ਇਤਿਹਾਸ ਦੀ ਪ੍ਰੋਫੈਸਰ ਸੁਖਮਨੀ ਬੱਲ ਰਿਆੜ ਨੇ ਦੱਸਿਆ ਮੁਗਲ ਸ਼ਾਸਕਾਂ ਦਾ ਨਿਵਾਸ ਰਹੀ ਹੈ
ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਹਾੜੇ ਮੌਕੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਦਿੱਲੀ ਦਾ ਲਾਲ ਕਿਲਾ ਸੁਰਖੀਆਂ ਵਿੱਚ ਆ ਗਿਆ।
ਉਸ ਦਿਨ ਦੀਆਂ ਤਸਵੀਰਾਂ ਕਥਿਤ ਤੌਰ 'ਤੇ 18ਵੀਂ ਸਦੀ ਦੀਆਂ ਤਸਵੀਰਾਂ ਨਾਲ ਜੋੜ ਕੇ ਸੋਸ਼ਲ ਮੀਡੀਆ 'ਤੇ ਆਉਣ ਲੱਗੀਆਂ। ਦਿੱਲੀ ਫਤਹਿ ਅਤੇ ਲਾਲ ਕਿਲੇ ਜਾਣ ਸਬੰਧੀ ਨਾਅਰੇ ਵੀ ਨੌਜਵਾਨਾਂ ਦਰਮਿਆਨ ਸੁਨਣ ਨੂੰ ਮਿਲੇ।
ਅਸੀਂ ਕੁਝ ਇਤਿਹਾਸਕਾਰਾਂ ਨਾਲ ਗੱਲ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਦਾ ਲਾਲ ਕਿਲੇ ਨਾਲ ਕੀ ਕੁਨੈਕਸ਼ਨ ਅਤੇ ਕੀ ਭਾਵੁਕਤਾ ਹੈ।
ਇਹ ਵੀ ਪੜ੍ਹੋ:
ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਵਿੱਚ ਇਤਿਹਾਸ ਦੀ ਪ੍ਰੋਫੈਸਰ ਸੁਖਮਨੀ ਬੱਲ ਰਿਆੜ ਨਾਲ ਅਸੀਂ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਲਾਲ ਕਿਲਾ ਮੁਗਲ ਸ਼ਾਸਕ ਸ਼ਾਹਜਹਾਂ ਨੇ ਸਾਲ 1638 ਵਿੱਚ ਬਣਵਾਇਆ ਸੀ ਅਤੇ ਇਹ ਇਤਿਹਾਸਕ ਇਮਾਰਤ ਭਾਰਤ ਵਿੱਚ ਮੁਗਲ ਸ਼ਾਸਕਾਂ ਦਾ ਨਿਵਾਸ ਰਹੀ ਹੈ।
ਉਨ੍ਹਾਂ ਦੱਸਿਆ ਕਿ ਲਾਲ ਕਿਲਾ ਉਦੋਂ ਤੋਂ ਹੀ ਭਾਰਤ ਵਿੱਚ ਸੱਤਾ ਦਾ ਪ੍ਰਤੀਕ ਰਿਹਾ ਹੈ। ਦੇਸ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵੀ ਲਾਲ ਕਿਲੇ ਤੋਂ ਹੀ ਦੇਸ ਦਾ ਤਿਰੰਗਾ ਫਹਿਰਾਇਆ ਸੀ ਅਤੇ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਤਿਰੰਗਾ ਫਹਿਰਾਇਆ ਜਾਂਦਾ ਹੈ।
ਪ੍ਰੋਫੈੱਸਰ ਸੁਖਮਨੀ ਬੱਲ ਰਿਆੜ ਕਹਿੰਦੇ ਹਨ, ''ਜਿਸ ਜਿਸ ਨੇ ਵੀ ਭਾਰਤ ਵੱਲ ਰੁਖ ਕੀਤਾ, ਉਸ ਨੇ ਦਿੱਲੀ ਦੇ ਤਾਜ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਲਾਲ ਕਿਲਾ ਜ਼ਾਹਿਰ ਤੌਰ 'ਤੇ ਦਿੱਲੀ ਦੀ ਸੱਤਾ ਦਾ ਪ੍ਰਤੀਕ ਰਿਹਾ ਹੈ ਪਰ ਲਾਲ ਕਿਲੇ ਉੱਤੇ ਮੁਗਲ ਕਾਬਜ਼ ਰਹੇ।''
ਲਾਲ ਕਿਲੇ 'ਤੇ ਗਣਤੰਤਰ ਦਿਹਾੜੇ ਵਾਲੇ ਦਿਨ ਕੁਝ ਇਸ ਤਰ੍ਹਾਂ ਦਾ ਮਾਹੌਲ ਸੀ
ਪੰਜਾਬ ਲਈ ਲਾਲ ਕਿਲੇ ਦੀ ਅਹਿਮੀਅਤ
ਰਿਆੜ ਮੁਤਾਬਕ, ''ਪੰਜਾਬ ਦੇ ਇਤਿਹਾਸ ਵਿੱਚ ਲਾਲ ਕਿਲੇ ਦੀ ਮਹੱਤਤਾ ਇਸ ਗੱਲੋਂ ਅਹਿਮ ਹੋ ਜਾਂਦੀ ਹੈ ਕਿਉਂਕਿ ਸਾਲ 1783 ਵਿੱਚ ਮੁਗਲ ਸ਼ਾਸਕ ਸ਼ਾਹ ਆਲਮ ਦੇ ਸ਼ਾਸਨ ਦੌਰਾਨ ਇੱਕ ਸਿੱਖ ਮਿਸਲ ਦੇ ਸਰਦਾਰ ਬਘੇਲ ਸਿੰਘ ਹੋਰ ਮਿਸਲਾਂ ਦੇ ਸਰਦਾਰ ਸਾਥੀਆਂ ਸਮੇਤ ਲਾਲ ਕਿਲੇ ਵਿੱਚ ਦਾਖਲ ਹੋ ਗਏ ਸੀ।''
''ਕਿਲੇ ਅੰਦਰ ਦਾਖਲ ਹੋਣ ਨੂੰ ਉਸ ਵੇਲੇ ਦੇ ਸ਼ਾਸਕ ਨੇ ਆਪਣੀ ਕਮਜੋਰੀ ਸਮਝਿਆ। ਉਸ ਵੇਲੇ ਬਘੇਲ ਸਿੰਘ ਨੇ ਸ਼ਾਹ ਆਲਮ ਨਾਲ ਕੁਝ ਸਮਝੌਤੇ ਕੀਤੇ। ਉਸ ਵੇਲੇ ਦੀਆਂ ਮੰਨੀਆਂ ਗਈਆਂ ਮੰਗਾਂ ਵਿੱਚੋਂ ਇੱਕ ਮੰਗ ਦਿੱਲੀ ਅੰਦਰ ਮੌਜੂਦ ਸਿੱਖ ਗੁਰੂਆਂ ਨਾਲ ਸਬੰਧਤ ਥਾਵਾਂ ਦੀ ਸ਼ਨਾਖਤ ਕਰਕੇ ਉੱਥੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਉਣਾ ਸੀ।''
ਸਾਲ 1783 ਵਿੱਚ ਮੁਗਲ ਸ਼ਾਸਕ ਸ਼ਾਹ ਆਲਮ ਦੇ ਸ਼ਾਸਨ ਦੌਰਾਨ ਇੱਕ ਸਿੱਖ ਮਿਸਲ ਦੇ ਸਰਦਾਰ ਬਘੇਲ ਸਿੰਘ ਹੋਰ ਮਿਸਲਾਂ ਦੇ ਸਰਦਾਰ ਸਾਥੀਆਂ ਸਮੇਤ ਲਾਲ ਕਿਲੇ ਵਿੱਚ ਦਾਖਲ ਹੋ ਗਏ ਸੀ
ਸੁਖਮਨੀ ਰਿਆੜ ਕਹਿੰਦੇ ਨੇ ਕਿ ਗੁਰੂਦੁਆਰਾ ਸ਼ੀਸ਼ ਗੰਜ ਸਾਹਿਬ, ਰਕਾਬਗੰਜ ਸਾਹਿਬ, ਬੰਗਲਾ ਸਾਹਿਬ, ਮਜਨੂੰ ਕਾ ਟੀਲਾ ਸਮੇਤ ਸੱਤ ਗੁਰਦੁਆਰਿਆਂ ਦਾ ਨਿਰਮਾਣ ਉਸ ਤੋਂ ਬਾਅਦ ਹੋਇਆ।
ਪ੍ਰੋਫੈੱਸਰ ਸੁਖਮਨੀ ਕਹਿੰਦੇ ਹਨ, "ਉਸ ਵੇਲੇ ਅਤੇ ਅੱਜ ਦੇ ਸੰਦਰਭ ਵਿੱਚ ਬਹੁਤ ਫ਼ਰਕ ਹੈ, ਜੋ ਕਿ ਸਮਝਣਾ ਪਵੇਗਾ। ਇਤਿਹਾਸਕ ਘਟਨਾਵਾਂ ਨੂੰ ਯਾਦ ਕਰਦਿਆਂ ਸਾਨੂੰ ਉਸ ਵੇਲੇ ਦਾ ਸੰਦਰਭ ਵੀ ਸਮਝਣਾ ਤੇ ਯਾਦ ਰੱਖਣਾ ਚਾਹੀਦਾ ਹੈ। ਸਾਡੇ ਸਮਾਜ ਵਿੱਚ ਜਿਸ ਤਰ੍ਹਾਂ ਧਰਮ ਨਾਲ ਸਬੰਧਤ ਇਤਿਹਾਸ ਬਾਰੇ ਦੱਸਿਆ ਜਾਂ ਪੜ੍ਹਾਇਆ ਜਾਂਦਾ ਹੈ ਤਾਂ ਭਾਵਨਾਵਾਂ ਜ਼ਿਆਦਾ ਹਾਵੀ ਰਹਿੰਦੀਆਂ ਹਨ।"
ਸੁਖਮਨੀ ਅੱਗੇ ਕਹਿੰਦੇ ਹਨ ਕਿ ਮੌਜੂਦਾ ਵੇਲੇ ਦੀਆਂ ਮੰਗਾਂ ਆਰਥਿਕ ਪੱਖ ਤੋਂ ਕਾਫੀ ਅਹਿਮ ਹਨ ਅਤੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਹਨ। ਅੱਜ ਦੇ ਸੰਦਰਭ ਵਿੱਚ 'ਦਿੱਲੀ ਫਤਹਿ ਕਰਨ' ਵਾਲੇ ਨਾਅਰਿਆਂ ਦਾ ਉਹ ਮਤਲਬ ਨਹੀਂ। ਸਾਡੇ ਨੌਜਵਾਨ ਇਤਿਹਾਸ ਨੂੰ ਯਾਦ ਕਰਦਿਆਂ ਜਦੋਂ ਸੋਚਦੇ ਹਨ ਕਿ ਬਘੇਲ ਸਿੰਘ ਨੇ ਵੀ ਲਾਲ ਕਿਲੇ 'ਤੇ ਚੜ੍ਹਾਈ ਕੀਤੀ ਤਾਂ ਉਹ ਵੀ ਕਰ ਸਕਦੇ ਹਨ, ਉਹਨਾਂ ਨੌਜਵਾਨਾਂ ਨੂੰ ਜਿਸ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਉਸ ਬਾਰੇ ਸੋਚਿਆ ਜਾਣਾ ਚਾਹੀਦਾ ਹੈ।
ਵੀਡੀਓ ਦੇਖੋ ਅਤੇ ਆਪਣੇ ਫੋਨ 'ਤੇ ਬੀਬੀਸੀ ਪੰਜਾਬੀ ਨੂੰ ਇੰਝ ਲਿਆਓ
https://www.youtube.com/watch?v=xWw19z7Edrs&t=1s
'21ਵੀਂ ਸਦੀ ਵਿੱਚ ਲਾਲ ਕਿਲੇ ਨੂੰ ਅਠਾਰਵੀਂ ਸਦੀ ਦੇ ਸੰਦਰਭ ਵਿੱਚ ਨਹੀਂ ਦੇਖਿਆ ਜਾ ਸਕਦਾ'
ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਪ੍ਰੋਫੈਸਰ ਪ੍ਰਿਆਤੋਸ਼ ਸ਼ਰਮਾ ਤੋਂ ਵੀ ਅਸੀਂ ਲਾਲ ਕਿਲੇ ਦੀ ਅਹਿਮੀਅਤ ਅਤੇ ਇਸ ਦੇ ਪੰਜਾਬ ਕੁਨੈਕਸ਼ਨ ਬਾਰੇ ਪੁੱਛਿਆ।
ਉਨ੍ਹਾਂ ਕਿਹਾ, "ਕਿਸੇ ਸਿੱਖ ਜਾਂ ਪੰਜਾਬੀ ਦੇ ਦਿੱਲੀ ਵਿੱਚ ਤਬਾਹੀ ਮਚਾਉਣ ਜਾਂ ਲਾਲ ਕਿ ਨੂੰ ਢਾਹੁਣ ਦੀ ਕੋਸ਼ਿਸ਼ ਦੇ ਸਬੂਤ ਨਹੀਂ ਮਿਲਦੇ। ਪੰਜਾਬੀਆਂ ਅਤੇ ਸਿੱਖਾਂ ਦਾ ਇਤਿਹਾਸ ਹੀ ਅਜਿਹਾ ਹੈ ਕਿ ਇੰਨ੍ਹਾਂ ਦੇ ਆਉਣ ਨਾਲ ਲੋਕਾਂ ਨੂੰ ਡਰ ਨਹੀਂ ਲਗਦਾ, ਬਲਕਿ ਲੋਕ ਪਿਆਰ ਨਾਲ ਹੀ ਇਨ੍ਹਾਂ ਦੇ ਹੋ ਜਾਂਦੇ ਹਨ।"
26 ਜਨਵਰੀ ਨੂੰ ਬੇਕਾਬੂ ਭੀੜ ਲਾਲ ਕਿਲੇ ਪਹੁੰਚੀ ਸੀ
"ਜਦੋਂ ਬਘੇਲ ਸਿੰਘ ਅਤੇ ਹੋਰ ਮਿਸਲਾਂ ਦੇ ਸਰਦਾਰਾਂ ਦੇ ਲਾਲ ਕਿਲੇ ਅੰਦਰ ਦਾਖ਼ਲ ਹੋਣ ਦੀ ਘਟਨਾ ਦਾ ਜ਼ਿਕਰ ਆਉਂਦਾ ਹੈ ਤਾਂ ਕਿਤੇ ਵੀ ਇਹ ਜ਼ਿਕਰ ਨਹੀਂ ਆਉਂਦਾ ਕਿ ਉਨ੍ਹਾਂ ਨੇ ਲਾਲ ਕਿਲੇ 'ਤੇ ਹਮਲਾ ਕੀਤਾ ਹੋਵੇ। ਉਹ ਆਪਣੀਆਂ ਫੌਜਾਂ ਨਾਲ ਲਾਲ ਕਿਲੇ ਵੱਲ ਗਏ ਸੀ ਪਰ ਲਾਲ ਕਿਲੇ 'ਤੇ ਕਬਜਾ ਕਰਨ ਨਹੀਂ ਸਗੋਂ ਉਸ ਵੇਲੇ ਦੇ ਮੁਗਲ ਸ਼ਾਸਕ ਤੋਂ ਆਪਣੀਆਂ ਮੰਗਾਂ ਮਨਵਾਉਣ।"
ਪ੍ਰੋਫੈਸਰ ਪ੍ਰਿਆਤੋਸ਼ ਸ਼ਰਮਾ ਉਸ ਵੇਲੇ ਦਾ ਜ਼ਿਕਰ ਕਰਦੇ ਹੋਏ ਮੁਗਲਾਂ ਦੀ ਹਾਲਤ ਬਾਰੇ ਵੀ ਦੱਸਦੇ ਹਨ।
ਉਨ੍ਹਾਂ ਦੱਸਿਆ, ''ਸਿੱਖ ਗੁਰੂਆਂ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੀ ਉਸਾਰੀ ਤੋਂ ਇਲਾਵਾ ਉਸ ਵੇਲੇ ਜੋ ਸੰਧੀ ਹੋਈ ਸੀ ਉਨ੍ਹਾਂ ਨੇ ਆਪਣੀ ਪੰਜਾਬ 'ਤੇ ਸਰਦਾਰੀ ਨੂੰ ਸੁਰੱਖਿਅਤ ਕੀਤਾ ਸੀ ਤਾਂ ਕਿ ਕੋਈ ਹੋਰ ਤਾਕਤ ਪੰਜਾਬ ਦੇ ਇਲਾਕੇ 'ਤੇ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕਰੇ।''
''ਉਸ ਵੇਲੇ ਮੁਗਲ ਬਾਦਸ਼ਾਹ ਪਹਿਲਾਂ ਦੇ ਮੁਕਾਬਲੇ ਕਾਫ਼ੀ ਕਮਜੋਰ ਸੀ ਅਤੇ ਅੰਗਰੇਜ਼ੀ ਹਕੂਮਤ ਦਾ ਪੈਨਸ਼ਨਰ ਸੀ ਪਰ ਫਿਰ ਵੀ ਭਾਰਤ ਦਾ ਬਦਸ਼ਾਹ ਹੋਣ ਦੇ ਨਾਤੇ ਪੰਜਾਬ ਤੋਂ ਸਿੱਖ ਮਿਸਲਾਂ ਦੇ ਸਰਦਾਰ ਉਸ ਨਾਲ ਸੰਧੀ ਕਰਨ ਲਈ ਗਏ।"
ਇਹ ਖ਼ਬਰਾਂ ਵੀ ਪੜ੍ਹੋ:
'ਕਈ ਵਾਰ ਦਿੱਲੀ ਫਤਿਹ' ਵਾਲੀ ਗੱਲ੍ਹ ਕਿੰਨੀ ਸਹੀ
ਅਕਸਰ ਸੁਨਣ ਨੂੰ ਮਿਲਦਾ ਹੈ ਕਿ ਪੰਜਾਬ ਨੇ ਕਈ ਵਾਰ ਦਿੱਲੀ ਫਤਿਹ ਕੀਤੀ।
ਇਸ ਸਵਾਲ ਦੇ ਜਵਾਬ ਵਿੱਚ ਪ੍ਰੋਫੈੱਸਰ ਸ਼ਰਮਾ ਨੇ ਕਿਹਾ, "ਸੰਕੇਤਕ ਤੌਰ 'ਤੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਈ ਵਾਰ ਦਿੱਲੀ ਦਾ ਕਿਲਾ ਫਤਿਹ ਕੀਤਾ ਕਿਉਂਕਿ ਸ਼ਹੀਦੀਆਂ ਦੇਣਾ ਅਤੇ ਲੋਕਾਂ ਦੇ ਦਿਲ ਜਿੱਤਣਾ ਵੀ ਵੱਡੀ ਜਿੱਤ ਹੁੰਦੀ ਹੈ। ਜੇ ਅਸੀਂ ਦਿੱਲੀ ਦੇ ਤਾਜ ਦੀ ਗੱਲ ਕਰੀਏ ਤਾਂ ਜਦੋਂ ਤੱਕ ਮੁਗਲ ਤਾਕਤਵਰ ਰਹੇ ਹਨ ਉਦੋਂ ਤੱਕ ਲਾਲ ਕਿਲਾ ਉਨ੍ਹਾਂ ਦੇ ਅਧੀਨ ਹੀ ਰਿਹਾ।"
"ਮਰਾਠੇ ਅਤੇ ਪੰਜਾਬੀਆਂ ਨੇ ਮੁਗਲਾਂ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਸੀ ਅਤੇ ਜਦੋਂ ਬ੍ਰਿਟਿਸ਼ ਰਾਜ ਆਇਆ ਤਾਂ ਮੁਗਲਾਂ ਦੀ ਤਾਕਤ ਲਗਭਗ ਖ਼ਤਮ ਹੋ ਗਈ ਪਰ ਕਿਲਾ ਉਨ੍ਹਾਂ ਦੇ ਅਧੀਨ ਹੀ ਰਿਹਾ। ਫਿਰ 1857 ਦੇ ਵਿਦਰੋਹ ਤੋਂ ਬਾਅਦ ਅੰਗਰੇਜਾਂ ਨੇ ਮੁਗਲਾਂ ਨੂੰ ਖ਼ਤਮ ਕਰ ਦਿੱਤਾ ਤਾਂ ਲਾਲ ਕਿਲਾ ਅੰਗਰੇਜੀ ਹਕੂਮਤ ਅਧੀਨ ਸੀ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਲਾਲ ਕਿਲੇ ਤੋਂ ਤਿਰੰਗਾ ਫਹਿਰਾ ਕੇ ਤਾਕਤ ਵਿਦੇਸ਼ੀ ਹੱਥਾਂ ਤੋਂ ਵਾਪਸ ਲੈਣ ਦਾ ਸੰਦੇਸ਼ ਦਿੱਤਾ ਗਿਆ।"
ਪ੍ਰੋਫੈਸਰ ਪ੍ਰਿਆਤੋਸ਼ ਸ਼ਰਮਾ ਦਾ ਕਹਿਣਾ ਹੈ ਕਿ ਕਿਸੇ ਵੇਲੇ ਲਾਲ ਕਿਲਾ ਰਾਜਤੰਤਰ ਦਾ ਪ੍ਰਤੀਕ ਸੀ ਅਤੇ ਅੱਜ ਲੋਕਤੰਤਰ ਦਾ
ਪ੍ਰੋਫੈੱਸਰ ਸ਼ਰਮਾ ਨੇ ਕਿਹਾ, "ਲਾਲ ਕਿਲਾ ਭਾਰਤ ਵਿੱਚ ਮੁਗਲ ਸਲਤਨਤ ਦਾ ਸਭ ਤੋਂ ਤਾਕਤਵਰ ਪ੍ਰਤੀਕ ਹੈ। 18ਵੀਂ ਸਦੀ ਵਿੱਚ ਲਾਲ ਕਿਲਾ ਮੁਗਲਾਂ ਦੀ ਨੁਮਾਇੰਦਗੀ ਕਰਦਾ ਸੀ। ਉਸ ਵੇਲੇ ਮੁਗਲਾਂ ਨੇ ਸਿੱਖਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਬੁਰਾ ਕੀਤਾ ਸੀ। ਉਸ ਵੇਲੇ ਜਦੋਂ ਲਾਲ ਕਿਲਾ ਫਤਿਹ ਕਰਨ ਦੀ ਗੱਲ ਸੀ ਤਾਂ ਉਸ ਦਾ ਮਤਲਬ ਮੁਗਲਾਂ 'ਤੇ ਫਤਿਹ ਸੀ। ਰਾਜਤੰਤਰ ਵਿੱਚ ਕਿਸੇ ਦੇ ਕਿਲੇ ਜਾਂ ਰਾਜਤੰਤਰ ਦੇ ਕਿਸੇ ਹੋਰ ਚਿੰਨ੍ਹ ਨੂੰ ਤੋੜਨ ਦਾ ਮਤਲਬ ਹੈ ਰਾਜਤੰਤਰ ਨੂੰ ਯਾਨਿ ਕਿ ਸ਼ਾਸਕ ਨੂੰ ਚੁਣੌਤੀ ਦੇਣਾ। 18ਵੀਂ ਸਦੀ ਵਿੱਚ ਕਿਸੇ ਵੱਲੋਂ ਵੀ ਕਿਲੇ 'ਤੇ ਕਬਜਾ ਕਰਨ ਦਾ ਮਤਲਬ ਸੀ ਮੁਗਲਾਂ ਨੂੰ ਢਾਉਣਾ।"
"ਅੱਜ ਦੇ ਸਮੇਂ ਵਿੱਚ ਲਾਲ ਕਿਲਾ ਭਾਰਤ ਦੀ ਨੁਮਾਇੰਦਗੀ ਕਰਦਾ ਹੈ। ਆਜ਼ਾਦੀ ਦੇ ਬਾਅਦ ਤੋਂ ਇੱਥੇ ਭਾਰਤ ਦਾ ਤਿਰੰਗਾ ਲਹਿਰਾਉਂਦਾ ਹੈ। ਹੁਣ ਲਾਲ ਕਿਲੇ ਦਾ ਮਤਲਬ ਹੈ ਅਸੀਂ ਖੁਦ ਹੀ ਹਾਂ। ਅੱਜ ਦੇ ਸੰਦਰਭ ਵਿੱਚ ਲਾਲ ਕਿਲਾ ਫਤਹਿ ਕਰਨ ਜਾਂ ਇੱਥੇ ਧਾਵਾ ਬੋਲਣ ਦਾ ਮਤਲਬ ਕਿਸੇ ਸਰਕਾਰ ਨੂੰ ਜਾਂ ਕਿਸੇ ਪਾਰਟੀ ਨੂੰ ਚੁਣੌਤੀ ਦੇਣਾ ਨਹੀਂ, ਬਲਕਿ ਭਾਰਤ ਨੂੰ ਚੁਣੌਤੀ ਦੇਣਾ ਹੋਏਗਾ।"
ਉਨ੍ਹਾਂ ਕਿਹਾ, "ਪੰਜਾਬ ਦੇ ਇਤਿਹਾਸ ਅਤੇ ਕਲਚਰ ਵਿੱਚ ਜੋ ਲਾਲ ਕਿਲਾ ਹੈ, ਬੱਚੇ ਅੱਜ ਵੀ ਉਸੇ ਉਲਝਣ ਵਿੱਚ ਰਹਿੰਦੇ ਹਨ। ਅੱਜ ਅਸੀਂ ਲਾਲ ਕਿਲੇ ਨੂੰ ਉਸ ਸੰਦਰਭ ਵਿੱਚ ਨਹੀਂ ਦੇਖ ਸਕਦੇ ਜੋ ਸੰਦਰਭ ਅਠਾਰਵੀਂ ਸਦੀ ਦਾ ਸੀ। ਉਸ ਵੇਲੇ ਲਾਲ ਕਿਲਾ ਰਾਜਤੰਤਰ ਦਾ ਪ੍ਰਤੀਕ ਸੀ ਅਤੇ ਅੱਜ ਲੋਕਤੰਤਰ ਦਾ। ਉਸ ਵੇਲੇ ਲਾਲ ਕਿਲਾ ਮੁਗਲਾਂ ਦੀ ਨਿੱਜੀ ਜਾਇਦਾਦ ਸੀ, ਅੱਜ ਲਾਲ ਕਿਲਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ।"
ਇਹ ਵੀ ਪੜ੍ਹੋ:
ਪ੍ਰਿਆਤੋਸ਼ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਅੱਜ ਦੇ ਸੰਦਰਭ ਵਿੱਚ ਲਾਲ ਕਿਲਾ ਕੁਝ ਹੋਰ ਹੈ ਪਰ ਪੰਜਾਬ ਦੇ ਇਤਿਹਾਸ ਦੇ ਸੰਦਰਭ ਵਿੱਚ ਲਾਲ ਕਿਲੇ ਦਾ ਮਤਲਬ ਕੁਝ ਹੋਰ ਹੈ।
"ਇਸੇ ਲਈ ਜਦੋਂ ਲਾਲ ਕਿਲ੍ਹਾ ਫਤਿਹ ਕਰਨ ਦੀ ਅਵਾਜ਼ ਦਿੱਤੀ ਗਈ ਤਾਂ ਨੌਜਵਾਨ ਉੱਧਰ ਨੂੰ ਹੋ ਗਏ, ਜੇ ਜੰਤਰ-ਮੰਤਰ ਜਾਂ ਕੁਤੁਬ ਮਿਨਾਰ ਕਿਹਾ ਜਾਂਦਾ ਤਾਂ ਪੰਜਾਬੀ ਨੌਜਵਾਨ ਸ਼ਾਇਦ ਇੰਨੇ ਭਾਵੁਕ ਨਾ ਹੁੰਦੇ ਕਿਉਂਕਿ ਇਨ੍ਹਾਂ ਥਾਵਾਂ ਦਾ ਪੰਜਾਬੀ ਅਤੇ ਸਿੱਖ ਇਤਿਹਾਸ ਵਿੱਚ ਉਹ ਸੰਦਰਭ ਨਹੀਂ ਜੋ ਕਿ ਲਾਲ ਕਿਲੇ ਦਾ ਹੈ। ਮੁਗਲਾਂ ਦੇ ਸਿੱਖ ਗੁਰੂਆਂ ਦੇ ਪਰਿਵਾਰਾਂ ਅਤੇ ਸਿੱਖਾਂ ਉੱਤੇ ਕੀਤੇ ਤਸ਼ੱਦਦ ਕਾਰਨ ਲਾਲ ਕਿਲੇ ਨੂੰ ਮੁਗਲਾਂ ਦੀ ਉਸ ਤਾਕਤ ਵਜੋਂ ਦੇਖਿਆ ਜਾਂਦਾ ਹੈ।"
ਇਹ ਵੀਡੀਓ ਵੀ ਦੇਖੋ:
https://www.youtube.com/watch?v=_pCbYrn1FgU&t=191s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ef543b1c-48ac-4798-ad42-d86d4c6f2a98','assetType': 'STY','pageCounter': 'punjabi.india.story.55855072.page','title': 'ਲਾਲ ਕਿਲੇ ਨਾਲ ਪੰਜਾਬੀਆਂ ਦਾ ਇਤਿਹਾਸਕ ਕੁਨੈਕਸ਼ਨ ਕੀ ਹੈ','author': 'ਨਵਦੀਪ ਕੌਰ ਗਰੇਵਾਲ','published': '2021-01-30T17:26:46Z','updated': '2021-01-30T17:26:46Z'});s_bbcws('track','pageView');

ਰਾਕੇਸ਼ ਟਿਕੈਤ: ਜਿਨ੍ਹਾਂ ਦੇ ਹੰਝੂਆਂ ਨੇ ਕਿਸਾਨ ਅੰਦੋਲਨ ਵਿੱਚ ਤੇਲ ਦਾ ਕੰਮ ਕੀਤਾ
NEXT STORY