਦਿਤਿਆ ਦਾ ਸਾਹਮਣਾ ਅਰਬਾਂ ਨਾਲ ਹੋਇਆ ਅਤੇ ਪਹਿਲੀ ਵਾਰੀ ਉਨ੍ਹਾਂ ਦੀ ਪਛਾਣ ਇਸਲਾਮ ਨਾਮ ਦੇ ਇਸ ਨਵੇਂ ਧਰਮ ਨਾਲ ਹੋਈ।
ਅਰਬਾਂ ਤੋਂ ਉਨ੍ਹਾਂ ਨੂੰ ਇੰਨਾ ਖ਼ਤਰਾ ਮਹਿਸੂਸ ਹੋਇਆ ਹੈ ਕਿ ਲਲਿਤਾਦਿਤਿਆ ਨੇ ਚੀਨ ਦੇ ਸਮਰਾਟ ਦੇ ਕੋਲ ਆਪਣਾ ਰਾਜਦੂਤ ਭੇਜ ਕੇ ਮਦਦ ਮੰਗੀ ਸੀ ਅਤੇ ਅਰਬਾਂ ਖਿਲਾਫ਼ ਇੱਕ ਫੌਜੀ ਗਠਜੋੜ ਬਣਾਉਣ ਦੀ ਬੇਨਤੀ ਕੀਤੀ ਸੀ।
ਮਹਿਮੂਦ ਗਜ਼ਨੀ ਕਦੇ ਕਸ਼ਮੀਰ ਨੂੰ ਨਹੀਂ ਜਿੱਤ ਸਕਿਆ
ਕਸ਼ਮੀਰ ਦੀ ਦੁਰੂਹ ਪੱਖੀ ਭੂਗੋਲਿਕ ਸਥਿਤੀ ਕਾਰਨ ਉੱਥੇ ਕਿਸੇ ਕਿਸਮ ਦਾ ਬਾਹਰੀ ਘੁਸਪੈਠ ਕਰਨਾ ਸੌਖਾ ਨਹੀਂ ਸੀ। ਇਸ ਤੋਂ ਇਲਾਵਾ ਕਸ਼ਮੀਰ ਦੇ ਰਾਜੇ ਵੀ ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਦੇ ਸੀ ਅਤੇ ਬਾਹਰੀ ਸੰਪਰਕ ਨੂੰ ਉਤਸ਼ਾਹਿਤ ਨਹੀਂ ਕਰਦੇ ਸੀ।
1017 ਵਿਚ ਭਾਰਤ ਦੀ ਯਾਤਰਾ ਕਰਨ ਵਾਲੇ ਅਲ-ਬੇਰੂਨੀ ਨੇ ਇਸ ਬਾਰੇ ਬਹੁਤ ਹੀ ਸ਼ਿਕਾਇਤ ਭਰੇ ਲਹਿਜ਼ੇ ਵਿਚ ਲਿਖਿਆ ਹੈ- 'ਕਸ਼ਮੀਰੀ ਰਾਜਾ ਖ਼ਾਸ ਤੌਰ 'ਤੇ ਆਪਣੇ ਰਾਜ ਦੇ ਕੁਦਰਤੀ ਸਰੋਤਾਂ ਬਾਰੇ ਚਿੰਤਤ ਰਹਿੰਦੇ ਹਨ। ਇਸ ਲਈ ਕਸ਼ਮੀਰ ਪਹੁੰਚਣ ਵਾਲੇ ਹਰ ਐਂਟਰੀ-ਰਾਹ ਅਤੇ ਸੜਕਾਂ 'ਤੇ ਆਪਣੀ ਪਕੜ ਬਣਾਈ ਰੱਖਣ ਲਈ ਉਹ ਬਹੁਤ ਸਾਵਧਾਨੀ ਵਰਤਦੇ ਹਨ।"
"ਇਸ ਕਾਰਨ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਪਾਰ ਕਰਨਾ ਵੀ ਮੁਸ਼ਕਿਲ ਹੈ। ਉਹ ਕਿਸੇ ਅਜਿਹੇ ਹਿੰਦੂ ਨੂੰ ਵੀ ਆਪਣੇ ਸੂਬੇ ਵਿੱਚ ਵੜਨ ਨਹੀਂ ਦਿੰਦੇ ਜਿਸ ਨੂੰ ਉਹ ਨਿੱਜੀ ਰੂਪ ਤੋਂ ਜਾਣਦੇ ਨਾ ਹੋਣ।"
ਧਿਆਨ ਰਹੇ ਕਿ ਅਲ-ਬੇਰੂਨੀ ਦਾ ਕਾਲ ਵੀ ਮਹਿਮੂਦ ਗਜ਼ਨੀ ਦਾ ਕਾਲ ਹੈ। ਭਾਰਤ ਉੱਤੇ ਗਜ਼ਨੀ ਦੇ ਕਈ ਹਮਲਿਆਂ ਤੋਂ ਅਸੀਂ ਜਾਣੂ ਹਾਂ। ਗਜ਼ਨੀ ਤੋਂ ਤਕਰੀਬਨ ਸੌ ਸਾਲ ਪਹਿਲਾਂ ਕਾਬੁਲ ਵਿੱਚ ਲੱਲਿਆ ਨਾਮ ਦੇ ਇੱਕ ਬ੍ਰਾਹਮਣ ਮੰਤਰੀ ਨੇ ਆਪਣੀ ਰਾਜਸ਼ਾਹੀ ਸਥਾਪਿਤ ਕੀਤੀ ਸੀ ਜਿਸ ਨੂੰ ਇਤਿਹਾਸਕਾਰ 'ਹਿੰਦੂ ਸ਼ਾਹੀ' ਕਹਿੰਦੇ ਹਨ। ਉਨ੍ਹਾਂ ਨੇ ਕਸ਼ਮੀਰ ਦੇ ਹਿੰਦੂ ਰਾਜਿਆਂ ਨਾਲ ਡੂੰਘੇ ਸਿਆਸੀ ਅਤੇ ਸਭਿਆਚਾਰਕ ਸਬੰਧ ਸਥਾਪਤ ਕੀਤੇ ਸਨ।
ਗਜ਼ਨੀ ਨੇ ਜਦੋਂ ਉੱਤਰ ਭਾਰਤ 'ਤੇ ਹਮਲਾ ਕਰਨ ਬਾਰੇ ਸੋਚਿਆ ਤਾਂ ਉਸ ਦਾ ਪਹਿਲਾ ਨਿਸ਼ਾਨਾ ਇਹੀ ਸਾਮਰਾਜ ਬਣਿਆ।
ਉਸ ਵੇਲੇ ਕਾਬੁਲ ਦਾ ਰਾਜਾ ਸੀ ਜੈਪਾਲ। ਜੈਪਾਲ ਨੇ ਕਸ਼ਮੀਰ ਦੇ ਰਾਜਾ ਤੋਂ ਮਦਦ ਮੰਗੀ। ਮਦਦ ਮਿਲੀ ਵੀ ਪਰ ਉਹ ਗਜ਼ਨੀ ਦੇ ਹੱਥੋਂ ਹਾਰ ਗਿਆ।
ਹਾਰਨ ਤੋਂ ਬਾਅਦ ਵੀ ਜੈਪਾਲ ਦੇ ਪੁੱਤਰ ਆਨੰਦਪਾਲ ਅਤੇ ਪੋਤੇ ਤ੍ਰਿਲੋਚਨਪਾਲ ਨੇ ਗਜ਼ਨੀ ਖਿਲਾਫ਼ ਲੜਾਈ ਜਾਰੀ ਰੱਖੀ।
ਤ੍ਰਿਲੋਚਨਪਾਲ ਨੂੰ ਤਤਕਾਲੀ ਕਸ਼ਮੀਰ ਦੇ ਰਾਜਾ ਸੰਗਰਾਮਰਾਜਾ ਤੋਂ ਮਦਦ ਵੀ ਮਿਲੀ ਪਰ ਉਹ ਆਪਣਾ ਸਾਮਰਾਜ ਬਚਾਅ ਨਾ ਸਕਿਆ।
12 ਵੀਂ ਸਦੀ ਵਿੱਚ 'ਰਾਜਤਰੰਗਿਨੀ' ਦੇ ਨਾਂ 'ਤੇ ਕਸ਼ਮੀਰ ਦਾ ਮਸ਼ਹੂਰ ਇਤਿਹਾਸ ਲਿਖਣ ਵਾਲੇ ਕਲਹਨ ਨੇ ਇਸ ਮਹਾਨ ਸਾਮਰਾਜ ਦੇ ਪਤਨ 'ਤੇ ਬਹੁਤ ਦੁੱਖ ਦਾ ਪ੍ਰਗਟਾਇਆ ਹੈ।
ਗਜ਼ਨੀ ਨੇ ਇਸ ਤੋਂ ਬਾਅਦ ਅੱਜ ਦੇ ਹਿਮਾਚਲ ਦਾ ਹਿੱਸਾ ਕਾਂਗੜਾ ਵੀ ਜਿੱਤ ਲਿਆ ਪਰ ਕਸ਼ਮੀਰ ਦਾ ਸੁਤੰਤਰ ਹਿੰਦੂ ਸਾਮਰਾਜ ਉਨ੍ਹਾਂ ਦੀ ਅੱਖ ਵਿੱਚ ਕੰਡਾ ਬਣਿਆ ਰਿਹਾ।
1015 ਵਿੱਚ ਉਨ੍ਹਾਂ ਨੇ ਪਹਿਲੀ ਵਾਰੀ ਤੋਸਾ-ਮੈਦਾਨ ਪਾਸ ਦੇ ਰਾਹੀਂ ਕਸ਼ਮੀਰ ਉੱਤੇ ਹਮਲਾ ਕੀਤਾ ਪਰ ਮੁਸ਼ਕਿਲ ਭੂਗੋਲਿਕ ਸਥਿਤੀ ਅਤੇ ਕਸ਼ਮੀਰੀਆਂ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਬਹੁਤ ਬੇਇਜ਼ਤੀ ਨਾਲ ਵਾਪਸ ਪਰਤਣਾ ਪਿਆ।
ਇਹ ਭਾਰਤ ਵਿੱਚ ਕਿਸੇ ਜੰਗ ਵਿੱਚ ਉਸ ਦੇ ਪਿੱਛੇ ਹਟਣ ਦਾ ਪਹਿਲਾ ਮੌਕਾ ਸੀ। ਬਦਲੇ ਵਿੱਚ ਉਸ ਦੀ ਫੌਜ ਰਾਹ ਵੀ ਭਟਕ ਗਈ ਸੀ ਅਤੇ ਵਾਦੀ ਵਿੱਚ ਆਏ ਹੜ੍ਹ ਵਿੱਚ ਫਸ ਗਈ ਸੀ। ਬੇਇਜ਼ਤੀ ਦੇ ਨਾਲ-ਨਾਲ ਗਜ਼ਨੀ ਦਾ ਨੁਕਸਾਨ ਵੀ ਬਹੁਤ ਹੋਇਆ।
ਛੇ ਸਾਲਾਂ ਬਾਅਦ ਸਾਲ 1021 ਵਿੱਚ ਗਜ਼ਨੀ ਨੇ ਮੁੜ ਸਨਮਾਨ ਹਾਸਿਲ ਕਰਨ ਲਈ ਦੁਬਾਰਾ ਕਸ਼ਮੀਰ ਉੱਤੇ ਉਸੇ ਰਾਹ ਤੋਂ ਹੀ ਹਮਲਾ ਕੀਤਾ।
https://www.youtube.com/watch?v=Lu63Z0G84wI
ਇੱਕ ਮਹੀਨੇ ਤੱਕ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਲੋਹਕੋਟ ਦੀ ਕਿਲੇਬੰਦੀ ਨੂੰ ਉਹ ਭੇਦ ਨਾ ਸਕਿਆ। ਵਾਦੀ ਵਿੱਚ ਬਰਫ਼ਬਾਰੀ ਸ਼ੁਰੂ ਹੋਣ ਵਾਲੀ ਸੀ ਅਤੇ ਗਜ਼ਨੀ ਨੂੰ ਮਹਿਸੂਸ ਹੋਇਆ ਕਿ ਇਸ ਵਾਰ ਉਸ ਦੀ ਫੌਜ ਦੀ ਸਥਿਤੀ ਪਿਛਲੀ ਵਾਰ ਨਾਲੋਂ ਵੀ ਮਾੜੀ ਹੋਣ ਵਾਲੀ ਹੈ।
ਉਨ੍ਹਾਂ ਨੂੰ ਕਸ਼ਮੀਰ ਦੀ ਨਾ ਜਿੱਤਣ ਵਾਲੀ ਸਥਿਤੀ ਦਾ ਅਹਿਸਾਸ ਹੋ ਗਿਆ ਸੀ। ਦੁਬਾਰਾ ਬੇਇੱਜ਼ਤੀ ਦਾ ਘੁੱਟ ਭਰਦੇ ਹੋਏ ਉਨ੍ਹਾਂ ਨੂੰ ਮੁੜ ਪਰਤਣਾ ਪਿਆ। ਉਸ ਤੋਂ ਬਾਅਦ ਉਨ੍ਹਾਂ ਨੇ ਕਸ਼ਮੀਰ ਬਾਰੇ ਸੋਚਣਾ ਵੀ ਬੰਦ ਕਰ ਦਿੱਤਾ।
ਕਸ਼ਮੀਰ ਦੇ ਹਿੰਦੂ ਰਾਜਾ ਹਰਸ਼ਦੇਵ 'ਤੇ ਇਸਲਾਮ ਦਾ ਅਸਰ
ਉਤਪਾਲ ਵੰਸ਼ ਦੇ ਰਾਜਾ ਹਰਸ਼ਦੇਵ ਜਾਂ ਹਰਸ਼ ਨੇ 1089 ਤੋਂ 1111 (ਕੁਝ ਵਿਦਵਾਨਾਂ ਅਨੁਸਾਰ 1038-1089) ਤੱਕ ਕਸ਼ਮੀਰ ਉੱਤੇ ਰਾਜ ਕੀਤਾ। ਮੰਨਿਆ ਜਾਂਦਾ ਹੈ ਕਿ ਉਹ ਇਸਲਾਮ ਤੋਂ ਇੰਨਾ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਨੇ ਨਾ ਸਿਰਫ਼ ਮੂਰਤੀ-ਪੂਜਾ ਛੱਡ ਦਿੱਤੀ, ਸਗੋਂ ਕਸ਼ਮੀਰ ਵਿੱਚ ਮੂਰਤੀਆਂ, ਹਿੰਦੂ ਮੰਦਿਰਾਂ ਅਤੇ ਬੋਧੀ ਮੰਦਰਾਂ ਨੂੰ ਢਾਹਉਣ ਦੀ ਸ਼ੁਰੂਆਤ ਕੀਤੀ।
ਇਸ ਕੰਮ ਲਈ ਉਨ੍ਹਾਂ ਨੇ 'ਦੇਵਤਪਟਨ ਨਾਇਕ' ਦੇ ਇੱਕ ਵਿਸ਼ੇਸ਼ ਅਹੁਦੇ ਦਾ ਪ੍ਰਬੰਧ ਵੀ ਕੀਤਾ ਸੀ। ਹਰਸ਼ ਨੇ ਆਪਣੀ ਫ਼ੌਜ ਵਿੱਚ ਤੁਰੁਸ਼ਕ (ਤੁਰਕ) ਦੇ ਫੌਜੀ ਵੀ ਨਿਯੁਕਤ ਕੀਤੇ ਸਨ। 'ਰਾਜਤਰੰਗਿਨੀ' ਦੇ ਲੇਖਕ ਕਲਹਣ ਉਸ ਦੇ ਸਮਕਾਲੀ ਸਨ। ਕਲਹਨ ਦੇ ਪਿਤਾ ਚੰਪਕ ਨੂੰ ਹਰਸ਼ ਦਾ ਜਨਰਲ ਸੱਕਤਰ ਵੀ ਕਿਹਾ ਜਾਂਦਾ ਹੈ। ਕਲਹਨ ਨੇ ਹਰਸ਼ ਨੂੰ ਬੇਇਜ਼ਤੀ ਵਾਲੀ ਸ਼ੈਲੀ ਵਿਚ 'ਤੁਰੁਸ਼ਕ' ਯਾਨੀ 'ਤੁਰਕ' ਦਾ ਨਿੰਦਣ ਵਾਲਾ ਸਿਰਲੇਖ ਦਿੱਤਾ ਹੈ।
ਇਹ ਵੀ ਪੜ੍ਹੋ:
1277 ਦੇ ਨੇੜੇ-ਤੇੜੇ ਵੈਨਿਸ ਦੇ ਮੁਸਾਫ਼ਰ ਮਾਰਕੋ ਪੋਲੋ ਨੇ ਕਸ਼ਮੀਰ ਵਿੱਚ ਮੁਸਲਮਾਨਾਂ ਦੀ ਮੌਜੂਦਗੀ ਦੱਸੀ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਦੌਰਾਨ ਕਸ਼ਮੀਰ ਦੇ ਬਾਹਰੀ ਹਿੱਸਿਆਂ ਵਿੱਚ ਅਤੇ ਸਿੰਧੂ ਨਦੀ ਦੇ ਨੇੜੇ-ਤੇੜੇ ਵਸੇ ਦਰਾਦ ਕਬੀਲੇ ਦੇ ਲੋਕ ਵੱਡੀ ਗਿਣਤੀ ਵਿੱਚ ਧਰਮ ਬਦਲ ਕੇ ਇਸਲਾਮ ਕਬੂਲ ਕਰ ਰਹੇ ਸੀ।
ਕਸ਼ਮੀਰ ਵਿੱਚ ਇਸਲਾਮ ਦਾ ਪ੍ਰਚਾਰ ਤੇਜ਼ੀ ਨਾਲ ਵੱਧ ਰਿਹਾ ਸੀ ਅਤੇ ਲੋਕ ਇਸ ਨੂੰ ਵੱਡੀ ਗਿਣਤੀ ਵਿੱਚ ਅਪਣਾ ਰਹੇ ਸਨ। ਇਸਦਾ ਕਾਰਨ ਇਹ ਸੀ ਕਿ ਉੱਥੋਂ ਦੇ ਲੋਕ ਰਾਜਿਆਂ ਅਤੇ ਜਾਗੀਰਦਾਰਾਂ ਵਿਚਕਾਰ ਝਗੜੇ ਵਿੱਚ ਫਸ ਰਹੇ ਸਨ। ਖ਼ਾਸਕਰ ਕਿਸਾਨਾਂ 'ਤੇ ਦੋਹਰੀ ਮਾਰ ਪੈ ਰਹੀ ਸੀ।
ਕਸ਼ਮੀਰ ਦਾ ਪਹਿਲਾ ਮੁਸਲਮਾਨ ਸ਼ਾਸਕ - ਇੱਕ ਤਿੱਬਤੀ ਬੌਧ
ਕਸ਼ਮੀਰ 'ਚ ਇਸਲਾਮ ਦੇ ਪ੍ਰਸਾਰ ਦੇ ਪੂਰੇ ਕਾਰਜਕਾਲ ਦੌਰਾਨ ਸਭ ਤੋਂ ਦਿਲਚਸਪ ਮੋੜ ਉਸ ਸਮੇਂ ਆਇਆ ਜਦੋਂ ਉਸ ਨੂੰ ਆਪਣਾ ਪਹਿਲਾ ਮੁਸਲਮਾਨ ਸ਼ਾਸਕ ਮਿਲਿਆ। ਇੱਕ ਅਜਿਹਾ ਮੁਸਲਿਮ ਹੁਕਮਰਾਨ ਜੋ ਕਿ ਅਸਲ 'ਚ ਇੱਕ ਤਿੱਬਤੀ ਬੌਧ ਸੀ ਅਤੇ ਜਿਸ ਦੀ ਮਹਾਰਾਣੀ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੀ ਔਰਤ ਸੀ।
1318 ਤੋਂ 1338 ਦੇ ਸਮੇਂ ਦੇ 20 ਸਾਲਾਂ ਦਰਮਿਆਨ ਕਸ਼ਮੀਰ 'ਚ ਭਾਰੀ ਉਥਲ-ਪੁੱਥਲ ਦਾ ਮਾਹੌਲ ਰਿਹਾ। ਇਸ ਦੌਰ 'ਚ ਜੰਗ, ਸਾਜਿਸ਼ਾਂ, ਬਗਾਵਤ ਅਤੇ ਹਿੰਸਕ ਘਟਨਾਵਾਂ ਦਾ ਬੋਲਬਾਲਾ ਰਿਹਾ। ਪਰ ਇਸ ਤੋਂ ਪਹਿਲਾਂ ਦੇ 20 ਸਾਲ ਯਾਨਿ ਕਿ 1301 ਤੋਂ 1320 ਤੱਕ ਰਾਜਾ ਸਹਿਦੇਵ ਦੇ ਸ਼ਾਸਨਕਾਲ ਦੌਰਾਨ ਵੱਡੀ ਗਿਣਤੀ 'ਚ ਕਸ਼ਮੀਰ ਦੀ ਜਨਤਾ ਸੂਫ਼ੀ ਧਰਮ ਪ੍ਰਚਾਰਕਾਂ ਦੇ ਪ੍ਰਭਾਵ 'ਚ ਆ ਕੇ ਇਸਲਾਮ ਨੂੰ ਅਪਣਾ ਚੁੱਕੀ ਸੀ। ਹੁਣ ਤਾਂ ਉਸ ਨੂੰ ਆਪਣਾ ਪਹਿਲਾ ਮੁਸਲਮਾਨ ਸ਼ਾਸਕ ਵੀ ਮਿਲਣ ਵਾਲਾ ਸੀ।
ਬਾਮਜ਼ਈ ਸਮੇਤ ਕਈ ਇਤਿਹਾਸਕਾਰਾਂ ਨੇ ਇਸ ਅਹਿਮ ਕਥਾ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਇਸ ਕਹਾਣੀ ਦੇ ਕੇਂਦਰ 'ਚ ਤੁਰਕਮੇਨਿਸਤਾਨ ਤੋਂ ਆਇਆ ਇੱਕ ਸੂਫ਼ੀ ਧਰਮ ਪ੍ਰਚਾਰਕ ਹੈ। ਇਨ੍ਹਾਂ ਦਾ ਸਭ ਤੋਂ ਪ੍ਰਸਿੱਧ ਨਾਂਅ ਬੁਲਬੁਲ ਸ਼ਾਹ ਦੱਸਿਆ ਜਾਂਦਾ ਹੈ, ਪਰ ਇਤਿਹਾਸਕਾਰਾਂ ਨੇ ਉਨ੍ਹਾਂ ਨੂੰ ਹੋਰ ਕਈ ਨਾਵਾਂ ਨਾਲ ਵੀ ਪੁਕਾਰਿਆ ਹੈ। ਜਿੰਨ੍ਹਾਂ 'ਚੋਂ ਕੁੱਝ ਨਾਂਅ ਇਸ ਤਰ੍ਹਾਂ ਹਨ- ਸੈਯਦ ਸ਼ਰਫ਼-ਉਦ-ਦੀਨ, ਸੈਯਦ ਅਬਦੁਰਹਿਮਾਨ। ਬਾਮਜ਼ਈ ਨੇ ਤਾਂ ਇੱਕ ਜਗ੍ਹਾ ਇੰਨ੍ਹਾਂ ਦਾ ਨਾਂਅ ਬਿਲਾਲ ਸ਼ਾਹ ਵੀ ਦੱਸਿਆ ਹੈ।
ਬੁਲਬੁਲ ਸ਼ਾਹ ਸੁਹਰਵਰਦੀ ਮਤ ਦੇ ਸੂਫ਼ੀ ਖ਼ਲੀਫ਼ਾ ਸ਼ਾਹ ਨਿਆਮਤੁਲ੍ਹਾ ਵਲੀ ਫਾਰਸੀ ਦੇ ਸ਼ਾਗਿਰਦ ਸਨ। ਬੁਲਬੁਲ ਸ਼ਾਹ ਨੇ ਕਈ ਮੁਲਕਾਂ ਦੀ ਯਾਤਰਾ ਕੀਤੀ ਅਤੇ ਬਗ਼ਦਾਦ 'ਚ ਲੰਮਾ ਸਮਾਂ ਬਤੀਤ ਕੀਤਾ। ਉਨ੍ਹਾਂ ਦਾ ਨਿੱਜੀ ਜੀਵਨ ਅਤੇ ਬੋਲਚਾਲ ਦਾ ਢੰਗ ਕਸ਼ਮੀਰੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਸੀ। ਇੰਨ੍ਹਾਂ ਨੇ ਕਸ਼ਮੀਰ ਦਾ ਆਪਣਾ ਪਹਿਲਾ ਦੌਰਾ ਰਾਜਾ ਸਹਦੇਵ ਦੇ ਸ਼ਾਸਨਕਾਲ ਦੌਰਾਨ ਹੀ ਕੀਤਾ ਸੀ।
ਦੱਸਣਯੋਗ ਹੈ ਕਿ ਸਹਦੇਵ ਇੱਕ ਕੰਮਜ਼ੋਰ ਹੂਕਮਰਾਨ ਸੀ ਅਤੇ ਅਸਲ 'ਚ ਉਨ੍ਹਾਂ ਦੇ ਨਾਂਅ 'ਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਅਤੇ ਸੈਨਾਪਤੀ ਰਾਮਚੰਦਰ ਹੀ ਰਾਜ ਕਰ ਰਿਹਾ ਸੀ। ਰਾਮਚੰਦਰ ਦੀ ਸੁੰਦਰ ਅਤੇ ਸੁਸ਼ੀਲ ਧੀ ਕੋਟਾ ਵੀ ਆਪਣੇ ਪਿਤਾ ਦੀ ਇਸ ਕੰਮ 'ਚ ਮਦਦ ਕਰਦੀ ਸੀ।
ਇਸੇ ਦੌਰਾਨ ਤਿੱਬਤ ਤੋਂ ਭੱਜਿਆ ਹੋਇਆ ਇੱਕ ਰਾਜਕੁਮਾਰ ਰਿੰਚਨ ਜਾਂ ਰਿਨਚੇਨ (ਪੂਰਾ ਨਾਂਅ ਲਾਚੇਨ ਰਿਗਆਲ ਬੂ ਰਿਨਚੇਨ ) ਆਪਣੇ ਨਾਲ ਕੁੱਝ ਹਥਿਆਰਬੰਦ ਸੈਨਿਕਾਂ ਦੇ ਨਾਲ ਕਸ਼ਮੀਰ ਪਹੁੰਚਿਆ। ਰਿਨਚੇਨ ਦੇ ਪਿਤਾ ਤਿੱਬਤੀ ਰਾਜ ਘਰਾਣੇ ਅਤੇ ਕਾਲਮਾਨੇ ਭੂਟਿਆਂ ਵਿਚਾਲੇ ਛਿੜੇ ਘਰੇਲੂ ਯੁੱਧ 'ਚ ਮਾਰੇ ਗਏ ਸਨ ਪਰ ਰਿਨਚੇਨ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਨਿਕਲਿਆ। ਰਾਮਚੰਦਰ ਨੇ ਉਸ ਨੂੰ ਸ਼ਰਨ ਦਿੱਤੀ।
ਇਸ ਦੌਰਾਨ ਹੀ ਸਵਾਤ ਘਾਟੀ 'ਚ ਸ਼ਾਹ ਮੀਰ ਨਾਮ ਦੇ ਇੱਕ ਮੁਸਲਿਮ ਫੌਜ ਮੁੱਖੀ ਵੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਕਸ਼ਮੀਰ ਪਹੁੰਚਿਆ। ਉਸ ਨੂੰ ਕਿਸੇ ਫ਼ਕੀਰ ਨੇ ਕਿਹਾ ਸੀ ਇੱਕ ਸਮਾਂ ਆਵੇਗਾ ਜਦੋਂ ਉਹ ਕਸ਼ਮੀਰ ਦੀ ਗੱਦੀ 'ਤੇ ਬੈਠੇਗਾ। ਉਹ ਆਪਣੇ ਇਸੇ ਸੁਫਨੇ ਨੂੰ ਸਾਕਾਰ ਕਰਨ ਲਈ ਕਸ਼ਮੀਰ ਪਹੁੰਚੇ। ਰਾਮਚੰਦਰ ਅਤੇ ਸਹਿਦੇਵ ਨੇ ਸ਼ਾਹ ਮੀਰ ਨੂੰ ਵੀ ਪਨਾਹ ਦੇ ਦਿੱਤੀ। ਇਸ ਤਰ੍ਹਾਂ ਹੁਣ ਰਾਮਚੰਦਰ, ਕੋਟਾ, ਰਿੰਚਨ ਅਤੇ ਸਾਹ ਮੀਰ ਸਾਂਝੇ ਤੌਰ 'ਤੇ ਕਸ਼ਮੀਰ ਦਾ ਸ਼ਾਸਨ ਵੇਖਣ ਲੱਗੇ।
ਮਹਾਰਾਜਾ ਹਰੀ ਸਿੰਘ
ਇਸ ਦੌਰਾਨ ਮੱਧ ਏਸ਼ੀਆ ਦੇ ਇੱਕ ਸ਼ਾਸਕ ਦੁਲਚੁ ਨੇ ਝੇਲਮ ਘਾਟੀ ਰਾਹੀਂ ਕਸ਼ਮੀਰ 'ਤੇ ਹਮਲਾ ਕਰ ਦਿੱਤਾ। ਦੁਸ਼ਮਣ ਦਾ ਸਾਹਮਣਾ ਕਰਨ ਦੀ ਬਜਾਏ ਰਾਜਾ ਸਹਦੇਵ ਭਗੌੜੇ ਹੋ ਗਏ ਅਤੇ ਕਿਸ਼ਤਵਾੜ ਪਹੁੰਚ ਗਏ। ਦੁਲਚੁ ਨੇ ਲਗਭਗ 8 ਮਹੀਨਿਆਂ ਤੱਕ ਕਸ਼ਮੀਰ 'ਚ ਭਿਆਨਕ ਘਟਨਾਵਾਂ ਨੂੰ ਅੰਜਾਮ ਦਿੱਤਾ। ਫਿਰ ਬਾਅਦ 'ਚ ਰਸਦ ਦੀ ਘਾਟ ਦੇ ਕਾਰਨ ਉਸ ਨੇ ਦਰਾਰੋ ਦੇ ਰਸਤੇ ਭਾਰਤ ਦੇ ਮੈਦਾਨੀ ਹਿੱਸੇ ਵੱਲ ਕੂਚ ਕਰ ਦਿੱਤਾ। ਪਰ ਬਰਫ਼ੀਲੇ ਤੂਫ਼ਾਨ ਦੇ ਘੇਰੇ 'ਚ ਆ ਕੇ ਉਹ ਅਤੇ ਉਸ ਦੇ ਹਜ਼ਾਰਾਂ ਹੀ ਸੈਨਿਕ ਮਾਰੇ ਗਏ।
ਅਜਿਹੇ 'ਚ ਰਾਮਚੰਦਰ ਨੇ ਸ਼ਾਸਨ ਦੀ ਡੋਰ ਆਪਣੇ ਹੱਥਾਂ 'ਚ ਲੈ ਲਈ। ਦੁਲਚੁ ਨੇ ਕਸ਼ਮੀਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਦਿੱਤਾ ਸੀ। ਰਾਮਚੰਦਰ ਨੂੰ ਰਾਜ ਗੱਦੀ 'ਤੇ ਬੈਠਾ ਵੇਖ ਰਿਨਚੇਨ ਦੇ ਮਨ 'ਚ ਵੀ ਸ਼ਾਸਨ ਦਾ ਲਾਲਚ ਆ ਗਿਆ ਅਤੇ ਉਸ ਨੇ ਵੀ ਵਿਦਰੋਹ ਕਰ ਦਿੱਤਾ। ਉਸ ਦੇ ਹਿਮਾਇਤੀਆਂ ਨੇ ਅਚਨਚੇਤ ਰਾਮਚੰਦਰ 'ਤੇ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਨਾਲ ਰਿਨਚੇਨ ਖੁਦ ਕਸ਼ਮੀਰ ਦੀ ਗੱਦੀ 'ਤੇ ਕਾਬਜ਼ ਹੋ ਗਿਆ। ਦੂਜੇ ਪਾਸੇ ਪਿਤਾ ਦੀ ਮੌਤ ਤੋਂ ਬਾਅਦ ਕੋਟਾ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਉਸ ਨੇ ਰਿਨਚੇਨ ਨਾਲ ਹੀ ਨਿਕਾਹ ਕਰ ਲਿਆ। ਰਿੰਨਚੇਨ ਨੇ ਕੋਟਾ ਦੇ ਭਰਾ ਰਾਵਣਚੰਦਰ ਨੂੰ ਆਪਣੇ ਦਰਬਾਰ 'ਚ ਸੈਨਾਪਤੀ ਨਿਯੁਕਤ ਕੀਤਾ।
ਇਹ ਵੀ ਪੜ੍ਹੋ:
ਵਿਆਹ ਤੋਂ ਬਾਅਦ ਕੋਟਾ ਚਾਹੁੰਦੀ ਸੀ ਕਿ ਰਿਨਚੇਨ ਹਿੰਦੂ ਧਰਮ ਅਪਣਾ ਲਵੇ ਪਰ ਉਹ ਆਪਣੇ ਆਪਨ ਨੂੰ ਲਾਮਾ ਹੀ ਮੰਨਦੇ ਸਨ।ਉਸ ਅੱਗੇ ਇੱਕ ਵੱਡੀ ਸਮੱਸਿਆ ਸੀ ਕਿ ਕਸ਼ਮੀਰ ਦੀ ਨਾਗਰਿਕਤਾ ਕਿਵੇਂ ਹਾਸਿਲ ਕੀਤੀ ਜਾਵੇ।ਇਸ ਲਈ ਉਹ ਹਿੰਦੂ ਧਰਮ ਨੂੰ ਅਪਣਾਉਣ ਲਈ ਰਾਜ਼ੀ ਵੀ ਹੋ ਗਿਆ।ਪਰ ਇਹ ਸਭ ਇੰਨ੍ਹਾਂ ਆਸਾਨ ਨਹੀਂ ਸੀ। ਕਿਹਾ ਜਾਂਦਾ ਹੈ ਕਿ ਤਤਕਾਲੀ ਕਸ਼ਮੀਰੀ ਸ਼ੈਵ ਗੁਰੂ ਬ੍ਰਾਹਮਣ ਦੇਵਸਵਾਮੀ ਨੇ ਉਨ੍ਹਾਂ ਨੂੰ ਹਿੰਦੂ ਧਰਮ 'ਚ ਸ਼ਾਮਲ ਕਰਨ ਤੋਂ ਮਨਾਹੀ ਕਰ ਦਿੱਤੀ। ਇਸ ਪਿੱਛੇ ਗੱਟੋ-ਘੱਟ ਤਿੰਨ ਕਾਰਨਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ।
ਪਹਿਲਾ ਰਿਨਚੇਨ ਤਿੱਬਤੀ ਸਨ।ਦੂਜਾ ਉਹ ਆਪਣੀ ਪਤਨੀ ਦੇ ਪਿਤਾ ਅਤੇ ਹਿੰਦੂ ਬਾਦਸ਼ਾਹ ਦੇ ਕਾਤਲ ਸਨ ਅਤੇ ਤੀਜਾ ਜੇਕਰ ਉਨ੍ਹਾਂ ਨੂੰ ਹਿੰਦੂ ਧਰਮ 'ਚ ਸ਼ਾਮਲ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਉੱਚ ਜਾਤੀ 'ਚ ਸ਼ਾਮਲ ਕਰਨਾ ਪੈਂਦਾ।
ਹਿੰਦੂ ਧਰਮ 'ਚ ਸ਼ਾਮਲ ਹੋਣ ਦੀ ਸਥਿਤੀ ਅਨੁਕੂਲ ਨਾ ਵਿਖਾਈ ਪੈਂਦਿਆਂ ਵੇਖ ਕੇ ਉਨ੍ਹਾਂ ਨੇ ਇਸਲਾਮ ਕਬੂਲ ਕਰ ਲਿਆ।ਇਸਲਾਮ ਧਾਰਨ ਕਰਨ ਤੋਂ ਬਾਅਦ ਬੁਲਬੁਲ ਸ਼ਾਹ ਨੇ ਰਿਨਚੇਨ ਨੂੰ 'ਸਦਰ-ਉਦ-ਦੀਨ' ਦਾ ਨਾਂਅ ਦਿੱਤਾ। ਇਸ ਤਰ੍ਹਾਂ ਉਹ ਕਸ਼ਮੀਰ ਦੇ ਪਹਿਲੇ ਮੁਸਲਮਾਨ ਹੂਕਮਰਾਨ ਬਣੇ। ਦੱਸਣਯੋਗ ਹੈ ਕਿ 'ਸਦਰ-ਉਦ-ਦੀਨ' ਦਾ ਅਰਥ ਹੈ- ਧਰਮ ਜਾਨਿ ਕਿ ਇਸਲਾਮ ਦਾ ਮੁੱਖੀ।
ਬੁਲਬੁਲ ਸ਼ਾਹ ਨੇ ਜਲਦ ਹੀ ਰਾਵਣਚੰਦਰ ਨੂੰ ਵੀ ਇਸਲਾਮ 'ਚ ਲੈ ਲਿਆ। ਸ਼ਾਸਨ ਦੇ ਕਈ ਉੱਚ ਅਧਿਕਾਰੀ ਵੀ ਬੁਲਬੁਲ ਸ਼ਾਹ ਦੇ ਪ੍ਰਭਾਵ ਹੇਠ ਆ ਕੇ ਇਸਲਾਮ ਧਾਰਨ ਕਰਨ ਲੱਗੇ। ਰਿਨਚੇਨ ਨਾਲ ਆਏ ਤਿੱਬਤੀ ਵੀ ਇਸਲਾਮ 'ਚ ਆ ਗਏ। ਇਸ ਤਰ੍ਹਾਂ ਨਾਲ ਬੁਲਬੁਲ ਸ਼ਾਹ ਇੱਕ ਤਰ੍ਹਾਂ ਨਾਲ ਇਸਲਾਮ ਨੂੰ ਕਸ਼ਮੀਰ ਦਾ ਸੂਬਾਈ ਧਰਮ ਬਣਾਉਣ ਦੇ ਮਿਸ਼ਨ 'ਚ ਸਫ਼ਲ ਰਹੇ।
ਸ੍ਰੀਨਗਰ ਦੇ ਪੰਜਵੇਂ ਪੁੱਲ ਦੇ ਹੇਠ ਕਸ਼ਮੀਰ ਦੀ ਪਹਿਲੀ ਮਸਜਿਦ ਦਾ ਨਿਰਮਾਣ ਵੀ ਰਿਨਚੇਨ ਵੱਲੋਂ ਹੀ ਕਰਵਾਇਆ ਗਿਆ ਸੀ। ਉਸ ਸਥਾਨ ਨੂੰ ਅੱਜ ਵੀ ਬੁਲਬੁਲ ਲਾਂਕਰ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। 1327 'ਚ ਜਦੋਂ ਬੁਲਬੁਲ ਸ਼ਾਹ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਇਸੇ ਮਸਜਿਦ ਨਜ਼ਦੀਕ ਦਫ਼ਨਾਇਆ ਗਿਆ ਸੀ। ਸ਼ਾਹ ਨੂੰ ਕਈ ਵਾਰ 'ਬੁਲਬੁਲ-ਏ-ਕਸ਼ਮੀਰ- ਦੇ ਨਾਂਅ ਨਾਲ ਵੀ ਯਾਦ ਕੀਤਾ ਜਾਂਦਾ ਹੈ।
ਬਾਅਦ 'ਚ ਰਿਚੇਨ ਦੀ ਮੌਤ ਵੀ ਜਲਦ ਹੋ ਗਈ।ਪਰ ਉਸ ਤੋਂ ਬਾਅਧ ਕਸ਼ਮੀਰ ਨੇ ਇਸਲਾਮੀ ਸਲਤਨਤ ਦਾ ਪੂਰਾ ਦੌਰ ਵੇਖਿਆ।ਪਰ ਇਸ ਸਭ ਦੇ ਬਾਵਜੂਦ ਕਸ਼ਮੀਰ ਦੀ ਅਵਾਮ 'ਚ 'ਇਸਲਾਮਿਅਤ' ਵਰਗੀ ਸ਼ੈਅ ਵੇਖਣ ਨੂੰ ਨਾ ਮਿਲੀ। ਇਸ 'ਤੇ ਤਾਂ ਇੱਕ ਕਹਾਣੀ ਵੱਖਰੇ ਤੌਰ 'ਤੇ ਲਿਖੀ ਜਾ ਸਕਦੀ ਹੈ।
ਜਿਸ ਤਰ੍ਹਾਂ ਨਾਲ ਭਾਰਤ ਦੇ ਇਤਿਹਾਸ ਨੂੰ ਹਿੰਦੂ ਬਨਾਮ ਮੁਸਲਿਮ ਨਜ਼ਰੀਏ ਤੋਂ ਵੇਖਣਾ ਅਤੇ ਦੂਜਿਆਂ ਨੂੰ ਵਿਖਾਣ ਵਾਲਾ ਨੈਰੇਟਿਵ ਝੂਠਾ ਹੈ।ਠੀਕ ਉਸੇ ਤਰ੍ਹਾਂ ਹੀ ਕਸ਼ਮੀਰ ਵਾਦੀ ਦੇ ਉਹ ਸੰਗਠਨ ਜੋ ਇਸਲਾਮ ਨੂੰ ਕਸ਼ਮੀਰੀਅਤ ਦਾ ਵਿਸ਼ੇਸ਼ ਅਤੇ ਜ਼ਰੂਰੀ ਹਿੱਸਾ ਮੰਨਦੇ ਹਨ, ਉਹ ਵੀ ਇੱਕ ਤਰ੍ਹਾਂ ਨਾਲ ਧੌਖਾ ਹੈ। ਠੀਕ ਇਸੇ ਤਰ੍ਹਾਂ ਭਾਰਤ 'ਚ ਕਸ਼ਮੀਰੀਆਂ ਪ੍ਰਤੀ ਫੈਲਾਇਆ ਜਾਣ ਵਾਲਾ ਧਰਮ ਪ੍ਰਤੀ ਕੱਟੜਤਾ ਦਾ ਤੱਤ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ।
ਹਾਲ 'ਚ ਕਸ਼ਮੀਰ 'ਤੇ ਲਿਖੀ ਗਈ ਮਸ਼ਹੂਰ ਕਿਤਾਬ 'ਕਸ਼ਮੀਰਨਾਮਾ' ਦੇ ਲੇਖਕ ਅਸ਼ੋਕ ਕੁਮਾਰ ਪਾਂਡੇ ਨੇ ਇਸ ਪੁਤਸਕ 'ਚ ਇੱਕ ਮਹੱਤਵਪੂਰਣ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਸ਼ਮੀਰੀ ਮਨੁੱਖ ਦਾ ਨਿਰਮਾਣ ਬੌਧ, ਕਸ਼ਮੀਰ ਸ਼ੈਵ ਅਤੇ ਇਸਲਾਮ ਦੀ ਸੂਫ਼ੀ ਪਰੰਪਰਾਵਾਂ ਦੇ ਮੇਲ ਨਾਲ ਹੋਇਆ ਹੈ ਅਤੇ ਇਸ ਦੇ ਪ੍ਰਭਾਵ ਉੱਥੋਂ ਦੇ ਸਿਆਸੀ ਅਤੇ ਸਮਾਜਿਕ ਜੀਵਨ 'ਤੇ ਆਮ ਵਿਖਾਈ ਪੈਂਦੇ ਹਨ।
ਹਾਲਾਂਕਿ ਸ੍ਰੀ ਅਸ਼ੋਕ ਮੰਨਦੇ ਹਨ ਕਿ ਇੱਕ ਪਾਸੇ ਕਸ਼ਮੀਰ 'ਚ ਦੋਵੇਂ ਧਿਰਾਂ ਦੇ ਅੰਤਰ ਵਿਰੋਧੀ ਸੰਘਰਸ਼ 'ਤੇ ਪਰਦਾ ਪਾ ਕੇ ਕਸ਼ਮੀਰੀਅਤ ਦੇ ਰੂਪ ਨੂੰ ਪੇਸ਼ ਕਰਨਾ ਜਾਂ ਫਿਰ ਦੂਜੇ ਪਾਸੇ ਹਿੰਦੂ-ਮੁਸਲਮਾਨ ਸੰਘਰਸ਼ ਦੇ ਰੂਪ 'ਚ ਵੇਖਣਾ, ਇਹ ਦੋਵੇਂ ਹੀ ਤੱਥ ਭਿਆਨਕ ਹਨ।
ਪਾਂਡੇ ਆਪਣੀ ਕਿਤਾਬ 'ਚ ਲਿਖਦੇ ਹਨ, " ਬੌਧ, ਸ਼ੈਵ ਅਤੇ ਸੂਫ਼ੀ ਇਸਲਾਮ ਦੇ ਮਿਸ਼ਰਣ ਨਾਲ ਜੋ ਇੱਕ ਕਾਸ ਕਸ਼ਮੀਰੀ ਸੰਸਕ੍ਰਿਤੀ ਦਾ ਜਨਮ ਹੋਇਆ, ਉਸ ਨੂੰ ਸਮਝਨ ਲਈ ਬਹੁਤ ਹੀ ਖੁੱਲ੍ਹੀ ਅਤੇ ਡੂੰਗੀ ਸੋਚ ਦੀ ਜ਼ਰੂਰਤ ਹੈ।"
ਪਰ ਅਫ਼ਸੋਸ ਕਿ ਦੇਸ਼ ਭਰ 'ਚ ਇਸ ਸੋਚ ਅਤੇ ਨਜ਼ਰ ਨੂੰ ਪੈਦਾ ਕਰਨ 'ਚ ਅਸੀਂ ਬੁਰੀ ਤਰ੍ਹਾਂ ਨਾਲ ਅਸਫਲ ਰਹੇ ਹਾਂ।ਇਸ ਲਈ ਕਈ ਵਾਰ ਇਤਿਹਾਸ ਦੇ ਪੰਨੇ੍ਹ ਫਰੋਲਣਾ ਅਤੇ ਵਿਖਾਣਾ ਬਹੁਤ ਲਾਜ਼ਮੀ ਹੋ ਜਾਂਦਾ ਹੈ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Lu63Z0G84wI
https://www.youtube.com/watch?v=5DaVHi0YUBg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮੇਧਾ ਪਾਟਕਰ: ਉਜਾੜੇ ਗਏ ਲੋਕਾਂ ਦੇ ਸਮਰਥਨ ''ਚ ਸੰਘਰਸ਼ ਕਰ ਰਹੀ ਸਮਾਜਿਕ ਕਾਰਕੁਨ ਪਾਟਕਰ ਦੀ ਹਾਲਤ ਵਿਗੜੀ :...
NEXT STORY