ਇੱਕ ਦਸਤਾਵੇਜ਼ੀ ਫ਼ਿਲਮ ਵਿੱਚ ਦੱਖਣੀ ਕੋਰੀਆ ਦੀ ਇੱਕ ਔਰਤ ਆਪਣੀ ਸੱਤ-ਸਾਲਾ ਮ੍ਰਿਤਕ ਧੀ ਨੂੰ "ਮਿਲਦੀ ਹੈ", ਇਹ ਕਈ ਮੁਲਕਾਂ ’ਚ ਲੱਖਾਂ ਲੋਕਾਂ ਨੇ ਦੇਖੀ ਹੈ। ਪਰ ਕੀ ਇਸ ਕਿਸਮ ਦੀ ਤਕਨੀਕ ਸਾਨੂੰ ਉਸ ਦਰਦ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਦੀ ਹੈ?
ਸਾਡੇ ਵਿੱਚੋਂ ਬਹੁਤੇ ਲੋਕਾਂ ਨੂੰ ਸੋਗ ਕੇ ਤੋੜ ਕੇ ਰੱਖ ਦਿੰਦਾ ਹੈ। ਪਰ ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਜੇ ਮੌਤ ਬੱਚੇ ਦੀ ਹੋਵੇ ਤਾਂ ਉਸ ਨੂੰ ਭੁਲਾ ਪਾਉਣਾ ਹੋਰ ਵੀ ਔਖਾ ਹੁੰਦਾ ਹੈ।
ਪਰ ਦੱਖਣੀ ਕੋਰੀਆ ਵਿੱਚ ਇੱਕ ਮਾਂ ਆਪਣੀ ਸੱਤ-ਸਾਲਾ ਧੀ ਨੂੰ ਗਵਾਉਣ ਤੋਂ ਬਾਅਦ ਵਰਚੁਅਲ ਰਿਐਲਿਟੀ ਦੀ ਮਦਦ ਲੈ ਰਹੀ ਹੈ।
ਜੈਂਗ ਜੀ-ਸੁੰਗ ਦੀ ਤੀਜੀ ਧੀ ਨਾ-ਯੋਨ ਦੀ ਚਾਰ ਸਾਲ ਪਹਿਲਾਂ ਅਚਾਨਕ ਖ਼ੂਨ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ।
ਇੱਕ ਟੀਵੀ ਪ੍ਰੋਡਕਸ਼ਨ ਟੀਮ ਨੇ ਨਾ-ਯੋਨ ਦੀ ਇੱਕ ਤਿੰਨ-ਅਯਾਮੀ (3D) ਤਸਵੀਰ ਨੂੰ ਦੁਬਾਰਾ ਬਣਾਉਣ ਵਿੱਚ ਅੱਠ ਮਹੀਨੇ ਲਗਾਏ।
ਉਨ੍ਹਾਂ ਨੇ ਇੱਕ ਬਾਲ ਅਦਾਕਾਰ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਨ ਲਈ ਮੋਸ਼ਨ ਕੈਪਚਰ ਟੈਕਨੋਲੋਜੀ ਦੀ ਵਰਤੋਂ ਕੀਤੀ। ਬਾਅਦ ਵਿੱਚ ਇਹੀ ਫ਼ੁਟੇਜ ਨਾ-ਯੋਨ ਦੀ ਹਲਚਲ ਨੂੰ ਰੀਕ੍ਰੀਏਟ ਕਰਨ ਲਈ ਵਰਤੀ ਗਈ ਅਤੇ ਉਸ ਦੀ ਆਵਾਜ਼ ਨੂੰ ਵੀ ਦੁਬਾਰਾ ਬਣਾਇਆ।
ਉਨ੍ਹਾਂ ਨੇ ਇੱਕ ਅਜਿਹਾ ‘ਵਰਚੂਅਲ ਪਾਰਕ’ ਬਣਾਇਆ ਜਿੱਥੇ ਦੋਵੇਂ ਮਿਲੀਆਂ। ਇਹ ਪਾਰਕ ਉਨ੍ਹਾਂ ਦੀ ਅਸਲ ਜ਼ਿੰਦਗੀ ਉੱਤੇ ਆਧਾਰਿਤ ਸੀ ਜਿੱਥੇ ਉਨ੍ਹਾਂ ਨੇ ਅਸਲ ਵਿੱਚ ਮੁਲਾਕਾਤ ਕੀਤੀ ਸੀ।
https://youtu.be/uflTK8c4w0c
ਇਹ ਦਸਤਾਵੇਜ਼ੀ ਫ਼ਿਲਮ 'ਮੀਟਿੰਗ ਯੂ' ਇੱਕ ਵੱਡੇ ਟੀਵੀ ਨੈੱਟਵਰਕ ਐੱਮਬੀਸੀ ਉੱਤੇ ਪ੍ਰੀਮੀਅਰ ਕੀਤੀ ਗਈ ਜਿਸ ਨੂੰ ਦੱਖਣੀ ਕੋਰੀਆ ਵਿੱਚ ਲੱਖਾਂ ਲੋਕਾਂ ਨੇ ਦੇਖਿਆ।
ਸਭ ਤੋਂ ਭਾਵਨਾਤਮਕ ਦ੍ਰਿਸ਼ ਉਹ ਹੈ ਜਦੋਂ ਮਾਂ ਅਤੇ ਧੀ "ਮੁੜ ਮਿਲਦੀਆਂ "ਹਨ।
ਇਹ ਵੀ ਪੜ੍ਹੋ:
ਇਸ ਵਿੱਚ ਨਾ-ਯੋਨ ਆਪਣੀ ਮਾਂ ਵੱਲ ਭੱਜਦੇ ਹੋਏ ‘ਕਹਿੰਦੀ’ ਹੈ, "ਮੰਮੀ, ਤੁਸੀਂ ਕਿੱਥੇ ਗਏ ਸੀ? ਮੇਰੇ ਬਾਰੇ ਸੋਚ ਰਹੇ ਸੀ?"
ਉਹ ਨਾ-ਯੋਨ ਦੀ ਵਰਚੂਅਲ ਤਸਵੀਰ ਨੂੰ ਗਲੇ ਲਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਟੀਵੀ ਪ੍ਰੋਡਕਸ਼ਨ ਟੀਮ ਵੀ ਰੋਂਦੇ ਹੋਏ ਇਸ ਨੂੰ ਦੇਖਦੀ ਹੈ।
ਉੱਥੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਹਨ।
ਮਰ ਚੁੱਕਿਆਂ ਨੂੰ ਮਿਲਣਾ
ਇਸ ਫਿਲਮ ਨੇ ਆਪਣੇ ਚਹੇਤਿਆਂ ਨੂੰ ਮੌਤ ਤੋਂ ਬਾਅਦ ਮਿਲਣ ਦੀ ਕੋਸ਼ਿਸ਼-ਸਬੰਧੀ ਨੈਤਿਕ ਅਤੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ।
ਕੁਝ ਲੋਕ ਮਹਿਸੂਸ ਕਰਦੇ ਹਨ ਕਿ ਇਸ ਨਾਲ ਰਾਹਤ ਮਿਲਦੀ ਹੈ ਪਰ ਕੁਝ ਸੋਚਦੇ ਹਨ ਕਿ ਇਹ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਤੋਂ ਰੋਕ ਸਕਦਾ ਹੈ।
ਯੂ-ਟਿਊਬ 'ਤੇ ਪੋਸਟ ਕੀਤੀ ਗਈ 10 ਮਿੰਟ ਦੀ ਕਲਿੱਪ ਨੂੰ 1.3 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 19,000 ਟਿੱਪਣੀਆਂ ਹਨ।
ਕੁਝ ਯੂਜ਼ਰ ਕਹਿ ਰਹੇ ਹਨ ਕਿ ਇਹ ਤਜਰਬਾ ਜੀ-ਸੁੰਗ ਨੂੰ ਹੋਰ ਵੀ ਉਦਾਸ ਅਤੇ ਨਿਰਾਸ਼ ਕਰ ਦੇਵੇਗਾ ਜਦੋਂਕਿ ਕੁਝ ਲੋਕ ਸਵਾਲ ਕਰਦੇ ਹਨ ਕਿ ਇਹ ਪ੍ਰਯੋਗ "ਸਵਰਗ ਹੈ ਜਾਂ ਨਰਕ"।
ਪਰ ਜੈਂਗ ਜੀ ਸੁੰਗ ਦਾ ਕਹਿਣਾ ਹੈ ਕਿ ਇਸ ਨਾਲ ਉਸ ਨੂੰ ਮਦਦ ਮਿਲੀ ਹੈ। ਆਪਣੀ ਧੀ ਦੀ ਮੌਤ ਤੋਂ ਬਾਅਦ ਉਸ ਨੇ ਨਾ-ਯੀਓਨ ਦਾ ਨਾਮ ਆਪਣੇ ਸਰੀਰ ਉੱਤੇ ਲਿਖ ਲਿਆ ਸੀ ਅਤੇ ਉਸ ਦੀਆਂ ਤਸਵੀਰਾਂ ਪੂਰੇ ਘਰ ਵਿੱਚ ਲਾ ਦਿੱਤੀਆਂ ਸਨ। ਉਸ ਨੇ ਆਪਣੀ ਧੀ ਦੀ ਰਾਖ ਨਾਲ ਭਰਿਆ ਹਾਰ ਪਾ ਲਿਆ ਸੀ।
ਮਾਂ ਦਾ ਕਹਿਣਾ ਹੈ ਕਿ ਉਸ ਦੇ ਸੁਪਨਿਆਂ ਵਿੱਚ ਨਾ-ਯੀਓਨ ਦੁਖੀ ਸੀ ਪਰ ਵਰਚੁਅਲ ਮਿਲਾਪ ਦੌਰਾਨ ਉਹ ਖੁਸ਼ ਸੀ, ਮੁਸਕਰਾ ਰਹੀ ਸੀ।
ਮਨੋਵਿਗਿਆਨੀਆਂ ਨੇ, ਜਿਨ੍ਹਾਂ ਨੇ ਬੀਬੀਸੀ ਕੋਰੀਆ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਜੀ-ਸੁੰਗ ਦਾ ਤਜਰਬਾ ਉਸ ਨੂੰ ਧੀ ਨੂੰ ਗਵਾਉਣ ਦੇ ਸਦਮੇ ਵਿੱਚੋਂ ਨਿਕਲਣ ਵਿੱਚ ਮਦਦ ਕਰ ਸਕਦਾ ਹੈ।
ਕੋਰੀਆ ਯੂਨੀਵਰਸਿਟੀ ਦੇ ਗੋ ਸਨ-ਕਿਊ ਦਾ ਕਹਿਣਾ ਹੈ, "ਇਹ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਹੈ ਜਿਨ੍ਹਾਂ ਨੇ ਅਚਾਨਕ ਸੋਗ ਦਾ ਸਾਹਮਣਾ ਕੀਤਾ ਹੈ, ਤਾਂ ਕਿ ਦਰਦ ਤੋਂ ਬਾਅਦ ਸਹੀ ਤਰੀਕੇ ਨਾਲ ਵਿਦਾਈ ਦਿੱਤੀ ਜਾ ਸਕੇ।"
ਯੋਂਸੇਈ ਯੂਨੀਵਰਸਿਟੀ ਦੇ ਡੋਂਗ-ਗਵੀ ਲੀ ਨੇ ਬੀਬੀਸੀ ਨੂੰ ਦੱਸਿਆ ਕਿ ਵਰਚੁਅਲ ਰਿਐਲਿਟੀ ਅਤੇ ਓਗਮੈਂਟਡ ਰਿਐਲਿਟੀ ਦੀ ਵਰਤੋਂ ਪਹਿਲਾਂ ਹੀ ਫੋਬੀਆ, ਡਿਮੈਨਸ਼ੀਆ, ਅਤੇ ਡਿਪਰੈਸ਼ਨ ਦੇ ਇਲਾਜ ਲਈ ਵਰਤੀ ਜਾ ਚੁੱਕੀ ਹੈ।
ਬ੍ਰਿਟੇਨ ਵਿੱਚ ਇੱਕ ਵੀਆਰ ਪ੍ਰਾਜੈਕਟ ਵਿੱਚ ਡੀਮੈਂਸ਼ੀਆ ਨਾਲ ਪੀੜਤ ਬਜ਼ੁਰਗ ਮਰੀਜ਼ਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ 1953 ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਤਾਜਪੋਸ਼ੀ ਨੂੰ ਫਿਰ ਤੋਂ ਤਿਆਰ ਕੀਤਾ ਗਿਆ। ਜਿਵੇਂ ਉਹ ਸਮੇਂ ਵਿੱਚ ਵਾਪਸ ਜਾਂਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਦੱਬੀਆਂ ਡੂੰਘੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਪਰ ਪ੍ਰੋਫੈਸਰ ਡੋਂਗ-ਗਵੀ ਲੀ ਦਾ ਕਹਿਣਾ ਹੈ ਕਿ ਵੀਆਰ ਅਤੇ ਦੁੱਖ ਨੂੰ ਇਕੱਠੇ ਕਰਨ ਵਾਲੇ ਤਜੁਰਬੇ ਨਾਲ ਕਾਊਂਸਲਿੰਗ ਵੀ ਜੋੜ ਲੈਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਸਾਈਡਇਫ਼ੈਕਟ ਤੋਂ ਬਚਿਆ ਜਾ ਸਕੇ।
ਅਸਲ ਵਿੱਚ ਵਿਛੋੜਾ
ਪ੍ਰੋਗਰਾਮ ਦੇ ਨਿਰਦੇਸ਼ਕ ਲੀ ਹਯੂਨ-ਸਿਓਕ ਨੇ ਬੀਬੀਸੀ ਕੋਰੀਆ ਨੂੰ ਦੱਸਿਆ ਕਿ ਟੀਮ ਨੇ ਯੋਜਨਾਬਧ ਤਰੀਕੇ ਨਾਲ ਇਸ ਕੰਮ ਨੂੰ ਪੂਰਾ ਕੀਤਾ ਹੈ ਅਤੇ ਸਭ ਕੁਝ ਜੈਂਗ ਜੀ-ਸੁੰਗ ਦੀਆਂ ਨਾਓ-ਯੀਓਨ ਦੀਆਂ ਯਾਦਾਂ 'ਤੇ ਅਧਾਰਤ ਸੀ।
ਇਹ ਵੀ ਪੜ੍ਹੋ:
ਫ਼ਿਲਮ ਦੇ ਅਖੀਰ ਵਿੱਚ ਨਾ-ਯੀਓਨ ਆਪਣੀ ਮਾਂ ਨੂੰ ਇੱਕ ਫੁੱਲ ਦਿੰਦੀ ਹੈ ਅਤੇ ਫਿਰ ਇਹ ਕਹਿੰਦਿਆਂ ਲੰਮੇ ਪੈ ਜਾਂਦੀ ਹੈ ਕਿ ਉਹ ਥੱਕ ਗਈ ਹੈ। ਉਹ ਕਹਿੰਦੀ ਹੈ ਕਿ ਉਹ ਹਮੇਸ਼ਾ ਆਪਣੀ ਮਾਂ ਨੂੰ ਪਿਆਰ ਕਰੇਗੀ।
ਦੋਵੇਂ ਇੱਕ ਦੂਜੇ ਨੂੰ ਅਲਵਿਦਾ ਕਹਿੰਦੀਆਂ ਹਨ ਅਤੇ ਨਾ-ਯੀਓਨ ਸੌਂ ਜਾਂਦੀ ਹੈ। ਫਿਰ ਉਹ ਚਿੱਟੇ ਰੰਗ ਦੀ ਤਿਤਲੀ ਵਿੱਚ ਬਦਲ ਜਾਂਦੀ ਹੈ ਅਤੇ ਹੌਲੀ-ਹੌਲੀ ਦੂਰ ਭੱਜਦੀ ਹੈ।
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਚੀਨ ਵਿੱਚ ਫਸੇ ਪੰਜਾਬੀ ਦੇ ਪਰਿਵਾਰ ਦਾ ਦਰਦ
https://www.youtube.com/watch?v=izxc_XMhvl0
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਪਾਕਿਸਤਾਨ ਵਿੱਚ ਗੈਸ ਲੀਕ ਨਾਲ 14 ਮੌਤਾਂ: ਰਹੱਸ ਅਜੇ ਵੀ ਕਾਇਮ
NEXT STORY