ਕੁਝ ਮਹੀਨਿਆਂ ਪਹਿਲਾਂ ਉਨਾਓ ਵਿੱਚ ਇੱਕ ਹੋਰ ਰੇਪ ਪੀੜਤਾ ’ਤੇ ਜਾਨਲੇਵਾ ਹਮਲਾ ਹੋ ਚੁੱਕਿਆ ਹੈ
ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਰੇਪ ਪੀੜਤ ਇੱਕ ਕੁੜੀ ਨੂੰ ਮੁਲਜ਼ਮਾਂ ਨੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਹੈ।
ਗੰਭੀਰ ਹਾਲਤ ਵਿੱਚ ਕੁੜੀ ਨੂੰ ਲਖਨਊ ਦੇ ਸਿਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹ ਜ਼ਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਦੋ ਹੋਰ ਮੁਲਜ਼ਮ ਅਜੇ ਵੀ ਫ਼ਰਾਰ ਦੱਸੇ ਜਾ ਰਹੇ ਹਨ।
ਉਨਾਓ ਪੁਲਿਸ ਦੇ ਐੱਸਪੀ ਵਿਕਰਾਂਤ ਵੀਰ ਨੇ ਮੀਡੀਆ ਨੂੰ ਦੱਸਿਆ ਕਿ ਕੁੜੀ ਨੇ ਇਸੇ ਸਾਲ ਮਾਰਚ ਵਿੱਚ ਦੋ ਲੋਕਾਂ ਦੇ ਖ਼ਿਲਾਫ਼ ਰੇਪ ਦਾ ਮਾਮਲਾ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਸਾਨੂੰ ਸਵੇਰੇ ਜਾਣਕਾਰੀ ਮਿਲੀ ਸੀ ਕਿ ਬਿਹਾਰ ਥਾਣਾ ਖੇਤਰ ਵਿੱਚ ਇਹ ਘਟਨਾ ਹੋਈ ਹੈ। ਪੀੜਤ ਕੁੜੀ ਨੇ ਹਸਪਤਾਲ ਵਿੱਚ ਮੁਲਜ਼ਮਾਂ ਦੇ ਨਾਂ ਦੱਸੇ।"
"ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋ ਲੋਕਾਂ ਦੀ ਭਾਲ ਲਈ ਟੀਮ ਬਣਾ ਦਿੱਤੀ ਗਈ ਹੈ। ਜਲਦੀ ਹੀ ਬਾਕੀ ਮੁਲਜ਼ਮ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।"
ਹਾਲਾਂਕਿ ਕੁਝ ਦੇਰ ਬਾਅਦ ਪੁਲਿਸ ਆਈਜੀ ਐੱਸਕੇ ਭਗਤ ਨੇ ਮੀਡੀਆ ਨੂੰ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਉਨ੍ਹਾਂ ਦੇ ਘਰ ਤੋਂ ਹੀ ਗ੍ਰਿਫ਼ਤਾਕਰ ਕਰ ਲਿਆ ਗਿਆ ਹੈ। ਚੌਥੇ ਮੁਲਜ਼ਮ ਨੂੰ ਬਾਅਦ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਆਈਜੀ ਅਨੁਸਾਰ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
90 ਫੀਸਦੀ ਤੋਂ ਵੱਧ ਸੜ ਚੁੱਕੀ ਹੈ ਕੁੜੀ
ਆਈਜੀ ਐੱਸਕੇ ਭਗਤ ਨੇ ਦੱਸਿਆ, "ਪੀੜਤ ਕੁੜੀ ਨੇ ਜਿਨ੍ਹਾਂ ਲੋਕਾਂ ਨੂੰ ਮੁਲਜ਼ਮ ਬਣਾਇਆ ਹੈ ਉਨ੍ਹਾਂ ਵਿੱਚ ਉਹ ਮੁੰਡਾ ਵੀ ਸ਼ਾਮਿਲ ਹੈ ਜਿਸ ਦੇ ਖਿਲਾਫ਼ ਪੀੜਤ ਕੁੜੀ ਨੇ ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾਇਆ ਸੀ।"
"ਇਹ ਮੁੰਡਾ ਜੇਲ੍ਹ ਵੀ ਗਿਆ ਸੀ ਅਤੇ ਕੁਝ ਦਿਨਾਂ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ। ਪੀੜਤ ਪਰਿਵਾਰ ਨੇ ਕਿਸ ਤਰੀਕੇ ਦੀ ਧਮਕੀ ਦੀ ਸੂਚਨਾ ਨਹੀਂ ਦਿੱਤੀ ਸੀ। ਬਾਕੀ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।"
ਸਥਾਨਕ ਪੱਤਰਕਾਰ ਵਿਸ਼ਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਪੀੜਤ ਕੁੜੀ ਨਾਲ ਮਾਰਚ ਮਹੀਨੇ ਵਿੱਚ ਗੈਂਗਰੇਪ ਦੀ ਘਟਨਾ ਵਾਪਰੀ ਸੀ ਅਤੇ ਉਸੇ ਮਾਮਲੇ ਵਿੱਚ ਮੁਕੱਦਮੇ ਲਈ ਉਹ ਰਾਇਬਰੇਲੀ ਜਾ ਰਹੀ ਸੀ।"
"ਸਟੇਸ਼ਨ ਜਾਣ ਵੇਲੇ ਪੰਜ ਲੋਕਾਂ ਨੇ ਰਸਤੇ ਵਿੱਚ ਉਸ ਨੂੰ ਫੜ੍ਹ ਲਿਆ ਅਤੇ ਪੈਟਰੇਲ ਸੁੱਟ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ।"
ਲਖਨਊ ਵਿੱਚ ਸਿਵਿਲ ਹਸਪਤਾਲ ਦੇ ਡਾਕਟਰਾਂ ਦੇ ਮੁਤਾਬਿਕ, "ਕੁੜੀ ਨੱਬੇ ਫੀਸਦੀ ਤੋਂ ਵੱਧ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਬੇਹੱਦ ਗੰਭੀਰ ਹੈ।"
ਮੁੱਖ ਮੰਤਰੀ ਯੋਗੀ ਦੇ ਕੀ ਹੁਕਮ
ਉੱਥੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਪੀੜਤ ਕੁੜੀ ਦਾ ਇਲਾਜ ਕਰਵਾਇਆ ਜਾਵੇ ਅਤੇ ਇਲਾਜ ਦਾ ਸਾਰਾ ਖਰਚ ਸਰਕਾਰ ਚੁੱਕੇਗੀ।
ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ।
ਮੁੱਖ ਮੰਤਰੀ ਨੇ ਪੁਲਿਸ ਤੇ ਲਖਨਊ ਪ੍ਰਸ਼ਾਸਨ ਨੂੰ ਤਤਕਾਲ ਘਟਨਾ ਵਾਲੀ ਥਾਂ 'ਤੇ ਜਾ ਕੇ ਜਾਂਚ ਕਰਨ ਅਤੇ ਸ਼ਾਮ ਤੱਕ ਰਿਪੋਰਟ ਦੇਣ ਦਾ ਹੁਕਮ ਦਿੱਤਾ ਹੈ।
ਇਸੇ ਵਿਚਾਲੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮ ਜੇਲ੍ਹ 'ਚੋਂ ਬਾਹਰ ਆਉਣ ਮਗਰੋਂ ਉਨ੍ਹਾਂ ਨੂੰ ਲਗਾਤਾਰ ਧਮਕੀ ਦੇ ਰਹੇ ਸਨ। ਇਸ ਤੋਂ ਪਹਿਲਾਂ ਵੀ ਕਈ ਵਾਰ ਹਮਲੇ ਦੀ ਕੋਸ਼ਿਸ਼ ਕੀਤੀ ਸੀ।
ਕੁੜੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਘੱਟੋ-ਘੱਟ ਇੱਕ ਦਰਜਨ ਵਾਰ ਉਨ੍ਹਾਂ ਲੋਕਾਂ ਨੇ ਕੇਸ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਅਤੇ ਘਰ ਵਿੱਚ ਹਮਲੇ ਦੀ ਵੀ ਕੋਸ਼ਿਸ਼ ਕੀਤੀ ਸੀ।
ਪ੍ਰਤੱਖਦਰਸ਼ੀਆਂ ਅਨੁਸਾਰ ਅੱਗ ਲਗਾਏ ਜਾਣ ਤੋਂ ਬਾਅਦ ਕੁੜੀ ਦੀਆਂ ਚੀਖਾਂ ਸੁਣ ਕੇ ਉੱਥੇ ਕਈ ਲੋਕ ਇਕੱਠਾ ਹੋ ਗਏ।
ਇਹ ਵੀ ਪੜ੍ਹੋ:
ਦੱਸਿਆ ਜਾ ਰਿਹਾ ਹੈ ਕਿ ਘਟਨਾ ਸਵੇਰੇ ਪੰਜ ਵਜੇ ਦੀ ਹੈ ਇਸ ਲਈ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੁਲਜ਼ਮ ਉੱਥੋਂ ਫਰਾਰ ਹੋ ਗਏ ਪਰ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਕੁੜੀ ਨੇ ਮੁਲਜ਼ਮਾਂ ਦਾ ਨਾਂ ਦੱਸਿਆ ਤਾਂ ਪੁਲਿਸ ਉਨ੍ਹਾਂ ਦੀ ਤਲਾਸ਼ ਵਿੱਚ ਲਗ ਗਈ।
ਘਟਨਾ ਵਾਲੀ ਥਾਂ 'ਤੇ ਮੌਜੂਦ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਕੁੜੀ ਨੂੰ ਲੈ ਕੇ ਸਭ ਤੋਂ ਪਹਿਲਾਂ ਸੁਮੇਰਪੁਰ ਦੇ ਸਿਹਤ ਕੇਂਦਰ ਲੈ ਕੇ ਪਹੁੰਚੀ ਪਰ ਗੰਭੀਰ ਹਾਲਤ ਕਾਰਨ ਉਸ ਨੂੰ ਪਹਿਲਾਂ ਉਨਾਓ ਦੇ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਪਰ ਉੱਥੇ ਵੀ ਡਾਕਟਰਾਂ ਨੇ ਲਖਨਊ ਲਈ ਰੈਫਰ ਕਰ ਦਿੱਤਾ।
ਸਰਕਾਰ ’ਤੇ ਵਿਰੋਧੀ ਧਿਰ ਦਾ ਹਮਲਾ
ਉੱਥੇ ਹੀ ਇਸ ਮਾਮਲੇ ਵਿੱਚ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਸੂਬਾ ਸਰਕਾਰ ਉੱਥੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ।
ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ, "ਕੱਲ੍ਹ ਦੇਸ ਦੇ ਗ੍ਰਹਿ ਮੰਤਰੀ (ਅਮਿਤ ਸ਼ਾਹ) ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਾਫ਼-ਸਾਫ਼ ਝੂਠ ਬੋਲਿਆ ਕਿ ਯੂਪੀ ਦੀ ਕਾਨੂੰਨ ਵਿਵਸਥਾ ਚੰਗੀ ਹੋ ਚੁੱਕੀ ਹੈ।"
"ਇੱਥੇ ਹਰ ਰੋਜ਼ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਮਨ ਵਿੱਚ ਰੋਸ ਹੁੰਦੀ ਹੈ। ਭਾਜਪਾ ਆਗੂਆਂ ਨੂੰ ਹੁਣ ਫਰਜ਼ੀ ਪ੍ਰਚਾਰ ਤੋਂ ਬਾਹਰ ਆਉਣਾ ਚਾਹੀਦਾ ਹੈ।"
ਉਨਾਓ ਵਿੱਚ ਇਸ ਤੋਂ ਪਹਿਲਾਂ ਵੀ ਰੇਪ ਪੀੜਤ ਇੱਕ ਕੁੜੀ ਨੂੰ ਕਥਿਤ ਤੌਰ 'ਤੇ ਟਰੱਕ ਹੇਠਾਂ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿੱਚ ਸਥਾਨਕ ਵਿਧਾਇਕ ਕੁਲਦੀਪ ਸੇਂਗਰ ਸਣੇ ਕੁਝ ਹੋਰ ਲੋਕ ਜੇਲ੍ਹ ਵਿੱਚ ਬੰਦ ਹਨ।
ਪੀੜਤ ਕੁੜੀ ਮਹੀਨਿਆਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਹੁਣ ਕੁਝ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ।
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=XbeWqsydN1w
https://www.youtube.com/watch?v=U_u-tUheC8g
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)

ਭਾਰਤੀਆਂ ਲਈ ਖ਼ਲਨਾਇਕ ਅਹਿਮਦ ਸ਼ਾਹ ਅਬਦਾਲੀ ਅਫ਼ਗਾਨ ਚ ''ਬਾਬਾ-ਏ-ਕੌਮ'' ਕਿਉਂ ਹੈ
NEXT STORY