ਕੋਰੋਨਾਵਾਇਰਸ ਜਾਨਲੇਵਾ ਹੈ ਜਿਸ ਕਰਕੇ ਹੁਣ ਤੱਕ ਸੈਂਕੜੇ ਮੌਤਾਂ ਹੋ ਚੁੱਕੀਆਂ ਹਨ। ਦੁਨੀਆ ਭਰ 'ਚ ਇਸ ਵਾਇਰਸ ਦਾ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 'ਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ।
ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਸਮੁੰਦਰੀ ਜੀਵਾਂ ਨੂੰ ਵੇਚਣ ਵਾਲੇ ਬਾਜ਼ਾਰ ਤੋਂ ਦੂਜੇ ਰਾਜਾਂ ਤੱਕ ਪਹੁੰਚਿਆ ਹੈ।
ਇਸ ਬਾਜ਼ਾਰ 'ਚ ਜੰਗਲੀ ਜੀਵਾਂ ਜਿਵੇਂ ਮਿਸਾਲਨ ਸੱਪ, ਰੈਕੂਨ ਅਤੇ ਸਾਹੀ ਦਾ ਗੈਰ ਕਾਨੂੰਨੀ ਢੰਗ ਨਾਲ ਵਪਾਰ ਹੁੰਦਾ ਸੀ। ਇੰਨ੍ਹਾਂ ਜਾਨਵਰਾਂ ਨੂੰ ਪਿੰਜਰੇ 'ਚ ਕੈਦ ਕਰਕੇ ਰੱਖਿਆ ਜਾਂਦਾ ਸੀ ਅਤੇ ਇੰਨ੍ਹਾਂ ਦੀ ਵਰਤੋਂ ਖਾਦ ਪਦਾਰਥਾਂ ਅਤੇ ਦਵਾਈਆਂ ਦੇ ਰੂਪ 'ਚ ਕੀਤੀ ਜਾਂਦੀ ਸੀ।
ਪਰ ਹੁਣ ਇਸ ਵਾਇਰਸ ਦੀ ਮਾਰ ਵੱਧਣ ਕਰਕੇ ਇਸ ਬਾਜ਼ਾਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਚੀਨ ਦੁਨੀਆ ਭਰ 'ਚ ਜੰਗਲੀ ਜਾਨਵਰਾਂ ਦਾ ਸਭ ਤੋਂ ਵੱਡਾ ਖਪਤਕਾਰ ਹੈ। ਇੱਥੇ ਜੰਗਲੀ ਜੀਵਾਂ ਨੂੰ ਵੇਚਣ ਦਾ ਵਪਾਰ ਕਾਨੂੰਨੀ ਅਤੇ ਗੈਰ ਕਾਨੂੰਨੀ, ਦੋਵੇਂ ਢੰਗਾਂ ਨਾਲ ਕੀਤਾ ਜਾਂਦਾ ਹੈ।
ਚੀਨ ਨੇ ਲਗਾਈ ਪਾਬੰਦੀ
ਵਿਸ਼ਵ ਸਹਿਤ ਸੰਗਠਨ ਮੁਤਾਬਕ ਇਸ ਵਾਇਰਸ ਦਾ ਪ੍ਰਮੁੱਖ ਕਾਰਨ ਚਮਗਾਦੜ ਹੋ ਸਕਦੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਾਇਰਸ ਮਨੁੱਖ 'ਚ ਆਉਣ ਤੋਂ ਪਹਿਲਾਂ ਕਿਸੇ ਦੂਜੇ ਜਾਨਵਰ 'ਚ ਗਿਆ ਹੋਵੇਗਾ, ਜਿਸ ਦੀ ਪਛਾਣ ਅਜੇ ਤੱਕ ਨਹੀਂ ਹੋ ਪਾਈ ਹੈ।
ਚੀਨ 'ਚ ਕੁਝ ਜਾਨਵਰਾਂ ਨੂੰ ਤਾਂ ਉਨ੍ਹਾਂ ਦੇ ਸਵਾਦ ਦੇ ਕਾਰਨ ਖਾਧਾ ਜਾਂਦਾ ਹੈ ਅਤੇ ਕਈ ਜੰਗਲੀ ਜੀਵਾਂ ਦੀ ਵਰਤੋਂ ਰਿਵਾਇਤੀ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਚੀਨ ਵਿੱਚ ਡਾਗ ਫੈਸਟਿਵਲ ਤੋਂ ਪਹਿਲਾਂ ਪਿੰਜਰੇ ਵਿੱਚ ਕੈਦ ਕੁੱਤੇ
ਇਹ ਵੀ ਪੜ੍ਹੋ:
ਚੀਨ ਦੇ ਵੱਖ-ਵੱਖ ਖੇਤਰਾਂ 'ਚ ਅਜਿਹੇ ਰੇਸਟੋਰੈਂਟ ਮੌਜੂਦ ਹਨ, ਜਿੰਨ੍ਹਾਂ 'ਚ ਚਮਗਾਦੜ ਦਾ ਸੂਪ ਪਰੋਸਿਆ ਜਾਂਦਾ ਹੈ। ਲੋਕ ਬਹੁਤ ਹੀ ਪਸੰਦ ਨਾਲ ਇਸ ਨੂੰ ਪੀਂਦੇ ਵੀ ਹਨ।
ਵੇਖਣ 'ਚ ਭਾਵੇਂ ਬਹੁਤ ਅਟਪਟਾ ਲੱਗੇ ਪਰ ਇੰਨ੍ਹਾਂ ਸੂਪ ਦੇ ਕਟੋਰਿਆਂ 'ਚ ਸਾਬੂਤ ਚਮਗਾਦੜ ਵੀ ਪਈ ਮਿਲੇਗੀ।
ਭੁਨਿੰਆ ਹੋਇਆ ਕੋਬਰਾ ਸੱਪ, ਭਾਲੂ ਦੇ ਭੁੰਨੇ ਹੋਏ ਪੰਜੇ, ਬਾਘ ਦੀਆਂ ਹੱਡੀਆਂ ਤੋਂ ਬਣੀ ਸ਼ਰਾਬ ਵਰਗੇ ਵਿਅੰਜਨ ਮਹਿੰਗੇ ਰੇਸਟੋਰੈਂਟਾਂ 'ਚ ਆਮ ਹੀ ਪਾਏ ਜਾਂਦੇ ਹਨ।
ਜਾਨਵਰਾਂ ਦੀ ਖਰੀਦ-ਫਰੋਖਤ ਵਾਲੇ ਕੁਝ ਬਾਜ਼ਾਰਾਂ 'ਚ ਚੂਹੇ, ਬਿੱਲੀਆਂ, ਅਤੇ ਸੱਪ ਸਮੇਤ ਕੁਝ ਅਲੋਪ ਹੋ ਰਹੀਆਂ ਚਿੱੜੀਆਂ ਦੀਆਂ ਕਿਸਮਾਂ ਵੀ ਵੇਚੀਆਂ ਜਾਂਦੀਆਂ ਹਨ।
ਚੀਨ 'ਚ ਜਾਨਵਰਾਂ ਦੇ ਵਪਾਰ ਦੀ ਜਾਂਚ ਕਰਨ ਵਾਲੀ ਇੱਕ ਅੰਤਰਰਾਸ਼ਟਰੀ ਸੰਸਥਾ ਨਾਲ ਜੁੜੇ ਇੱਕ ਤਫਤੀਸ਼ਕਾਰ ਨੇ ਦੱਸਿਆ, "ਚੀਨ 'ਚ 'ਯੇਵੈ' ਦਾ ਵਿਚਾਰ (ਚੀਨੀ ਭਾਸ਼ਾ 'ਚ ਇਸ ਸ਼ਬਦ ਦਾ ਅਰਥ ਜੰਗਲੀ ਟੈਸਟ ਹੁੰਦਾ ਹੈ) ਘਰ-ਘਰ 'ਚ ਬੋਲਿਆ ਜਾਣ ਵਾਲਾ ਸ਼ਬਦ ਹੈ।
ਉਨ੍ਹਾਂ ਨੇ ਕਿਹਾ, "ਇਸ ਸ਼ਬਦ ਦਾ ਅਰਥ ਚੀਨ 'ਚ ਸਭਿਆਚਾਰਕ ਤੌਰ 'ਤੇ ਸਾਹਸ, ਖੋਜੀ ਪ੍ਰਕਿਰਤੀ ਅਤੇ ਵਿਸ਼ੇਸ਼ ਅਧਿਕਾਰ ਦਰਸ਼ਾਉਂਦਾ ਹੈ।"
ਚੀਨ 'ਚ ਕਈ ਰਵਾਇਤੀ ਦਵਾਈਆਂ ਦਾ ਨਿਰਮਾਣ ਕਰਦੇ ਸਮੇਂ ਜਾਨਵਰਾਂ ਦੇ ਵੱਖ-ਵੱਖ ਅੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਇੱਥੇ ਇਹ ਧਾਰਨਾ ਹੈ ਕਿ ਜਾਨਵਰਾਂ ਦੇ ਅੰਗਾਂ ਤੋਂ ਬਣੀਆਂ ਦਵਾਈਆਂ ਨਾਲ ਕਈ ਮਨੁੱਖੀ ਬਿਮਾਰੀਆਂ ਜਿਵੇਂ ਪੁਰਸ਼ ਨਿਪੁੰਸੁਕਤਾ, ਹੱਡੀਆਂ ਦਾ ਦਰਦ, ਗਠੀਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਖ਼ਤਮ ਹੋਣ ਦਾ ਖ਼ਤਰਾ
ਚੀਨ 'ਚ ਪੈਨਗੋਲਿਨ ਜਾਨਵਰ ਦੇ ਮਾਸ ਦੀ ਮੰਗ ਇੰਨ੍ਹੀ ਵੱਧ ਗਈ ਹੈ ਕਿ ਚੀਨ 'ਚ ਇਸ ਜਾਨਵਰ ਦੀ ਹੋਂਦ ਹੁਣ ਨਾ ਦੇ ਬਰਾਬਰ ਹੀ ਹੈ।
ਸਥਿਤੀ ਇਹ ਬਣ ਗਈ ਹੈ ਕਿ ਦੁਨੀਆ ਦੇ ਦੂਜੇ ਹਿੱਸਿਆਂ 'ਚ ਵੀ ਇਸ ਜਾਨਵਰ ਦਾ ਸਭ ਤੋਂ ਵੱਧ ਸ਼ਿਕਾਰ ਕੀਤਾ ਜਾਂਦਾ ਹੈ।
ਚੀਨੀ ਦਵਾਈਆਂ 'ਚ ਗੇਂਡੇ ਦੇ ਸਿੰਗ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ, ਜਿਸ ਕਰਕੇ ਇਸ ਜਾਨਵਰ ਦੀ ਜਾਤੀ ਵੀ ਖ਼ਤਮ ਹੋਣ ਦੀ ਕਗਾਰ 'ਤੇ ਹੈ।
ਚੀਨ 'ਚ ਜਾਨਵਰਾਂ ਦੀ ਵਰਤੋਂ ਕਿਸੇ ਨਾ ਕਿਸੇ ਰੂਪ 'ਚ ਭਾਵ ਖਾਣ 'ਚ , ਦਵਾਈਆਂ ਬਣਾਉਣ ਜਾਂ ਕਈ ਹੋਰ ਰੂਪ 'ਚ ਹੁੰਦੀ ਹੈ।
ਹਰ ਕਿਸੇ ਨੂੰ ਪਤਾ ਹੈ ਕਿ 70 ਫ਼ੀਸਦੀ ਨਵੇਂ ਵਾਇਰਸ ਜਾਨਵਰਾਂ, ਖਾਸ ਕਰਕੇ ਜੰਗਲੀ ਜੀਵਾਂ, ਤੋਂ ਮਨੁੱਖਾਂ ਵਿੱਚ ਆ ਰਹੇ ਹਨ।
ਪਰ ਫਿਰ ਵੀ ਚੀਨ 'ਚ ਜਾਨਵਰਾਂ ਦੀ ਵਰਤੋਂ 'ਚ ਕੋਈ ਕਮੀ ਨਹੀਂ ਆ ਰਹੀ ਹੈ।
ਹੁਣ ਕੋਰੋਨਾਵਾਇਰਸ ਨੇ ਚੀਨ 'ਚ ਵੱਡੇ ਪੱਧਰ 'ਤੇ ਜੰਗਲੀ ਜਾਨਵਰਾਂ ਦੇ ਹੋ ਰਹੇ ਵਪਾਰ ਨੂੰ ਜਗ ਜਾਹਰ ਕਰ ਦਿੱਤਾ ਹੈ।
ਜੰਗਲੀ ਜੀਵ ਸਾਂਭ ਸੰਭਾਲ ਸੰਸਥਾਵਾਂ ਵੱਲੋਂ ਸਮੇਂ ਸਮੇਂ 'ਤੇ ਇਸ ਕਾਰੇ ਦੀ ਆਲੋਚਨਾ ਕੀਤੀ ਗਈ ਹੈ। ਇਸ ਵਪਾਰ ਦੇ ਚਲੱਦਿਆਂ ਜਗਲੀ ਜਾਨਵਰਾਂ ਦੀਆਂ ਕਈ ਕਿਸਮਾਂ ਖ਼ਤਮ ਹੋਣ ਦੀ ਕਗਾਰ 'ਤੇ ਹਨ।
ਕੋਰੋਨਾਵਾਇਰਸ ਦੇ ਫੈਲਣ ਕਾਰਨ ਹੁਣ ਚੀਨੀ ਸਰਕਾਰ ਨੇ ਜੰਗਲੀ ਜੀਵਾਂ ਦੇ ਵਪਾਰ 'ਤੇ ਫੌਰੀ ਤੌਰ 'ਤੇ ਸਖ਼ਤੀ ਨਾਲ ਪਾਬੰਦੀ ਦਾ ਐਲਾਨ ਕੀਤਾ ਹੈ।
ਪਰ ਜੰਗਲੀ ਜੀਵ ਰੱਖਿਅਕ ਸੰਸਥਾਵਾਂ ਇਸ ਮੌਕੇ ਦਾ ਫਾਇਦਾ ਚੁੱਕ ਕੇ ਇਸ ਵਪਾਰ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਉਣ ਲਈ ਯਤਨਸ਼ੀਲ ਹਨ।
ਕੀ ਚੀਨ ਜੰਗਲੀ ਜੀਵ ਰੱਖਿਅਕਾਂ ਦੀ ਮੰਗ ਨੂੰ ਮਹੱਤਵ ਦੇਵੇਗਾ?
ਕੀ ਕੋਰੋਨਾਵਾਇਰਸ ਕਾਰਨ ਜੋ ਸਥਿਤੀ ਬਣ ਰਹੀ ਹੈ, ਉਸ ਤੋਂ ਬਾਅਦ ਜੰਗਲੀ ਜੀਵਾਂ ਦੇ ਗੈਰ ਕਾਨੂੰਨੀ ਢੰਗ ਨਾਲ ਹੋ ਰਹੇ ਵਪਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ? ਕੀ ਸਮਾਜਿਕ ਸਿਹਤ ਲਈ ਪੈਦਾ ਹੋਏ ਇਸ ਖ਼ਤਰੇ ਨੂੰ ਟਾਲਿਆ ਜਾ ਸਕੇਗਾ?
ਇਹ ਕੁਝ ਅਜਿਹੇ ਸਵਾਲ ਹਨ ਜਿੰਨ੍ਹਾਂ ਦੇ ਜਵਾਬ ਜਲਦ ਤੋਂ ਜਲਦ ਲੱਭਣੇ ਬਹੁਤ ਜ਼ਰੂਰੀ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਇਹ ਬਹੁਤ ਹੀ ਚੁਣੌਤੀ ਵਾਲਾ ਕੰਮ ਹੈ ਅਤੇ ਇਸ ਸਥਿਤੀ ਤੋਂ ਨਿਜਾਤ ਪਾਉਣਾ ਕਿਤੇ ਨਾ ਕਿਤੇ ਅਸੰਭਵ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਖ਼ਤਰਨਾਕ ਵਾਇਰਸ ਸਾਰਸ ਅਤੇ ਮਰਸ ਵੀ ਚਮਗਾਦੜ ਤੋਂ ਹੀ ਆਏ ਸਨ।
ਪਰ ਉਹ ਵੀ ਮਨੁੱਖੀ ਸਰੀਰ 'ਚ ਆਉਣ ਤੋਂ ਪਹਿਲਾਂ ਸਿਵੇਟ ਬਿੱਲੀਆਂ ਅਤੇ ਊਠਾਂ ਦੇ ਸਰੀਰ 'ਚ ਗਏ ਸਨ।
ਇਹ ਵੀ ਦੇਖੋ:
https://www.youtube.com/watch?v=TDF192VlcLY
ਵਿਸ਼ਵ ਸਿਹਤ ਸੰਗਠਨ ਦੇ ਪੋਸ਼ਣ ਅਤੇ ਖੁਰਾਕ ਵਿਭਾਗ ਨਾਲ ਜੁੜੇ ਡਾ. ਬੇਨ ਇਮਬਾਰੇਕ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਜੰਗਲੀ ਜੀਵ ਜੰਤੂਆਂ ਦੀਆਂ ਉਨ੍ਹਾਂ ਕਿਸਮਾਂ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਜਿੰਨ੍ਹਾਂ ਦਾ ਮਨੁੱਖ ਨਾਲ ਪਹਿਲਾਂ ਕੋਈ ਸੰਬੰਧ ਨਹੀਂ ਸੀ।"
ਉਨ੍ਹਾਂ ਕਿਹਾ, "ਅਸੀਂ ਉਨ੍ਹਾਂ ਨਵੀਆਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਾਂ ਜੋ ਅੱਜ ਤੋਂ ਪਹਿਲਾਂ ਕਦੇ ਵੀ ਮਨੁੱਖ ਨੂੰ ਨਹੀਂ ਹੋਈਆਂ ਸਨ। ਇਹ ਬਿਮਾਰੀਆਂ ਜਾਣੇ-ਪਹਿਚਾਣੇ ਜੀਵਾਣੂਆਂ, ਬੈਕਟੀਰੀਆ ਅਤੇ ਪਰਜੀਵੀਆਂ 'ਚ ਵੀ ਨਹੀਂ ਪਾਈਆਂ ਗਈਆਂ ਹਨ।"
ਹਾਲ 'ਚ ਕੀਤੇ ਗਏ ਇੱਕ ਤਾਜ਼ਾ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜ਼ਮੀਨ 'ਤੇ ਚੱਲਣ ਵਾਲੇ ਹੱਡੀ ਵਾਲੇ ਜੀਵਾਂ ਦੀਆਂ ਕੁੱਲ 32 ਹਜ਼ਾਰ ਕਿਸਮਾਂ 'ਚੋਂ 20% ਕਿਸਮਾਂ ਦਾ ਕੌਮਾਂਤਰੀ ਬਾਜ਼ਾਰ 'ਚ ਕਾਨੂੰਨੀ ਅਤੇ ਗੈਰ ਕਾਨੂੰਨੀ ਢੰਗ ਨਾਲ ਵਪਾਰ ਹੋ ਰਿਹਾ ਹੈ।
ਵਿਸ਼ਵ ਭਰ 'ਚ ਜਾਨਵਰਾਂ ਦਾ ਗੈਰ ਕਾਨੂੰਨੀ ਵਪਾਰ 20 ਅਰਬ ਡਾਲਰ ਦਾ ਹੈ ਅਤੇ ਇਹ ਨਸ਼ਿਆਂ, ਮਨੁੱਖੀ ਤਸਕਰੀ ਅਤੇ ਨਕਲੀ ਵਸਤਾਂ ਤੋਂ ਬਾਅਦ ਚੌਥੇ ਸਥਾਨ 'ਤੇ ਹੈ।
ਹਾਂਗਕਾਂਗ ਵਿੱਚ ਬਾਜ਼ਾਰ ਵਿੱਚ ਵਿਕ ਰਹੇ ਸ਼ਾਰਕ ਮੱਛੀ ਦੇ ਫਿਨ
ਕੀ ਇਹ ਸਥਿਤੀ ਖ਼ਤਰੇ ਦੀ ਘੰਟੀ ਹੈ?
ਵਿਸ਼ਵ ਪੱਧਰੀ ਫੰਡ ਫਾਰ ਨੇਚਰ ਨੇ ਆਪਣੇ ਇੱਕ ਬਿਆਨ 'ਚ ਕਿਹਾ ਹੈ ਕਿ ਇਸ ਸਿਹਤ ਸੰਬੰਧੀ ਸੰਕਟ ਨੂੰ ਖ਼ਤਰੇ ਦੀ ਘੰਟੀ ਵੱਜੋਂ ਸਮਝਿਆ ਜਾਣਾ ਚਾਹੀਦਾ ਹੈ।
ਜਿੰਨ੍ਹਾਂ ਜਾਨਵਰਾਂ ਦੀ ਹੋਂਦ ਖ਼ਤਰੇ 'ਚ ਹੈ ਉਨ੍ਹਾਂ ਨੂੰ ਪਾਲਤੂ ਬਣਾਉਣ, ਉਨ੍ਹਾਂ ਦੇ ਅੰਗਾਂ ਦੀ ਖਾਦ ਪਦਾਰਥਾਂ ਦੇ ਰੂਪ 'ਚ ਵਰਤੋਂ ਅਤੇ ਚਿਕਿਤਸਕ ਗੁਣਾਂ ਕਾਰਨ ਉਨ੍ਹਾਂ ਦਾ ਜੋ ਸੋਸ਼ਣ ਹੋ ਰਿਹਾ ਹੈ, ਉਸ 'ਤੇ ਰੋਕ ਲਗਾਈ ਜਾ ਸਕੇ।
ਹਾਲਾਂਕਿ ਚੀਨ ਦੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਫੌਰੀ ਤੌਰ 'ਤੇ ਲੱਗੀ ਰਹੇਗੀ।
ਚੀਨ ਦੀਆਂ ਤਿੰਨ ਸਰਕਾਰੀ ਸੰਸਥਾਵਾਂ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਹੈ ਕਿ ਸਾਰੀਆਂ ਜਾਤੀਆਂ ਦੇ ਜੰਗਲੀ ਜੀਵਾਂ ਦੇ ਪਾਲਣ-ਪੋਸ਼ਣ, ਇਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਣ ਅਤੇ ਉਨ੍ਹਾਂ ਨੂੰ ਵੇਚਣ ਦੀ ਪ੍ਰਕਿਰਿਆ 'ਤੇ ਇਸ ਐਲਾਨ ਦੇ ਨਾਲ ਰਾਸ਼ਟਰੀ ਮਹਾਂਮਾਰੀ ਦੀ ਸਥਿਤੀ ਖ਼ਤਮ ਹੋਣ ਤੱਕ ਪਾਬੰਦੀ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਸਾਲ 2002 'ਚ ਵੀ ਚੀਨ ਵੱਲੋਂ ਇਸ ਤਰ੍ਹਾਂ ਦੀ ਹੀ ਪਾਬੰਦੀ ਲਗਾਈ ਗਈ ਸੀ।
ਪਰ ਰੱਖਿਅਕਾਂ ਦੇ ਅਨੁਸਾਰ ਇਸ ਪਾਬੰਦੀ ਦੇ ਅਮਲ 'ਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਚੀਨ 'ਚ ਜੰਗਲੀ ਜੀਵ ਜੰਤੂਆਂ ਦਾ ਵਪਾਰ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਸੀ।
ਇਹ ਵੀ ਦੇਖੋ:
https://www.youtube.com/watch?v=WpdgZhPtPjY
ਸੁਰੱਖਿਆ 'ਚ ਕੀਤਾ ਗਿਆ ਵਾਧਾ
ਸਤੰਬਰ 2020 'ਚ ਚੀਨ ਜੈਵਿਕ ਵਿਭਿੰਨਤਾ ਸੰਮੇਲਨ ਦੇ ਨਾਂਅ ਹੇਠ ਇੱਕ ਵਿਸ਼ਵਵਿਆਪੀ ਬੈਠਕ ਦਾ ਪ੍ਰਬੰਧ ਕਰਨ ਜਾ ਰਿਹਾ ਹੈ, ਜਿਸ 'ਚ ਕੁਦਰਤੀ ਅਤੇ ਜੈਵਿਕ ਵਸੀਲਿਆਂ 'ਤੇ ਚਰਚਾ ਹੋਵੇਗੀ।
ਬੀਤੇ ਸਾਲ ਜਾਰੀ ਕੀਤੀ ਗਈ ਇੱਕ ਅੰਤਰ-ਸਰਕਾਰੀ ਰਿਪੋਰਟ ਦੇ ਅਨੁਸਾਰ, ਮਨੁੱਖੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਦਸ ਲੱਖ ਜਾਨਵਰਾਂ ਦੀਆਂ ਜਾਤੀਆਂ ਖ਼ਤਮ ਹੋਣ ਦੀ ਕਗਾਰ 'ਤੇ ਹਨ।
ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਦੇ ਸਰਕਾਰੀ ਮੀਡੀਆ 'ਚ ਪ੍ਰਕਾਸ਼ਿਤ ਸੰਪਾਦਕੀ ਲੇਖਾਂ 'ਚ ਜਾਨਵਰਾਂ ਅਤੇ ਉਨ੍ਹਾਂ ਦੇ ਅੰਗਾਂ ਦੇ ਹੋ ਰਹੇ ਗੈਰ ਕਾਨੂੰਨੀ ਵਪਾਰ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।
ਚੀਨ ਵਿੱਚ ਜਾਨਵਰਾਂ ਦੇ ਵਪਾਰ ਸੰਬੰਧੀ ਵਾਤਾਵਰਨ ਜਾਂਚ ਏਜੰਸੀ ਨਾਲ ਕੰਮ ਕਰ ਰਹੇ ਡੇਬੀ ਬੈਂਕਸ ਨੇ ਦੱਸਿਆ, "ਇਸ ਮੌਕੇ ਨੂੰ ਅਸੀਂ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਹਾਂ ਤਾਂ ਜੋ ਪਸ਼ੂਆਂ ਦੇ ਪਾਲਣ ਪੋਸ਼ਣ, ਉਨ੍ਹਾਂ ਦੇ ਵਪਾਰ, ਦਵਾਈਆਂ ਬਣਾਉਣ ਲਈ ਉਨ੍ਹਾਂ ਦੇ ਅੰਗਾਂ ਦੀ ਵਰਤੋਂ ਵਰਗੇ ਕਾਰਜਾਂ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਜਾ ਸਕੇ।"
ਮਾਹਿਰਾਂ ਦਾ ਮੰਨਣਾ ਹੈ ਕਿ ਏਵੀਅਨ ਇੰਨਫਲੂਏਂਜਾ ਅਤੇ ਬਰਡ ਫਲੂ ਦੇ ਕਾਰਨ ਕਈ ਜੰਗਲੀ ਪੱਛੀਆਂ ਦੀਆਂ ਕਿਸਮਾਂ ਨੂੰ ਬਚਾਉਣ 'ਚ ਮਦਦ ਮਿਲੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਦਬਾਅ ਦੇ ਕਾਰਨ ਚੀਨ 'ਚ ਹਾਥੀ ਦੰਦ ਦੇ ਵਪਾਰ 'ਤੇ ਪਾਬੰਦੀ ਲਗਾਈ ਗਈ ਹੈ ਜੋ ਕਿ ਹਾਥੀਆਂ ਦੀ ਜਾਤੀ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਇੱਕ ਵਧੀਆ ਅਤੇ ਲਾਜ਼ਮੀ ਕਦਮ ਹੈ।
ਉਨ੍ਹਾਂ ਅਨੁਸਾਰ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਅੰਗਾਂ ਦੇ ਵਪਾਰ ਲਈ ਚੀਨੀ ਬਾਜ਼ਾਰ ਸਭ ਤੋਂ ਵੱਡਾ ਬਾਜ਼ਾਰ ਹੈ।
ਇਸ ਲਈ ਅਜਿਹੀ ਪਾਬੰਦੀ ਨੂੰ ਪੂਰੀ ਤਨਦੇਹੀ ਨਾਲ ਅਮਲ 'ਚ ਲਿਆ ਕੇ ਚੀਨ ਜਾਨਵਰਾਂ ਦੀਆਂ ਕਿਸਮਾਂ ਨੂੰ ਬਚਾਉਣ ਦੀ ਮੁਹਿੰਮ ਦੀ ਅਗਵਾਈ ਕਰ ਸਕਦਾ ਹੈ।
ਪਰ ਇੱਥੇ ਇਹ ਕਹਿਣਾ ਜ਼ਰੂਰੀ ਹੈ ਕਿ ਜਾਨਵਰਾਂ ਨਾਲ ਜੁੜੇ ਉਤਪਾਦਾਂ 'ਤੇ ਨਿਯਮ ਅਤੇ ਪਾਬੰਦੀਆਂ ਸਿਰਫ ਚੀਨ 'ਚ ਹੀ ਨਹੀਂ ਬਲਕਿ ਦੁਨੀਆ ਭਰ 'ਚ ਲੱਗਣੀਆਂ ਲਾਜ਼ਮੀ ਹਨ ਤਾਂ ਜੋ ਵਿਸ਼ਵ ਪੱਧਰ 'ਤੇ ਇਸ ਮੁਹਿੰਮ ਨੂੰ ਆਰੰਭਿਆ ਜਾ ਸਕੇ।
ਇਹ ਵੀ ਦੇਖੋ:
https://youtu.be/xWw19z7Edrs
ਵੀਡਿਓ: ਝੁੱਗੀ ਵਿੱਚ ਰਹਿੰਦੀ ਖਿਡਾਰਨ ਤੇ NRI ਦੇ ਵਿਆਹ ਦੀ ਕਹਾਣੀ
https://www.youtube.com/watch?v=q2K5193HFZ8
ਵੀਡਿਓ: ਇੱਕ ਤੁਲਨਾ ਅਜੋਕੀ ਪੱਤਰਕਾਰੀ ਅਤੇ ਅੰਬੇਦਕਰ ਦੇ ਅਖ਼ਬਾਰ 'ਮੂਕਨਾਇਕ' ਦੀ
https://www.facebook.com/BBCnewsPunjabi/videos/470580483627469/
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)

ਅਧਿਐਨ ਮੁਤਾਬਕ ਵਿਦੇਸ਼ ਜਾਣ ਵਾਲਿਆਂ ''ਚ 70 ਫੀਸਦ ਕਿਸਾਨੀ ਪਿਛੋਕੜ ਦੇ ਨੌਜਵਾਨ - 5 ਅਹਿਮ ਖ਼ਬਰਾਂ
NEXT STORY