ਇਸਰੋ ਦੇ ਚੰਦਰਯਾਨ -2 ਮਿਸ਼ਨ ਦੇ ਨਾਕਾਮਯਾਬ ਹੋਣ ਪਿੱਛੇ ਲੈਂਡਰ ਦੇ ਸੈਂਟਰਲ ਇੰਜਣ ਵਿੱਚ ਸੰਭਾਵੀ ਖ਼ਰਾਬੀ ਇੱਕ ਵਜ੍ਹਾ ਹੋ ਸਕਦੀ ਹੈ। ਇਹ ਕਹਿਣਾ ਹੈ ਸਪੇਸ ਕਮਿਸ਼ਨ ਦੇ ਇੱਕ ਸਾਬਕਾ ਮੈਂਬਰ ਦਾ।
ਇਸਰੋ ਦੇ ਚੇਅਰਮੈਨ ਕੇ ਸਿਵਾਨ ਦੇ ਸ਼ੁਰੂਆਤੀ ਬਿਆਨ ਤੋਂ ਇਲਾਵਾ ਉਨ੍ਹਾਂ ਨੇ ਹਾਲੇ ਤੱਕ ਇਸ ਸਬੰਧੀ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਕੇ ਸਿਵਾਨ ਨੇ ਸਿਰਫ਼ ਇੰਨਾ ਕਿਹਾ ਸੀ ਕਿ ਜਦੋਂ ਲੈਂਡਰ ਚੰਨ ਦੇ ਧਰਾਤਲ ਤੋਂ ਸਿਰਫ਼ 2.1 ਕਿਲੋਮੀਟਰ ਦੂਰੀ 'ਤੇ ਸੀ ਤਾਂ ਉਸ ਦਾ ਸੰਪਰਕ ਗਰਾਉਂਡ ਸਟੇਸ਼ਨ ਨਾਲੋਂ ਟੁੱਟ ਗਿਆ ਸੀ।
ਸਪੇਸ ਕਮਿਸ਼ਨ ਦੇ ਸਾਬਕਾ ਮੈਂਬਰ ਪ੍ਰੋ. ਰੋਡੱਮ ਨਰਸਿਮਹਾ ਦਾ ਕਹਿਣਾ ਹੈ, "ਅਸਫ਼ਲ ਹੋਣ ਦਾ ਸੰਭਾਵੀ ਕਾਰਨ ਇਹ ਹੋ ਸਕਦਾ ਹੈ ਕਿ ਸ਼ਾਇਦ ਮੁੱਖ ਇੰਜਣ ਵਿੱਚ ਕੁਝ ਖ਼ਰਾਬੀ ਆ ਗਈ ਹੋਵੇ। ਉਹ ਉਨੀ ਊਰਜਾ ਪੈਦਾ ਨਾ ਕਰ ਪਾ ਰਿਹਾ ਹੋਵੇ ਜਿਸ ਦੀ ਉਤਰਨ ਲਈ ਲੋੜ ਸੀ। ਸ਼ਾਇਦ ਇਸ ਲਈ ਉਹ ਉਨੀ ਹੌਲੀ ਰਫ਼ਤਾਰ ਨਹੀਂ ਕਰ ਸਕਿਆ ਜਿੰਨੀ ਲੋੜ ਸੀ। ਸ਼ਾਇਦ ਇਸੇ ਕਾਰਨ ਸੰਪਰਕ ਟੁੱਟ ਗਿਆ ਹੋਵੇ।''
https://www.youtube.com/watch?v=woBB6ocJE-U
ਪ੍ਰੋ. ਨਰਮਿਮਹਾ ਨੇ ਜ਼ੋਰ ਦੇ ਕੇ ਕਿਹਾ ਕਿ ਨਾਕਾਮਯਾਬੀ ਦਾ ਜੋ 'ਸੰਭਾਵੀ ਵਿਸ਼ਲੇਸ਼ਣ' ਲਾਈਵ ਪ੍ਰਸਾਰਨ ਵੇਲੇ ਸਕਰੀਨ ਉੱਤੇ ਨਜ਼ਰ ਆ ਰਹੀ ਮੁੜੀ ਹੋਈ ਲਾਈਨ ਦੀ ਗਤੀਵਿਧੀ ਦੇ ਆਧਾਰ 'ਤੇ ਸੀ। ਵਕਰ (ਮੁੜੀ ਹੋਈ ਲਾਈਨ) ਤੋਂ ਪਤਾ ਲੱਗਿਆ ਕਿ ਲੈਂਡਿੰਗ ਦੇ ਆਖਿਰੀ ਗੇੜ ਵੇਲੇ ਕਿਸ ਤਰ੍ਹਾਂ ਸਮੇਂ ਦੇ ਨਾਲ ਲੈਂਡਰ ਉਚਾਈ ਤੋਂ ਵੱਖ ਹੋਇਆ।
ਪ੍ਰੋ. ਰੋੱਡਮ ਨਰਸਿਮਹਾ ਦਾ ਵਿਸ਼ਲੇਸ਼ਣ
ਪ੍ਰੋ. ਨਰਮਿਸਹਾ ਰਾਓ ਸਮਝਾਉਂਦੇ ਹੋਏ ਕਹਿੰਦੇ ਹਨ, ''ਜੇ ਲੈਂਡਰ ਦੀ ਗਤੀਵਿਧੀ ਨੂੰ ਦਿਖਾਉਣ ਵਾਲੀ ਰੇਖਾ ਨਿਰਧਾਰਿਤ ਹੱਦ ਦੇ ਵਿਚਾਲੇ ਚਲਦੀ ਰਹਿੰਦੀ ਤਾਂ ਸਭ ਕੁਝ ਠੀਕ ਰਹਿੰਦਾ ਕਿਉਂਕਿ ਉਹ ਯੋਜਨਾਬੱਧ ਤਰੀਕੇ ਨਾਲ ਹੋਣਾ ਸੀ। ਜਿਵੇਂ ਕਿ ਮੈਂ ਦੇਖਿਆ, ਲੈਂਡਰ ਨੇ ਦੋ ਤਿਹਾਈ ਰਾਹ ਹੇਠਾਂ ਵੱਲ ਯੋਜਨਾ ਮੁਤਾਬਕ ਕੀ ਤੈਅ ਕੀਤਾ ਸੀ। ਉਸ ਤੋਂ ਬਾਅਦ ਜਦੋਂ ਲੈਂਡਰ ਦੀ ਲਾਈਨ ਨੇ ਹੱਦ ਦੀ ਲਾਈਨ ਨੂੰ ਪਾਰ ਕੀਤਾ ਤਾਂ ਇੱਕ ਸਿੱਧੀ ਲਾਈਨ ਦਿਖੀ ਅਤੇ ਫਿਰ ਉਹ ਹੱਦ ਵਾਲੀ ਲਾਈਨ ਤੋਂ ਬਾਹਰ ਚਲੀ ਗਈ।''
ਪ੍ਰੋ. ਨਰਸਿਮਹਾ ਨੇ ਕਿਹਾ, "ਇਸ ਦੀ ਸੰਭਾਵੀ ਵਿਆਖਿਆ ਇਹ ਕੀਤੀ ਜਾ ਸਕਦੀ ਹੈ ਕੁਝ ਤਾਂ ਗੜਬੜ ਹੋਈ ਹੈ ਜੋ ਲੈਂਡਰ ਤੇਜ਼ ਰਫ਼ਤਾਰ ਨਾਲ ਡਿੱਗਣਾ ਸ਼ੁਰੂ ਹੋ ਗਿਆ। ਜਦੋਂ ਚੰਨ ਦੇ ਧਰਾਤਲ 'ਤੇ ਲੈਂਡਰ ਉਤਰਨਾ ਸੀ ਤਾਂ ਇਹ ਦੋ ਮੀਟਰ ਪ੍ਰਤੀ ਸੈਕਿੰਡ ਦੀ ਤੇਜ਼ੀ ਨਾਲ ਹੇਠਾਂ ਆਉਣਾ ਚਾਹੀਦਾ ਸੀ। ਨਹੀਂ ਤਾਂ ਚੰਨ ਦੀ ਗੁਰੂਤਾ ਸ਼ਕਤੀ ਨੇ ਉਸ ਨੂੰ ਹੋਰ ਤੇਜ਼ੀ ਨਾਲ ਖਿੱਚਣਾ ਸ਼ੁਰੂ ਕਰ ਦੇਣਾ ਸੀ।''
ਇਹ ਵੀ ਪੜ੍ਹੋ:
ਜਦੋਂ ਸ਼ਨੀਵਾਰ ਸਵੇਰੇ 1.38 ਵਜੇ ਕਾਉਂਟਡਾਉਨ ਸ਼ੁਰੂ ਹੋਇਆ, ਲੈਂਡਰ 1640 ਮੀਟਰ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਚਲ ਰਿਹਾ ਸੀ। ਸ਼ੁਰੂਆਤੀ ਦੋ ਪੜਾਵਾਂ ਤੱਕ ਬਰੇਕਿੰਗ ਅਤੇ ਫਾਈਨ ਬਰੇਕਿੰਗ ਤੱਕ ਲੈਂਡਰ ਠੀਕ ਕੰਮ ਕਰ ਰਿਹਾ ਸੀ। ਅਜਿਹਾ ਲਗਦਾ ਹੈ ਕਿ ਲੈਂਡਰ 'ਮੰਡਰਾਉਣ' ਵਾਲੀ ਹਾਲਤ ਵਿੱਚ ਸੀ। ਉਦੋਂ ਹੀ ਸਕ੍ਰੀਨ 'ਤੇ ਜੋ ਮੁੜੀ ਹੋਈ ਲਾਈਨ (ਵਕਰ) ਸੀ ਉਹ ਬੈਂਡ ਤੋਂ ਬਾਹਰ ਚਲੀ ਗਈ ਸੀ।
ਯੋਜਨਾ ਮੁਤਾਬਕ ਲੈਂਡਰ ਨੇ ਦੋ ਵੱਡੇ ਕਰੇਟਰਜ਼ ਵਿਚਾਲੇ ਇੱਕ ਥਾਂ ਨੂੰ ਚੁਣਨਾ ਸੀ। ਇਸ ਤੋਂ ਬਾਅਦ ਲੈਂਡਰ ਨੇ ਰੋਵਰ ਲਈ ਵਿਚਲਾ ਹਿੱਸਾ ਖੋਲ੍ਹਣਾ ਸੀ ਜਿਸ ਨੂੰ ਪ੍ਰਗਿਆਨ ਕਿਹਾ ਜਾਂਦਾ ਹੈ। ਪ੍ਰਗਿਆਨ ਨੇ ਚੰਨ ਦੇ ਧਰਾਤਲ 'ਤੇ ਘੁੰਮਣਾ ਸੀ।
ਇਸ ਦੇ ਸੈਂਸਰ ਇਸ ਗੱਲ ਦੇ ਸਬੂਤ ਇਕੱਠਾ ਕਰਦੇ ਕਿ ਦੱਖਣੀ ਧਰੁਵ 'ਤੇ ਵੀ ਪਾਣੀ ਤੇ ਖਣਿਜ ਦਾ ਅਸਤਿਤਵ ਮੋਜੂਦ ਹੈ ਜਾਂ ਨਹੀਂ।
ਖ਼ਰਾਬੀ ਦੀ ਸੰਭਾਵਨਾ
ਆਬਜ਼ਰਵਰ ਰਿਸਰਚ ਫਾਉਂਡੇਸ਼ਨ ਵਿੱਚ ਨਿਊਕਲੀਅਰ ਐਂਡ ਸਪੇਸ ਪਾਲਿਸੀ ਦੀ ਮੁਖੀ ਡਾ. ਰਾਜੇਸਵਰੀ ਰਾਜਾਗੋਪਾਲਨ ਨੇ ਵੀ ਸਕਰੀਨ 'ਤੇ ਮੁੜੀ ਹੋਈ ਲਾਈਨ ਦੀ ਚਾਲ ਦੇਖੀ ਤਾਂ ਉਨ੍ਹਾਂ ਨੇ ਵੀ ਇਹੀ ਮਹਿਸੂਸ ਕੀਤਾ ਸੀ ਕਿ ਜਦੋਂ ਪਿਛਲੇ ਮੋੜ ਤੋਂ ਲੈਂਡਰ ਮੁੜਿਆ ਤਾਂ ਕੁਝ ਗਲਤ ਹੋਇਆ ਹੈ।
https://www.youtube.com/watch?v=9GbTPgw9wLU
ਡਾ. ਰਾਜਗੋਪਾਲਨ ਨੇ ਕਿਹਾ, ''ਇਸ ਦਾ ਇੱਕ ਕਾਰਨ ਹੋ ਸਕਦਾ ਹੈ ਕਿ ਸਪੇਸ ਕਰਾਫ਼ਟ ਦੇ ਚਾਰੇ ਕੋਨਿਆਂ 'ਤੇ ਲੱਗੇ ਚਾਰੋ ਇੰਜਣ ਅੱਧੇ ਰਾਹ ਹੀ ਕੰਮ ਕਰਨਾ ਬੰਦ ਹੋ ਗਏ ਹੋਣ। ਇਹ ਸੰਭਾਵੀ ਕਾਰਨ ਹੋ ਸਕਦਾ ਹੈ। ਦੂਜਾ ਇਹ ਵੀ ਸੰਭਵ ਹੈ ਕਿ ਕੇਂਦਰੀ ਇੰਜਣ ਵਿੱਚ ਕੋਈ ਖ਼ਰਾਬੀ ਆ ਗਈ ਹੋਵੇ।''
ਉਨ੍ਹਾਂ ਕਿਹਾ, "ਡਾਟਾ ਦੇ ਬਿਨਾ ਕਿਸੇ ਵੀ ਨਤੀਜੇ 'ਤੇ ਪਹੁੰਚਣਾ ਔਖਾ ਹੈ ਪਰ ਸਕਰੀਨ 'ਤੇ ਘਟਦੇ ਵਕਰ (ਲਾਈਨ) ਨੇ ਇਹ ਜ਼ਰੂਰ ਦਿਖਾਇਆ ਕਿ ਕੁਝ ਗਲਤ ਹੈ। ਇਹ ਵੀ ਸੰਭਾਵੀ ਹੈ ਕਿ ਜਦੋਂ ਤੇਜ਼ੀ ਨਾਲ ਲੈਂਡਿੰਗ ਹੁੰਦੀ ਹੈ ਤਾਂ ਉਸ ਨਾਲ ਬਹੁਤ ਧੂੜ ਉੱਠਦੀ ਹੈ ਜੋ ਕਿ ਗੁਰੂਤਾ ਸ਼ਕਤੀ ਕਾਰਨ ਸਪੇਸਕਰਾਫ਼ਟ ਨੂੰ ਵੀ ਹਿੱਲਾ ਦਿੰਦੀ ਹੈ।"
ਪ੍ਰੋ. ਨਰਮਿਸਹਾ ਦਾ ਮੰਨਣਾ ਹੈ ਕਿ ਡਾਟਾ ਦਾ ਵਿਸ਼ਲੇਸ਼ਨ ਹੋਣ 'ਤੇ ਸਮਾਂ ਲੱਗੇਗਾ ਅਤੇ ਅਗਲੇ ਮਿਸ਼ਨ ਲਈ ਵੀ ਲੰਮਾਂ ਸਮਾਂ ਲੱਗੇਗਾ ਕਿਉਂਕਿ ਪਹਿਲਾਂ ਮੌਜੂਦਾ ਮੁਸ਼ਕਿਲ ਦਾ ਹੱਲ ਲੱਭਣਾ ਜ਼ਰੂਰੀ ਹੈ।
ਡਾ. ਰਾਜਾਗੋਪਾਲਨ ਨੇ ਕਿਹਾ ਕਿ ਓਰਬਿਟਰ ਅਗਲੇ ਇੱਕ ਸਾਲ ਲਈ ਕੰਮ ਕਰੇਗਾ। ਇਹ ਡਾਟਾ ਇਕੱਠਾ ਕਰਨ ਤੇ ਭੇਜਣ ਵਿੱਚ ਮਦਦ ਕਰੇਗਾ।
"ਇਹ ਚੰਨ ਦੇ ਧਰਾਤਲ ਨੂੰ ਸਮਝਣ ਵਿੱਚ ਅਹਿਮ ਕਦਮ ਹੋਵੇਗਾ।"
ਹਾਲਾਂਕਿ ਇਸਰੋ ਦਾ ਕੋਈ ਵੀ ਮੌਜੂਦਾ ਜਾਂ ਸਾਬਕਾ ਵਿਗਿਆਨੀ ਚੰਨ ਉੱਤੇ ਸਾਫ਼ਟ ਲੈਂਡਿੰਗ ਦੇ ਮਿਸ਼ਨ ਦੇ ਸੰਭਾਵੀ ਕਾਰਨਾਂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ:
ਵਿਗਿਆਨੀ ਗਲਿਆਰੇ ਵਿੱਚ ਸਭ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਚੰਨ ਉੱਤੇ ਸਾਫ਼ਟ ਲੈਂਡਿੰਗ ਦੇ ਕਾਮਯਾਬ ਹੋਣ ਦੀ ਉਮੀਦ ਘੱਟ ਹੀ ਸੀ। ਕਾਮਯਾਬੀ ਦਾ ਪੱਧਰ 35 ਫੀਸਦ ਤੋਂ ਵੱਧ ਨਹੀਂ ਸੀ।
ਇਸਰੋ ਦੇ ਇੱਕ ਸਾਬਕਾ ਵਿਗਿਆਨੀ ਨੇ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਕਿਹਾ, ''ਇਸਰੋ ਇੱਕ ਸੰਸਥਾ ਦੇ ਤੌਰ 'ਤੇ ਅਜਿਹੀਆਂ ਕਈ ਨਾਕਾਮਯਾਬੀਆਂ ਦੇਖ ਚੁੱਕੀ ਹੈ।"
ਪਰ ਇਹ ਵੀ ਸੱਚ ਹੈ ਕਿ ਹਰੇਕ ਨਾਕਾਮਯਾਬੀ ਤੋਂ ਬਾਅਦ ਇਸਰੋ ਹਮੇਸ਼ਾ ਅਜਿਹੇ ਹੱਲ ਦੇ ਨਾਲ ਸਾਹਮਣੇ ਆਇਆ ਹੈ ਜੋ ਕਿ ਲੰਮੇ ਸਮੇਂ ਤੱਕ ਰਹਿਣ ਵਾਲੇ ਹਨ। ਉਸ ਨਾਲ ਦੇਸ ਦੇ ਟੀਚੇ ਪੂਰੇ ਹੋਏ ਹਨ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=9GbTPgw9wLU
https://www.youtube.com/watch?v=woBB6ocJE-U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਆਖ਼ਿਰੀ ਪਲਾਂ ਵਿੱਚ ਕਿਉਂ ਅਧੂਰਾ ਰਹਿ ਗਿਆ
NEXT STORY