ਯੂਕੇ ਵਿੱਚ ਰੇਨਹਾਰਡ ਸਿਨਾਗਾ ਨਾਂ ਦੇ ਜਿਨਸੀ ਸ਼ਿਕਾਰੀ ਨੂੰ 136 ਬਲਾਤਕਾਰਾਂ ਲਈ ਉਮਰ ਕੈਦ ਦੀ ਸਜ਼ਾ ਦਾ ਐਲਾਨ ਹੋਇਆ ਹੈ।
ਇੱਕ ਜੱਜ ਨੇ ਕਿਹਾ ਕਿ ਜੋ ਵਿਅਕਤੀ 136 ਬਲਾਤਕਾਰਾਂ ਸਮੇਤ 159 ਜਿਨਸੀ ਅਪਰਾਧਾਂ ਦਾ ਮੁਲਜ਼ਮ ਹੋਵੇ, 'ਉਸਨੂੰ ਰਿਹਾਅ ਕਰਨਾ ਕਦੇ ਵੀ ਸੁਰੱਖਿਅਤ ਨਹੀਂ ਹੋਵੇਗਾ।'
ਰੇਨਹਾਰਡ ਸਿਨਾਗਾ ਨੂੰ ਮੈਨਚੈਸਟਰ ਦੇ ਕਲੱਬਾਂ ਦੇ ਬਾਹਰੋਂ 48 ਵਿਅਕਤੀਆਂ ਨੂੰ ਭਰਮਾ ਕੇ ਆਪਣੇ ਫਲੈਟ ਵਿੱਚ ਲਿਜਾ ਕੇ ਉਨ੍ਹਾਂ ਨੂੰ ਨਸ਼ਾ ਦੇ ਕੇ ਉਨ੍ਹਾਂ 'ਤੇ ਜਿਨਸੀ ਹਮਲਾ ਕਰਨ ਅਤੇ ਫ਼ਿਲਮਾਉਣ ਦਾ ਮੁਜਰਮ ਪਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 36 ਸਾਲ ਦੇ ਸਿਨਾਗਾ ਖ਼ਿਲਾਫ਼ ਸਬੂਤ ਹਨ ਕਿ ਉਸ ਨੇ ਘੱਟੋ-ਘੱਟ 190 ਲੋਕਾਂ ਨੂੰ ਨਿਸ਼ਾਨਾ ਬਣਾਇਆ।
ਕਰਾਊਨ ਪ੍ਰੌਸੀਕਿਊਸ਼ਨ ਸਰਵਿਸ (CPS) ਨੇ ਕਿਹਾ ਕਿ ਸਿਨਾਗਾ 'ਬ੍ਰਿਟਿਸ਼ ਕਾਨੂੰਨੀ ਇਤਿਹਾਸ ਵਿੱਚ ਸਭ ਤੋਂ ਵੱਧ ਬਲਾਤਕਾਰ ਕਰਨ ਵਾਲਾ ਵਿਅਕਤੀ ਹੈ।'
ਇਹ ਵੀ ਪੜ੍ਹੋ:
ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਉਸ ਦੀ ਸਜ਼ਾ ਵਿੱਚ ਘੱਟੋ-ਘੱਟ 30 ਸਾਲ ਦੀ ਜੇਲ੍ਹ ਸ਼ਾਮਲ ਹੋਣੀ ਚਾਹੀਦੀ ਹੈ।
ਸੋਮਵਾਰ ਨੂੰ ਮੈਨਚੈਸਟਰ ਕਰਾਊਨ ਕੋਰਟ ਵਿੱਚ ਸੁਣਵਾਈ ਦੌਰਾਨ ਰਿਪੋਰਟਿੰਗ ਕਰਨ 'ਤੇ ਲਗਾਈਆਂ ਗਈਆਂ ਪਾਬੰਦੀਆਂ ਵੀ ਹਟਾ ਲਈਆਂ ਗਈਆਂ ਸਨ, ਤਾਂ ਕਿ ਲੋਕ ਸਿਨਾਗਾ ਨੂੰ ਪਛਾਣ ਸਕਣ।
ਸਿਨਾਗਾ ਪੋਸਟ ਗ੍ਰੈਜੂਏਟ ਵਿਦਿਆਰਥੀ ਹੈ, ਜੋ ਪਹਿਲਾਂ ਤੋਂ ਹੀ ਘੱਟ ਤੋਂ ਘੱਟ 20 ਸਾਲ ਦੀ ਸਜ਼ਾ ਭੁਗਤ ਰਿਹਾ ਸੀ ਕਿਉਂਕਿ ਇਸ ਅਪਰਾਧ ਲਈ ਉਸ ਨੂੰ ਪਹਿਲਾਂ ਦੇ ਦੋ ਟਰਾਇਲਾਂ ਦੌਰਾਨ ਮੁਲਜ਼ਮ ਠਹਿਰਾਇਆ ਗਿਆ ਸੀ। ਇਹ ਦੋਵੇਂ ਟਰਾਇਲ 2018 ਵਿੱਚ ਹੋਏ ਸਨ।
ਚਾਰ ਵੱਖ-ਵੱਖ ਟਰਾਇਲ ਦੌਰਾਨ ਇੰਡੋਨੇਸ਼ੀਆ ਦੇ ਇਸ ਨਾਗਰਿਕ ਨੂੰ 136 ਬਲਾਤਕਾਰਾਂ, 8 ਬਲਾਤਕਾਰ ਦੀਆਂ ਕੋਸ਼ਿਸ਼ਾਂ, 14 ਜਿਨਸੀ ਹਮਲਿਆਂ ਸਮੇਤ 48 ਪੀੜਤਾਂ 'ਤੇ ਹਮਲੇ ਦਾ ਮੁਜਰਮ ਪਾਇਆ ਗਿਆ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਬਾਕੀ 70 ਪੀੜਤਾਂ ਦੀ ਪਛਾਣ ਨਹੀਂ ਕਰ ਸਕੇ। ਹੁਣ ਸਿਨਾਗਾ ਦੇ ਪੀੜਤਾਂ ਨੂੰ ਆਪਣੇ-ਆਪ ਸਾਹਮਣੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਅਜਿਹਾ ਜਿਨਸੀ ਸ਼ਿਕਾਰੀ ਜੋ ਨਾਈਟ ਕਲੱਬਾਂ ਦੇ ਬਾਹਰ ਇੰਤਜ਼ਾਰ ਕਰਦਾ ਸੀ
ਸੁਣਵਾਈ ਦੌਰਾਨ ਜੱਜ ਸੁਜ਼ੈਨ ਗੋਡਾਰਡ ਕਿਯੂਸੀ ਨੇ ਸਿਨਾਗਾ ਬਾਰੇ ਕਿਹਾ "ਇਹ ਇੱਕ ਲੜੀਵਾਰ ਜਿਨਸੀ ਸ਼ਿਕਾਰੀ ਸੀ ਜਿਸ ਨੇ ਨੌਜਵਾਨਾਂ ਦਾ ਸ਼ਿਕਾਰ ਕੀਤਾ" ਜੋ ਸਿਰਫ਼ "ਆਪਣੇ ਦੋਸਤਾਂ ਨਾਲ ਰਾਤ ਨੂੰ ਸ਼ੁਗਲ" ਕਰਨਾ ਚਾਹੁੰਦੇ ਸਨ।
''ਮੇਰੇ ਫ਼ੈਸਲੇ ਵਿੱਚ ਤੁਸੀਂ ਇੱਕ ਬੇਹੱਦ ਖ਼ਤਰਨਾਕ, ਚਲਾਕ ਅਤੇ ਧੋਖੇਬਾਜ਼ ਵਿਅਕਤੀ ਹੋ ਜਿਸ ਨੂੰ ਰਿਹਾਅ ਕਰਨਾ ਕਦੇ ਵੀ ਸੁਰੱਖਿਅਤ ਨਹੀਂ ਹੋਵੇਗਾ।'' ਮਹਿਲਾ ਜੱਜ ਨੇ ਅੱਗੇ ਕਿਹਾ ਕਿ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਪੈਰੋਲ ਬੋਰਡ ਵੱਲੋਂ ਕੀਤਾ ਜਾਂਦਾ ਹੈ।
ਸਿਨਾਗਾ ਅਕਸਰ ਕਲੱਬਾਂ ਅਤੇ ਬਾਰ ਤੋਂ ਨਿਕਲਣ ਵਾਲੇ ਮਰਦਾਂ ਦਾ ਇੰਤਜ਼ਾਰ ਕਰਦਾ ਅਤੇ ਉਨ੍ਹਾਂ ਨੂੰ ਮੋਂਟਾਨਾ ਹਾਊਸ, ਪ੍ਰਿੰਸਜ਼ ਸਟਰੀਟ ਸਥਿਤ ਆਪਣੇ ਫਲੈਟ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਾਬ ਪੀਣ ਜਾਂ ਟੈਕਸੀ ਬੁਲਾਉਣ ਦੇ ਬਹਾਨੇ ਨਾਲ ਲੈ ਕੇ ਜਾਂਦਾ।
ਉਨ੍ਹਾਂ 'ਤੇ ਹਮਲਾ ਕਰਨ ਤੋਂ ਪਹਿਲਾਂ ਉਹ ਆਪਣੇ ਸ਼ਿਕਾਰਾਂ ਨੂੰ ਨਸ਼ਾ ਦਿੰਦਾ ਅਤੇ ਜਦੋਂ ਉਹ ਬੇਹੋਸ਼ ਹੋ ਜਾਂਦੇ ਤਾਂ ਉਨ੍ਹਾਂ 'ਤੇ ਹਮਲਾ ਕਰਦਾ। ਜਦੋਂ ਪੀੜਤਾਂ ਨੂੰ ਹੋਸ਼ ਆਉਂਦੀ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਯਾਦ ਵੀ ਨਹੀਂ ਹੁੰਦਾ ਸੀ ਕਿ ਉਨ੍ਹਾਂ ਨਾਲ ਕੀ ਹੋਇਆ ਸੀ।
ਇਸ ਵਿਦਿਆਰਥੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਕਿ ਸਾਰੀਆਂ ਜਿਨਸੀ ਗਤੀਵਿਧੀਆਂ ਸਹਿਮਤੀ ਨਾਲ ਕੀਤੀਆਂ ਗਈਆਂ ਸਨ ਅਤੇ ਹਰੇਕ ਵਿਅਕਤੀ ਨੂੰ ਸੁੱਤੇ ਹੋਣ ਦਾ ਨਾਟਕ ਕਰਦੇ ਹੋਏ ਫ਼ਿਲਮਾਇਆ ਜਾਣਾ ਸੀ। ਬਚਾਅ ਪੱਖ ਦੇ ਜੱਜ ਨੇ ਇਸ ਦਲੀਲ ਨੂੰ 'ਹਾਸੋਹੀਣਾ' ਕਰਾਰ ਦਿੱਤਾ।
ਪਹਿਲੇ ਕੇਸ ਵਿੱਚ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਸੀ ਕਿ ਉਸ ਨੂੰ ਪੱਕਾ ਯਕੀਨ ਹੈ ਕਿ ਸਿਨਾਗਾ ਨੇ ਜੀਐੱਚਬੀ ਵਰਗੇ 'ਡੇਟ ਰੇਪ ਡਰੱਗ' ਦੀ ਵਰਤੋਂ ਕੀਤੀ ਸੀ।
https://www.youtube.com/watch?v=lNNdJzEmdYI
ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਕਿ ਉਹ ਅਜਿਹੀ ਦਵਾਈ ਦੀ ਵਰਤੋਂ ਕਾਰਨ 'ਬਹੁਤ ਫਿਕਰਮੰਦ' ਹਨ।
ਇੱਕ ਪੀੜਤ ਨੇ ਅਦਾਲਤ ਵਿੱਚ ਪੜ੍ਹੇ ਆਪਣੇ ਬਿਆਨ ਵਿੱਚ ਕਿਹਾ, ''ਸਿਨਾਗਾ ਨੇ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਤਬਾਹ ਕਰ ਦਿੱਤਾ।''
ਜਦਕਿ ਇੱਕ ਹੋਰ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਉਹ ਕਦੇ ਵੀ ਜੇਲ੍ਹ ਵਿੱਚੋਂ ਬਾਹਰ ਨਹੀਂ ਆਵੇਗਾ ਅਤੇ ਉਹ ਨਰਕ ਵਿੱਚ ਸੜਦਾ ਰਹੇ।''
ਇੱਕ ਹੋਰ ਪੀੜਤ ਨੇ ਕਿਹਾ, ''ਅਜਿਹਾ ਦੌਰ ਵੀ ਆਉਂਦਾ ਹੈ ਜਦੋਂ ਮੈਂ ਹਾਲਾਤ ਦਾ ਸਾਹਮਣਾ ਵੀ ਨਹੀਂ ਕਰ ਸਕਦਾ।''
ਪੀੜਤਾਂ ਵਿੱਚ ਕਈ ਅਜਿਹੇ ਸਨ ਕਿ ਜਦੋਂ ਤੱਕ ਉਨ੍ਹਾਂ ਨਾਲ ਪੁਲਿਸ ਵੱਲੋਂ ਸੰਪਰਕ ਨਹੀਂ ਕੀਤਾ ਗਿਆ, ਉਹ ਆਪਣੇ ਨਾਲ ਹੋਏ ਜੁਰਮ ਤੋਂ ਅਨਜਾਣ ਸਨ।
ਸੈਂਟ ਮੈਰੀ ਸੈਕਸ਼ੂਅਲ ਅਸਾਲਟ ਰੈਫਰਲ ਸੈਂਟਰ ਜਿੱਥੇ ਪੀੜਤਾਂ ਦੀ ਮਦਦ ਕੀਤੀ ਗਈ, ਦੀ ਲੀਜ਼ਾ ਵਾਟਰਜ਼ ਨੇ ਕਿਹਾ ਕਿ ਕਈ ਮਰਦਾਂ ਨੂੰ ਇਸ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਬਹੁਤ ਮੁਸ਼ਕਿਲ ਲੱਗਿਆ, ਕਈਆਂ ਨੂੰ ਮਾਨਸਿਕ ਸਿਹਤ ਸਬੰਧੀ ਪਰੇਸ਼ਾਨੀਆਂ ਦੇ ਮੁੱਦਿਆਂ ਨਾਲ ਦੋ ਚਾਰ ਹੋਣਾ ਪਿਆ ਤੇ ਕਈਆਂ ਦੇ ਮਨ ਵਿੱਚ ਖੁਦਕੁਸ਼ੀ ਦੇ ਵਿਚਾਰ ਵੀ ਆਏ।
ਸਿਨਾਗਾ ਜੋ ਲੀਡਜ਼ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਰਿਹਾ ਸੀ, ਕਈ ਸਾਲਾਂ ਤੋਂ ਜਿਨਸੀ ਹਮਲੇ ਕਰ ਰਿਹਾ ਸੀ।
ਇਸ ਬਲਾਤਕਾਰੀ ਨੂੰ ਜੂਨ 2017 ਵਿੱਚ ਉਦੋਂ ਫੜਿਆ ਗਿਆ ਸੀ ਜਦੋਂ ਹਮਲੇ ਦੌਰਾਨ ਇੱਕ ਪੀੜਤ ਹੋਸ਼ ਵਿੱਚ ਆ ਗਿਆ ਸੀ। ਉਸਨੇ ਸਿਨਾਗਾ ਨਾਲ ਲੜਾਈ ਕੀਤੀ ਅਤੇ ਫਿਰ ਪੁਲਿਸ ਨੂੰ ਬੁਲਾ ਲਿਆ ਸੀ।
https://www.youtube.com/watch?v=Ui8nZOggd4U
ਜਦੋਂ ਪੁਲਿਸ ਅਧਿਕਾਰੀਆਂ ਨੇ ਸਿਨਾਗਾ ਦਾ ਫੋਨ ਜ਼ਬਤ ਕੀਤਾ ਤਾਂ ਉਨ੍ਹਾਂ ਨੇ ਦੇਖਿਆ ਕਿ ਉਸਨੇ ਆਪਣੇ ਹਰੇਕ ਹਮਲੇ ਨੂੰ ਫ਼ਿਲਮਾਇਆ ਹੈ- ਜਿਸਦੀ ਫੁਟੇਜ਼ ਸੈਂਕੜੇ ਘੰਟਿਆਂ ਦੀ ਹੈ। ਇਸ ਖੁਲਾਸੇ ਨਾਲ ਬ੍ਰਿਟਿਸ਼ ਇਤਿਹਾਸ ਵਿੱਚ ਬਲਾਤਕਾਰ ਦੀ ਸਭ ਤੋਂ ਵੱਡੀ ਜਾਂਚ ਦੀ ਸ਼ੁਰੂਆਤ ਹੋਈ।
ਅਸਿਸਟੈਂਟ ਚੀਫ ਕਾਂਸਟੇਬਲ ਮਾਬਸ ਹੁਸੈਨ ਨੇ ਕਿਹਾ ਕਿ ਸਿਨਾਗਾ ਦੇ ਅਪਰਾਧ ਦੀ ਅਸਲ ਹੱਦ ਸ਼ਾਇਦ ਕਦੇ ਵੀ ਪਤਾ ਨਹੀਂ ਲੱਗੇਗੀ।
ਉਨ੍ਹਾਂ ਕਿਹਾ, 'ਸਾਨੂੰ ਸ਼ੱਕ ਹੈ ਕਿ ਉਹ 10 ਸਾਲਾਂ ਤੋਂ ਇਹ ਸਭ ਕਰ ਰਿਹਾ ਹੈ। ਅਸੀਂ ਜੋ ਜਾਣਕਾਰੀ ਅਤੇ ਸਬੂਤ ਲੈ ਕੇ ਜਾ ਰਹੇ ਹਾਂ, ਉਹ ਕਾਫ਼ੀ ਹੱਦ ਤੱਕ ਉਹ ਟਰਾਫੀਆਂ ਹਨ ਜੋ ਉਸਨੇ ਆਪਣੇ ਅਪਰਾਧਾਂ ਦੇ ਪੀੜਤਾਂ ਤੋਂ ਇਕੱਤਰ ਕੀਤੀਆਂ ਹਨ।''
ਜਾਂਚ ਕਰਤਾਵਾਂ ਨੇ ਸਿਨਾਗਾ ਦੇ ਮੈਨਚੈਸਟਰ ਫਲੈਟ ਤੋਂ ਮਿਲੇ ਸੁਰਾਗਾਂ ਜਿਵੇਂ ਚੋਰੀ ਦੇ ਫੋਨ, ਆਈਡੀ ਕਾਰਡ ਅਤੇ ਘੜੀਆਂ ਤੋਂ ਦਰਜਨਾਂ ਪੀੜਤਾਂ ਦਾ ਪਤਾ ਲਗਾਇਆ ਹੈ।
ਇਹ ਵੀ ਪੜ੍ਹੋ:
ਸਿਨਾਗ ਮੈਨਚੈਸਟਰ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਹੈ। ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ ਦੇ 0ਭਾਈਚਾਰੇ ਦੇ ਕੁਝ ਮੈਂਬਰ ਇਸ ਮਾਮਲੇ ਤੋਂ 'ਸਿੱਧੇ ਪ੍ਰਭਾਵਿਤ' ਹੋਏ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਮਦਦ ਕਰਨ ਲਈ ਇੱਕ ਸਮਰਪਿਤ ਗੁਪਤ ਫੋਨ ਲਾਈਨ ਸਥਾਪਿਤ ਕੀਤੀ ਸੀ।
ਵਾਈਸ ਚਾਂਸਲਰ ਡੈਮ ਨੈਨਸੀ ਰੋਥਵੈੱਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਖ਼ਬਰ ਬਹੁਤ ਪਰੇਸ਼ਾਨ ਕਰਨ ਵਾਲੀ ਹੈ ਅਤੇ ਉਨ੍ਹਾਂ ਨੂੰ ਸਾਰੇ ਪੀੜਤਾਂ ਨਾਲ ਹਮਦਰਦੀ ਹੈ।
'ਹੈਰਾਨੀਜਨਕ ਗਿਣਤੀ'
ਜੱਜ ਗੋਡਾਰਡ ਨੇ ਕਿਹਾ ਕਿ ਸਿਨਾਗਾ ਦੇ ਅਪਰਾਧ ਦਾ 'ਪੈਮਾਨਾ ਅਤੇ ਵਿਸ਼ਾਲਤਾ' ਇੰਨੀ ਹੈ ਕਿ ਉਸਦੇ ਪੀੜਤਾਂ ਵਿੱਚੋਂ ਇੱਕ ਵੱਲੋਂ ਉਸਨੂੰ ਰਾਖਸ਼ ਦੇ ਰੂਪ ਵਿੱਚ ਵਰਣਨ ਕਰਨਾ 'ਸਟੀਕ' ਸੀ।
ਉਨ੍ਹਾਂ ਅੱਗੇ ਕਿਹਾ ਕਿ ਸਿਨਾਗਾ ਨੇ 'ਪਛਤਾਵਾ ਨਹੀਂ' ਦਿਖਾਇਆ ਬਲਕਿ ਉਹ ਕਈ ਵਾਰ 'ਟਰਾਇਲ ਪ੍ਰਕਿਰਿਆ ਦਾ ਆਨੰਦ ਲੈਂਦਾ' ਵਿਖਾਈ ਦਿੱਤਾ।
ਸਜ਼ਾ ਸੁਣਾਏ ਜਾਣ ਤੋਂ ਬਾਅਦ ਸੀਪੀਐੱਸ ਦੇ ਇਆਨ ਰਸ਼ਟਨ ਨੇ ਕਿਹਾ, ਸਿਨਾਗਾ 'ਬ੍ਰਿਟਿਸ਼ ਕਾਨੂੰਨੀ ਇਤਿਹਾਸ ਅਤੇ ਸੰਭਾਵਿਤ ਤੌਰ 'ਤੇ ਸਮੁੱਚੇ ਵਿਸ਼ਵ ਵਿੱਚ ਸਭ ਤੋਂ ਦੁਸ਼ਟ ਬਲਾਤਕਾਰੀ' ਹੈ।
ਉਨ੍ਹਾਂ ਨੇ ਅੱਗੇ ਕਿਹਾ, ''ਉਸਦੀ ਜਿਨਸੀ ਭੁੱਖ ਇੰਨੀ ਤੀਬਰ ਹੈ ਕਿ ਫੜੇ ਨਾ ਜਾਣ ਦੀ ਸੂਰਤ ਵਿੱਚ ਇਹ ਹੈਰਾਨੀਜਨਕ ਗਿਣਤੀ ਹੋਰ ਵੀ ਵਧਦੀ ਜਾਣੀ ਸੀ।''
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸਤਰੀਆਂ ਨਾਲ ਸਬੰਧ ਬਣਾਉਣ ਵਾਲੇ ਮਰਦਾਂ (ਹੈਟਰੋਸੈਕਸ਼ੂਅਲ ਮਰਦ) ਨੂੰ ਸ਼ਿਕਾਰ ਬਣਾਉਣ ਵਿੱਚ ਸਿਨਾਗਾ ਨੂੰ ਵਿਸ਼ੇਸ਼ ਆਨੰਦ ਆਉਂਦਾ ਸੀ।
ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਕਿ ਸਿਨਾਗਾ ਦੇ 'ਘੋਰ ਅਪਰਾਧ' ਸਬੰਧੀ ਉਸਨੇ ਸੁਤੰਤਰ ਕੌਂਸਲ ਨੂੰ ਇਸ ਗੱਲ ਦੀ ਤਰਜੀਹੀ ਆਧਾਰ 'ਤੇ ਸਮੀਖਿਆ ਕਰਨ ਨੂੰ ਕਿਹਾ ਸੀ ਕਿ ਕੀ ਜੀਐੱਚਬੀ ਵਰਗੇ ਨਸ਼ਿਆਂ ਨੂੰ ਕੰਟਰੋਲ ਕਰਨਾ ਕਾਫ਼ੀ ਔਖਾ ਹੈ?
ਜੀਐੱਚਬੀ (ਗਾਮਾ ਹਾਈਡਰੋਕਸੀਬਿਭਟੀਰੇਟ) ਇੱਕ ਕਲਾਸ 'ਸੀ' ਡਰੱਗ ਹੈ, ਇਹ ਜਿਸਦੇ ਵੀ ਕਬਜ਼ੇ ਵਿੱਚ ਪਾਈ ਗਈ, ਉਸਨੂੰ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਸਿਨਾਗਾ ਦਾ ਟਰਾਇਲ ਮੈਨਚੈਸਟਰ ਕਰਾਊਨ ਕੋਰਟ ਵਿੱਚ 18 ਮਹੀਨੇ ਤੱਕ ਚੱਲਿਆ, ਨਤੀਜੇ ਵਜੋਂ ਸਾਰੇ ਦੋਸ਼ਾਂ 'ਤੇ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ।
ਇਹ ਉਸਦੇ ਜਨਵਰੀ 2015 ਤੋਂ ਜੂਨ 2017 ਤੱਕ ਕੀਤੇ ਗਏ ਅਪਰਾਧਾਂ ਨਾਲ ਸਬੰਧਿਤ ਹੈ, ਪਰ ਪੁਲਿਸ ਦਾ ਮੰਨਣਾ ਹੈ ਕਿ ਉਸਨੇ ਕਈ ਸਾਲ ਪਹਿਲਾਂ ਅਪਰਾਧ ਕਰਨਾ ਸ਼ੁਰੂ ਕਰ ਦਿੱਤਾ ਸੀ।
ਗ੍ਰੇਟ ਮੈਨਚੈਸਟਰ ਪੁਲਿਸ ਨੇ ਕਿਹਾ ਕਿ ਜਿਸਨੂੰ ਵੀ ਇਹ ਲੱਗਦਾ ਹੈ ਕਿ ਉਨ੍ਹਾਂ 'ਤੇ ਸਿਨਾਗਾ ਵੱਲੋਂ ਹਮਲਾ ਕੀਤਾ ਗਿਆ ਹੈ, ਉਹ ਔਨਲਾਈਨ ਸੂਚਨਾ ਦੇ ਸਕਦਾ ਹੈ ਜਾਂ ਯੂਕੇ 'ਚ 0800 092 0410 'ਤੇ ਯੂਕੇ ਤੋਂ ਬਾਹਰ 0207 158 0124 'ਤੇ ਪੁਲਿਸ ਨੂੰ ਫੋਨ ਕਰ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਮਾਹਿਰ ਏਜੰਸੀਆਂ ਦੀ ਮਦਦ ਦੀ ਲੋੜ ਹੈ, ਉਹ ਯੂਕੇ ਤੋਂ 0800 056 0154 ਜਾਂ ਵਿਦੇਸ਼ ਤੋਂ 0207 158 0011 'ਤੇ ਕਾਲ ਕਰ ਸਕਦਾ ਹੈ।
ਜੇਕਰ ਤੁਸੀਂ ਇਸ ਲੇਖ ਵਿੱਚ ਉਠਾਏ ਗਏ ਮੁੱਦਿਆਂ ਤੋਂ ਪ੍ਰਭਾਵਿਤ ਹੋਏ ਹੋ ਤਾਂ ਬੀਬੀਸੀ ਐਕਸ਼ਨ ਲਾਈਨ ਤੋਂ ਮਦਦ ਅਤੇ ਸਮਰਥਨ ਪ੍ਰਾਪਤ ਕਰ ਸਕਦੇ ਹੋ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=IE74d_HEUQY
https://www.youtube.com/watch?v=b1_vnNkwx-s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
CAA ''ਤੇ ਜਸਟਿਸ ਬੋਬੜੇ ਨੇ ਕਿਹਾ- ਦੇਸ ਮੁਸ਼ਕਿਲ ਦੌਰ ''ਚ
NEXT STORY