ਥਮਲੇ ਨਾਲ ਬੰਨ੍ਹ ਕੇ ਕੁੱਟੇ ਜਾਂਦੇ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਈਰਲ ਹੋਈ ਤਾਂ ਬਾਕੀ ਤਫ਼ਸੀਲ ਭਾਵੇਂ ਗ਼ੈਰ-ਹਾਜ਼ਰ ਸੀ ਪਰ ਮਾਰ ਦੀ ਬੇਕਿਰਕੀ ਜ਼ਾਹਿਰ ਸੀ।
ਵੀਡੀਓ ਤੋਂ ਝਲਕਦਾ ਸੀ ਕਿ ਕੁੱਟਣ ਵਾਲਿਆਂ ਅਤੇ ਕੁੱਟ ਦੇ ਸ਼ਿਕਾਰ ਹੋਏ ਬੰਦੇ ਵਿੱਚ ਤਾਕਤ ਦਾ ਤਵਾਜ਼ਨ ਇੱਕੋ ਪਾਸੇ ਸੀ ਅਤੇ ਮੌਕੇ 'ਤੇ ਮੌਜੂਦ ਤਮਾਸ਼ਬੀਨ ਤੋਂ ਸਪੱਸ਼ਟ ਸੀ ਕਿ ਸਹਿਮਤੀ ਤਾਕਤਵਰ ਧਿਰ ਦੇ ਨਾਲ ਸੀ।
ਜਦੋਂ ਬੀਬੀਸੀ ਪੰਜਾਬੀ ਦੀ ਟੀਮ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸੀਤੋ ਗੁੰਨੋ ਤੋਂ ਪੜਤਾਲ ਕੀਤੀ ਤਾਂ ਕਹਾਣੀ ਦੇ ਕਈ ਪੱਖ ਸਾਹਮਣੇ ਆਏ।
ਪੁਲਿਸ ਨੇ ਦੋ ਸ਼ਿਕਾਇਤਾਂ ਦਰਜ ਕੀਤੀਆਂ ਹਨ। ਇੱਕ ਕੁੱਟਣ ਵਾਲੀ ਧਿਰ ਨੇ ਕੁੱਟ ਦਾ ਸ਼ਿਕਾਰ ਹੋਏ 35 ਸਾਲਾ ਸ਼ਖਸ ਦੇ ਖ਼ਿਲਾਫ਼ ਕਣਕ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੂਜੀ ਕੁੱਟ ਦਾ ਸ਼ਿਕਾਰ ਹੋਏ ਨੌਜਵਾਨ ਨੇ ਕੁੱਟਣ ਵਾਲੀ ਧਿਰ ਦੇ ਖ਼ਿਲਾਫ਼ ਦਰਜ ਕਰਵਾਈ ਹੈ।
ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਬੂਟਾ ਸਿੰਘ ਨੂੰ ਬੰਨ੍ਹ ਕੇ ਕੁੱਟਣ ਵਾਲ਼ਿਆ 'ਚੋ ਵਿਨੋਦ ਕੁਮਾਰ ਅਤੇ ਚਿਮਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਸੀ/ਐੱਸਟੀ ਕਨੂੰਨ ਬਾਰੇ ਥਾਣੇਦਾਰ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਐਸਸੀ ਕੈਟੇਗਿਰੀ ਨਾਲ ਸੰਬੰਧ ਰੱਖਦੀਆਂ ਨੇ ਇਸ ਲਈ ਇਹ ਧਾਰਾ ਨਹੀਂ ਬਣਦੀ।
ਇਹ ਵੀ ਪੜ੍ਹੋ-
https://www.youtube.com/watch?v=BZ9W7lL2m1A
ਨਸ਼ੇ ਦਾ ਆਦੀ
ਕੁੱਟ ਦਾ ਸ਼ਿਕਾਰ ਨੌਜਵਾਨ ਹਸਪਤਾਲ ਵਿੱਚ ਦਾਖ਼ਲ ਹੈ। ਇਸ ਮਾਮਲੇ ਵਿੱਚ ਕੁੱਟ ਦੇ ਨਾਲ ਇੱਕ ਹੋਰ ਤੱਥ ਹੈ ਜਿਸ ਬਾਬਤ ਸਭ ਧਿਰਾਂ ਵਿੱਚ ਸਹਿਮਤੀ ਹੈ।
ਕੁੱਟ ਦਾ ਸ਼ਿਕਾਰ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਇਸ ਕਾਰਨ ਹੀ ਉਸ ਨੇ ਕਣਕ ਦਾ ਕੱਟਾ ਚੋਰੀ ਕਰਨ ਦਾ ਤਰੱਦਦ ਕੀਤਾ ਸੀ।
ਨਸ਼ੇ ਦੇ ਆਦੀ ਬੰਦੇ ਨੂੰ ਮਨੋਰੋਗ ਮਾਹਿਰ ਮਰੀਜ਼ ਵੀ ਕਰਾਰ ਦਿੰਦੇ ਹਨ ਜਿਸ ਕਾਰਨ ਬੀਬੀਸੀ ਨੇ ਉਸ ਦੀ ਪਛਾਣ ਗੁਪਤ ਰੱਖਣ ਦਾ ਫ਼ੈਸਲਾ ਕੀਤਾ ਹੈ।
ਖੇਮਾਂ ਖੇੜਾ, ਮੁਕਤਸਰ ਜ਼ਿਲ੍ਹੇ ਦੀ ਲੰਬੀ ਤਹਿਸੀਲ ਦਾ ਪਿੰਡ ਹੈ ਜਿਸ ਦੇ ਖੇਤ ਮਜ਼ਦੂਰ ਦੂਜੇ ਪਿੰਡਾਂ ਵਿੱਚ ਮਜ਼ਦੂਰੀ ਕਰਨ ਜਾਂਦੇ ਹਨ। ਇਨ੍ਹਾਂ ਮਜ਼ਦੂਰਾਂ ਵਿੱਚ ਕੁੱਟ ਦਾ ਸ਼ਿਕਾਰ ਨੌਜਵਾਨ ਸ਼ਾਮਿਲ ਸੀ ਜੋ ਸੀਤੋ ਗੁੰਨੋ ਵਿੱਚ ਖੇਤ ਮਜ਼ਦੂਰੀ ਕਰਨ ਆਇਆ ਸੀ।
ਕੁੱਟ ਦਾ ਸ਼ਿਕਾਰ ਨੌਜਵਾਨ ਆਪਣੇ ਪਰਿਵਾਰ ਨਾਲ ਨਰਮਾ ਚੁਗਣ ਆਇਆ ਸੀ। ਪੁਲਿਸ ਕੋਲ ਦਰਜ ਸ਼ਿਕਾਇਤ ਮੁਤਾਬਕ ਇਹ ਨੌਜਵਾਨ ਨਸ਼ੇ ਦਾ ਆਦੀ ਹੈ ਜਿਸ ਨੇ ਮੌਕਾ ਦੇਖ ਕੇ ਨੇੜਲੇ ਘਰ ਵਿੱਚੋਂ ਕਣਕ ਦਾ ਕੱਟਾ ਚੋਰੀ ਕਰ ਲਿਆ ਪਰ ਘਰ ਵਾਲੇ ਮੌਕੇ ਉੱਤੇ ਆ ਗਏ ਜਿਨ੍ਹਾਂ ਨੇ ਉਸ ਨੂੰ ਫੜ ਕੇ ਘਰ ਦੇ ਥਮਲੇ ਨਾਲ ਬੰਨ੍ਹ ਕੇ ਕੁੱਟਿਆ। ਇਸ ਕੁੱਟ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ।
ਇਹ ਵੀ ਪੜ੍ਹੋ-
ਦੋਹਾਂ ਧਿਰਾਂ ਖ਼ਿਲਾਫ਼ ਮਾਮਲੇ
ਜਦੋਂ ਬੀਬੀਸੀ ਪੰਜਾਬੀ ਦੀ ਟੀਮ ਹਸਪਤਾਲ ਪੁੱਜੀ ਤਾਂ ਸੀਤੋ ਗੁੰਨੋ ਚੌਂਕੀ ਦੀ ਪੁਲਿਸ ਉਸ ਨੌਜਵਾਨ ਨੂੰ ਅਬੋਹਰ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਜਾ ਰਹੀ ਸੀ।
ਸਿਵਲ ਹਸਪਤਾਲ ਦੀ ਕੰਟੀਨ ਵਿੱਚ ਖੜ੍ਹੇ ਉਸ ਨੌਜਵਾਨ ਨੂੰ ਹੱਥਕੜੀ ਲੱਗੀ ਹੋਈ ਸੀ ਅਤੇ ਉਹ ਕੇਲੇ ਖਾ ਰਿਹਾ ਸੀ।
ਉਸ ਨੇ ਦੱਸਿਆ ਕਿ ਇੱਥੇ ਮਿਹਨਤ ਮਜ਼ਦੂਰੀ ਕਰਨ ਲਈ ਪਰਿਵਾਰ ਨਾਲ ਪਿੰਡ ਬਿਸ਼ਨ ਪੁਰੇ ਆਇਆ ਸੀ ਅਤੇ ਨਸ਼ੇ ਦੀ ਤੋੜ ਲੱਗੀ ਹੋਣ ਕਾਰਨ ਨੇੜਲੇ ਘਰੋਂ ਕਣਕ ਦਾ ਕੱਟਾ ਚੋਰੀ ਕਰਨ ਲੱਗਿਆ ਸੀ। ਫੜੇ ਜਾਣ ਤੋਂ ਬਾਅਦ ਉਸ ਦੀ ਥਮਲੇ ਨਾਲ ਬੰਨ੍ਹ ਕੇ ਮੰਜੇ ਦੀ ਬਾਹੀ ਨਾਲ ਬਹੁਤ ਕੁੱਟ-ਮਾਰ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ, "ਉਹਨਾਂ ਨੇ ਦੋਹਾਂ ਧਿਰਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਹਨ। ਕੁੱਟ ਦਾ ਸ਼ਿਕਾਰ ਨੌਜਵਾਨ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਅਤੇ ਕੁੱਟਣ ਵਾਲਿਆਂ ਖ਼ਿਲਾਫ਼ ਧਾਰਾ 342, 355, 506, 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।"
ਹਮਦਰਦੀ ਵਾਲਾ ਵਿਹਾਰ
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਵੀਡੀਓ ਬਣਾਉਣ ਤੇ ਵਾਇਰਲ ਕਰਨ ਵਾਲੇ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਮਨੋਰੋਗ ਮਾਹਿਰ ਡਾ. ਅਨੀਰੁੱਧ ਕਾਲਾ ਨਸ਼ੇ ਦਾ ਆਦੀ ਮਰੀਜ਼ ਨਾਲ ਹਮਦਰਦੀ ਵਾਲਾ ਵਿਹਾਰ ਹੋਣਾ ਚਾਹੀਦਾ ਹੈ
ਮਨੋਰੋਗ ਮਾਹਿਰ ਡਾ. ਅਨੀਰੁੱਧ ਕਾਲਾ ਇਸ ਮਾਮਲੇ ਦਾ ਅਹਿਮ ਪੱਖ ਉਜਾਗਰ ਕਰਦੇ ਹਨ, "ਨਸ਼ੇ ਦਾ ਆਦੀ ਬੰਦਾ ਤਾਂ ਮਰੀਜ਼ ਹੈ। ਕਾਇਦੇ ਨਾਲ ਤਾਂ ਉਸ ਦਾ ਪਹਿਲਾਂ ਹੀ ਇਲਾਜ ਹੋਣਾ ਚਾਹੀਦਾ ਸੀ। ਹੁਣ ਵੀ ਇਸ ਮਾਮਲੇ ਵਿੱਚ ਪੁਲਿਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਨੌਜਵਾਨ ਸਿਰਫ਼ ਮੁਲਜ਼ਮ ਨਹੀਂ ਸਗੋਂ ਮਰੀਜ਼ ਵੀ ਹੈ ਜਿਸ ਨਾਲ ਹਮਦਰਦੀ ਵਾਲਾ ਵਿਹਾਰ ਹੋਣਾ ਚਾਹੀਦਾ ਹੈ।"
ਡਾ. ਕਾਲਾ ਨੇ ਤਫ਼ਸੀਲ ਨਾਲ ਦੱਸਿਆ ਕਿ ਜੇ ਸਮਾਜ ਨਸ਼ੇ ਦੇ ਆਦੀ ਬੰਦੇ ਦੀ ਹਾਲਤ ਸਮਝ ਕੇ ਉਸ ਨਾਲ ਹਮਦਰਦੀ ਵਾਲਾ ਵਿਹਾਰ ਕਰੇ ਤਾਂ ਨਸ਼ਿਆਂ ਦੀ ਮਾਰ ਤੋਂ ਬਚਣ ਦੀ ਗੁੰਜਾਇਸ਼ ਹੋ ਜਾਂਦੀ ਹੈ। ਜਦੋਂ ਨਸ਼ੇ ਦਾ ਆਦੀ ਬੰਦਾ ਆਪਣੀ ਸੁਧ-ਬੁਧ ਗੁਆ ਦਿੰਦਾ ਹੈ ਤਾਂ ਉਹ ਹੋਰ ਵੀ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ ਜੋ ਇਸ ਮਾਮਲੇ ਵਿੱਚ ਵੀ ਹੋਇਆ ਹੈ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=xWw19z7Edrs&t=1s
https://www.youtube.com/watch?v=SX6DdrrZmOI
https://www.youtube.com/watch?v=UNmAfNq8CbQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

6 ਚੀਜ਼ਾਂ ਜੋ ਖ਼ਤਮ ਹੋ ਸਕਦੀਆਂ ਹਨ ਤੇ ਇਨ੍ਹਾਂ ਦਾ ਤੁਹਾਡੀ ਜ਼ਿੰਦਗੀ ''ਤੇ ਕੀ ਅਸਰ ਪਵੇਗਾ
NEXT STORY